Punjab
Heavy Rain: ਭਾਰੀ ਮੀਂਹ ਨਾਲ ਚੰਡੀਗੜ੍ਹ ਤੇ ਮੁਹਾਲੀ ਦੀਆਂ ਸੜਕਾਂ ਬਣੀਆਂ ਸਮੁੰਦਰ
ਮੌਸਮ ਵਿਭਾਗ ਦੇ ਅਲਰਟ ਆਉਣ ਮਗਰੋਂ ਲੋਕਾਂ ’ਚ ਘਬਰਾਹਟ, ਸੜਕਾਂ ’ਤੇ ਭਰਿਆ ਪਾਣੀ, ਚੰਡੀਗੜ੍ਹ ਦੇ ਕਈ ਸੈਕਟਰਾਂ ’ਚ ਲੱਗਿਆ ਭਾਰੀ ਜਾਮ, ਟ੍ਰਾਈਸਿਟੀ ’ਚ ਜਨ-ਜੀਵਨ ਪ੍ਰਭਾਵਿਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁਹਾਲੀ ਅਤੇ ਚੰਡੀਗੜ੍ਹ ਸਣੇ ਪੰਚਕੂਲਾ (ਟ੍ਰਾਈਸਿਟੀ) ਵਿੱਚ ਮੰਗਲਵਾਰ ਸ਼ਾਮ ਅਚਾਨਕ ਪਏ ਤੇਜ਼ ਮੀਂਹ ਨੇ ਕੁਝ ਹੀ ਮਿੰਟਾਂ ਵਿੱਚ ਚੰਡੀਗੜ੍ਹ ਅਤੇ ਮੁਹਾਲੀ ਦੇ ਕਈ ਇਲਾਕਿਆਂ ਦੀ ਤਸਵੀਰ ਹੀ ਬਦਲ ਦਿੱਤੀ। ਤੇਜ਼ ਮੀਂਹ ਕਾਰਨ ਚੰਡੀਗੜ੍ਹ ਅਤੇ ਮੁਹਾਲੀ ਦੇ ਕਈ ਸੈਕਟਰਾਂ ਵਿੱਚ ਪਾਣੀ ਭਰ ਗਿਆ ਅਤੇ ਸੜਕਾਂ ’ਤੇ ਭਾਰੀ ਜਾਮ ਲੱਗ ਗਿਆ। ਜਿਸ ਤੋਂ ਬਾਅਦ ਟ੍ਰਾਈਸਿਟੀ ਵਿੱਚ ਕਾਫ਼ੀ ਬੇਚੈਨੀ ਦਾ ਮਾਹੌਲ ਦੇਖਿਆ ਗਿਆ, ਕਿਉਂਕਿ ਜਿਸ ਸਮੇਂ ਆਮ ਲੋਕ ਭਾਰੀ ਮੀਂਹ ਕਰਕੇ ਸੜਕਾਂ ’ਤੇ ਫ਼ਸੇ ਹੋਏ ਸਨ, ਉਸੇ ਸਮੇਂ ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੰਦੇ ਹੋਏ ਆਮ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਹਿ ਦਿੱਤਾ ਗਿਆ। ਇਸ ਅਲਰਟ ਦੇ ਆਉਣ ਤੋਂ ਬਾਅਦ ਸੜਕਾਂ ’ਤੇ ਭਾਜੜ ਦੀ ਸਥਿਤੀ ਵੀ ਨਜ਼ਰ ਆਈ।
ਇਸ ਦੌਰਾਨ ਹੀ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਛੁੱਟੀ ਹੋਣ ਤੋਂ ਬਾਅਦ ਸੜਕਾਂ ’ਤੇ ਜਾਮ ਦੀ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ ਅਤੇ 15 ਮਿੰਟਾਂ ਦੇ ਸਫ਼ਰ ਨੂੰ ਤੈਅ ਕਰਨ ਵਿੱਚ ਆਮ ਲੋਕਾਂ ਨੂੰ ਇੱਕ ਘੰਟਾ ਲੱਗ ਗਿਆ। ਚੰਡੀਗੜ੍ਹ ਅਤੇ ਮੁਹਾਲੀ ਤੋਂ ਇਲਾਵਾ ਪੰਚਕੂਲਾ ਦੇ ਕਈ ਹਿੱਸਿਆਂ ਵਿੱਚ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਰਿਪੋਰਟਾਂ ਮੁਤਾਬਕ ਚੰਡੀਗੜ੍ਹ ਦੇ ਹੱਲੋਮਾਜਰਾ ਅਤੇ ਪੰਚਕੂਲਾ ਦੇ ਸੈਕਟਰ 19 ਸਮੇਤ ਕੁਝ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣੀ ਗਈ ਸੀ।
ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਸ ਤੇਜ਼ ਮੀਂਹ ਦਾ ਅਲਰਟ ਦਿੱਤਾ ਹੋਇਆ ਸੀ ਪਰ ਚੰਡੀਗੜ੍ਹ ਦੇ ਲੋਕਾਂ ਨੂੰ ਉਮੀਦ ਨਹੀਂ ਸੀ ਕਿ ਇੰਨਾ ਜ਼ਿਆਦਾ ਭਾਰੀ ਮੀਂਹ ਪਏਗਾ, ਜਿਸ ਕਾਰਨ ਹੀ ਆਮ ਲੋਕ ਸੜਕਾਂ ’ਤੇ ਫਸਦੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦੋ ਹਫ਼ਤਿਆਂ ਦੌਰਾਨ ਪਏ ਕੁੱਲ ਮੀਂਹ ਤੋਂ ਜ਼ਿਆਦਾ ਇੱਕ ਘੰਟੇ ਵਿੱਚ ਹੀ ਚੰਡੀਗੜ੍ਹ ਤੇ ਮੁਹਾਲੀ ਵਿਖੇ ਮੀਂਹ ਪੈਣ ਨਾਲ ਸਥਿਤੀ ਕਾਫ਼ੀ ਜ਼ਿਆਦਾ ਖ਼ਰਾਬ ਹੋਈ ਸੀ। ਮੌਸਮ ਵਿਭਾਗ ਵੱਲੋਂ ਆਮ ਜਨਤਾ ਨੂੰ ਇਸ ਤੇਜ਼ ਮੀਂਹ ਤੋਂ ਬੱਚਣ ਲਈ ਸਲਾਹ ਦੇ ਰੂਪ ਵਿੱਚ ਮੋਬਾਇਲ ਰਾਹੀਂ ਅਲਰਟ ਕੀਤਾ ਗਿਆ।
ਇਸ ਅਲਰਟ ਨੂੰ ਦੇਖ ਕੇ ਟ੍ਰਾਈਸਿਟੀ ਵਿੱਚ ਰਹਿਣ ਵਾਲੇ ਆਮ ਲੋਕ ਹੋਰ ਜ਼ਿਆਦਾ ਡਰ ਗਏ ਅਤੇ ਜ਼ਿਆਦਾਤਰ ਲੋਕ ਆਪਣੇ ਘਰਾਂ ਨੂੰ ਤੇਜ਼ੀ ਨਾਲ ਰਵਾਨਾ ਹੋਣ ਲੱਗ ਪਏ। ਜਿਸ ਕਾਰਨ ਸੜਕਾਂ ’ਤੇ ਸਥਿਤੀ ਵੀ ਕਾਫ਼ੀ ਜ਼ਿਆਦਾ ਨਜ਼ਰ ਆ ਰਹੀ ਸੀ। ਚੰਡੀਗੜ੍ਹ ਦੇ ਸੈਕਟਰ 22 ਦੀ ਮੋਬਾਇਲ ਮਾਰਕਿਟ ਵਿੱਚ ਵੀ ਪਾਣੀ ਕਾਫ਼ੀ ਜ਼ਿਆਦਾ ਭਰਨ ਦਾ ਖ਼ਬਰ ਮਿਲ ਰਹੀ ਹੈ ਦੂਜੇ ਪਾਸੇ, ਉਥੇ ਹੀ ਚੰਡੀਗੜ੍ਹ ਦੇ ਕਈ ਸੈਕਟਰਾਂ ਵਿੱਚ ਪਾਣੀ ਭਰਨ ਨਾਲ ਦਰੱਖ਼ਤਾਂ ਦੇ ਡਿੱਗਣ ਦੀ ਖ਼ਬਰ ਵੀ ਆ ਰਹੀ ਹੈ।