Melting Glaciers Crisis: ਪਿਘਲਦੇ ਗਲੇਸ਼ੀਅਰ ਤੇ ਵਧਦੀਆਂ ਆਫ਼ਤਾਂ

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ’ਚ ਇਹ ਚਿਤਾਵਨੀ ਦਿੱਤੀ ਗਈ ਹੈ

Khushdeep Singh Picture
Published On

ਹਿਮਾਲਿਆ, ਜਿਸ ਨੂੰ ਧਰਤੀ ਦਾ ਜਲ ਸਰੋਤ ਅਤੇ ਜੀਵਨ ਰੇਖਾ ਮੰਨਿਆ ਜਾਂਦਾ ਹੈ, ਅੱਜ ਜਲਵਾਯੂ ਤਬਦੀਲੀ ਦੇ ਵਧਦੇ ਪ੍ਰਭਾਵਾਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉੱਚ ਪਰਬਤੀ ਖੇਤਰਾਂ ’ਚ ਸਥਿਤ ਗਲੇਸ਼ੀਅਰ ਤੇ ਉਨ੍ਹਾਂ ਤੋਂ ਬਣਨ ਵਾਲੀਆਂ ਝੀਲਾਂ ਹੁਣ ਅਸਥਿਰ ਹੋਣ ਲੱਗੀਆਂ ਹਨ। ਇਨ੍ਹਾਂ ਝੀਲਾਂ ਦਾ ਆਕਾਰ ਕਿਤੇ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਕਿਤੇ ਅਚਾਨਕ ਘਟ ਰਿਹਾ ਹੈ, ਜੋ ਇੱਕ ਅਸਧਾਰਨ ਅਤੇ ਚਿੰਤਾਜਨਕ ਸੰਕੇਤ ਹੈ। ਵਿਗਿਆਨੀਆਂ ਅਨੁਸਾਰ, ਜੇਕਰ ਇਨ੍ਹਾਂ ਝੀਲਾਂ ਦਾ ਵਿਸਥਾਰ ਬੇਕਾਬੂ ਜਾਰੀ ਰਿਹਾ ਤਾਂ ਇਨ੍ਹਾਂ ਦੇ ਪਾਟਣ ਦਾ ਖਤਰਾ ਵਧ ਜਾਵੇਗਾ।

ਜਿਸ ਨਾਲ ਹੇਠਲੇ ਇਲਾਕਿਆਂ ’ਚ ਭਿਆਨਕ ਹੜ੍ਹ ਤੇ ਵਿਆਪਕ ਤਬਾਹੀ ਮੱਚ ਸਕਦੀ ਹੈ। ਉਪਗ੍ਰਹਿ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਪਿਛਲੇ ਚਾਰ ਦਹਾਕਿਆਂ ’ਚ ਹਿਮਾਲਈ ਖੇਤਰ ’ਚ 10 ਹੈਕਟੇਅਰ ਤੋਂ ਵੱਡੀਆਂ 2431 ਝੀਲਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 676 ਝੀਲਾਂ ਦਾ ਆਕਾਰ 27 ਫੀਸਦੀ ਤੋਂ ਵੱਧ ਵਧ ਚੁੱਕਾ ਹੈ ਅਤੇ 130 ਝੀਲਾਂ ਬਹੁਤ ਸੰਵੇਦਨਸ਼ੀਲ ਸ਼੍ਰੇਣੀ ’ਚ ਹਨ। ਹਿਮਾਚਲ ਪ੍ਰਦੇਸ਼ ਦੀ ਗੇਫਾਂਗ ਘਾਟੀ ’ਚ ਇੱਕ ਝੀਲ ਦਾ ਖੇਤਰਫਲ ਲਗਭਗ ਦੁੱਗਣਾ ਹੋ ਚੁੱਕਾ ਹੈ। ਇਹ ਸਥਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਹਿਮਾਲਈ ਈਕੋ ਸਿਸਟਮ ਤੇਜ਼ੀ ਨਾਲ ਬਦਲ ਰਿਹਾ ਹੈ।

ਇਸ ਖੇਤਰ ’ਚ ਰਹਿਣ ਵਾਲੇ ਲੱਖਾਂ ਲੋਕ ਇਨ੍ਹਾਂ ਝੀਲਾਂ ਦੇ ਸੰਭਾਵਿਤ ਖਤਰੇ ਦੀ ਚਪੇਟ ’ਚ ਹਨ। ਕੁਝ ਕੁ ਸਾਲਾਂ ’ਚ ਉੱਤਰਾਖੰਡ ਸਮੇਤ ਕਈ ਪਰਬਤੀ ਖੇਤਰਾਂ ’ਚ ਬੱਦਲ ਪਾਟਣ ਅਤੇ ਅਚਾਨਕ ਆਏ ਹੜ੍ਹ ਦੀਆਂ ਘਟਨਾਵਾਂ ਵਧੀਆਂ ਹਨ। ਸਾਲ 2025 ’ਚ ਉੱਤਰਕਾਸ਼ੀ ਜ਼ਿਲ੍ਹੇ ’ਚ ਆਈ ਭਿਆਨਕ ਆਫਤ ਇਸ ਦਾ ਉਦਾਹਰਨ ਹੈ, ਜਿੱਥੇ ਭਾਰੀ ਮੀਂਹ ਅਤੇ ਮਲਬੇ ਨੇ ਪੂਰੇ ਇਲਾਕੇ ਨੂੰ ਪ੍ਰਭਾਵਿਤ ਕੀਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਜਲਵਾਯੂ ਤਬਦੀਲੀ ਹੁਣ ਸਿਰਫ ਭਵਿੱਖ ਦੀ ਚਿੰਤਾ ਨਹੀਂ, ਸਗੋਂ ਵਰਤਮਾਨ ਦੀ ਕਠੋਰ ਸੱਚਾਈ ਬਣ ਚੁੱਕੀ ਹੈ।

ਵਿਸ਼ਵ ਪੱਧਰ ’ਤੇ ਵੀ ਤਾਪਮਾਨ ’ਚ ਵਾਧੇ ਕਾਰਨ ਮੌਸਮ ਦੇ ਰੂਪ ’ਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਅਧਿਐਨਾਂ ਅਨੁਸਾਰ, ਧਰਤੀ ਦੇ ਤਾਪਮਾਨ ’ਚ ਹਰ ਇੱਕ ਡਿਗਰੀ ਵਾਧੇ ਨਾਲ ਭਾਰਤ ’ਚ ਮਾਨਸੂਨੀ ਵਰਖਾ ਲਗਭਗ 5 ਫੀਸਦੀ ਤੱਕ ਵਧ ਸਕਦੀ ਹੈ। ਇਸ ਨਾਲ ਵਰਖਾ ਦਾ ਰੂਪ ਬੇਯਕੀਨ ਅਤੇ ਵਧੇਰੇ ਤੀਬਰ ਹੋ ਜਾਵੇਗਾ, ਜਿਸ ਨਾਲ ਹੜ੍ਹ, ਫਸਲਾਂ ਨੂੰ ਨੁਕਸਾਨ ਅਤੇ ਜਨ-ਜੀਵਨ ’ਤੇ ਡੂੰਘਾ ਅਸਰ ਪਵੇਗਾ। ਇਸ ਤਰ੍ਹਾਂ ਦੀ ਅਨਿਯਮਿਤ ਵਰਖਾ ਖੇਤੀ ਅਧਾਰਿਤ ਆਰਥਿਕਤਾ ਲਈ ਗੰਭੀਰ ਚੁਣੌਤੀ ਬਣ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ’ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਦੱਖਣੀ ਏਸ਼ੀਆ ਨੂੰ ਆਉਣ ਵਾਲੇ ਸਾਲਾਂ ’ਚ ਹੜ੍ਹ ਵਰਗੀਆਂ ਆਫਤਾਂ ਕਾਰਨ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।

Read Also : Body Donation: ਸ਼ਾਹ ਸਤਿਨਾਮ ਜੀ ਪੁਰਾ ਦੀ ਸੱਚਖੰਡ ਵਾਸੀ ਨੇਤਰਦਾਨੀ ਤੇ ਸਰੀਰਦਾਨੀ ਮਾਤਾ ਨੀਲਮ ਇੰਸਾਂ ਹੋਈ ਅਮਰ

ਇਹ ਨੁਕਸਾਨ ਹਰ ਸਾਲ ਲੱਖਾਂ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਜਲਵਾਯੂ ਤਬਦੀਲੀ ਦਾ ਅਸਰ ਹੁਣ ਆਮ ਲੋਕਾਂ ਦੇ ਜੀਵਨ ’ਤੇ ਸਿੱਧਾ ਪੈ ਰਿਹਾ ਹੈ। ਕੁਦਰਤੀ ਆਫਤ ਦਾ ਵਾਰ-ਵਾਰ ਹੋਣਾ ਅਤੇ ਤੀਬਰਤਾ ’ਚ ਵਾਧਾ ਇਸੇ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਇੱਕ ਹੋਰ ਗੰਭੀਰ ਪਹਿਲੂ ਮਹਾਂਸਾਗਰਾਂ ਅਤੇ ਧਰੁਵੀ ਖੇਤਰਾਂ ਨਾਲ ਜੁੜਿਆ ਹੋਇਆ ਹੈ। ਉਦਯੋਗਿਕ ਗਤੀਵਿਧੀਆਂ ਤੋਂ ਨਿੱਕਲਣ ਵਾਲੀ ਕਾਰਬਨ ਡਾਈਆਕਸਾਈਡ ਦਾ ਵੱਡਾ ਹਿੱਸਾ ਸਮੁੰਦਰਾਂ ’ਚ ਸਮਾਈ ਜਾ ਰਿਹਾ ਹੈ। ਇਸ ਨਾਲ ਸਮੁੰਦਰ ਦੀ ਰਸਾਇਣਕ ਬਣਤਰ ’ਚ ਬਦਲਾਅ ਆ ਰਿਹਾ ਹੈ ਅਤੇ ਉਸ ਦੀ ਕਾਰਬਨ ਸੋਖਣ ਯੋਗਤਾ ਘਟ ਰਹੀ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਸਮੁੰਦਰ ਵੀ ਕਾਰਬਨ ਛੱਡਣ ਲੱਗ ਪੈਣਗੇ, ਜਿਸ ਨਾਲ ਵਾਯੂਮੰਡਲ ’ਚ ਤਾਪਮਾਨ ਹੋਰ ਤੇਜ਼ੀ ਨਾਲ ਵਧੇਗਾ। ਹਿਮਾਲਈ ਖੇਤਰਾਂ ’ਚ ਕਾਲੇ ਕਾਰਬਨ ਦੀ ਮਾਤਰਾ ’ਚ ਵਾਧਾ ਵੀ ਇੱਕ ਵੱਡੀ ਚਿੰਤਾ ਹੈ। ਇਹ ਕਣ ਸੂਰਜ ਦੀ ਗਰਮੀ ਨੂੰ ਸੋਖ ਕਰਕੇ ਬਰਫ਼ ਦੇ ਪਿਘਲਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ। ਹਾਲੀਆ ਅਧਿਐਨਾਂ ’ਚ ਪਾਇਆ ਗਿਆ ਹੈ ਕਿ ਹਿਮਾਲਿਆ ਦੇ ਕੁਝ ਹਿੱਸਿਆਂ ’ਚ ਕਾਲੇ ਕਾਰਬਨ ਦੀ ਮਾਤਰਾ ਆਮ ਨਾਲੋਂ ਢਾਈ ਗੁਣਾ ਤੱਕ ਵਧ ਚੁੱਕੀ ਹੈ। ਇਸ ਦੇ ਨਤੀਜੇ ਵਜੋਂ ਬਰਫ਼ ਦੀ ਸਥਾਈ ਪਰਤ ਸੁੰਗੜ ਰਹੀ ਹੈ ਅਤੇ ਗਲੇਸ਼ੀਅਰ ਤੇਜ਼ੀ ਨਾਲ ਪਿੱਛੇ ਹਟ ਰਹੇ ਹਨ।

ਇਸ ਨਾਲ ਨਾ ਸਿਰਫ ਜਲ ਸਰੋਤਾਂ ’ਤੇ ਅਸਰ ਪੈ ਰਿਹਾ ਹੈ, ਸਗੋਂ ਜੈਵ-ਵਿਭਿੰਨਤਾ ਵੀ ਸੰਕਟ ’ਚ ਹੈ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਸਮੁੰਦਰ ਦਾ ਪਾਣੀ ਪੱਧਰ ਵਧਣ ਨਾਲ ਹੇਠਲੇ ਖੇਤਰਾਂ, ਖਾਸ ਕਰਕੇ ਬੰਗਲਾਦੇਸ਼ ਵਰਗੇ ਦੇਸ਼ਾਂ ’ਚ ਭਾਰੀ ਤਬਾਹੀ ਹੋ ਸਕਦੀ ਹੈ। ਉੱਥੋਂ ਦਾ ਵੱਡਾ ਹਿੱਸਾ ਸਮੁੰਦਰੀ ਤਲ ਦੇ ਬਹੁਤ ਨੇੜੇ ਹੈ, ਜਿਸ ਕਾਰਨ ਥੋੜ੍ਹੀ ਜਿਹਾ ਵਾਧਾ ਵੀ ਵੱਡੇ ਪੈਮਾਨੇ ’ਤੇ ਪਾਣੀ ਭਰਨ ਤੇ ਉਜਾੜੇ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਖੇਤੀ ਉਤਪਾਦਨ ’ਚ ਵੀ ਗਿਰਾਵਟ ਦਾ ਖਤਰਾ ਜਤਾਇਆ ਜਾ ਰਿਹਾ ਹੈ।

ਜੋ ਖੁਰਾਕ ਸੁਰੱਖਿਆ ਲਈ ਖਤਰਾ ਹੈ। ਜਲਵਾਯੂ ਤਬਦੀਲੀ ਦਾ ਅਸਰ ਸਿਰਫ ਭੂਗੋਲਿਕ ਜਾਂ ਵਾਤਾਵਰਨੀ ਪੱਧਰ ਤੱਕ ਸੀਮਤ ਨਹੀਂ ਹੈ। ਇਸ ਕਾਰਨ ਜੀਵ-ਜੰਤੂਆਂ, ਕੀੜੇ-ਮਕੌੜਿਆਂ ਤੇ ਸੂਖਮ ਜੀਵਾਂ ਦੀ ਗਿਣਤੀ ਅਤੇ ਵਿਹਾਰ ’ਚ ਵੀ ਬਦਲਾਅ ਆ ਰਿਹਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਵਧਦੇ ਤਾਪਮਾਨ ਕਾਰਨ ਕੀੜਿਆਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ, ਜੋ ਫਸਲਾਂ ਤੇ ਮਨੁੱਖੀ ਸਿਹਤ ਦੋਵਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਤੋਂ ਇਲਾਵਾ ਨਵੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੀ ਵਧ ਸਕਦਾ ਹੈ, ਜਿਵੇਂ ਕਿ ਹਾਲੀਆ ਸਾਲਾਂ ’ਚ ਦੇਖਿਆ ਗਿਆ ਹੈ।

ਸਮੁੱਚੇ ਤੌਰ ’ਤੇ ਦੇਖਿਆ ਜਾਵੇ ਤਾਂ ਹਿਮਾਲਈ ਗਲੇਸ਼ੀਅਰਾਂ ਦਾ ਸੰਕਟ ਇੱਕ ਵਿਆਪਕ ਜਲਵਾਯੂ ਆਫਤ ਦੀ ਚਿਤਾਵਨੀ ਹੈ। ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਮਾੜੇ ਅਸਰ ਸਿਰਫ ਪਰਬਤੀ ਖੇਤਰਾਂ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਨਗੇ। ਲੋੜ ਹੈ ਕਿ ਵਾਤਾਵਰਨ ਸੁਰੱਖਿਆ, ਸਾਫ਼ ਊਰਜਾ ਦੀ ਵਰਤੋਂ ਅਤੇ ਵਿਗਿਆਨਕ ਨਿਗਰਾਨੀ ਨੂੰ ਪਹਿਲ ਦਿੱਤੀ ਜਾਵੇ, ਤਾਂਕਿ ਇਸ ਵਧਦੇ ਖਤਰੇ ਨੂੰ ਕਾਬੂ ’ਚ ਰੱਖਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਯਕੀਨੀ ਬਣਾਇਆ ਜਾ ਸਕੇ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਪ੍ਰਮੋਦ ਭਾਰਗਵ

About The Author

Related Posts