ਪਾਵਰਕੌਮ ਨੇ 36,767 ਕਰੋੜ ਰੁਪਏ ਦੇ ਬਜਟ ਨੂੰ ਦਿੱਤੀ ਪ੍ਰਵਾਨਗੀ

 

ਪਾਵਰਕੌਮ ਨੇ 36,767 ਕਰੋੜ ਰੁਪਏ ਦੇ ਬਜਟ ਨੂੰ ਦਿੱਤੀ ਪ੍ਰਵਾਨਗੀ

ਪਟਿਆਲਾ, (ਸੱਚ ਕਹੂੰ ਨਿਊਜ)। ਪੀਐਸਪੀਸੀਐਲ ਨੇ ਪੰਜਾਬ ਦੇ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਨਿਰਵਿਘਨ, ਭਰੋਸੇਮੰਦ ਅਤੇ ਕੁਆਲਟੀ ਬਿਜਲੀ ਸਪਲਾਈ ਮੁਹੱਈਆ ਕਰਾਉਣ ਦੇ ਉਦੇਸ਼ ਨਾਲ, ਵੰਡ ਸੈਕਟਰ ਨੂੰ ਮਜਬੂਤ ਕਰਨ ਅਤੇ ਬਿਜਲੀ ਖਰੀਦਾਂ ’ਤੇ ਟਰਾਂਸਮਿਸਨ ਕੰਮਾਂ ’ਤੇ ਧਿਆਨ ਕੇਂਦਰਤ ਕੀਤਾ ਹੈ, ਜਿਸ ਲਈ ਪੀਐਸਪੀਸੀਐਲ ਨੇ ਸਾਲ 2021-22 ਦੇ ਬਜਟ ਲਈ 36767.37 ਕਰੋੜ ਰੁਪਏ ਰੱਖਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਐਮਡੀ ਪੀਐਸਪੀਸੀਐਲ ਏ. ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਨੇ ਸਾਲ 2021-22 ਦੇ ਬਜਟ ਲਈ 36767.37 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ, ਜਿਸ ਵਿੱਚ 34,688.68 ਕਰੋੜ ਰੁਪਏ ਮਾਲੀਏ ਦੇ ਖਰਚਿਆਂ ਅਤੇ 2078.69 ਕਰੋੜ ਰੁਪਏ ਪੂੰਜੀਗਤ ਖਰਚੇ ਸ਼ਾਮਲ ਹਨ । ਮਾਲੀਆ ਅਤੇ ਪੂੰਜੀ ਖਰਚਿਆਂ ਬਾਰੇ ਵੇਰਵੇ ਦਿੰਦੇ ਹੋਏ ਏ. ਵੇਨੂੰ ਪ੍ਰਸਾਦ ਨੇ ਕਿਹਾ ਕਿ 23862.38 ਕਰੋੜ ਰੁਪਏ ਬਿਜਲੀ ਖਰੀਦ ’ਤੇ ਟਰਾਂਸਮਿਸਨ ਚਾਰਜ ’ਤੇ ਖਰਚ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਇਹ ਰਕਮ ਝੋਨੇ ਅਤੇ ਗਰਮੀਆਂ ਦੇ ਮੌਸਮ ਦੌਰਾਨ ਖੇਤੀਬਾੜੀ ਅਤੇ ਹੋਰ ਖਪਤਕਾਰਾਂ ਲਈ ਬਿਜਲੀ ਖਰੀਦ ’ਤੇ ਖਰਚ ਕੀਤੀ ਜਾਵੇਗੀ। ਪੂੰਜੀਗਤ ਖਰਚਿਆਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਉਂਦਿਆਂ, ਸੀ.ਐੱਮ.ਡੀ. ਨੇ ਕਿਹਾ ਕਿ 1520.74 ਕਰੋੜ ਰੁਪਏ ਸਾਰੀਆਂ ਸ੍ਰੇਣੀਆਂ ਦੇ ਖਪਤਕਾਰਾਂ ਨੂੰ ਨਿਰਵਿਘਨ, ਭਰੋਸੇਮੰਦ ਅਤੇ ਕੁਆਲਟੀ ਬਿਜਲੀ ਸਪਲਾਈ ਲਈ ਵੰਡ ਕਾਰਜਾਂ ’ਤੇ ਖਰਚ ਕੀਤੇ ਜਾਣਗੇ।

ਉਨ੍ਹਾਂ ਅੱਗੇ ਕਿਹਾ ਕਿ ਖਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਜਾਰੀ ਕਰਨ ਲਈ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਜ ਵਿੱਚ ਟਰਾਂਸਮਿਸਨ ਨੈਟਵਰਕ ਨੂੰ ਮਜਬੂਤ ਕਰਨ ਲਈ ਸਬ ਟ੍ਰਾਂਸਮਿਸਨ ਕਾਰਜਾਂ ’ਤੇ 327.80 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸਧਾਰਣ ਵੰਡ ਕਾਰਜਾਂ ’ਤੇ 747.81 ਕਰੋੜ ਰੁਪਏ ਵੱਧ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਦੇ ਹਾਈਡਲ ਪ੍ਰਾਜੈਕਟਾਂ ਦੇ ਆਰ ਐਂਡ ਐਮ ਲਈ 205.14 ਕਰੋੜ ਰੁਪਏ ਰੱਖੇ ਗਏ ਹਨ ਅਤੇ 223.40 ਕਰੋੜ ਰੁਪਏ ਥਰਮਲ ਪਲਾਂਟਾਂ ਦੇ ਆਰ ਐਂਡ ਐਮ ਅਤੇ ਹੋਰ ਕੰਮਾਂ ’ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 88 ਕਰੋੜ ਰੁਪਏ ਪੀਐਸਪੀਸੀਐਲ ਦੀਆਂ ਵੱਖ-ਵੱਖ ਇਮਾਰਤਾਂ ਵਿੱਚ ਸੋਲਰ ਪੀਵੀ ਪਲਾਂਟਾਂ ਉੱਤੇ ਖਰਚ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.