Mansa News: ਮਾਨਸਾ ’ਚ ਮਾਹੌਲ ਤਣਾਅਪੂਰਨ, ਥਾਂ-ਥਾਂ ਪੁਲਿਸ ਨਾਕੇ
ਗ੍ਰਿਫ਼ਤਾਰ ਸੰਘਰਸ਼ਕਾਰੀਆਂ ਦੀ ਰਿਹਾਈ ਲਈ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਘੇਰੀ
ਮਾਨਸਾ (ਸੁਖਜੀਤ ਮਾਨ)। ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ ਹਾਲੇ ਕਿਸੇ ਤਣ-ਪੱਤਣ ਨਹੀਂ ਲੱਗਿਆ ਤੇ ਲੰਘੇ ਦਿਨੀਂ ਪਿੰਡ ਭੰਮੇ ਕਲਾਂ ਦੇ ਨੌਜਵਾਨ ਦੀ ਸ਼ੱਕੀ ਹਾਲਤਾਂ ’ਚ ਹੋਈ ਮੌਤ ਕਾਰਨ ਮਹੌਲ ਹੋਰ ਜ਼ਿਆਦਾ ਤਣਾਅਪੂਰਨ ਬਣ ਗਿਆ ਹੈ ਚੱਲ ਰਹੇ ਸੰਘਰਸ਼ ਨੂੰ ਖਦੇੜਨ ਦੀਆਂ ਕਨਸੋਆਂ ਕਾਰਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਧਰਨੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਦੀ ਕੀਤੀ ਅਪੀਲ ਨਾਲ ਪਿੰਡਾਂ ’ਚੋਂ ਵੱਡੀ ਗਿਣਤੀ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨਸਾ ਵੱਲ ਵਹੀਰਾਂ ਘੱਤੀਆਂ ਗਈਆਂ।
ਪੁਲਿਸ ਨੇ ਸੰਘਰਸ਼ ’ਚ ਸ਼ਾਮਲ ਹੋਣ ਵਾਲਿਆਂ ਨੂੰ ਥਾਂ-ਥਾਂ ਰੋਕਣ ਦੀ ਕੋਸ਼ਿਸ਼ ਕਰਦਿਆਂ ਹਰ ਹੀਲਾ ਵਰਤਿਆ, ਪਰ ਲੋਕਾਂ ਦੇ ਰੋਹ ਅੱਗੇ ਪੁਲਿਸ ਦੇ ਨਾਕੇ ਟਿਕ ਨਾ ਸਕੇ ਕਈ ਨਾਕਿਆਂ ’ਤੇ ਕਿਸਾਨ ਆਗੂਆਂ ਤੇ ਪੁਲਿਸ ਦਰਮਿਆਨ ਤਿੱਖੀ ਸ਼ਬਦੀ ਤਕਰਾਰ ਵੀ ਹੋਈ ਤੇ ਕੁਝ ਵਿਅਕਤੀ ਜ਼ਖਮੀ ਵੀ ਹੋ ਗਏ ਹਨ ਸਵੇਰ ਵੇਲੇ ਤਿਕੋਣੀ ’ਤੇ ਧਰਨੇ ਦੌਰਾਨ ਸਥਿਤੀ ਉਸ ਵੇਲੇ ਕਾਫੀ ਭਿਆਨਕ ਬਣ ਗਈ ਸੀ, ਜਦੋਂ ਉੱਥੋਂ ਦੀ ਪੁਲਿਸ ਦੀ ਫਰਾਂਸਿਕ ਟੀਮ ਦੀ ਗੱਡੀ ਲੰਘਣ ਲੱਗੀ ਤਾਂ ਧਰਨਾਕਾਰੀ ਨੌਜਵਾਨਾਂ ਨੇ ਜ਼ਬਰਦਸਤ ਵਿਰੋਧ ਕਰਕੇ ਗੱਡੀ ਵਾਪਸ ਮੋੜ ਦਿੱਤੀ।
ਇਸ ਤੋਂ ਇਲਾਵਾ ਲੱਖਾ ਸਿਧਾਣਾ ਸਮੇਤ ਗ੍ਰਿਫ਼ਤਾਰ ਕੀਤੇ ਗਏ ਹੋਰ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਦੀ ਮੰਗ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਅੱਗੇ ਬਾਅਦ ਦੁਪਹਿਰ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਵੇਰਵਿਆਂ ਮੁਤਾਬਿਕ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਕੱਲ੍ਹ ਸ਼ੱਕੀ ਹਾਲਤਾਂ ’ਚ ਮੌਤ ਹੋ ਗਈ ਪਰਿਵਾਰ ਵੱਲੋਂ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਜਦੋਂਕਿ ਪੁਲਿਸ ਕਤਲ ਹੋਣਾ ਆਖ ਰਹੀ ਹੈ ।
ਪਰਿਵਾਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਸਾ-ਬਰਨਾਲਾ ਸੜਕ ’ਤੇ ਕੱਲ੍ਹ ਧਰਨਾ ਲਾਉਣ ਤੋਂ ਬਾਅਦ ਮ੍ਰਿਤਕ ਦੇਹ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਸਬੰਧੀ ਚੱਲ ਰਹੇ ਸੰਘਰਸ਼ ’ਚ ਲਿਆਂਦੀ ਜਾ ਰਹੀ ਸੀ ਤਾਂ ਜਵਾਹਰਕੇ ਕੈਂਚੀਆਂ ’ਤੇ ਪੁਲਿਸ ਨੇ ਘੇਰ ਕੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਖੋਹ ਲਈ ਤੇ ਬਠਿੰਡਾ ਏਮਜ਼ ’ਚ ਪਹੁੰਚਾ ਦਿੱਤੀ, ਜਿੱਥੇ ਪੁਲਿਸ ਦਾ ਸਖ਼ਤ ਪਹਿਰਾ ਹੈ ਪੁਲਿਸ ਦੀ ਇਸ ਕਾਰਵਾਈ ਨੇ ਪ੍ਰਦਰਸ਼ਨਕਾਰੀਆਂ ਦੇ ਰੋਸ ਨੂੰ ਹੋਰ ਵਧਾ ਦਿੱਤਾ ਇਸੇ ਦੌਰਾਨ ਕੱਲ੍ਹ ਪਰਵਿੰਦਰ ਸਿੰਘ ਝੋਟੇ ਵਾਲੇ ਮਾਮਲੇ ’ਚ ਚਲਦੇ ਸੰਘਰਸ਼ ਨੇੜਿਓਂ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰ ਲਿਆ।
ਉੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਤਾਂ ਮਹੌਲ ਇਹ ਬਣ ਗਿਆ ਕਿ ਰਾਤ ਨੂੰ ਸੰਘਰਸ਼ਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਸੜਕ ਖਾਲੀ ਕਰਵਾਈ ਜਾ ਸਕਦੀ ਹੈ ਅਜਿਹੀਆਂ ਕਨਸੋਆਂ ਮਿਲਣ ’ਤੇ ਪਿੰਡਾਂ ’ਚ ਸੁਨੇਹੇੇ ਲਗਾ ਦਿੱਤੇ ਕਿ ਸੰਘਰਸ਼ ’ਚ ਵੱਡੀ ਗਿਣਤੀ ’ਚ ਪੁੱਜੋ ਤੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਵੱਲੋਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਧਰਨੇ ’ਚ ਆਉਣ ਦੀ ਅਪੀਲ ਕੀਤੀ ਗਈ ਇਸ ਅਪੀਲ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਹੋਰ ਅਨੇਕਾਂ ਜਥੇਬੰਦੀਆਂ ਨੇ ਮੋਰਚੇ ’ਚ ਪੁੱਜਣ ਦਾ ਐਲਾਨ ਕੀਤਾ ਅੱਜ ਸਵੇਰੇ ਜਦੋਂ ਕਿਸਾਨ ਜਥੇਬੰਦੀਆਂ ਤੇ ਹੋਰ ਸੰਘਰਸ਼ਕਾਰੀ ਆਉਣ ਲੱਗੇ ਤਾਂ ਪੁਲਿਸ ਨੇ ਮਾਨਸਾ ਵੱਲ ਨੂੰ ਆਉਂਦੇ ਸਾਰੇ ਰਸਤੇ ਸੀਲ ਕਰ ਦਿੱਤੇ
ਕਿਸਾਨਾਂ ਦੇ ਰੋਹ ਅੱਗੇ ਝੁਕੀ ਪੁਲਿਸ, ਖੋਲ੍ਹਿਆ ਰਾਹ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਉਪ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ’ਚ ਸੈਂਕੜੇ ਕਿਸਾਨ ਜਦੋਂ ਮਾਨਸਾ ਵੱਲ ਵਧ ਰਹੇ ਸਨ ਤਾਂ ਐੱਸਐੱਸਪੀ ਮਾਨਸਾ ਵੈਭਵ ਚੌਧਰੀ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਪਿੰਡ ਤਾਮਕੋਟ ਵਿਖੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸਦਾ ਕਿਸਾਨਾਂ ਨੇ ਜਬਰਦਸਤ ਵਿਰੋਧ ਕੀਤਾ ਇਸ ਨਾਕੇ ’ਤੇ ਪੁਲਿਸ ਅਤੇ ਕਿਸਾਨਾਂ ਦੀ ਹੋਈ ਆਪਸੀ ਖਿੱਚ-ਧੂਹ ਦੌਰਾਨ ਕੁਝ ਮੁਲਾਜ਼ਮਾਂ ਵੱਲੋਂ ਇੱਕ ਨੌਜਵਾਨ ਦੇ ਡਾਂਗਾਂ ਦੀਆਂ ਕਾਫੀ ਹੁੱਝਾਂ ਵੀ ਮਾਰੀਆਂ ਗਈਆਂ, ਪਰ ਇਸ ਦੇ ਬਾਵਜ਼ੂਦ ਹਾਲਾਤ ਇਹ ਬਣ ਗਏ।
ਕਿਸਾਨਾਂ ਦੇ ਰੋਹ ਅੱਗੇ ਪੁਲਿਸ ਨੂੰ ਉੱਥੇ ਝੁਕਣਾ ਪਿਆ ਅਤੇ ਪੁਲਿਸ ਮਾਨਸਾ ਕੈਂਚੀਆਂ ਵੱਲ ਨੂੰ ਤੁਰ ਪਈ ਤੇ ਪਿੱਛੇ ਹੀ ਕਿਸਾਨਾਂ ਨੇ ਚਾਲੇ ਪਾ ਦਿੱਤੇ ਮਾਨਸਾ ਕੈਂਚੀਆਂ ’ਤੇ ਪੁਲਿਸ ਨੇ ਭਾਰੀ ਤਾਦਾਦ ’ਚ ਪੁਲਿਸ ਫੋਰਸ ਪਹਿਲਾਂ ਹੀ ਲਗਾਈ ਹੋਈ ਸੀ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਉੱਥੇ ਤਾਇਨਾਤ ਪੁਲਿਸ ਅਫ਼ਸਰਾਂ ਨੂੰ ਸਿੱਧੀ ਇਹ ਗੱਲ ਆਖੀ ਕਿ ਉਹ ਸ਼ਾਂਤੀ ਪੂਰਵਕ ਜਾਣਗੇ ਤੇ ਰਾਹ ਖੋਲ੍ਹ ਦਿੱਤਾ ਜਾਵੇ।
ਇਹ ਕਹਿ ਕੇ ਉਨ੍ਹਾਂ ਪੁਲਿਸ ਨੂੰ ਦਸ ਮਿੰਟ ਦੀ ਮੁਹਲਤ ਦਿੱਤੀ, ਜਿਸ ਮਗਰੋਂ ਪੁਲਿਸ ਨੇ ਰਸਤਾ ਖੋਲ੍ਹ ਦਿੱਤਾ ਕਿਸਾਨਾਂ ਦੀ ਸ਼ਮੂਲੀਅਤ ਕਾਰਨ ਹੁਣ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲ ਗਈ ਹੈ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਲੱਗੇ ਧਰਨੇ ਕਾਰਨ ਉੱਥੇ ਪੁਲਿਸ ਭਾਰੀ ਤਾਦਾਦ ’ਚ ਤਾਇਨਾਤ ਕਰ ਦਿੱਤੀ ਹੈ, ਜਿਸ ਕਾਰਨ ਮਹੌਲ ਕਾਫੀ ਟਕਰਾਅ ਵਾਲਾ ਬਣਿਆ ਹੋਇਆ ਹੈ
ਪੁਲਿਸ ਕਾਰਵਾਈ ਤੇ ਮੀਟਿੰਗਾਂ ਨਹੀਂ ਚੱਲਣਗੀਆਂ ਨਾਲ-ਨਾਲ : ਐਕਸ਼ਨ ਕਮੇਟੀ
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਬਣੀ ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਅੱਜ ਦੇਰ ਸ਼ਾਮ ਮੀਟਿੰਗ ਕਰਕੇ ਐਲਾਨ ਕੀਤਾ ਗਿਆ ਕਿ ਪੁਲਿਸ ਦੀ ਕਾਰਵਾਈ ਅਤੇ ਮੀਟਿੰਗਾਂ ਦਾ ਦੌਰ ਨਾਲ-ਨਾਲ ਨਹੀਂ ਚੱਲ ਸਕਣਗੇ। ਉਨ੍ਹਾਂ ਕੱਲ੍ਹ ਗ੍ਰਿਫਤਾਰ ਕੀਤੇ ਗਏ ਸੰਘਰਸ਼ਕਾਰੀਆਂ ਨੂੰ ਰਿਹਾਅ ਕਰਨ ਦੀ ਮੰਗ ਵੀ ਰੱਖੀ। 31 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ 24 ਘੰਟੇ ਦੇ ਰੋਸ ਧਰਨੇ ਦਿੱਤੇ ਜਾਣਗੇ। ਗ੍ਰਿਫਤਾਰ ਆਗੂਆਂ ਦੀ ਰਿਹਾਈ ਨੂੰ ਗੱਲਬਾਤ ਦੀ ਮੁੱਢਲੀ ਸ਼ਰਤ ਰੱਖਦਿਆਂ ਆਗੂਆਂ ਨੇ ਕਿਹਾ ਕਿ ਸਾਰੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ : Bikram Majithia Chargesheet: ਬਿਕਰਮ ਮਜੀਠੀਆ ਖ਼ਿਲਾਫ਼ 40 ਹਜ਼ਾਰ ਪੰਨਿਆਂ ਦੀ ਨਵੀਂ ਚਾਰਜ਼ਸੀਟ ਦਾਖਲ, 736 ਕਰੋੜ ਦੇ ਲੈਣ-ਦੇਣ ਦਾ ਖ਼ੁਲਾਸਾ!
Comments