Punjab
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਖੁਸ਼ਕ, ਦਿਨ ਵੇਲੇ ਨਿਕਲੇਗੀ ਤੇਜ਼ ਧੁੱਪ
ਤਾਪਮਾਨ ’ਚ 1.5 ਡਿਗਰੀ ਦੀ ਗਿਰਾਵਟ, ਸਵੇਰੇ ਤੇ ਸ਼ਾਮ ਨੂੰ ਵਧੇਗੀ ਠੰਢ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਬਣਿਆ ਹੋਇਆ ਹੈ। ਅੱਜ ਦਿਨ ਵੇਲੇ ਤੇਜ਼ ਧੁੱਪ ਨਿਕਲਣ ਦੀ ਸੰਭਾਵਨਾ ਹੈ, ਜਦਕਿ ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਤਾਪਮਾਨ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ।
ਇਸ ਦੇ ਨਾਲ ਹੀ ਸਵੇਰੇ ਤੇ ਰਾਤ ਦੇ ਸਮੇਂ ਠੰਢ ਦਾ ਅਹਿਸਾਸ ਹੌਲੀ-ਹੌਲੀ ਵਧਣ ਲੱਗੇਗਾ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ’ਚ ਸਭ ਤੋਂ ਵੱਧ ਤਾਪਮਾਨ ਬਠਿੰਡਾ ’ਚ ਦਰਜ ਕੀਤਾ ਗਿਆ। ਉੱਥੇ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਰਿਹਾ। ਉੱਧਰ, ਚੰਡੀਗੜ੍ਹ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 31.6 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.6 ਡਿਗਰੀ ਵੱਧ ਹੈ। ਮੌਸਮ ਵਿਭਾਗ ਅਨੁਸਾਰ ਫਿਲਹਾਲ ਆਸਮਾਨ ਸਾਫ਼ ਰਹੇਗਾ।
ਉੱਤਰ-ਪੱਛਮੀ ਹਵਾਵਾਂ ਦੇ ਚੱਲਣ ਕਾਰਨ ਸਵੇਰ ਤੇ ਰਾਤ ਦੇ ਤਾਪਮਾਨ ’ਚ ਹੌਲੀ-ਹੌਲੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਨਾਲ ਸਵੇਰੇ ਤੇ ਸ਼ਾਮ ਨੂੰ ਠੰਢ ਦਾ ਅਹਿਸਾਸ ਵਧੇਗਾ, ਜਦਕਿ ਦਿਨ ਵੇਲੇ ਤੇਜ਼ ਧੁੱਪ ਕਾਰਨ ਤਾਪਮਾਨ ’ਚ ਜ਼ਿਆਦਾ ਗਿਰਾਵਟ ਨਹੀਂ ਆਵੇਗੀ। 4 ਨਵੰਬਰ ਤੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ ਤੇ ਖੇਤਾਂ ’ਚ ਹੋਰ ਖੇਤੀਬਾੜੀ ਕੰਮ ਕਰਨ ਲਈ ਅਨੁਕੂਲ ਮੌਸਮ ਮਿਲੇਗਾ।
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੀ ਸਥਿਤੀ ਪੰਜਾਬ ਤੇ ਚੰਡੀਗੜ੍ਹ ਦੇ ਉੱਤਰ ਵੱਲ ਬਣੀ ਹੋਈ ਹੈ। ਇਸ ਦਾ ਸੂਬੇ ਦੇ ਮੌਸਮ ’ਤੇ ਕੋਈ ਖ਼ਾਸ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਇਸ ਕਾਰਨ ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਖੁਸ਼ਕ ਰਹੇਗਾ ਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। 2 ਨਵੰਬਰ ਦੀ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਪੰਜਾਬ ਦੇ ਮੈਦਾਨੀ ਤੇ ਦੱਖਣ-ਪੱਛਮੀ ਇਲਾਕਿਆਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ। ਪਠਾਨਕੋਟ ’ਚ ਵੱਧ ਤੋਂ ਵੱਧ ਤਾਪਮਾਨ 28.6 ਡਿਗਰੀ ਤੇ ਅੰਮ੍ਰਿਤਸਰ ’ਚ 29.1 ਡਿਗਰੀ ਰਿਹਾ।
ਇਸੇ ਤਰ੍ਹਾਂ ਲੁਧਿਆਣਾ ’ਚ 31 ਡਿਗਰੀ, ਪਟਿਆਲਾ ’ਚ 31.5 ਡਿਗਰੀ ਤੇ ਫਿਰੋਜ਼ਪੁਰ ’ਚ 29.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਦੱਖਣ-ਪੱਛਮੀ ਪੰਜਾਬ ਦੇ ਬਠਿੰਡਾ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32.5 ਡਿਗਰੀ ਦਰਜ ਕੀਤਾ ਗਿਆ, ਜੋ ਸੂਬੇ ਦੇ ਮੁੱਖ ਮੌਸਮ ਕੇਂਦਰਾਂ ’ਚ ਸਭ ਤੋਂ ਵੱਧ ਰਿਹਾ। ਅੰਕੜਿਆਂ ਅਨੁਸਾਰ ਹਿਮਾਚਲ ਨਾਲ ਲੱਗਦੇ ਪਠਾਨਕੋਟ ਤੇ ਅੰਮ੍ਰਿਤਸਰ ਵਰਗੇ ਇਲਾਕਿਆਂ ’ਚ ਤਾਪਮਾਨ ਘੱਟ ਰਿਹਾ, ਜਦਕਿ ਬਠਿੰਡਾ ਤੇ ਪਟਿਆਲਾ ਵਰਗੇ ਮੈਦਾਨੀ ਇਲਾਕਿਆਂ ’ਚ ਗਰਮੀ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : Road Accident: ਬਠਿੰਡਾ-ਮਲੋਟ ਰੋਡ ’ਤੇ ਪੀਆਰਟੀਸੀ ਬੱਸ ਨੇ ਬੁਲੇਟ ਸਵਾਰ ਨੌਜਵਾਨ ਨੂੰ ਦਰੜਿਆ, ਮੌਤ
Comments