ਕਿਸਾਨਾਂ ਅੱਗੇ ਝੁਕੀ ‘ਮਾਨ ਸਰਕਾਰ’, ਕਿਸਾਨੀ ਮੋਰਚਾ ਖ਼ਤਮ.. .. .. .. .. .. ..

maan

ਨਹੀਂ ਲੱਗਣਗੇ ‘ਚਿਪ’ ਵਾਲੇ ਮੀਟਰ, 4 ਨਹੀਂ 2 ਜ਼ੋਨਾਂ ਰਾਹੀਂ ਹੋਏਗੀ ਝੋਨੇ ਦੀ ਬਿਜਾਈ, ਕਣਕ ‘ਤੇ ਬੋਨਸ ਲਈ ਦਿੱਲੀ ਜਾਣਗੇ ਭਗਵੰਤ ਮਾਨ

  •  ਕਿਸਾਨਾਂ ਨੂੰ ਕੁਰਕੀ ਲਈ ਨਹੀਂ ਜਾਰੀ ਹੋਣਗੇ ਵਰੰਟ, ਮੂੰਗੀ ਅਤੇ ਬਾਸਮਤੀ ‘ਤੇ ਐਮਐਸਪੀ ਲਈ ਨੋਟੀਫਿਕੇਸ਼ਨ ਜਾਰੀ
  • ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਵਿੱਚ ਹੋਇਆ ਫੈਸਲਾ 13 ਵਿੱਚੋਂ 12 ਮੰਗਾਂ ਹੋਈਆ ਪਰਵਾਨ
  • ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਕਾਰ ਵਲੋਂ ਧਰਨੇ ਵਾਲੀ ਥਾਂ ਜਾ ਕੇ ਕੀਤਾ ਐਲਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਅਤੇ ਮੋਰਚੇ ਅੱਗੇ ਭਗਵੰਤ ਮਾਨ ਦੀ ਸਰਕਾਰ 24 ਘੰਟੇ ਦੇ ਅੰਦਰ ਹੀ ਝੁਕ ਗਈ ਹੈ ਅਤੇ ਕਿਸਾਨਾਂ ਦੀ 13 ਮੰਗਾਂ ਵਿੱਚੋਂ 12 ਮੰਗਾਂ ਨੂੰ ਮੀਟਿੰਗ ਦਰਮਿਆਨ ਮੰਨ ਲਿਆ ਗਿਆ ਹੈ ਹਾਲਾਂਕਿ ਭਗਵੰਤ ਮਾਨ ਅਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਵਿਚਕਾਰ ਹੋਈ ਮੀਟਿੰਗ ਵਿੱਚ ਹੰਗਾਮਾ ਵੀ ਹੋਇਆ ਅਤੇ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਸਹਿਮਤੀ ਵੀ ਨਹੀਂ ਬਣ ਰਹੀ ਸੀ ਪਰ 4 ਘੰਟੇ ਲੰਬੀ ਚੱਲੀ ਮੀਟਿੰਗ ਦੇ ਆਖਰੀ ਵਿੱਚ ਫੈਸਲਾ ਲੈਂਦੇ ਹੋਏ 12 ਮੰਗਾਂ ਨੂੰ ਮੰਨਣ ਦਾ ਐਲਾਨ ਕਰ ਦਿੱਤਾ ਤਾਂ ਇੱਕ ਮੰਗ ਲਈ ਭਗਵੰਤ ਮਾਨ ਵੱਲੋਂ ਦਿੱਲੀ ਜਾ ਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਆਪਣਾ ਅੰਦੋਲਨ ਇਥੇ ਹੀ ਖਤਮ ਕਰਦੇ ਹੋਏ ਮੋਰਚਾ ਚੁੱਕਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਕਿਸਾਨ ਆਗੂਆਂ ਦੀ ਮੰਗ ’ਤੇ ਭਗਵੰਤ ਮਾਨ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਰਕਾਰ ਵੱਲੋਂ ਧਰਨੇ ’ਤੇ ਭੇਜਦੇ ਹੋਏ ਇਨਾਂ ਮੰਗਾਂ ਦਾ ਐਲਾਨ ਵੀ ਕਰਵਾਇਆ ਗਿਆ ਤਾਂ ਕਿ ਮੋਰਚਾ ਲਾਈ ਬੈਠੇ ਕਿਸਾਨਾਂ ਨੂੰ ਵੀ ਮੀਟਿੰਗ ਦਰਮਿਆਨ ਲਏ ਗਏ ਫੈਸਲੇ ਬਾਰੇ ਜਾਣਕਾਰੀ ਮਿਲ ਸਕੇ। ਪੰਜਾਬ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਝੋਨੇ ਨੂੰ ਲਗਾਉਣ ਲਈ 4 ਜ਼ੋਨਾਂ ਵਿੱਚ ਨਹੀਂ ਸਗੋਂ 2 ਜ਼ੋਨਾਂ ਵਿੱਚ ਵੰਡ ਕੀਤੀ ਜਾਏਗੀ, ਜਿਸ ਰਾਹੀਂ ਕੁਝ ਜ਼ਿਲੇ 14 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ ਤਾਂ ਬਾਕੀ ਜ਼ਿਲੇ 17 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ।

ਇਨਾਂ ਜ਼ਿਲ੍ਹਿਆਂ ਦਾ ਫੈਸਲਾ ਖ਼ੁਦ ਕਿਸਾਨ ਯੂਨੀਅਨ ਪੱਧਰ ’ਤੇ ਕਰਦੇ ਹੋਏ ਸਰਕਾਰੀ ਨੂੰ ਜ਼ਿਲ੍ਹਿਆਂ ਦੀ ਲਿਸਟ ਸੌਂਪਣਗੇ। ਇਨਾਂ ਨਾਲ ਹੀ ਪੰਜਾਬ ਦੇ ਪਿੰਡਾਂ ਵਿੱਚ ਹੁਣ ਕੋਈ ਵੀ ਚਿੱਪ ਵਾਲਾ ਮੀਟਰ ਨਹੀਂ ਲੱਗੇਗਾ ਅਤੇ ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨਾਂ ਵਲੋਂ ਕਰਜ਼ ਵਾਪਸੀ ਨਹੀਂ ਕਰਨ ’ਤੇ ਉਨਾਂ ਦੀ ਜਮੀਨ ਕਿਸੇ ਵੀ ਹਾਲਤ ਵਿੱਚ ਕੁਰਕੀ ਨਹੀਂ ਕੀਤੀ ਜਾਏਗੀ ਅਤੇ ਇਸ ਨਾਲ ਹੀ ਕਿਸਾਨਾਂ ਨੂੰ ਵਰੰਟ ਜਾਰੀ ਕਰਨ ਵਾਲੀ ਪ੍ਰਕਿਰਿਆ ਵੀ ਸਰਕਾਰ ਵੱਲੋਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਮੱਕੀ ਅਤੇ ਬਾਸਮਤੀ ’ਤੇ ਐਮਐਸਪੀ ਦਾ ਨੋਟੀਫਿਕੇਸ਼ਨ ਸਰਕਾਰ ਵਲੋਂ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਨੋਟੀਫਿਕੇਸ਼ਨ ਦੀ ਕਾਪੀ ਕਿਸਾਨਾਂ ਨੂੰ ਮੀਟਿੰਗ ਵਿੱਚ ਦਿਖਾਈ ਵੀ ਗਈ ਸੀ।

ਕਣਕ ’ਤੇ ਬੋਨਸ ਦੇਣ ਸਬੰਧੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦਿੱਲੀ ਜਾ ਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲਨਗੇ। ਜਿਥੇ ਕਿ ਉਹ ਕਿਸਾਨਾਂ ਨੂੰ ਕਣਕ ’ਤੇ ਬੋਨਸ ਦੇਣ ਦੀ ਮੰਗ ਕਰਨਗੇ ਅਤੇ ਕੇਂਦਰ ਸਰਕਾਰ ਵਲੋਂ ਬੋਨਸ ਜਾਰੀ ਕਰਵਾਇਆ ਜਾਏਗਾ। ਇਸ ਨਾਲ ਹੀ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨਾਂ ਨੂੰ ਹੋਏ ਵਿੱਤੀ ਘਾਟੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਨੂੰ ਆਦੇਸ਼ ਦਿੱਤੇ ਜਾਣਗੇ ਕਿ ਉਹ ਪਿਛਲੀ ਛਿਮਾਹੀ ਦੀ ਲਿਮਟ ਦਾ ਵਿਆਜ ਕਿਸਾਨਾਂ ਤੋਂ ਨਹੀਂ ਲੈਣਗੇ ਅਤੇ ਉਨਾਂ ਨੂੰ ਵਿਆਜ ਮੁਆਫ਼ ਕੀਤਾ ਜਾਏਗਾ। ਇਸ ਲਈ ਸਰਕਾਰ ਪ੍ਰਬੰਧ ਆਪਣੇ ਪੱਧਰ ’ਤੇ ਕਰੇਗੀ।

ਇਸ ਨਾਲ ਹੀ ਖੇਤੀ ਮੋਟਰਾਂ ਦੇ ਲੋਡ ਵਿੱਚ ਵਾਧਾ ਕਰਨ ਲਈ 4800 ਰੁਪਏ ਨਹੀਂ 2400 ਰੁਪਏ ਦੇਣੇ ਪੈਣਗੇ, ਕਿਸਾਨ ਆਗੂ 1200 ਦੀ ਮੰਗ ਕਰ ਰਹੇ ਹਨ ਪਰ 2400 ’ਤੇ ਸਹਿਮਤੀ ਬਣ ਗਈ ਹੈ। ਗੰਨੇ ਦੇ ਬਕਾਏ ਦੀ ਜਲਦ ਹੀ ਅਦਾਇਗੀ ਕਰਨ ਸਬੰਧੀ ਵੀ ਫੈਸਲਾ ਕਰ ਲਿਆ ਗਿਆ ਹੈ।

ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਨੂੰ ਲੈ ਕੇ 23 ਨੂੰ ਹੋਏਗੀ ਮੀਟਿੰਗ

ਪੰਜਾਬ ਦੇ ਕਿਸਾਨਾਂ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਹੋਏ ਜਾਇਜ਼ ਨਾਜਾਇਜ਼ ਕਬਜ਼ੇ ਨੂੰ ਲੈ ਕੇ ਅੱਜ ਕੋਈ ਵੀ ਫੈਸਲਾ ਨਹੀਂ ਹੋ ਪਾਇਆ ਹੈ ਅਤੇ ਇਸ ਨੂੰ ਏਜੰਡੇ ਤੋਂ ਵੀ ਬਾਹਰ ਹੀ ਰੱਖਿਆ ਗਿਆ ਸੀ, ਕਿਉਂਕਿ ਇਸ ਸਬੰਧੀ ਮੀਟਿੰਗ 23 ਮਈ ਨੂੰ ਰੱਖੀ ਗਈ ਹੈ ਅਤੇ 23 ਨੂੰ ਪਿੰਡਾਂ ਵਿੱਚ ਕਿਸਾਨ ਪਰਿਵਾਰਾਂ ਦੇ ਕਬਜ਼ੇ ਵਿੱਚ ਚਲ ਰਹੀਂ ਪੰਚਾਇਤੀ ਜਮੀਨ ਸਬੰਧੀ ਫੈਸਲਾ ਕੀਤਾ ਜਾਏਗਾ। ਇਸ ਫੈਸਲੇ ਨੂੰ ਲੈਣ ਤੱਕ ਕੋਈ ਵੀ ਕਾਰਵਾਈ ਇਨਾਂ ਕਿਸਾਨਾਂ ਪਰਿਵਾਰਾਂ ਦੇ ਖ਼ਿਲਾਫ਼ ਨਹੀਂ ਕੀਤੀ ਜਾਏਗੀ।

kisan

ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਏ ਸਮਝੌਤੇ ਬਾਰੇ ਕੈਬਨਿਟ ਮੰਤਰੀ ਧਾਲੀਵਾਲ ਨੇ ਜਾਣਕਾਰੀ ਦਿੱਤੀ। ਜਿਸ ’ਤੇ ਕਿਸਾਨ ਆਗੂਆਂ ਨੇ ਵੀ ਹਾਮੀ ਭਰੀ। ਇਸ ਤੋਂ ਬਾਅਦ ਮੁਹਾਲੀ ਮੋਰਚਾ ਖ਼ਤਮ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਹੁਣ ਮੋਰਚੇ ਨੂੰ ਮੁਲਤਵੀ ਕਰ ਰਹੇ ਹਨ। ਜੇਕਰ ਦੁਬਾਰਾ ਕੋਈ ਸਮੱਸਿਆ ਆਈ ਤਾਂ ਫਿਰ ਤੋਂ ਮੋਰਚਾ ਲਾਇਆ ਜਾਵੇਗਾ।

ਇਨ੍ਹਾਂ ਮੰਗਾਂ ’ਤੇ ਬਣੀ ਸਹਿਮਤੀ 

  • ਝੋਨੇ ਦੀ ਬਿਜਾਈ ਲਈ ਪੂਰੇ ਪੰਜਾਬ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜ਼ੋਨ ਕਿਸਾਨਾਂ ਆਗੂ ਬਣਾ ਕੇ ਦੇਣਗੇ। 14 ਅਤੇ 17 ਜੂਨ ਨੂੰ ਬਿਜਾਈ ਕੀਤੀ ਜਾਵੇਗੀ। ਸਰਹੱਦ ਪਾਰ ਦੇ ਕਿਸਾਨ 10 ਜੂਨ ਤੋਂ ਬਾਅਦ ਝੋਨਾ ਲਗਾ ਸਕਣਗੇ। 3 ਦਿਨ ਪਹਿਲਾਂ ਤੋਂ ਬਿਜਲੀ ਆਉਣੀ ਸ਼ੁਰੂ ਹੋ ਜਾਵੇਗੀ।
  • ਮੂੰਗ ‘ਤੇ MSP ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਬਾਸਮਤੀ ਅਤੇ ਮੱਕੀ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਰਹੇ ਹਨ।
  • ਪੰਚਾਇਤੀ ਜ਼ਮੀਨਾਂ ਜਿਹੜੀਆਂ ਕਿਸਾਨਾਂ ਨੇ ਆਬਾਦ ਕੀਤੀਆਂ ਹਨ। ਉਨ੍ਹਾਂ ਦੇ ਕਬਜ਼ੇ ਸਬੰਧੀ 23 ਮਈ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਹੋਵੇਗੀ। ਇਹ ਮੀਟਿੰਗ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕਰਨਗੇ।
  • ਕਿਸਾਨਾਂ ਦੀ ਕੁਰਕੀ ਤੇ ਵਾਰੰਟ ਲਈ ਪੰਜਾਬ ਸਰਕਾਰ ਦੇ ਅਧਿਕਾਰੀ ਨਹੀਂ ਜਾਣਗੇ।
  • ਮੱਕੀ ‘ਤੇ ਮਾਨ, ਸਰਕਾਰ ਹਰ ਹਾਲਤ ‘ਚ MSP ਦੇਵੇਗੀ।
  • ਕਣਕ ਦੇ ਬੋਨਸ ਲਈ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ। ਕਿਸਾਨ 500 ਰੁਪਏ ਪ੍ਰਤੀ ਏਕੜ ਬੋਨਸ ਦੀ ਮੰਗ ਕਰ ਰਹੇ ਹਨ।

ਕਿਸਾਨਾਂ ਨੇ ਅਣਮਿਥੇ ਸਮੇੇਂ ਲਈ ਮੋਰਚੇ ਦਾ ਦਿੱਤੀ ਸੀ ਚਿਤਾਵਨੀ

ਜੇਕਰ ਬੁੱਧਵਾਰ ਸਵੇਰ ਤੱਕ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਕਿਸਾਨ ਵਾਈਪੀਐਸ ਵਾਲੇ ਚੌਕ ਦਾ ਬੈਰੀਕੇਟਰ ਵੀ ਤੋੜਦੇ ਹੋਏ ਚੰਡੀਗੜ੍ਹ ਪੁਲਿਸ ਦੇ ਬੈਰੀਕੇਟਰ ਤੱਕ ਪੁੱਜਣਗੇ। ਜਿਸ ਤੋਂ ਅੱਗੇ ਜਾਣ ਦੀ ਥਾਂ ’ਤੇ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਗਾਉਂਦੇ ਹੋਏ ਆਪਣੇ ਟੈੱਟ ਲਗਾ ਦਿੱਤੇ ਜਾਣਗੇ ਅਤੇ ਮੋਰਚੇ ਨੂੰ ਅਣਮਿਥੇ ਸਮੇਂ ਤੱਕ ਚਲਾਇਆ ਜਾਏਗਾ।

ਸੰਯੁਕਤ ਕਿਸਾਨ ਮੋਰਚਾ ਆਪਣੇ ਨਾਲ ਹਰ ਤਰ੍ਹਾਂ ਦਾ ਸਮਾਨ ਲੈ ਕੇ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਮੋਰਚੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਕਿਸਾਨਾਂ ਵੱਲੋਂ ਪੱਕੇ ਟੈੱਟ ਦੇ ਨਾਲ ਹੀ ਗਰਮੀ ਤੋਂ ਬਚਣ ਲਈ ਕੂਲਰ ਅਤੇ ਮਨੋਰੰਜਨ ਲਈ ਟੀਵੀ ਤੱਕ ਲੈ ਕੇ ਆਏ ਗਏ ਹਨ। ਗਰਮੀ ਵਿੱਚ ਠੰਢਾ ਪਾਣੀ ਲਈ ਫਰੀਜ਼ ਵੀ ਕਿਸਾਨਾਂ ਟਰਾਲੀਆਂ ਵਿੱਚ ਲੈ ਕੇ ਗਏ ਹਨ। ਇਸ ਨਾਲ ਹੀ 6 ਮਹੀਨੇ ਦੇ ਰਾਸ਼ਨ ਦੇ ਨਾਲ ਹਰ ਤਰ੍ਹਾਂ ਦਾ ਖਾਣ-ਪੀਣ ਦਾ ਸਮਾਨ ਕਿਸਾਨ ਆਪਣੇ ਨਾਲ ਲੈ ਕੇ ਆਏ ਹਨ।

farmerਕਿਸਾਨ ਲੀਡਰਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਮਹੀਨੇ ਕੀਤੀ ਗਈ ਮੀਟਿੰਗ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਕਣਕ ਦੇ ਝਾੜ ਵਿੱਚ ਆਈ ਘਾਟ ਨੂੰ ਦੇਖਦੇ ਹੋਏ 500 ਰੁਪਏ ਤੱਕ ਦਾ ਬੋਨਸ ਦਿੱਤਾ ਜਾਏਗਾ ਪਰ ਇਸ ਮਾਮਲੇ ਵਿੱਚ ਹੁਣ ਤੱਕ ਭਗਵੰਤ ਮਾਨ ਵੱਲੋਂ ਕੋਈ ਵੀ ਫੈਸਲਾ ਕਰਦੇ ਹੋਏ ਬੋਨਸ ਨਹੀਂ ਦਿੱਤਾ ਗਿਆ ਹੈ।

ਝੋਨੇ ਦੀ ਬਿਜਾਈ ਦੀ ਵੰਡ ਕਿਸਾਨਾਂ ਨੂੰ ਨਹੀਂ ਆਈ ਪਸੰਦ

ਇਸ ਨਾਲ ਹੀ ਝੋਨੇ ਦੀ ਬਿਜਾਈ ਲਈ 4 ਜ਼ੋਨਾਂ ਵਿੱਚ ਕੀਤੀ ਗਈ ਵੰਡ ਕਿਸਾਨ ਜਥੇਬੰਦੀਆਂ ਨੂੰ ਪਸੰਦ ਨਹੀਂ ਆਈ ਹੈ ਅਤੇ ਕਿਸਾਨ ਤਾਂ ਪਹਿਲਾਂ ਵਾਂਗ ਹੀ ਪੰਜਾਬ ਭਰ ਵਿੱਚ 10-15 ਜੂਨ ਤੋਂ ਹੀ ਝੋਨੇ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦੇਣਗੇ। ਸਰਕਾਰ ਵੱਲੋਂ ਬਣਾਏ ਗਏ 18, 20, 22 ਅਤੇ 24 ਜੂਨ ਨੂੰ 6-6 ਜ਼ਿਲੇ ਅਨੁਸਾਰ ਝੋਨੇ ਦੀ ਲਗਾਈ ਕਿਸੇ ਵੀ ਹਾਲਤ ਵਿੱਚ ਨਹੀਂ ਹੋਏਗੀ, ਕਿਉਂਕਿ ਇਸ ਨਾਲ ਕਣਕ ਵਿੱਚ ਦੇਰੀ ਹੋਏਗੀ ਅਤੇ ਤੇਜ਼ ਗਰਮੀ ਕਰਕੇ ਮੁੜ ਉਨਾਂ ਨੂੰ ਹੀ ਨੁਕਸਾਨ ਹੋਏਗਾ। ਇਸ ਨਾਲ ਹੀ ਮੂੰਗੀ ’ਤੇ ਐਮਐਸਪੀ ਦਾ ਨੋਟੀਫਿਕੇਸ਼ਨ ਮੰਗਿਆ ਗਿਆ ਹੈ ਤਾਂ ਬਾਸਮਤੀ ਦਾ ਰੇਟ 4500 ਕਰਦੇ ਹੋਏ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ