ਕਾਂਗਰਸ ਦੀ ਸ਼ਹਿਣਾ ਰੈਲੀ ’ਚ ਸਿੱਧੂ ਤੋਂ ਪਹਿਲਾਂ ਪਹੁੰਚੇ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ

NHM Employees Sachkahoon

ਕਾਂਗਰਸ ਦੀ ਸ਼ਹਿਣਾ ਰੈਲੀ ’ਚ ਸਿੱਧੂ ਤੋਂ ਪਹਿਲਾਂ ਪਹੁੰਚੇ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ

(ਰਜਿੰਦਰ ਸ਼ਰਮਾ/ਗੁਰਬਿੰਦਰ ਸਿੰਘ) ਸ਼ਹਿਣਾ/ ਬਰਨਾਲਾ। ਕਾਂਗਰਸੀ ਪਾਰਟੀ ਵੱਲੋਂ ਹਲਕਾ ਭਦੌੜ ਦੀ ਕਸਬਾ ਸ਼ਹਿਣਾ ਵਿਖੇ ਹੋ ਰਹੀ ਚੋਣ ਰੈਲੀ ’ਚ ਪਾਰਟੀ ਪ੍ਰਧਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਹੜਤਾਲ ’ਤੇ ਚੱਲ ਰਹੇ ਐੱਨਐੱਚਐੱਮ ਮੁਲਾਜ਼ਮ ਆਪਣੀਆਂ ਮੰਗਾਂ ਸਬੰਧੀ ਤਖ਼ਤੀਆਂ ਤੇ ਕਾਲੇ ਝੰਡੇ ਲੈ ਕੇ ਪਹੁੰਚ ਗਏ। ਜਿਨ੍ਹਾਂ ਚੋਣ ਰੈਲੀ ਦੇ ਪੰਡਾਲ ਨੂੰ ਜਾਂਦੇ ਮੁੱਖ ਗੇਟ ’ਤੇ ਪਹੁੰਚਦਿਆਂ ਧਰਨਾ ਲਗਾ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਨਾਲ ਰੈਲੀ ਪ੍ਰਬੰਧਕਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਹੜਤਾਲੀ ਐੱਨਐੱਚਐੱਮ ਮੁਲਾਜ਼ਮਾਂ ਦੀ ਅਗਵਾਈ ਕਰ ਰਹੀ ਕਮਲਜੀਤ ਕੌਰ ਪੱਤੀ ਤੇ ਸਿਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਬੇਸ਼ੱਕ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਅਸਲ ’ਚ ਇਸ ਨੇ ਇੱਕ ਵੀ ਕੱਚੇ ਮੁਲਾਜ਼ਮਾਂ ਨੂੰ ਨਾ ਪੱਕਾ ਕੀਤਾ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਕਦਮ ਪੁੱਟਿਆ ਹੈ। ਜਦੋਂਕਿ ਉਹ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ। ਜਿਨ੍ਹਾਂ ਦੀ ਸਰਕਾਰ ਤੇ ਇਸਦੇ ਨੁਮਾਇੰਦੇ ਗੱਲ ਤੱਕ ਸੁਣਨ ਨੂੰ ਵੀ ਤਿਆਰ ਨਹੀਂ ਹਨ। ਆਗੂਆਂ ਕਿਹਾ ਕਿ ‘ਨੱਚਣਾ ਖੁਦ ਨੂੰ ਨਹੀਂ ਆਉਂਦਾ, ਫਿੱਟੇ ਮੂੰਹ ਗੋਡਿਆਂ ਦੇ’ ਵਾਲੀ ਕਹਾਵਤ ਪੰਜਾਬ ਸਰਕਾਰ ’ਤੇ ਹੂ-ਬੂ-ਹੂ ਢੁੱਕਦੀ ਹੈ ਜਿਸ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਖੁਦ ਕੋਈ ਕਦਮ ਚੁੱਕਣ ਦੀ ਬਜਾਇ ਇਲਜ਼ਾਮ ਗਵਰਨਰ ਪੰਜਾਬ ’ਤੇ ਲਗਾ ਦਿੱਤਾ ਹੈ ਕਿ ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਬਿੱਲ ਪਾਸ ਨਹੀਂ ਕੀਤਾ। ਜਦੋਂਕਿ ਗਵਰਨਰ ਪੰਜਾਬ ਨੇ 31 ਦਸੰਬਰ ਦੀ ਤਾਰੀਖ ’ਚ ਹੀ ਸਬੰਧਿਤ ਬਿੱਲ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਸੀ।

ਆਗੂਆਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਚੁੱਕੀ ਹੈ ਜਿਸ ਦਾ ਅਨੇਕਾਂ ਲੋਕ ਹਿਤੈਸੀ ਸਕੀਮਾਂ ਲਿਆਉਣ ਤੇ ਫੈਸਲੇ ਲਾਗੂ ਕਰਨ ਦਾ ਪ੍ਰਚਾਰ ਅਗਾਮੀ ਚੋਣਾਂ ਦੇ ਮੱਦੇਨਜਰ ਗੁੰਮਰਾਹ ਕੁੰਨ ਪ੍ਰਚਾਰ ਤੋਂ ਸਿਵਾਏ ਕੱਖ ਵੀ ਨਹੀਂ ਹੈ। ਇਸ ਰੋਸ ਪ੍ਰਦਰਸ਼ਨ ’ਚ ਸੰਦੀਪ ਕੌਰ ਸੀਐਚਓ, ਮਨਦੀਪ ਕੌਰ, ਮਨਜਿੰਦਰ ਸਿੰਘ, ਨਵਦੀਪ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ, ਰਾਕੇਸ਼ ਕੁਮਾਰ, ਯਾਦਵਿੰਦਰ ਸਿੰਘ, ਰੁਪਿੰਦਰ ਕੌਰ, ਵਿਪਨ, ਵੀਰਪਾਲ ਕੌਰ, ਨਰੇਸ਼ ਕੁਮਾਰੀ, ਸੁਖਵਿੰਦਰ ਸਿੰਘ, ਨਰਿੰਦਰ ਪਾਲ, ਨੀਰਜ ਕੁਮਾਰੀ, ਸੁਰਜੀਤ ਸਿੰਘ, ਸੰਜੀਵ ਕੁਮਾਰ, ਨਵਦੀਪ ਕੌਰ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਸੁਖਪਾਲ ਸਿੰਘ ਤੇ ਦਲਵੀਰ ਸਿੰਘ ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ