Punjab
Tarn Taran Food Adulteration News: ਤਿਉਹਾਰਾਂ ਦੇ ਸੀਜ਼ਨ ’ਚ ਫੂਡ ਸੇਫਟੀ ਵਿਭਾਗ ਸਖ਼ਤ, ਤਰਨਤਾਰਨ ’ਚ ਪਨੀਰ ਸਮੇਤ 6 ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ
ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਬੰਧਤ ਕਾਰੋਬਾਰੀਆਂ ਨੂੰ 2 ਸੁਧਾਰ ਨੋਟਿਸ ਵੀ ਜਾਰੀ ਕੀਤੇ
Tarn Taran Food Adulteration News: ਤਰਨਤਾਰਨ, (ਸੱਚ ਕਹੂੰ ਨਿਊਜ਼/ਹਿੰ.ਸ.)। ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਵਿਭਾਗ ਨੇ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਹੈ। ਸਿਹਤ ਮੰਤਰੀ ਅਤੇ ਕਮਿਸ਼ਨਰ ਕੰਵਲ ਪ੍ਰੀਤ ਬਰਾੜ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ। ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਤਰਨਤਾਰਨ ਦੀ ਅਗਵਾਈ ਹੇਠ 27 ਅਕਤੂਬਰ ਦੀ ਦੇਰ ਸ਼ਾਮ ਵਿਭਾਗ ਦੀ ਟੀਮ ਨੇ ਤਰਨਤਾਰਨ ਸ਼ਹਿਰ, ਬਾਗਿਆੜੀ ਅਤੇ ਢੰਡ ਕੱਸੇਲ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਕੀਤੀ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਅਤੇ ਫੂਡ ਸੇਫਟੀ ਅਧਿਕਾਰੀ ਸਾਕਸ਼ੀ ਖੋਸਲਾ ਦੀ ਟੀਮ ਨੇ ਫੂਡ ਯੂਨਿਟਾਂ, ਸਟੋਰੇਜ ਸਥਾਨਾਂ, ਡੇਅਰੀ ਉਤਪਾਦਾਂ ਦੀਆਂ ਦੁਕਾਨਾਂ ਅਤੇ ਫਾਸਟ ਫੂਡ ਵਿਕਰੇਤਾਵਾਂ ਦੇ ਕਾਰੋਬਾਰੀ ਸਥਾਨਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਪਨੀਰ, ਬਰੈੱਡ ਪਕੌੜਾ, ਸਪਰਿੰਗ ਰੋਲ, ਕਾਂਜੀ ਅਤੇ ਸੌਸ ਸਮੇਤ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ 6 ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਖਰੜ ਸਥਿਤ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਬੰਧਤ ਕਾਰੋਬਾਰੀਆਂ ਨੂੰ 2 ਸੁਧਾਰ ਨੋਟਿਸ ਵੀ ਜਾਰੀ ਕੀਤੇ ਗਏ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਨੇ ਮਿਠਾਈਆਂ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਿਠਾਈਆਂ ਤਿਆਰ ਕਰਨ ਲਈ ਸਿਰਫ਼ ਐਫਐਸਐਸਏਅਈ ਵੱਲੋਂ ਮਨਜ਼ੂਰਸ਼ੁਦਾ ਰੰਗਾਂ ਦੀ ਹੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।
ਫੂਡ ਸੇਫਟੀ ਟੀਮ ਨੇ ਦੁਕਾਨਦਾਰਾਂ ਅਤੇ ਹੋਰ ਖੁਰਾਕੀ ਕਾਰੋਬਾਰੀਆਂ ਨੂੰ ਸਫ਼ਾਈ, ਨਿੱਜੀ ਸਵੱਛਤਾ ਅਤੇ ਸੁਰੱਖਿਅਤ ਢੰਗ ਨਾਲ ਭੋਜਨ ਤਿਆਰ ਕਰਨ ਸਬੰਧੀ ਜਾਗਰੂਕ ਵੀ ਕੀਤਾ। ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਮੈਡੀਕਲ ਜਾਂਚ ਕਰਵਾਉਣ ਅਤੇ ਆਪਣੇ ਫੂਡ ਸੇਫਟੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।
ਵਿਭਾਗ ਦੀ ਟੀਮ ਨੇ ਸਾਰੇ ਖੁਰਾਕੀ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਕਾਰੋਬਾਰੀ ਸਥਾਨਾਂ ’ਤੇ ਸਾਫ਼-ਸਫ਼ਾਈ ਬਣਾਈ ਰੱਖਣ, ਪੀਣਯੋਗ ਪਾਣੀ ਦੀ ਵਰਤੋਂ ਕਰਨ ਅਤੇ ਭੋਜਨ ਤਿਆਰ ਕਰਨ ਵਾਲੇ ਕਰਮਚਾਰੀਆਂ ਦੀ ਨਿੱਜੀ ਸਵੱਛਤਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਇਸ ਦੇ ਨਾਲ ਹੀ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਨੂੰ ਇੱਕ-ਦੂਜੇ ਦੇ ਸੰਪਰਕ ਵਿੱਚ ਆਉਣ ਕਾਰਨ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਭੋਜਨ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਦੀ ਹਦਾਇਤ ਵੀ ਦਿੱਤੀ ਗਈ। ਫੂਡ ਸੇਫਟੀ ਟੀਮ ਨੇ ਖੁਰਾਕੀ ਕਾਰੋਬਾਰੀਆਂ ਨੂੰ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ’ਤੇ ਨਿਯਮਾਂ ਅਨੁਸਾਰ ਲੋੜੀਂਦੀਆਂ ਚੇਤਾਵਨੀਆਂ ਅਤੇ ਸਾਵਧਾਨੀਆਂ ਦਰਜ ਕਰਨ ਲਈ ਕਿਹਾ। ਇਸ ਤੋਂ ਇਲਾਵਾ ਗੁੰਮਰਾਹਕੁੰਨ ਲੇਬਲ ਵਾਲੇ ਉਤਪਾਦਾਂ ਤੋਂ ਬਚਣ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਲੇਬਲ ’ਤੇ ਸਹੀ ਤੇ ਸਪੱਸ਼ਟ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ।
ਡਾ. ਸੁਖਬੀਰ ਕੌਰ ਨੇ ਆਮ ਲੋਕਾਂ ਅਤੇ ਖੁਰਾਕੀ ਕਾਰੋਬਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੁਰਾਕੀ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਅਤ ਖਾਣ-ਪੀਣ ਦੀਆਂ ਆਦਤਾਂ ਮੌਸਮੀ ਬਿਮਾਰੀਆਂ ਤੋਂ ਬਚਾਅ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਬੇਹੱਦ ਮਹੱਤਵਪੂਰਨ ਹਨ। ਇਸ ਲਈ ਹਰੇਕ ਕਾਰੋਬਾਰੀ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਸਫ਼ਾਈ, ਸ਼ੁੱਧਤਾ ਅਤੇ ਗੁਣਵੱਤਾ ਨੂੰ ਪਹਿਲ ਦੇਣੀ ਚਾਹੀਦੀ ਹੈ।
Comments