Punjab Roadways: ਪੀਆਰਟੀਸੀ ਦਾ ਹਾਲ, ਮੁਲਾਜ਼ਮਾਂ ਦੇ ਪੱਲੇ ਤੀਜੇ ਹਿੱਸੇ ਦੀ ਤਨਖਾਹ, ਪੂਰੀ ਤਨਖਾਹ ਨੂੰ ਤਰਸੇ
ਸਰਕਾਰ ਤੋਂ ਅਜੇ ਨਹੀਂ ਮਿਲੀ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦੀ ਤਨਖਾਹ ਜੋਗੀ ਰਕਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਹਾਲਤ ਇੱਥੋਂ ਤੱਕ ਨਾਜੁਕ ਹੋ ਗਈ ਹੈ ਕਿ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਅਜੇ ਤੱਕ ਤੀਜਾ ਹਿੱਸਾ ਤਨਖਾਹ ਹੀ ਪਾਈ ਗਈ ਹੈ ਜਦਕਿ ਮੁਲਾਜ਼ਮ ਆਪਣੀ ਪੂਰੀ ਤਨਖਾਹ ਲਈ ਸਰਕਾਰ ’ਤੇ ਟੇਕ ਲਾਈ ਬੈਠੇ ਹਨ। ਆਲਮ ਇਹ ਹੈ ਕਿ ਸਰਕਾਰ ਵੱਲ ਮੁਫ਼ਤ ਬੱਸ ਸਫ਼ਰ ਦਾ 700 ਕਰੋੜ ਦੇ ਕਰੀਬ ਬਕਾਇਆ ਖੜ੍ਹਾ ਹੈ ਅਤੇ ਇਸ ਵਿੱਚੋਂ ਅਜੇ ਸਰਕਾਰ ਵੱਲੋਂ ਤਨਖਾਹ ਜੋਗੀ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ।
ਜਾਣਕਾਰੀ ਅਨੁਸਾਰ ਪੀਆਰਟੀਸੀ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਗਸਤ ਮਹੀਨੇ ਦੀ ਪੂਰੀ ਤਨਖਾਹ ਨਸੀਬ ਨਹੀਂ ਹੋਈ ਜਦਕਿ ਚੱਲ ਰਿਹਾ ਮਹੀਨਾ ਵੀ ਗੁਜ਼ਰਨ ਦੀ ਰਾਹ ’ਤੇ ਖੜ੍ਹਾ ਹੈ। ਪਤਾ ਲੱਗਾ ਹੈ ਕਿ ਮੁਲਾਜ਼ਮਾਂ ਨੂੰ ਕੁਝ ਦਿਨ ਪਹਿਲਾਂ ਤਨਖਾਹ ਦਾ ਤੀਜਾ ਹਿੱਸਾ ਹੀ ਪਾਇਆ ਗਿਆ ਹੈ ਤਾਂ ਜੋ ਮੁਲਾਜ਼ਮ ਆਪਣੇ ਮਾੜੇ-ਮੋਟੇ ਖਰਚਿਆਂ ਨੂੰ ਤੋਰ ਸਕਣ ਤੇ ਨਾਲ ਹੀ ਗੁੱਸੇ ਨੂੰ ਢਿੱਲਾ ਕੀਤਾ ਜਾ ਸਕੇ। ਇਹ ਜੋ ਤੀਜਾ ਹਿੱਸਾ ਤਨਖਾਹ ਪਾਈ ਗਈ ਹੈ ਉਹ ਵੀ ਪੀਆਰਟੀਸੀ ਵੱਲੋਂ ਇੱਧਰੋਂ-ਉੱਧਰੋਂ ਹੇਠ-ਉੱਤਾ ਕਰਕੇ ਡੰਗ ਸਾਰਿਆ ਗਿਆ ਹੈ।
Read Also : ਟਕਸਾਲੀ ਅਕਾਲੀ ਆਗੂ ਰਣਤੇਜ ਸਿੰਘ ਪੋਵਾਰ 'ਆਪ' ਵਿੱਚ ਸ਼ਾਮਲ
ਪੀਆਰਟੀਸੀ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਲਗਭਗ 30 ਕਰੋੜ ਰੁਪਏ ਮਹੀਨੇ ਦਾ ਬਣਦਾ ਹੈ ਅਤੇ 10 ਕਰੋੜ ਦੇ ਕਰੀਬ ਹੀ ਰਾਸ਼ੀ ਪਾਈ ਗਈ ਹੈ। ਪੀਆਰਟੀਸੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜਿਹੜੀ ਤਨਖਾਹ ਪਾਈ ਗਈ ਸੀ, ਉਹ ਤਾਂ ਉਸੇ ਘੰਟੇ ਹੀ ਘਰ ਦੇ ਖਰਚਿਆਂ ਵਿੱਚ ਚਲੀ ਗਈ ਸੀ ਅਤੇ ਅੱਜ 23 ਸਤੰਬਰ ਹੋਣ ਦੇ ਬਾਵਜੂਦ ਅਗਸਤ ਮਹੀਨੇ ਦੀ ਪੂਰੀ ਤਨਖਾਹ ਨਸੀਬ ਨਹੀਂ ਹੋਈ, ਜਿਸ ਕਾਰਨ ਘਰਾਂ ਦੇ ਬਜਟ ਹਿੱਲ ਗਏ ਹਨ। ਪਤਾ ਲੱਗਾ ਹੈ ਕਿ ਜੁਲਾਈ ਮਹੀਨੇ ਵਿੱਚ ਸਰਕਾਰ ਵੱਲੋਂ 75 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਅਜੇ ਤੱਕ ਪੀਆਰਟੀਸੀ ਨੂੰ ਕੋਈ ਪੈਸਾ ਨਹੀਂ ਆਇਆ।
ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦੇ ਬਿੱਲ ਦੇ 15 ਦਿਨਾਂ ਬਾਅਦ ਸਰਕਾਰ ਨੂੰ ਭੇਜ ਦਿੱਤੇ ਜਾਂਦੇ ਹਨ, ਪਰ ਸਮੇਂ ’ਤੇ ਪੈਸਾ ਨਹੀਂ ਮਿਲ ਰਿਹਾ। ਪੀਆਰਟੀਸੀ ਦੇ ਬੇੜੇ ਅੰਦਰ 1350 ਦੇ ਕਰੀਬ ਬੱਸਾਂ ਹਨ ਤੇ ਰੋਜ਼ਾਨਾ ਦੀ ਆਮਦਨ ਢਾਈ ਕਰੋੜ ਹੋ ਰਹੀ ਹੈ। ਇਨ੍ਹਾਂ ਵਿੱਚੋਂ 1 ਕਰੋੜ ਤੋਂ ਵੱਧ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਹੋ ਰਿਹਾ ਹੈ ਅਤੇ ਜਦਕਿ ਲਗਭਗ 85 ਲੱਖ ਰੁਪਏ ਦਾ ਡੀਜ਼ਲ ਪੈ ਰਿਹਾ ਹੈ।
25 ਨੂੰ ਕਰਾਂਗੇ ਅਰਥੀ ਫੂਕ ਮੁਜ਼ਾਹਰੇ : ਧਾਲੀਵਾਲ
ਇੱਧਰ ਪੀਆਰਟੀਸੀ ਦੀ ਵਰਕਰਜ਼ ਐਕਸਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਨਾ ਹੋਣ ਦੇ ਵਿਰੋਧ ਵਿੱਚ 25 ਸਤੰਬਰ ਨੂੰ ਡਿਪੂਆਂ ਅੱਗੇ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੀਜਾ ਹਿੱਸਾ ਤਨਖਾਹ ਅਤੇ ਪੈਨਸ਼ਨਾਂ ਨਾਲ ਕਿਸ ਤਰ੍ਹਾਂ ਗੁਜਾਰਾ ਹੋਵੇਗਾ। ਧਾਲੀਵਾਲ ਨੇ ਕਿਹਾ ਕਿ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਸਰਕਾਰ ਵੱਲ 750 ਕਰੋੜ ਬਕਾਇਆ ਖੜ੍ਹਾ ਹੈ ਅਤੇ ਮੌਜੂਦਾ ਸਮੇਂ ਪੀਆਰਟੀਸੀ ਵੈਂਟੀਲੇਟਰ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮੁਲਾਜ਼ਮ ਅਤੇ ਪੈਨਸ਼ਨਰ ਪੂਰੀ ਤਰ੍ਹਾਂ ਔਖੇ ਹਨ, ਕਿਉਂਕਿ ਮੁਫ਼ਤ ਬੱਸ ਸਫ਼ਰ ਦਾ ਖਮਿਆਜਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।
ਜ਼ਲਦ ਮਿਲੇਗੀ ਮੁਲਾਜ਼ਮਾਂ ਨੂੰ ਪੂਰੀ ਤਨਖਾਹ : ਚੇਅਰਮੈਨ ਹਰਪਾਲ ਜੁਨੇਜਾ
ਇਸ ਸਬੰਧੀ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੀਤੇ ਕੱਲ੍ਹ ਹੀ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਪੀਆਰਟੀਸੀ ਦੀ ਬਕਾਇਆ ਪਈ ਰਾਸ਼ੀ ਦਾ ਜਲਦ ਭੁਗਤਾਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਪੂਰੀ ਤਨਖਾਹ ਅਤੇ ਪੈਨਸ਼ਨ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਚੇਅਰਮੈਨ ਨੇ ਆਖਿਆ ਕਿ ਮੁਲਾਜ਼ਮ ਪੀਆਰਟੀਸੀ ਦਾ ਅਹਿਮ ਅੰਗ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਪੀਆਰਟੀਸੀ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ।