Stray Dogs Menace: ਅਵਾਰਾ ਕੁੱਤਿਆਂ ਦਾ ਖੌਫ਼ ਅਤੇ ਪ੍ਰਸ਼ਾਸਨ ਦੀ ਜਵਾਬਦੇਹੀ

ਅਵਾਰਾ ਕੁੱਤਿਆਂ ਦਾ ਖੌਫ਼ ਅਤੇ ਪ੍ਰਸ਼ਾਸਨ ਦੀ ਜਵਾਬਦੇਹੀ

Khushdeep Singh Picture
Published On

ਭਾਰਤ ਭਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਦਿਨੋ-ਦਿਨ ਤੇਜ਼ੀ ਨਾਲ ਵਧ ਰਹੀ ਹੈ, ਜਿਸ ਦੇ ਨਤੀਜੇ ਵਜੋਂ ਕੁੱਤਿਆਂ ਦੇ ਵੱਢਣ (ਡੌਗ ਬਾਈਟ) ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ ਵਧਦੀ ਹੋਈ ਸਮੱਸਿਆ ਆਮ ਨਾਗਰਿਕਾਂ, ਖਾਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਰੋਜ਼ਾਨਾ ਜੀਵਨ ਦੀ ਸੁਰੱਖਿਆ ਪ੍ਰਤੀ ਇੱਕ ਗੰਭੀਰ ਅਤੇ ਚਿੰਤਾਜਨਕ ਖ਼ਤਰਾ ਪੈਦਾ ਕਰ ਚੁੱਕੀ ਹੈ। ਅਧਿਕਾਰਤ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ।

ਕਿ ਮੌਜੂਦਾ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਹੀ ਪੂਰੇ ਦੇਸ਼ ਵਿੱਚ ਕੁੱਤਿਆਂ ਦੇ ਵੱਢਣ ਦੇ 30 ਲੱਖ ਤੋਂ ਵੱਧ ਮਾਮਲੇ ਦਰਜ਼ ਕੀਤੇ ਜਾ ਚੁੱਕੇ ਹਨ, ਜੋ ਕਿ ਇਸ ਸਮੱਸਿਆ ਦੀ ਭਿਆਨਕਤਾ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ। ਕੁਝ ਸਮਾਂ ਪਹਿਲਾਂ ਦੇਸ਼ ਦੀ ਸਰਵਉੱਚ ਅਦਾਲਤ ਭਾਵ ਸੁਪਰੀਮ ਕੋਰਟ ਨੇ ਇਸ ਮੁੱਦੇ ’ਤੇ ਗੰਭੀਰ ਨੋਟਿਸ ਲੈਂਦਿਆਂ ਇਹ ਸਪੱਸ਼ਟ ਕੀਤਾ ਸੀ ਕਿ ਕਿਸੇ ਵੀ ਸਮਾਜ ਵਿੱਚ ਮਨੁੱਖੀ ਜੀਵਨ ਦੀ ਸੁਰੱਖਿਆ ਸਭ ਤੋਂ ਪਹਿਲਾਂ ਅਤੇ  ਰਵਉੱਚ ਤਰਜ਼ੀਹ ਹੈ।

ਇਸੇ ਅਦਾਲਤੀ ਫੈਸਲੇ ਅਤੇ ਨਿਰਦੇਸ਼ਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਭੀੜ-ਭੜੱਕੇ ਵਾਲੀਆਂ ਅਤੇ ਸੰਵੇਦਨਸ਼ੀਲ ਜਨਤਕ ਥਾਵਾਂ ਜਿਵੇਂ ਕਿ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਆਦਿ ਦੇ ਕੰਪਲੈਕਸਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਅਵਾਰਾ ਕੁੱਤਿਆਂ ਤੋਂ ਮੁਕਤ ਕਰਨ ਦੀ ਸਖ਼ਤ ਜ਼ਰੂਰਤ ’ਤੇ ਜ਼ੋਰ ਦਿੱਤਾ ਸੀ। ਪਰ ਜ਼ਮੀਨੀ ਹਕੀਕਤ ਅਤੇ ਅਦਾਲਤੀ ਦਿਸ਼ਾ-ਨਿਰਦੇਸ਼ਾਂ ਦੇ ਉਲਟ, ਪਿਛਲੇ ਕੁਝ ਮਹੀਨਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਬੁਰੀ ਤਰ੍ਹਾਂ ਵੱਢਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਅਨੇਕਾਂ ਦਿਲ ਕੰਬਾਊ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਮਹਾਂਰਾਸ਼ਟਰ ਦੇ ਕਲਿਆਣ ਇਲਾਕੇ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ, ਜਿੱਥੇ ਇੱਕ ਖ਼ਤਰਨਾਕ ਅਵਾਰਾ ਕੁੱਤੇ ਨੇ ਸਿਰਫ 24 ਘੰਟਿਆਂ ਦੇ ਅੰਦਰ-ਅੰਦਰ 150 ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਲਹੂ-ਲੁਹਾਣ ਕਰ ਦਿੱਤਾ। ਇਸ ਦਰਦਨਾਕ ਘਟਨਾ ਵਿੱਚ ਇੱਕ 3 ਸਾਲ ਦੀ ਮਾਸੂਮ ਬੱਚੀ ਵੀ ਸ਼ਾਮਲ ਸੀ, ਜਿਸ ਨੂੰ ਕੁੱਤੇ ਨੇ ਇੰਨਾ ਬੁਰੀ ਤਰ੍ਹਾਂ ਵੱਢਿਆ ਕਿ ਉਸ ਨੂੰ ਹਸਪਤਾਲ ਵਿੱਚ ਲਗਭਗ 90 ਟਾਂਕੇ ਲਾਉਣੇ ਪਏ ਸਨ।

ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਲਾਲੀਆਨਾ ਪਿੰਡ ਵਿੱਚ ਆਵਾਰਾ ਕੁੱਤੇ ਦੇ ਵੱਢਣ ਤੋਂ ਬਾਅਦ ਰੈਬੀਜ਼ ਵਰਗੀ ਲਾ ਇਲਾਜ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ‘ਨਬੀਸ਼’ ਨਾਮਕ ਇੱਕ ਵਿਅਕਤੀ ਦੀ ਦੁਖਦਾਈ ਮੌਤ ਹੋ ਗਈ ਸੀ। ਦੇਸ਼ ਦੇ ਹੋਰਨਾਂ ਸੂਬਿਆਂ ਜਿਵੇਂ ਕਿ ਰਾਜਸਥਾਨ, ਹਰਿਆਣਾ, ਬਿਹਾਰ ਅਤੇ ਪੰਜਾਬ ਆਦਿ ਵਿੱਚ ਵੀ ਅਜਿਹੇ ਅਨੇਕਾਂ ਮਾਮਲੇ ਦਰਜ਼ ਕੀਤੇ ਗਏ ਹਨ। ਅਵਾਰਾ ਕੁੱਤਿਆਂ ਦੀ ਇਸ ਲਗਾਤਾਰ ਵਧਦੀ ਜਾ ਰਹੀ ਸਮੱਸਿਆ ਤੋਂ ਅੱਕ ਕੇ ਹੁਣ ਆਮ ਲੋਕਾਂ ਅਤੇ ਸਥਾਨਕ ਪ੍ਰਤੀਨਿਧਾਂ ਵੱਲੋਂ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਦਾ ਧਿਆਨ ਇਸ ਵੱਲ ਖਿੱਚਣ ਲਈ ਵੱਖ-ਵੱਖ ਅਤੇ ਅਨੋਖੇ ਵਿਰੋਧ ਪ੍ਰਦਰਸ਼ਨ ਅਪਣਾਏ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ ਖੰਡਵਾ ਨਗਰ ਨਿਗਮ ਵਿੱਚ ਇੱਕ ਵਿਅਕਤੀ ਨੇ ਵਿਰੋਧੀ ਧਿਰ ਦੇ ਨੇਤਾ ਨਾਲ ਮਿਲ ਕੇ ਇੱਕ ਅਨੋਖਾ ਤਰੀਕਾ ਅਪਣਾਇਆ।

ਜਿੱਥੇ ਉਹ ਕੁੱਤੇ ਵਰਗਾ ਹੁਲੀਆ ਬਣਾ ਕੇ ਅਤੇ ਚਿਹਰੇ ’ਤੇ ਕੁੱਤੇ ਦਾ ਮੁਖੌਟਾ ਪਾ ਕੇ ਕਲੈਕਟਰ ਦੀ ਜਨ ਸੁਣਵਾਈ ਸਭਾ ਵਿੱਚ ਜਾ ਪਹੁੰਚਿਆ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਮਹਾਂਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਨਿਫਾੜ ਸ਼ਹਿਰ ਵਿੱਚ ਵਾਪਰੀ, ਜਿੱਥੇ ਨੇਤਾਵਾਂ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਕੁਝ ਅਵਾਰਾ ਕੁੱਤਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਸਿੱਧਾ ਨਿਫਾੜ ਨਗਰ ਪੰਚਾਇਤ ਦਫ਼ਤਰ ਦੇ ਅਧਿਕਾਰੀ ਦੇ ਮੇਜ਼ ’ਤੇ ਹੀ ਛੱਡ ਦਿੱਤਾ। ਇਸ ਸਮੱਸਿਆ ਦਾ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ ਆਵਾਰਾ ਕੁੱਤਿਆਂ ਦੀ ਭਰਮਾਰ ਦਾ ਮੁੱਖ ਕਾਰਨ ਖੁੱਲ੍ਹੇ ਵਿੱਚ ਸੁੱਟਿਆ ਜਾਂਦਾ ਕੂੜਾ-ਕਰਕਟ ਅਤੇ ਰਸੋਈ ਦਾ ਬਚਿਆ ਹੋਇਆ ਭੋਜਨ ਹੈ।

ਜਦੋਂ ਤੱਕ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੂੜਾ ਪ੍ਰਬੰਧਨ ਨੂੰ ਸਹੀ ਨਹੀਂ ਕੀਤਾ ਜਾਂਦਾ ਅਤੇ ਖੁੱਲ੍ਹੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਸੁੱਟਣ ’ਤੇ ਰੋਕ ਨਹੀਂ ਲਾਈ ਜਾਂਦੀ, ਉਦੋਂ ਤੱਕ ਕੁੱਤਿਆਂ ਦਾ ਅਬਾਦੀ ਵਾਲੇ ਇਲਾਕਿਆਂ ਵਿੱਚ ਆਉਣਾ ਬੰਦ ਨਹੀਂ ਹੋ ਸਕਦਾ। ਸਥਾਨਕ ਪ੍ਰਸ਼ਾਸਨ ਨੂੰ ਕੂੜੇ ਦੇ ਨਿਪਟਾਰੇ ਲਈ ਆਧੁਨਿਕ ਤਰੀਕੇ ਅਪਣਾਉਣੇ ਪੈਣਗੇ ਤਾਂ ਜੋ ਗਲੀਆਂ ਅਤੇ ਮੁਹੱਲਿਆਂ ਵਿੱਚ ਕੁੱਤਿਆਂ ਦਾ ਜਮਾਵੜਾ ਰੋਕਿਆ ਜਾ ਸਕੇ। ਇਸ ਤੋਂ ਇਲਾਵਾ, ਆਮ ਲੋਕਾਂ ਵਿੱਚ ‘ਰੈਬੀਜ਼’ ਵਰਗੀ ਜਾਨਲੇਵਾ ਬਿਮਾਰੀ ਪ੍ਰਤੀ ਜਾਗਰੂਕਤਾ ਦੀ ਵੀ ਭਾਰੀ ਘਾਟ ਦੇਖਣ ਨੂੰ ਮਿਲਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਰੈਬੀਜ਼ ਇੱਕ 100% ਫੇਟਲ (ਘਾਤਕ) ਬਿਮਾਰੀ ਹੈ ਜਿਸ ਦਾ ਇਲਾਜ ਸਮੇਂ ਸਿਰ ਟੀਕਾਕਰਨ ਨਾ ਹੋਣ ’ਤੇ ਮੌਤ ਦਾ ਕਾਰਨ ਬਣ ਸਕਦਾ ਹੈ।

ਕੁੱਤੇ ਦੇ ਵੱਢਣ ਤੋਂ ਤੁਰੰਤ ਬਾਅਦ ਜ਼ਖ਼ਮ ਨੂੰ ਸਾਬਣ ਅਤੇ ਵਗਦੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰਨਾ ਅਤੇ ਬਿਨਾਂ ਕਿਸੇ ਦੇਰੀ ਦੇ ਐਂਟੀ-ਰੈਬੀਜ਼ ਟੀਕਿਆਂ ਦਾ ਕੋਰਸ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਕਾਬੂ ਕਰਨ ਲਈ ਸਮੇਂ-ਸਮੇਂ ’ਤੇ ਨਸਬੰਦੀ ਪ੍ਰੋਗਰਾਮ ਚਲਾਏ ਜਾਂਦੇ ਹਨ, ਪਰ ਜ਼ਮੀਨੀ ਪੱਧਰ ’ਤੇ ਇਨ੍ਹਾਂ ਦੀ ਰਫ਼ਤਾਰ ਬਹੁਤ ਸੁਸਤ ਹੈ। ਫੰਡਾਂ ਦੀ ਘਾਟ, ਢੁਕਵੇਂ ਬੁਨਿਆਦੀ ਢਾਂਚੇ ਦੀ ਕਮੀ ਅਤੇ ਸਬੰਧਤ ਵਿਭਾਗਾਂ ਦੀ ਲਾਪਰਵਾਹੀ ਕਾਰਨ ਨਸਬੰਦੀ ਕੈਂਪ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਹੇ। ਜਦੋਂ ਤੱਕ ਵੱਡੇ ਪੱਧਰ ’ਤੇ ਅਤੇ ਯੋਜਨਾਬੱਧ ਤਰੀਕੇ ਨਾਲ ਕੁੱਤਿਆਂ ਦੀ ਨਸਬੰਦੀ ਨਹੀਂ ਕੀਤੀ ਜਾਂਦੀ।

ਉਦੋਂ ਤੱਕ ਇਸ ਵਧਦੀ ਹੋਈ ਗਿਣਤੀ ’ਤੇ ਲਗਾਮ ਲਾਉਣਾ ਅਸੰਭਵ ਜਿਹਾ ਜਾਪਦਾ ਹੈ। ਅਵਾਰਾ ਕੁੱਤਿਆਂ ਦਾ ਸਭ ਤੋਂ ਵੱਧ ਸ਼ਿਕਾਰ ਸਕੂਲੀ ਬੱਚੇ ਅਤੇ ਛੋਟੇ ਬੱਚੇ ਹੁੰਦੇ ਹਨ ਜੋ ਸਵੇਰੇ ਜਾਂ ਸ਼ਾਮ ਨੂੰ ਘਰੋਂ ਬਾਹਰ ਖੇਡਣ ਜਾਂ ਪੜ੍ਹਨ ਜਾਂਦੇ ਹਨ। ਕਈ ਵਾਰ ਸਕੂਲਾਂ ਦੇ ਗੇਟਾਂ ਦੇ ਬਾਹਰ ਅਵਾਰਾ ਕੁੱਤਿਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ ਜੋ ਬੱਚਿਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ। ਇਸ ਲਈ ਸਿੱਖਿਆ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਸਾਂਝੇ ਤੌਰ ’ਤੇ ਕਦਮ ਚੁੱਕ ਕੇ ਸਾਰੇ ਸਕੂਲਾਂ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਬਿਨਾਂ ਕਿਸੇ ਡਰ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

ਕਈ ਵਾਰ ਦੇਖਣ ’ਚ ਆਉਂਦਾ ਹੈ ਕਿ ਪੇਂਡੂ ਜਾਂ ਦੂਰ-ਦੁਰਾਡੇ ਇਲਾਕਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਐਂਟੀ-ਰੈਬੀਜ਼ ਟੀਕੇ ਸਮੇਂ ਸਿਰ ਉਪਲੱਬਧ ਨਹੀਂ ਹੁੰਦੇ, ਜਿਸ ਕਾਰਨ ਗਰੀਬ ਮਰੀਜ਼ਾਂ ਨੂੰ ਪ੍ਰਾਈਵੇਟ ਮਹਿੰਗੇ ਟੀਕੇ ਖਰੀਦਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਜਾਂ ਫਿਰ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ। ਸਰਕਾਰ ਅਤੇ ਸਿਹਤ ਮੰਤਰਾਲੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਸਰਕਾਰੀ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਲੋੜੀਂਦੀਆਂ ਐਂਟੀ-ਰੈਬੀਜ਼ ਵੈਕਸੀਨਾਂ ਅਤੇ ਜ਼ਰੂਰੀ ਦਵਾਈਆਂ ਦਾ ਲੋੜੀਂਦਾ ਸਟਾਕ ਹਰ ਸਮੇਂ ਮੌਜੂਦ ਰਹੇ। ਉਪਰੋਕਤ ਸਾਰੀਆਂ ਘਟਨਾਵਾਂ ਅਤੇ ਤੱਥਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ।

ਕਿ ਸਿਰਫ਼ ਲੋਕਾਂ ਨੂੰ ਜਾਗਰੂਕ ਕਰਨ ਨਾਲ ਹੀ ਕੰਮ ਨਹੀਂ ਚੱਲੇਗਾ, ਸਗੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਜੰਗੀ ਪੱਧਰ ’ਤੇ ਠੋਸ ਕਦਮ ਚੁੱਕਣੇ ਪੈਣਗੇ। ਜਦੋਂ ਤੱਕ ਕੇਂਦਰ ਅਤੇ ਸੂਬਾਈ ਸਰਕਾਰਾਂ ਮਿਲ ਕੇ ਅਵਾਰਾ ਕੁੱਤਿਆਂ ਦੀ ਦਿਨੋਂ-ਦਿਨ ਵਧ ਰਹੀ ਗਿਣਤੀ ਨੂੰ ਕਾਬੂ ਕਰਨ ਲਈ ਵਿਆਪਕ ਪੱਧਰ ’ਤੇ ਐਂਟੀ-ਰੈਬੀਜ਼ ਵੈਕਸੀਨੇਸ਼ਨ ਅਤੇ ਨਸਬੰਦੀ ਪ੍ਰੋਗਰਾਮ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰਦੀਆਂ, ਉਦੋਂ ਤੱਕ ਇਸ ਸਮੱਸਿਆ ਦਾ ਸਥਾਈ ਹੱਲ ਨਿੱਕਲਣਾ ਅਸੰਭਵ ਹੈ। ਅੰਤ ਵਿੱਚ, ਸਥਾਨਕ ਨਗਰ ਨਿਗਮਾਂ ਅਤੇ ਪ੍ਰਸ਼ਾਸਨ ਨੂੰ ਜਨਤਕ ਸੁਰੱਖਿਆ ਨੂੰ ਸਰਵਉੱਚ ਤਰਜ਼ੀਹ ਦਿੰਦਿਆਂ ਇਸ ਦਿਸ਼ਾ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : Rajbir Ghumman: ਸੀਬੀਆਈ ਅੱਗੇ ਮੁੜ ਪੇਸ਼ ਹੋਏ ਰਾਜਬੀਰ ਘੁੰਮਣ, ਮੰਗਲਵਾਰ ਨੂੰ ਫਿਰ ਪੇਸ਼ ਹੋਣ ਦੇ ਆਦੇਸ਼

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਕ੍ਰਿਸ਼ਨ ਲਾਲ

Comments

Post Your Comment

About The Author

Related Posts