Bikram Majithia Chargesheet: ਬਿਕਰਮ ਮਜੀਠੀਆ ਖ਼ਿਲਾਫ਼ 40 ਹਜ਼ਾਰ ਪੰਨਿਆਂ ਦੀ ਨਵੀਂ ਚਾਰਜ਼ਸੀਟ ਦਾਖਲ, 736 ਕਰੋੜ ਦੇ ਲੈਣ-ਦੇਣ ਦਾ ਖ਼ੁਲਾਸਾ!

ਮੁਹਾਲੀ ਦੀ ਵਿਸ਼ੇਸ਼ ਅਦਾਲਤ ’ਚ ਟਰੰਕਾਂ ’ਚ ਭਰ ਕੇ ਪਹੁੰਚੇ ਦਸਤਾਵੇਜ਼

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਸਿਆਸਤ ਵਿੱਚ ਪਹਿਲਾਂ ਹੀ ਤਿੱਖੀ ਚਰਚਾ ਦਾ ਵਿਸ਼ਾ ਬਣੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਵਾਰ ਫਿਰ ਵੱਡਾ ਕਾਨੂੰਨੀ ਕਦਮ ਚੁੱਕਿਆ ਹੈ। ਡਰੱਗ ਮਨੀ ਅਤੇ ਕਥਿਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਲੱਗਭੱਗ 40 ਹਜ਼ਾਰ ਪੰਨਿਆਂ ਦਾ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ।

ਹਜ਼ਾਰਾਂ ਪੰਨਿਆਂ ਦੇ ਦਸਤਾਵੇਜ਼ਾਂ ਨਾਲ ਜੁੜੀ ਇਸ ਕਾਰਵਾਈ ਨੇ ਮਜੀਠੀਆ ਦੇ ਵਿੱਤੀ ਲੈਣ-ਦੇਣ, ਸ਼ਰਾਬ ਕਾਰੋਬਾਰ ਅਤੇ ਕਥਿਤ ਵਿਦੇਸ਼ੀ ਸੰਪਰਕਾਂ ਨੂੰ ਮੁੜ ਚਰਚਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕਰ ਦਿੱਤਾ ਹੈ। ਪੰਜਾਬ ਵਿਜੀਲੈਂਸ ਦੇ ਸਰਕਾਰੀ ਬੁਲਾਰੇ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਜਾਂਚ ਵਿੱਚ ਲਗਭਗ 736.96 ਕਰੋੜ ਰੁਪਏ ਦੇ ਸ਼ੱਕੀ ਵਿੱਤੀ ਲੈਣ-ਦੇਣ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਨਕਦੀ ਜ਼ਮ੍ਹਾਂ ਕਰਵਾਉਣ, ਵਿਦੇਸ਼ੀ ਇਕਾਈਆਂ ਰਾਹੀਂ ਹੋਏ ਲੈਣ-ਦੇਣ ਅਤੇ ਕੰਪਨੀਆਂ ਦੇ ਖਾਤਿਆਂ ਵਿੱਚ ਦਰਜ ਅਣ-ਐਲਾਨੀ ਰਕਮ ਨੂੰ ਜਾਂਚ ਦਾ ਅਹਿਮ ਹਿੱਸਾ ਬਣਾਇਆ ਹੈ।

ਹਾਲਾਂਕਿ, ਇਨ੍ਹਾਂ ਲੈਣਾ-ਦੇਣਾ ਅਤੇ ਦੋਸ਼ਾਂ ਬਾਰੇ ਅਦਾਲਤੀ ਫ਼ੈਸਲਾ ਆਉਣਾ ਅਜੇ ਬਾਕੀ ਹੈ। ਵਿਜੀਲੈਂਸ ਵੱਲੋਂ ਪੇਸ਼ ਕੀਤੇ ਵੇਰਵਿਆਂ ਵਿੱਚ ਲਗਭਗ 161 ਕਰੋੜ ਰੁਪਏ ਦੇ ਗ਼ੈਰ-ਹਿਸਾਬੀ ਨਗਦ ਜ਼ਮ੍ਹਾਂ, 141 ਕਰੋੜ ਰੁਪਏ ਦੇ ਸ਼ੱਕੀ ਵਿਦੇਸ਼ੀ ਇਕਾਈਆਂ ਰਾਹੀਂ ਹੋਏ ਲੈਣ-ਦੇਣ ਅਤੇ 236 ਕਰੋੜ ਰੁਪਏ ਦੀ ਅਣ-ਐਲਾਨੀ ਰਕਮ ਕੰਪਨੀਆਂ ਦੇ ਖਾਤਿਆਂ ਨਾਲ ਸਬੰਧਤ ਦੱਸੀ ਗਈ ਹੈ। ਜਾਂਚ ਦਾ ਦਾਇਰਾ ਮਜੀਠੀਆ ਨਾਲ ਜੁੜੀਆਂ ਕੰਪਨੀਆਂ ਦੇ ਵਿੱਤੀ ਰਿਕਾਰਡਾਂ, ਵਪਾਰਕ ਸਾਂਝਾਂ ਅਤੇ ਸ਼ਰਾਬ ਕਾਰੋਬਾਰ ਵਿੱਚ ਹੋਏ ਲੈਣ-ਦੇਣ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਅੰਕੜਿਆਂ ਸਬੰਧੀ ਇੱਕ ਅਹਿਮ ਸਵਾਲ ਵੀ ਖੜ੍ਹਾ ਹੁੰਦਾ ਹੈ।

ਦੱਸੇ ਗਏ ਤਿੰਨ ਮੁੱਖ ਅੰਕੜਿਆਂ ਦਾ ਜੋੜ 538 ਕਰੋੜ ਰੁਪਏ ਬਣਦਾ ਹੈ, ਜਦੋਂਕਿ ਕੁੱਲ ਸ਼ੱਕੀ ਲੈਣ-ਦੇਣ 736.96 ਕਰੋੜ ਰੁਪਏ ਦੱਸਿਆ ਗਿਆ ਹੈ। ਇਸ ਲਈ ਬਾਕੀ ਰਕਮ ਦੀ ਸ਼੍ਰੇਣੀ ਅਤੇ ਪੂਰੇ ਹਿਸਾਬ ਦਾ ਵੇਰਵਾ ਸਾਹਮਣੇ ਆਉਣਾ ਵੀ ਮਹੱਤਵਪੂਰਨ ਹੋਵੇਗਾ। ਵਿਜੀਲੈਂਸ ਦੀ ਜਾਂਚ ਵਿੱਚ ਮਜੀਠੀਆ ਨਾਲ ਜੁੜੀਆਂ ਕੰਪਨੀਆਂ ਦੇ ਵਿੱਤੀ ਲੈਣ-ਦੇਣ ਦੀ ਪੜਤਾਲ ਕੀਤੀ ਗਈ ਹੈ। ਇਸ ਦੌਰਾਨ ‘ਸਰਾਇਆ ਇੰਡਸਟਰੀਜ਼’ ਦਾ ਨਾਂਅ ਵੀ ਪ੍ਰਮੁੱਖ ਤੌਰ ’ਤੇ ਸਾਹਮਣੇ ਆਇਆ ਹੈ।

ਜਾਂਚ ਏਜੰਸੀ ਸ਼ਰਾਬ ਕੰਪਨੀਆਂ ਵਿਚਕਾਰ ਹੋਏ ਲੈਣ-ਦੇਣ, ਸ਼ੱਕੀ ਵਿਦੇਸ਼ੀ ਇਕਾਈਆਂ ਅਤੇ ਕਾਰੋਬਾਰੀ ਸਹਿਯੋਗੀਆਂ ਨਾਲ ਜੁੜੇ ਰਿਕਾਰਡਾਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਮਾਮਲੇ ਦੇ ਪੁਰਾਣੇ ਰਿਕਾਰਡਾਂ ਵਿੱਚ ਸਤਪ੍ਰੀਤ ਸਿੰਘ ਉਰਫ਼ ਸੱਤਾ ਅਤੇ ਪਰਮਿੰਦਰ ਸਿੰਘ ਉਰਫ਼ ਪਿੰਡੀ ਨਾਲ ਮਜੀਠੀਆ ਦੇ ਕਥਿਤ ਸਬੰਧਾਂ ਦਾ ਜ਼ਿਕਰ ਵੀ ਕੀਤਾ ਗਿਆ ਸੀ। ਇਨਾਂ ਸਬੰਧਾਂ ਅਤੇ ਮਜੀਠੀਆ ਦੇ ਮੰਤਰੀ ਰਹਿਣ ਸਮੇਂ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਲਿਜਾਣ ਦੇ ਦਾਅਵਿਆਂ ਬਾਰੇ ਵੀ ਸਵਾਲ ਉੱਠਦੇ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਸੱਚਾਈ ਦਾ ਨਿਰਣਾ ਅਦਾਲਤੀ ਕਾਰਵਾਈ ਅਤੇ ਸਬੂਤਾਂ ਦੇ ਅਧਾਰ ’ਤੇ ਹੀ ਹੋਵੇਗਾ।

ਪਹਿਲਾਂ ਵੀ ਦਾਖ਼ਲ ਹੋ ਚੁੱਕੇ ਹਨ ਹਜ਼ਾਰਾਂ ਪੰਨਿਆਂ ਦੇ ਦੋਸ਼ ਪੱਤਰ

ਇਹ ਇਸ ਮਾਮਲੇ ਵਿੱਚ ਵਿਜੀਲੈਂਸ ਦੀ ਪਹਿਲੀ ਵੱਡੀ ਦਸਤਾਵੇਜ਼ੀ ਕਾਰਵਾਈ ਨਹੀਂ ਹੈ। ਇਸ ਤੋਂ ਪਹਿਲਾਂ ਵੀ ਮਜੀਠੀਆ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤੇ ਜਾ ਚੁੱਕੇ ਹਨ। ਪਹਿਲਾਂ ਦੇ ਰਿਕਾਰਡਾਂ ਵਿੱਚ ਲਗਪਗ 540 ਕਰੋੜ ਰੁਪਏ ਦੀਆਂ ਜਾਇਦਾਦਾਂ ਦਾ ਜ਼ਿਕਰ ਹੋਣ ਦੀ ਗੱਲ ਸਾਹਮਣੇ ਆਈ ਸੀ। ਹੁਣ ਨਵੇਂ ਪੂਰਕ ਦੋਸ਼ ਪੱਤਰ ਅਤੇ ਪੁਰਾਣੇ ਦਸਤਾਵੇਜ਼ਾਂ ਨੂੰ ਮਿਲਾ ਕੇ ਕੁੱਲ ਪੰਨਿਆਂ ਦੀ ਗਿਣਤੀ ਲਗਭਗ 53 ਹਜ਼ਾਰ ਦੱਸੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਗੁਰਮੇਹਰ ਸਿੰਘ, ਗਜਪਤ ਸਿੰਘ ਗਰੇਵਾਲ, ਹਰਪ੍ਰੀਤ ਗੁਲਾਟੀ, ਅਮਰਦੀਪ ਸਿੰਘ ਅਤੇ ਦਸ ਕੰਪਨੀਆਂ ਖ਼ਿਲਾਫ਼ ਵੀ ਦੋਸ਼ ਪੱਤਰ ਦਾਖ਼ਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਹਰੇਕ ਮੁਲਜ਼ਮ ਜਾਂ ਕੰਪਨੀ ਵਿਰੁੱਧ ਲਾਏ ਗਏ ਦੋਸ਼ਾਂ ਦੀ ਵੱਖਰੀ ਭੂਮਿਕਾ ਅਤੇ ਮੌਜ਼ੂਦਾ ਕਾਨੂੰਨੀ ਸਥਿਤੀ ਨੂੰ ਅਦਾਲਤੀ ਰਿਕਾਰਡ ਦੇ ਅਧਾਰ ’ਤੇ ਹੀ ਸਮਝਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Healthy Living Tips: ਤੰਦਰੁਸਤੀ, ਛੋਟੀਆਂ ਆਦਤਾਂ ਨਾਲ ਬਣਾਓ ਸਿਹਤਮੰਦ ਜੀਵਨ

Comments

Post Your Comment

About The Author

Related Posts