Gurpreet Kaur Legal Notice: CM ਮਾਨ ਦੀ ਪਤਨੀ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

24 ਘੰਟਿਆਂ ’ਚ ਮੁਆਫ਼ੀ ਮੰਗਣ ਲਈ ਕਿਹਾ, ਨਹੀਂ ਤਾਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਰਾਹੀਂ ਦੋਵਾਂ ਨੂੰ 24 ਘੰਟਿਆਂ ਦੇ ਅੰਦਰ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਮੁਆਫ਼ੀ ਨਾ ਮੰਗੀ ਗਈ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਵੱਲੋਂ ਡਾ. ਗੁਰਪ੍ਰੀਤ ਕੌਰ ’ਤੇ ਲਾਏ ਗਏ ਕਥਿਤ ਦੋਸ਼ਾਂ ਨਾਲ ਜੁੜਿਆ ਹੋਇਆ ਹੈ। ਸੇਵਾਮੁਕਤ ਜਸਟਿਸ ਨੇ ਦਾਅਵਾ ਕੀਤਾ ਸੀ ਕਿ ਡਾ. ਗੁਰਪ੍ਰੀਤ ਕੌਰ ਨੇ ਇੱਕ ਜਬਰ-ਜਨਾਹ ਮਾਮਲੇ ’ਚ ਕਥਿਤ ਤੌਰ ’ਤੇ 5 ਕਰੋੜ ਰੁਪਏ ਦੀ ਮੰਗ ਕੀਤੀ ਤੇ ਇੱਕ ਕਾਰੋਬਾਰੀ ਖਿਲਾਫ਼ ਦਰਜ ਮਾਮਲਾ ਰੱਦ ਕਰਵਾਉਣ ’ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਡਾ. ਗੁਰਪ੍ਰੀਤ ਕੌਰ ਇਨ੍ਹਾਂ ਦੋਸ਼ਾਂ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ। 23 ਅਗਸਤ ਨੂੰ ਡਾ. ਗੁਰਪ੍ਰੀਤ ਕੌਰ ਨੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੂੰ ਵੀ ਕਾਨੂੰਨੀ ਨੋਟਿਸ ਭੇਜਿਆ ਸੀ।

ਇਸ ’ਚ ਉਨ੍ਹਾਂ ਨੇ 5 ਕਰੋੜ ਰੁਪਏ ਦੀ ਮੰਗ ਸਬੰਧੀ ਦੋਸ਼ਾਂ ਨੂੰ ਨਕਾਰਦਿਆਂ ਬਿਆਨ ਵਾਪਸ ਲੈਣ ਤੇ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਸੀ। ਨੋਟਿਸ ’ਚ ਦੋਸ਼ਾਂ ਪਿੱਛੇ ਸਿਆਸੀ ਮਨਸ਼ਾ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਸੇ ਮਾਮਲੇ ਸਬੰਧੀ 2 ਸਤੰਬਰ ਨੂੰ ਬਿਕਰਮ ਸਿੰਘ ਮਜੀਠੀਆ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਕਥਿਤ ਆਡੀਓ-ਵੀਡੀਓ ਸਾਂਝੀ ਕੀਤੀ ਗਈ। ਮਜੀਠੀਆ ਨੇ ਦਾਅਵਾ ਕੀਤਾ ਕਿ ਇਸ ’ਚ ਮਾਮਲੇ ਨਾਲ ਜੁੜੇ ਕਥਿਤ ਵਿਚੋਲਿਆਂ ਤੇ ਡਾ. ਗੁਰਪ੍ਰੀਤ ਕੌਰ ਦੇ ਇੱਕ ਰਿਸ਼ਤੇਦਾਰ ਵਿਚਕਾਰ ਪੈਸਿਆਂ ਦੇ ਲੈਣ-ਦੇਣ ਸਬੰਧੀ ਗੱਲਬਾਤ ਹੈ। ਉਨ੍ਹਾਂ ਨੇ ਕਥਿਤ ਤੌਰ ’ਤੇ ਪਟਿਆਲਾ ਜ਼ੇਲ੍ਹ ’ਚ ਮੁਲਜ਼ਮ ਨੂੰ ਸਹੂਲਤਾਂ ਦੇਣ ਅਤੇ ਮੁੱਖ ਮੰਤਰੀ ਨਿਵਾਸ ’ਚ ਮੁਲਾਕਾਤ ਨਾਲ ਸਬੰਧਤ ਗੱਲਬਾਤ ਹੋਣ ਦਾ ਵੀ ਦਾਅਵਾ ਕੀਤਾ। Gurpreet Kaur Legal Notice

ਇਹ ਵੀ ਪੜ੍ਹੋ : Srinagar Airport: ਸ਼੍ਰੀਨਗਰ ਹਵਾਈ ਅੱਡੇ ’ਤੇ ਜਹਾਜ਼ ਖੰਭੇ ਨਾਲ ਟਕਰਾਇਆ, ਅੱਗੇ ਦਾ ਹਿੱਸਾ ਟੁੱਟਿਆ, ਯਾਤਰੀ ਸੁਰੱਖਿਅਤ

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ 2 ਸਤੰਬਰ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਮਜੀਠੀਆ ਵੱਲੋਂ ਸਾਂਝੀ ਕੀਤੀ ਆਡੀਓ ਦੀ ਵੀਡੀਓ ਪੋਸਟ ਕੀਤੀ। ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਦੇ ਡੀਜੀਪੀ ਤੋਂ ਸਵਾਲ ਕੀਤਾ ਕਿ ਕਥਿਤ ਤੌਰ ’ਤੇ 5 ਕਰੋੜ ਰੁਪਏ ਮੰਗਣ ਵਾਲੇ ਅਮਰਦੀਪ ਗਰੇਵਾਲ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ। ਖਹਿਰਾ ਨੇ ਇਸ ਮਾਮਲੇ ਨਾਲ ਅਮਰਦੀਪ ਦੀ ਕਥਿਤ ਆਡੀਓ ਤੇ ਡਾ. ਗੁਰਪ੍ਰੀਤ ਕੌਰ ਨਾਲ ਸਬੰਧਤ ਕਥਿਤ ਸੀਸੀਟੀਵੀ ਫੁਟੇਜ ਦਾ ਵੀ ਹਵਾਲਾ ਦਿੱਤਾ। ਇਸ ਮਾਮਲੇ ’ਚ ਲੀਗਲ ਰਾਈਟਸ ਆਬਜ਼ਰਵੇਟਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਵੱਲੋਂ ਵੀ ਮਾਮਲੇ ਦਾ ਨੋਟਿਸ ਲੈਣ ਦੀ ਜਾਣਕਾਰੀ ਸਾਹਮਣੇ ਆਈ ਸੀ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਤੋਂ ਮਾਮਲੇ ਸਬੰਧੀ ਕਾਰਵਾਈ ਦੀ ਰਿਪੋਰਟ ਮੰਗੀ ਸੀ। Gurpreet Kaur Legal Notice

About The Author

Related Posts