Mahavir Jayanti 2024: ਸਮਾਜ ਨੂੰ ਸੱਚ ਦੇ ਮਾਰਗ ’ਤੇ ਤੋਰਨ ਵਾਲੇ ਭਗਵਾਨ ਮਹਾਂਵੀਰ ਜੀ

Mahavir Jayanti 2024

Mahavir Jayanti 2024 : ਸੰਸਾਰ ਵਿਚ ਸਮੇਂ-ਸਮੇਂ ਅਜਿਹੇ ਮਹਾਂਪੁਰਸ਼ਾਂ ਦਾ ਆਗਮਨ ਹੁੰਦਾ ਰਹਿੰਦਾ ਹੈ ਜਿਹੜੇ ਆਪਣੀ ਨਿਵੇਕਲੀ ਅਤੇ ਸਰਬ-ਕਲਿਆਣੀ ਵਿਚਾਰਧਾਰਾ ਦੀ ਬਦੌਲਤ ਨਾ ਸਿਰਫ਼ ਆਮ ਤੋਂ ਖਾਸ ਹੋ ਨਿੱਬੜਦੇ ਸਗੋਂ ਆਪਣੇ ਲੋਕ-ਹਿੱਤਕਾਰੀ ਅਮਲਾਂ ਸਦਕਾ ਲੋਕਾਈ ਦੇ ਸਦੀਵੀ ਸਤਿਕਾਰ ਦਾ ਪਾਤਰ ਵੀ ਬਣੇ ਰਹਿੰਦੇ ਹਨ। ਮੋਹ-ਮਾਇਆ ਤੋਂ ਨਿਰਲੇਪ ਤੇ ਹਉਮੈ ਰਹਿਤ ਜੀਵਨ ਇਨ੍ਹਾਂ ਮਹਾਂਪੁਰਸ਼ਾਂ ਦਾ ਵੱਡਮੁੱਲਾ ਸਰਮਾਇਆ ਹੁੰਦਾ ਹੈ। ਇਹ ਸਰਮਾਇਆ ਇਨ੍ਹਾਂ ਮਹਾਂਪੁਰਸ਼ਾਂ ਦੇ ਪਰਲੋਕ-ਗਮਨ ਤੋਂ ਬਾਅਦ ਵੀ ਇਨ੍ਹਾਂ ਨੂੰ ਲੋਕਾਈ ਦੇ ਚੇਤਿਆਂ ਵਿਚ ਵਸਾਈ ਰੱਖਦਾ ਹੈ। ਇਸ ਵਸੇਬੇ ਕਾਰਨ ਹੀ ਇਨ੍ਹਾਂ ਪਰਮ ਪੁਰਖਾਂ ਨੂੰ ਲੋਕ ਸਮੇਂ-ਸਮੇਂ ਯਾਦ ਕਰਦੇ ਰਹਿੰਦੇ ਹਨ। ਇਨ੍ਹਾਂ ਯਾਦ ਕੀਤੀਆਂ ਜਾਣ ਵਾਲੀਆਂ ਹਸਤੀਆਂ ਵਿਚ ਹੀ ਸ਼ਾਮਲ ਹੈ ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ਮਹਾਂਵੀਰ ਜੈਨ ਦਾ ਨਾਂਅ।

Mahavir Jayanti 2024

ਮਹਾਂਵੀਰ ਜੈਨ ਦਾ ਜਨਮ 599 ਈਸਵੀ ਪੂਰਵ ਨੂੰ ਇੱਕ ਰਾਜ ਘਰਾਣੇ ਵਿਚ ਪਿਤਾ ਸਿੱਧਾਰਥ ਅਤੇ ਮਾਤਾ ਤਿ੍ਰਸ਼ਲਾ ਦੇ ਘਰ ਹੋਇਆ। ਇਹ ਘਰਾਣਾ ਭਾਰਤ ਦੇ ਸੂਬੇ ਬਿਹਾਰ ਦੇ ਵੈਸ਼ਾਲੀ (ਹੁਣ ਬਾਸਾੜ) ਸ਼ਹਿਰ ਦੇ ਨੇੜਲੇ ਸਥਾਨ ਕੁੰਡ ਗ੍ਰਾਮ ਵਿਖੇ ਵੱਸਦਾ ਸੀ। ਮਹਾਂਵੀਰ ਗਯਾਤ੍ਰੀ ਕਬੀਲੇ ਦਾ ਕਸ਼ਤ੍ਰੀ ਸੀ ਅਤੇ ਕੱਸ਼ਿਅਪ ਗੋਤ ਨਾਲ ਸੰਬੰਧਤ ਸੀ। ਜੇਕਰ ਮਹਾਂਵੀਰ ਦੇ ਸ਼ਬਦੀ ਅਰਥ ਕੀਤੇ ਜਾਣ ਤਾਂ ਇਸ ਦਾ ਅਰਥ ਉਸ ‘ਮਹਾਨ ਨਾਇਕ’ ਤੋਂ ਲਿਆ ਜਾਂਦਾ ਹੈ ਜਿਸ ਨੇ ਲੋਕ ਭਲਾਈ ਦੇ ਕਾਰਜ ਕਰਦਿਆਂ ਲੋਕਾਈ ਦੇ ਦਿਲਾਂ ’ਤੇ ਗਹਿਰਾ ਅਸਰ ਪਾਇਆ ਹੋਵੇ ਤੇ ਇਸ ਅਸਰ ਸਦਕਾ ਲੋਕ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਣ ਲਈ ਤਿਆਰ ਹੋਣ। ਮਹਾਂਵੀਰ ਨੂੰ ‘ਵਰਧਮਾਨ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਦਾ ਅਰਥ ਹੁੰਦਾ ਹੈ ਸੁਭਾਗਸ਼ਾਲੀ।

ਮਹਾਂਵੀਰ ਜੈਨ ਦਾ ਬਚਪਨ-ਕਾਲ ਬਹੁਤ ਹੀ ਦਲੇਰੀ ਅਤੇ ਬਹਾਦਰੀ ਭਰਿਆ ਰਿਹਾ ਹੈ। ਇੱਕ ਵਾਰ ਉਹ ਆਪਣੇ ਸੰਗੀਆਂ ਨਾਲ ਖੇਡ ਰਹੇ ਸਨ ਕਿ ਉਨ੍ਹਾਂ ਨੂੰ ਇੱਕ ਸੱਪ ਦਿਖਾਈ ਦਿੱਤਾ। ਸੱਪ ਦੀ ਦਹਿਸ਼ਤ ਕਾਰਨ ਉਨ੍ਹਾਂ ਦੇ ਸਾਰੇ ਸੰਗੀ ਭੱਜ ਗਏ ਪਰ ਆਪਣੀ ਦਲੇਰੀ ਦਾ ਸਬੂਤ ਦਿੰਦਿਆਂ ਉਨ੍ਹਾਂ ਨੇ ਸੱਪ ਨੂੰ ਫੜ੍ਹ ਕੇ ਦੂਰ ਸੁੱਟ ਦਿੱਤਾ। ਉਮਰ ਦੇ ਤੀਜੇ ਦਹਾਕੇ ਦੇ ਅਖੀਰਲੇ ਸਮੇਂ ਮਹਾਂਵੀਰ ਨੇ ਘਰ-ਬਾਰ ਛੱਡ ਕੇ ਤਪੱਸਿਆ ਕਰਨ ਲਈ ਜੰਗਲਾਂ ਵਿਚ ਜਾਣ ਲਈ ਤਿਆਰੀ ਕਰ ਲਈ ਪਰ ਵੱਡੇ ਭਰਾ ਨੰਦੀ ਵਰਧਨ ਨੇ ਕੁੱਝ ਵਕਤ ਹੋਰ ਠਹਿਰਨ ਲਈ ਆਖ ਦਿੱਤਾ।

ਪਰਮ ਸ਼ਾਂਤੀ ਦੀ ਭਾਲ

ਇਸ ਸਮੇਂ ਦੌਰਾਨ ਹੀ ਮਹਾਂਵੀਰ ਜੈਨ ਦਾ ਵਿਆਹ ਯਸ਼ੋਧਾ ਨਾਲ ਹੋਇਆ ਅਤੇ ਉਨ੍ਹਾਂ ਦੇ ਗ੍ਰਹਿ ਵਿਖੇ ਇੱਕ ਬੇਟੀ ਪਿ੍ਰਯਦਰਸ਼ਨਾ ਨੇ ਜਨਮ ਲਿਆ। ਜਦੋਂ ਮਹਾਂਵੀਰ ਤੀਹ ਕੁ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ-ਪਿਤਾ ਸੰਸਾਰ ਤੋਂ ਕੂਚ ਕਰ ਗਏ। ਆਪਣੇ ਮਾਪਿਆਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਹ ਪਰਮ ਸ਼ਾਂਤੀ ਦੀ ਭਾਲ ਵਿਚ ਜੰਗਲਾਂ ਵੱਲ ਚਲੇ ਗਏ ਤੇ ਕਠਿਨ ਸਾਧਨਾ ਕਰਨ ਲੱਗੇ। ਉਨ੍ਹਾਂ ਨੇ ਬਾਰਾਂ ਸਾਲ ਜੰਗਲ ਵਿਚ ਘੋਰ ਤਪੱਸਿਆ ਕੀਤੀ।

ਇਨ੍ਹਾਂ ਬਾਰਾਂ ਸਾਲਾਂ ਵਿਚ ਮਹਾਂਵੀਰ ਦਾ ਮਨ ਸਦਾਚਾਰ ਦੀ ਪ੍ਰਾਪਤੀ ਤੇ ਵਾਸਨਾਵਾਂ ਤੋਂ ਮੁਕਤੀ ਵੱਲ ਲੱਗਾ ਰਿਹਾ। ਇਸ ਘੋਰ ਤਪੱਸਿਆ ਦੇ ਫਲਸਰੂਪ ਉਨ੍ਹਾਂ ਨੂੰ 42 ਸਾਲ ਦੀ ਉਮਰ ਵਿਚ ਰਿਜਪਾਲਿਕਾ ਨਦੀ ਦੇ ਕਿਨਾਰੇ ਉੱਚਤਮ ਗਿਆਨ/ਨਿਰਵਾਣ ਦੀ ਪ੍ਰਾਪਤੀ ਹੋ ਗਈ। ਜੈਨ ਧਰਮ ਵਿਚ ਗਿਆਨ ਦੀ ਇਸ ਉੱਚਤਮ ਅਵਸਥਾ ਨੂੰ ‘ਕੇਵਲਯ ਗਿਆਨੋ’ ਦਾ ਨਾਂਅ ਦਿੱਤਾ ਜਾਂਦਾ ਹੈ ਜਿਸ ਦੀ ਪ੍ਰਾਪਤੀ ਹਰੇਕ ਜੈਨ ਮੁਨੀ ਦੀ ਇੱਛਾ ਅਤੇ ਉਦੇਸ਼ ਹੁੰਦਾ ਹੈ। ਜੈਨ ਸਮਾਜ ਵੱਲੋਂ ਇਸ ਸੁਭਾਗੇ (ਨਿਰਵਾਣ ਪ੍ਰਾਪਤੀ ਦੇ) ਦਿਨ ਨੂੰ ਦੀਵਾਲੀ ਵਾਲੇ ਦਿਨ ਵਿਸ਼ੇਸ਼ ਤੌਰ ’ਤੇ ਚੇਤੇ ਕੀਤਾ ਜਾਂਦਾ ਹੈ।

ਇਸ ਪ੍ਰਾਪਤੀ ਤੋਂ ਬਾਅਦ ਮਹਾਂਵੀਰ ਨੇ ਤੀਹ ਸਾਲ ਤੱਕ ਇਸ ਗਿਆਨ ਦਾ ਪ੍ਰਚਾਰ ਕਰਕੇ ਲੋਕਾਂ (ਵਿਸ਼ੇਸ਼ ਕਰਕੇ ਜੈਨ ਸਮਾਜ) ਨੂੰ ਸੱਚ ਦੇ ਮਾਰਗ ’ਤੇ ਤੋਰਿਆ ਅਤੇ 72 ਸਾਲ ਦੀ ਆਯੂ ਵਿਚ ਪਾਵਾਪੁਰੀ ਨਾਮਕ ਸਥਾਨ ’ਤੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਬੁਲਾ ਗਏ। ਚੌਵੀਵੇਂ ਤੀਰਥੰਕਰ ਦੇ ਰੂਪ ਵਿਚ ਉਨ੍ਹਾਂ ਦੀਆਂ ਸਿੱਖਿਆਵਾਂ ਜੈਨ ਭਾਈਚਾਰੇ ਦਾ ਅਟੁੱਟ ਅੰਗ ਮੰਨੀਆਂ ਜਾਂਦੀਆਂ ਹਨ।

ਰਮੇਸ਼ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਨਸ਼ਨ,
ਲੁਧਿਆਣਾ ਮੋ. 94631-32719

LEAVE A REPLY

Please enter your comment!
Please enter your name here