Environment And Public Health: ਵਿਕਾਸ ਦੀ ਬਲੀ ਨਾ ਚੜ੍ਹੇ ਵਾਤਾਵਰਨ ਤੇ ਲੋਕਾਂ ਦੀ ਸਿਹਤ
ਵਿਕਾਸ ਦੀ ਬਲੀ ਨਾ ਚੜ੍ਹੇ ਵਾਤਾਵਰਨ ਅਤੇ ਲੋਕਾਂ ਦੀ ਸਿਹਤ
ਵਿਕਾਸ ਅਤੇ ਰੁਜ਼ਗਾਰ ਲਈ ਉਦਯੋਗਾਂ ਦੀ ਭੂਮਿਕਾ ਮਹੱਤਵਪੂਰਨ ਹੈ ਰੋਜ਼ਾਨਾ ਜੀਵਨ ’ਚ ਵਰਤੋਂ ਹੋਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਊਰਜਾ, ਆਵਾਜਾਈ, ਸਿਹਤ , ਸਿੱਖਿਆ ਅਤੇ ਨਿਰਮਾਣ ਨਾਲ ਜੁੜੇ ਉਪਕਰਨਾਂ ਤੱਕ, ਅਨੇਕਾਂ ਲੋੜਾਂ ਦੀ ਪੂਰਤੀ ਉਦਯੋਗਿਕ ਉਤਪਾਦਨ ਨਾਲ ਹੁੰਦੀ ਹੈ ਉਦਯੋਗ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ ਅਤੇ ਅਰਥਵਿਵਸਥਾ ਨੂੰ ਰਫ਼ਤਾਰ ਪ੍ਰਦਾਨ ਕਰਦੇ ਹਨ ਪਰ ਜਦੋਂ ਉਦਯੋਗਿਕ ਵਿਸਥਾਰ ਦੇ ਨਾਲ ਵਾਤਾਵਰਨ ਦੀ ਸੁਰੱਖਿਆ ਅਤੇ ਲੋਕਾਂ ਦੀ ਸਿਹਤ ਦੀ ਅਣਦੇਖੀ ਹੋਣ ਲੱਗਦੀ ਹੈ ਤਾਂ ਵਿਕਾਸ ਦੇ ਲਾਭ ਹੀ ਗੰਭੀਰ ਸੰਕਟ ’ਚ ਬਦਲ ਸਕਦੇ ਹਨ।
ਹਿਮਾਚਲ ਪ੍ਰਦੇਸ਼ ਦੇ ਬੱਦੀ, ਬਰੋਟੀਵਾਲਾ ਅਤੇ ਨਾਲਾਗੜ੍ਹ ਉਦਯੋਗਿਕ ਖੇਤਰ ਦੀ ਸਥਿਤੀ ਇਸੇ ਚਿੰਤਾ ਵੱਲ ਧਿਆਨ ਖਿੱਚਦੀ ਹੈ ਪ੍ਰਦੂਸ਼ਣ ਦੀ ਸੰਭਾਵਨਾ ਅਤੇ ਵਾਤਾਵਰਨ ’ਤੇ ਪੈਣ ਵਾਲੇ ਪ੍ਰਭਾਵ ਦੇ ਅਧਾਰ ’ਤੇ ਉਦਯੋਗਾਂ ਨੂੰ ਵੱਖ-ਵੱਖ ਸ਼ੇ੍ਰਣੀਆਂ ’ਚ ਰੱਖਿਆ ਜਾਂਦਾ ਹੈ ਲਾਲ ਸ੍ਰੇਣੀ ’ਚ ਸੀਮਿੰਟ ਨਿਰਮਾਣ, ਖਣਿੱਜ ਤੇਲ ਸੋਧ, ਵੱਡੇ ਪੱਧਰ ’ਤੇ ਖਦਾਨ, ਤਾਪ ਬਿਜਲੀ ਉਤਪਾਦਨ ਅਤੇ ਰਸਾਇਣਕ ਨਿਰਮਾਣ ਵਰਗੇ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਆਉਂਦੇ ਹਨ ਸੰਤਰੀ ਸ਼੍ਰੇਣੀ ’ਚ ਦਰਮਿਆਨੇ ਪ੍ਰਦੂਸ਼ਣ ਦੀ ਸੰਭਾਵਨਾਂ ਵਾਲੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ।
ਜਦੋਂਕਿ ਹਰੀ ਸ੍ਰੇਣੀ ’ਚ ਮੁਕਾਬਲਤਨ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਰੱਖੇ ਜਾਂਦੇ ਹਨ ਸਫੈਦ ਸ਼੍ਰੇਣੀ ’ਚ ਬਹੁਤ ਘੱਟ ਪ੍ਰਦੂਸ਼ਣ ਦੀ ਸੰਭਾਵਨਾ ਵਾਲੀਆਂ ਗਤੀਵਿਧੀਆਂ ਆਉਂਦੀਆਂ ਹਨ ਇਨ੍ਹਾਂ ਸ਼੍ਰੇਣੀਆਂ ਅਨੁਸਾਰ ਉਦਯੋਗਾਂ ’ਤੇ ਲਾਗੂ ਵਾਤਾਵਰਨ ਪ੍ਰਵਾਨਗੀਆਂ ਅਤੇ ਨਿਗਰਾਨੀ ਦੇ ਨਿਯਮ ਵੱਖ-ਵੱਖ ਹੁੰਦੇ ਹਨ ਹਾਲਾਂਕਿ ਕਿਸੇ ਉਦਯੋਗ ਦੀ ਸ਼੍ਰੇਣੀ ਕੁਝ ਵੀ ਹੋਵੇ, ਵਾਤਾਵਰਨ ਸਬੰਧੀ ਨਿਯਮਾਂ ਦਾ ਪਾਲਣ ਕਰਨਾ ਉਸ ਦੀ ਜਿੰਮੇਵਾਰੀ ਹੈ। ਹਿਮਾਚਲ ਪ੍ਰਦੇਸ਼ ਦਾ ਬੱਦੀ-ਬਰੋਟੀਵਾਲਾ-ਨਾਲਾਗੜ੍ਹ ਖੇਤਰ ਰਾਜ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ’ਚ ਸ਼ਾਮਲ ਹੈ।
ਇੱਥੇ ਵੱਡੀ ਗਿਣਤੀ ’ਚ ਉਤਪਾਦਨ ਇਕਾਈਆਂ ਚੱਲ ਰਹੀਆਂਹਨ ਅਤੇ ਹਜ਼ਾਰਾਂ ਲੋਕਾਂ ਦੀ ਆਮਦਨ ਇਨ੍ਹਾਂ ਨਾਲ ਜੁੜੀ ਹੈ ਪਰ ਉਦਯੋਗਿਕ ਗਤੀਵਿਧੀਆਂ ’ਚੋਂ ਨਿੱਕਲਣ ਵਾਲੇ ਧੂੰਏਂ, ਜ਼ਹਿਰੀਲੀਆਂ ਗੈਸਾਂ ਅਤੇ ਅਣਸੋਧਿਆ ਕੂੜਾ-ਕਰਕਟ ਬਾਰੇ ਗੰਭੀਰ ਚਿੰਤਾਵਾਂ ਸਾਹਮਣੇ ਆਈਆਂ ਹਨ ਜੇਕਰ ਕੂੜਾ-ਕਰਕਟ ਦੇ ਨਿਬੇੜੇ ਲਈ ਢੁਕਵੇਂ ਪਲਾਂਟ ਲੋੜੀਂਦੀ ਸਮਰੱਥਾ ਨਾਲ ਕੰਮ ਨਹੀਂ ਕਰਦੇ। ਜਾਂ ਉਦਯੋਗ ਜ਼ਰੂਰੀ ਸੰਚਾਲਨ ਸਬੰਧੀ ਪ੍ਰਵਾਨਗੀਆਂ ਤੋਂ ਬਿਨਾ ਚੱਲਦੇ ਹਨ ਤਾਂ ਪ੍ਰਦੂਸ਼ਣ ਦਾ ਖ਼ਤਰਾ ਵਧ ਜਾਂਦਾ ਹੈ ਉਦਯੋਗਿਕ ਕੂੜੇ ਨੂੰ ਜ਼ਮੀਨ ’ਚ ਦੱਬਣਾ ਜਾਂ ਨਦੀ-ਨਾਲਿਆਂ ’ਚ ਰੋੜ੍ਹ ਦੇਣਾ ਮਿੱਟੀ ਅਤੇ ਪਾਣੀ ਦੀ ਗੁਣਵੱਤਾ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਇਸ ਸਮੱਸਿਆ ਦਾ ਅਸਰ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਰਹਿਣਾ ਪ੍ਰਦੂਸ਼ਿਤ ਪਾਣੀ ਨਦੀਆਂ ਅਤੇ ਨਾਲਿਆਂ ਰਾਹੀਂ ਦੂਰ ਤੱਕ ਪਹੁੰਚ ਸਕਦਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਇਸ ਖੇਤਰ ਦੇ ਉਦਯੋਗਿਕ ਕੂੜੇ ਦੇ ਸਤਲੁਜ ਤੱਕ ਪਹੁੰਚਣ ਨੂੰ ਲੈ ਕੇ ਚਿੰਤਾ ਜਾਹਿਰ ਕਰਨ ਦੀ ਗੱਲ ਸਾਹਮਣੇ ਆਈ ਹੈ ਸਰਸਾ ਨਦੀ ’ਚ ਪ੍ਰਦੂਸ਼ਿਤ ਰਹਿੰਦ-ਖੂੰਹਦ ਦੇ ਰਿਸਾਅ ਅਤੇ ਉਸ ਦੇ ਅੱਗੇ ਦੇ ਖੇਤਰਾਂ ’ਤੇ ਪੈਣ ਵਾਲੇ ਪ੍ਰਭਾਵ ਦੀਆਂ ਸ਼ਿਕਾਇਤਾਂ ਵੀ ਗੰਭੀਰਤਾਂ ਨਾਲ ਜਾਂਚੇ ਜਾਣ ਦੀ ਲੋੜ ਹੈ ਪਾਣੀ ਅਤੇ ਹਵਾ ਪ੍ਰਦੂਸ਼ਣ ਕਿਸੇ ਇੱਕ ਸੂਬੇ ਦੀ ਸਮੱਸਿਆ ਨਹੀਂ ਹੈ ਇਸ ਦਾ ਅਸਰ ਆਸ-ਪਾਸ ਦੇ ਪਿੰਡਾਂ, ਖੇਤੀ, ਪਸ਼ੂਧਨ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ’ਤੇ ਵੀ ਪੈ ਸਕਦਾ ਹੈ ਉਦਯੋਗਿਕ ਪ੍ਰਦੂਸ਼ਣ ਦਾ ਸਭ ਤੋਂ ਗੰਭੀਰ ਪਹਿਲੂ ਲੋਕਾਂ ਦੀ ਸਿਹਤ ਹੈ।
ਦੂਸ਼ਿਤ ਪਾਣੀ ਨਾਲ ਪੀਲੀਏ ਅਤੇ ਦੂਜੀਆ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ ਹਵਾ ’ਚ ਮੌਜ਼ੂਦ ਹਾਨੀਕਾਰਕ ਕਣ ਅਤੇ ਗੈਸਾਂ ਖੰਘ, ਗਲੇ ’ਚ ਖਰਾਸ਼, ਅੱਖਾਂ ’ਚ ਜਲਣ ਅਤੇ ਸਾਹ ਸਬੰਧੀ ਰੋਗਾਂ ਨੂੰ ਵਧਾ ਸਕਦੀਆਂ ਹਨ ਲੰਮੇ ਸਮੇਂ ਤੱਕ ਪ੍ਰਦੂਸ਼ਣ ਦੇ ਸੰਪਰਕ ’ਚ ਰਹਿਣ ਨਾਲ ਸਿਹਤ ’ਤੇ ਗੰਭੀਰ ਪ੍ਰਭਾਵ ਪੈਣ ਦੀ ਸੰਭਾਵਨਾ ਰਹਿੰਦੀ ਹੈ ਉਦਯੋਗਿਕ ਖੇਤਰਾਂ ’ਚ ਕੰਮ ਕਰਨ ਵਾਲੇ ਮਜ਼ਦੂਰ ਖਾਸ ਤੌਰ ’ਤੇ ਜੋਖ਼ਿਮ ’ਚ ਹੋ ਸਕਦੇ ਹਨ ਕਿਉਂਕਿ ਉਹ ਕੰਮ ਦੌਰਾਨ ਪ੍ਰਦੂਸ਼ਣ ਦੇ ਸੰਪਰਕ ’ਚ ਆਉਂਦੇ ਹਨ ਘੱਟ ਆਮਦਨ ਕਾਰਨ ਉਨ੍ਹਾਂ ਲਈ ਸਮੇਂ ’ਤੇ ਜਾਂਚ ਅਤੇ ਮਹਿੰਗੇ ਇਲਾਜ ਤੱਕ ਪਹੁੰਚਣਾ ਵੀ ਔਖਾ ਹੋ ਸਕਦਾ ਹੈ ਸਾਲ 2026 ਦੇ ਇੱਕ ਵਿਗਿਆਨਕ ਅਧਿਐਨ ’ਚ ਖੇਤਰ ਦੇ ਧਰਤੀ ਹੇਠਲੇ ਪਾਣੀ ਦੇ 50 ਨਮੂਨੇ ਜਾਂਚੇ ਗਏ।
ਉਨ੍ਹਾਂ ’ਚ 78 ਫੀਸਦੀ ਨਮੂਨੇ ਪੀਣ ਯੋਗ ਨਾ ਪਾਏ ਜਾਣ ਦਾ ਦਾਅਵਾ ਚਿੰਤਾ ਵਧਾਉਂਦਾ ਹੈ ਸੰਖੀਆ ਅਤੇ ਫਲੋਰਾਈਡ ਵਰਗੇ ਤੱਤਾਂ ਦੀ ਮੌਜ਼ੂਦਗੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ ਹਾਲਾਂਕਿ ਇਨ੍ਹਾਂ ਖੋਜਾਂ ਦੇ ਦਾਇਰੇ ਨੂੰ ਸਮਝਣ ਲਈ ਅਧਿਐਨ ਦੀ ਕਾਰਜਪ੍ਰਣਾਲੀ, ਨਮੂਨੇ ਦੇ ਸਥਾਨ ਅਤੇ ਨਿਰਧਾਰਿਤ ਮਾਨਕਾਂ ਦੀ ਜਾਣਕਾਰੀ ਵੀ ਜ਼ਰੂਰੀ ਹੈ ਇਸੇ ਤਰ੍ਹਾਂ ਕੈਂਸਰ ਵਰਗੇ ਰੋਗਾਂ ’ਚ ਵਾਧੇ ਦੇ ਦਾਅਵਿਆਂ ਦਾ ਮੁਲਾਂਕਣ ਸੰਸਾਰਕ ਸਿਹਤ ਅੰਕੜਿਆਂ ਤੇ ਵਿਗਿਆਨਕ ਨਤੀਜਿਆਂ ਦੇ ਅਧਾਰ ’ਤੇ ਹੋਣਾ ਚਾਹੀਦਾ ਹੈ ਪ੍ਰਦੂਸ਼ਣ ਅਤੇ ਬਿਮਾਰੀ ਵਿਚਕਾਰ ਸਬੰਧਾਂ ਦੀ ਜਾਂਚ ਜ਼ਰੂਰੀ ਹੈ ਪਰ ਕਿਸੇ ਖਾਸ ਕਾਰਨ ਨੂੰ ਜਿੰਮੇਵਾਰ ਠਹਿਰਾਉਣ ਲਈ ਢੁਕਵੇਂ ਨਤੀਜੇ ਹੋਣੇ ਚਾਹੀਦੇ ਹਨ ਉਦਯੋਗਿਕ ਵਿਕਾਸ ਦਾ ਵਿਰੋਧ ਕਰਨਾ ਇਸ ਸਮੱਸਿਆ ਦਾ ਹੱਲ ਨਹੀਂ ਹੈ ਲੋੜ ਅਜਿਹੇ ਵਿਕਾਸ ਦੀ ਹੈ।
ਜਿਸ ਵਿਚ ਰੁਜ਼ਗਾਰ ਅਤੇ ਆਰਥਿਕ ਤਰੱਕੀ ਦੇ ਨਾਲ-ਨਾਲ ਵਾਤਾਵਰਨ ਸੁਰੱਖਿਆ ਨੂੰ ਵੀ ਬਰਾਬਰ ਮਹੱਤਵ ਮਿਲੇ ਇਸ ਲਈ ਹਰੇਕ ਉਦਯੋਗ ਦੇ ਅਣਸੋਧੇ ਕੂੜੇ-ਕਰਕਟ ਦੇ ਨਿਬੇੜੇ ਲਈ ਪਲਾਂਟ ਦੀ ਨਿਯਮਿਤ ਜਾਂਚ ਹੋਣੀ ਚਾਹੀਦੀ ਹੈ ਉਨ੍ਹਾਂ ਦਾ ਸਮਰੱਥਾ ਦੇ ਅਨੁਰੂਪ ਸੰਚਾਲਨ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ’ਤੇ ਨਿਯਮਾਂ ਅਨੁਸਾਰ ਕਾਰਵਾਈ ਹੋਵੇ ਅਤੇ ਹਵਾ, ਪਾਣੀ ਅਤੇ ਮਿੱਟੀ ਦੀ ਗੁਣਵੱਤਾ ਦੀ ਲਗਾਤਾਰ ਜਾਂਚ ਦੇ ਨਤੀਜੇ ਜਨਤਕ ਕੀਤੇ ਜਾਣ ਸਥਾਨਕ ਨਾਗਰਿਕਾਂ, ਮਜ਼ਦੂਰਾਂ ਅਤੇ ਸਮਾਜਿਕ ਸੰਗਠਨਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਨਾ ਵੀ ਜ਼ਰੂਰੀ ਹੈ।
ਸਰਕਾਰ ਨੂੰ ਪ੍ਰਦੂਸ਼ਣ ਕੰਟਰੋਲ ਸੰਸਥਾਵਾਂ ਅਤੇ ਉਦਯੋਗ ਸੰਚਾਲਕਾਂ ਨੂੰ ਮਿਲ ਕੇ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਦੇ ਰੁਜ਼ਗਾਰ ਅਤੇ ਜੀਵਨ ਪੱਧਰ ਨੂੰ ਵਧੀਆ ਬਣਾਉਣ ਲਈ ਉਦਯੋਗ ਸਥਾਪਿਤ ਕੀਤੇ ਜਾਂਦੇ ਹਨ ਉਨ੍ਹਾਂ ਦੀ ਸਿਹਤ ਖ਼ਤਰੇ ’ਚ ਪੈ ਜਾਵੇ ਤਾਂ ਵਿਕਾਸ ਦਾ ਮਕਸਦ ਅਧੂਰਾ ਰਹਿ ਜਾਂਦਾ ਹੈ ਆਰਥਿਕ ਤਰੱਕੀ ਤਾਂ ਹੀ ਸਾਰਥਿਕ ਹੈ ਜਦੋਂ ਉਹ ਸਾਫ਼ ਸੁਥਰਾ ਵਾਤਾਵਰਨ, ਸੁਰੱਖਿਅਤ ਪਾਣੀ ਅਤੇ ਸਿਹਤਮੰਦ ਜੀਵਨ ਨਾਲ ਅੱਗੇ ਵਧੇ।
ਇਹ ਵੀ ਪੜ੍ਹੋ : Haryana News: ਹਰਿਆਣਾ ’ਚ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ, 1 ਨਵੰਬਰ ਤੋਂ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਸ਼ੁਰੂ
(ਇਹ ਲੇਖਕ ਦੇ ਆਪਣੇ ਨਿੱਜੀ ਵਿਚਾਰ ਹੈ)
ਕੁਲਭੂਸ਼ਣ ਉਪਮੰਨਿਊ
Comments