Mushroom Farming: ਖੰਡਰ ਬਣੇ ਮਕਾਨ ਨੂੰ ਬਣਾਇਆ ਖੁੰਬ ਉਤਪਾਦਨ ਕੇਂਦਰ

ਇੱਕ ਕਮਰੇ ਤੋਂ ਸ਼ੁਰੂ ਕੀਤਾ ਖੁੰਬਾਂ ਦਾ ਕਾਰੋਬਾਰ, ਅੱਜ ਢਾਈ ਤੋਂ ਤਿੰਨ ਲੱਖ ਰੁਪਏ ਤੱਕ ਕਮਾ ਰਹੇ ਹਨ ਭੂਸ਼ਣ ਰਹੇਜਾ

Khushdeep Singh Picture
Published On

ਸੀਵਨ/ਕੈਥਲ/ਹਰਿਆਣਾ (ਸੱਚ ਕਹੂੰ/ਕੁਲਦੀਪ ਨੈਨ)। ਜੇਕਰ ਕੁਝ ਨਵਾਂ ਕਰਨ ਦਾ ਜਨੂੰਨ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਸੀਮਤ ਸਾਧਨ ਵੀ ਸਫ਼ਲਤਾ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਦੇ। ਸੀਵਨ ਦੇ ਭੂਸ਼ਣ ਰਹੇਜਾ ਨੇ ਆਪਣੀ ਮਿਹਨਤ ਅਤੇ ਸੂਝ-ਬੂਝ ਨਾਲ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ। ਪੇਸ਼ੇ ਵਜੋਂ ਬਿਜਲੀ ਮਕੈਨਿਕ ਭੂਸ਼ਣ ਦਿਨ ਭਰ ਆਪਣੀ ਬਿਜਲੀ ਮੁਰੰਮਤ ਦੀ ਦੁਕਾਨ ਚਲਾਉਂਦੇ ਹਨ।

ਸਰਦੀਆਂ ਦੇ ਮੌਸਮ ਵਿੱਚ ਖੁੰਬਾਂ ਦੀ ਖੇਤੀ ਕਰਕੇ ਵਾਧੂ ਆਮਦਨ ਵੀ ਕਮਾ ਰਹੇ ਹਨ। ਉਨ੍ਹਾਂ ਨੇ ਇੱਕ ਖੰਡਰ ਬਣੇ ਮਕਾਨ ਨੂੰ ਖੁੰਬ ਉਤਪਾਦਨ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਕੰਮ ਰਾਹੀਂ ਉਹ ਇੱਕ ਸੀਜ਼ਨ ਵਿੱਚ ਲਗਭਗ ਢਾਈ ਤੋਂ ਤਿੰਨ ਲੱਖ ਰੁਪਏ ਤੱਕ ਦਾ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਦੀ ਇਹ ਪਹਿਲ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਵੀ ਸਵੈ-ਰੁਜ਼ਗਾਰ ਅਤੇ ਵਾਧੂ ਆਮਦਨ ਦਾ ਪ੍ਰੇਰਨਾਦਾਇਕ ਸਰੋਤ ਬਣ ਰਹੀ ਹੈ।

ਭੂਸ਼ਣ ਰਹੇਜਾ ਦੱਸਦੇ ਹਨ ਕਿ ਲਗਭਗ ਪੰਜ-ਛੇ ਸਾਲ ਪਹਿਲਾਂ ਉਨ੍ਹਾਂ ਨੇ ਬਿਜਲੀ ਦੀ ਮੁਰੰਮਤ ਦੇ ਕੰਮ ਦੇ ਨਾਲ-ਨਾਲ ਖੁੰਬ ਉਗਾਉਣ ਦਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਕਿਰਾਏ ਦੇ ਮਕਾਨ ਦੇ ਇੱਕ ਕਮਰੇ ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਹੌਲੀ-ਹੌਲੀ ਤਜ਼ਰਬਾ ਵਧਿਆ ਅਤੇ ਇਸ ਕੰਮ ਵਿੱਚ ਸੰਭਾਵਨਾਵਾਂ ਨਜ਼ਰ ਆਉਣ ਲੱਗੀਆਂ ਤਾਂ ਉਨ੍ਹਾਂ ਨੇ ਦੋ ਕਮਰਿਆਂ ਵਿੱਚ ਖੁੰਬਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਿਸ ਮਕਾਨ ਵਿੱਚ ਕਿਰਾਏ ’ਤੇ ਰਹਿੰਦਿਆਂ ਉਨ੍ਹਾਂ ਨੇ ਖੁੰਬ ਉਤਪਾਦਨ ਦੀ ਸ਼ੁਰੂਆਤ ਕੀਤੀ ਸੀ, ਬਾਅਦ ਵਿੱਚ ਉਸ ਨੂੰ ਖਰੀਦ ਵੀ ਲਿਆ। ਅੱਜ ਇਹੀ ਮਕਾਨ ਉਨ੍ਹਾਂ ਲਈ ਵਾਧੂ ਆਮਦਨ ਦਾ ਵਧੀਆ ਸਾਧਨ ਬਣ ਚੁੱਕਾ ਹੈ। ਬਿਜਲੀ ਦੀ ਮੁਰੰਮਤ ਦਾ ਆਪਣਾ ਰਵਾਇਤੀ ਕੰਮ ਜਾਰੀ ਰੱਖਦਿਆਂ ਉਹ ਮੌਸਮੀ ਖੁੰਬ ਉਤਪਾਦਨ ਰਾਹੀਂ ਚੰਗੀ ਕਮਾਈ ਕਰ ਰਹੇ ਹਨ।

ਸਰਦੀਆਂ ’ਚ ਰੋਜ਼ਾਨਾ 50 ਤੋਂ 55 ਕਿੱਲੋ ਤੱਕ ਉਤਪਾਦਨ:

ਭੂਸ਼ਣ ਅਨੁਸਾਰ ਸਰਦੀਆਂ ਦਾ ਮੌਸਮ ਖੁੰਬਾਂ ਦੀ ਖੇਤੀ ਲਈ ਅਨੁਕੂਲ ਹੁੰਦਾ ਹੈ। ਇਸ ਦੌਰਾਨ ਬਾਜ਼ਾਰ ਵਿੱਚ ਇਸ ਦੀ ਮੰਗ ਵੀ ਵਧ ਜਾਂਦੀ ਹੈ। ਸੀਜ਼ਨ ਦੌਰਾਨ ਉਹ ਰੋਜ਼ਾਨਾ ਲਗਭਗ 50 ਤੋਂ 55 ਕਿਲੋ ਤੱਕ ਖੁੰਬ ਦਾ ਉਤਪਾਦਨ ਕਰ ਲੈਂਦੇ ਹਨ। ਇਸ ਵਾਰ ਵੀ ਉਨ੍ਹਾਂ ਨੂੰ ਚੰਗੀ ਪੈਦਾਵਾਰ ਹੋਣ ਦੀ ਉਮੀਦ ਹੈ।

ਹਾਲਾਂਕਿ, ਇਸ ਕੰਮ ਵਿੱਚ ਨਿਯਮਤ ਮਿਹਨਤ ਤੇ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਸਵੇਰੇ ਜਲਦੀ ਉੱਠ ਕੇ ਖੁੰਬਾਂ ਦੀ ਤੁੜਾਈ ਕਰਨੀ ਪੈਂਦੀ ਹੈ ਤੇ ਇਸ ਤੋਂ ਬਾਅਦ ਤਾਜ਼ਾ ਪੈਦਾਵਾਰ ਮੰਡੀ ਤੱਕ ਪਹੁੰਚਾਉਣੀ ਹੁੰਦੀ ਹੈ। ਸੀਜ਼ਨ ਦੌਰਾਨ ਦਿਨ ਵਿੱਚ ਦੋ ਵਾਰ ਤੱਕ ਤੁੜਾਈ ਕਰਨੀ ਪੈਂਦੀ ਹੈ। ਅਜਿਹੇ ਵਿੱਚ ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਹਰ ਪੜਾਅ ’ਤੇ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ।

ਤਾਪਮਾਨ, ਨਮੀ ਅਤੇ ਸਾਫ਼-ਸਫ਼ਾਈ ਦਾ ਸਹੀ ਪ੍ਰਬੰਧ ਜ਼ਰੂਰੀ

ਭੂਸ਼ਣ ਦੱਸਦੇ ਹਨ ਕਿ ਖੁੰਬ ਦੀ ਖੇਤੀ ਸਿਰਫ਼ ਮਿਹਨਤ ਦਾ ਕੰਮ ਨਹੀਂ ਹੈ, ਸਗੋਂ ਇਸ ਵਿੱਚ ਤਕਨੀਕੀ ਜਾਣਕਾਰੀ ਅਤੇ ਸਹੀ ਵਿਉਂਤਬੰਦੀ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਉਤਪਾਦਨ ਵਾਲੇ ਕਮਰੇ ਵਿੱਚ ਖੁੰਬ ਦੀ ਕਿਸਮ ਅਨੁਸਾਰ ਢੁਕਵਾਂ ਤਾਪਮਾਨ ਅਤੇ ਨਮੀ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ।

ਇਸ ਦੇ ਨਾਲ ਹੀ ਸਾਫ਼-ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਨਿਯਮਤ ਨਿਗਰਾਨੀ, ਅਨੁਕੂਲ ਵਾਤਾਵਰਨ ਅਤੇ ਸਮੇਂ ਸਿਰ ਦੇਖਭਾਲ ਨਾਲ ਘੱਟ ਜਗ੍ਹਾ ਵਿੱਚ ਵੀ ਵਧੀਆ ਉਤਪਾਦਨ ਲਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਤਜ਼ਰਬਾ ਘੱਟ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੌਲੀ-ਹੌਲੀ ਜਾਣਕਾਰੀ ਅਤੇ ਤਜਰਬਾ ਵਧਣ ਨਾਲ ਕੰਮ ਸੁਚੱਜੇ ਢੰਗ ਨਾਲ ਚੱਲਣ ਲੱਗ ਪਿਆ।

ਆਸ-ਪਾਸ ਦੇ ਕਿਸਾਨਾਂ ਨੇ ਵੀ ਅਪਣਾਈ ਖੁੰਬਾਂ ਦੀ ਖੇਤੀ

ਭੂਸ਼ਣ ਰਹੇਜਾ ਦੀ ਇਸ ਪਹਿਲ ਦਾ ਪ੍ਰਭਾਵ ਹੁਣ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਉਨ੍ਹਾਂ ਦੇ ਕੰਮ ਤੋਂ ਪ੍ਰੇਰਿਤ ਹੋ ਕੇ ਕਈ ਕਿਸਾਨਾਂ ਨੇ ਵੀ ਖੁੰਬ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਵਾਇਤੀ ਖੇਤੀ ਦੇ ਨਾਲ ਖੁੰਬ ਉਤਪਾਦਨ ਕਿਸਾਨਾਂ ਲਈ ਵਾਧੂ ਆਮਦਨ ਦਾ ਇੱਕ ਵਧੀਆ ਬਦਲ ਬਣ ਸਕਦਾ ਹੈ। ਇਸ ਲਈ ਕਿਸੇ ਵੱਡੇ ਖੇਤ ਜਾਂ ਜ਼ਿਆਦਾ ਜ਼ਮੀਨ ਦੀ ਲੋੜ ਨਹੀਂ ਹੁੰਦੀ, ਸਗੋਂ ਢੁਕਵੀਂ ਜਗ੍ਹਾ, ਤਕਨੀਕੀ ਜਾਣਕਾਰੀ ਅਤੇ ਬਿਹਤਰ ਵਿਉਂਤਬੰਦੀ ਰਾਹੀਂ ਵੀ ਖੁੰਬ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਭੂਸ਼ਣ ਦਾ ਕਹਿਣਾ ਹੈ ਕਿ ਖੁੰਬਾਂ ਦੀ ਖੇਤੀ ਵਿੱਚ ਮਿਹਨਤ ਅਤੇ ਸਮਾਂ ਜ਼ਰੂਰ ਲੱਗਦਾ ਹੈ, ਪਰ ਜੇਕਰ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਇਸ ਰਾਹੀਂ ਚੰਗੀ ਆਮਦਨ ਕਮਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : Punjab Assembly Elections 2027: ‘ਆਪ’, ਅਕਾਲੀ ਦਲ ਅਤੇ ਕਾਂਗਰਸ ਨੂੰ ਝਟਕਾ, ਤਿੰਨ ਜ਼ਿਲ੍ਹਿਆਂ ਦੇ ਕਈ ਆਗੂ ਭਾਜਪਾ ’ਚ ਸ਼ਾਮਲ

Comments

Post Your Comment

About The Author

Related Posts