ਰਿਸ਼ਵਤ ਲੈਂਦੇ ਪਾਵਰਕੌਮ ਦੇ ਲਾਈਨਮੈਨ ਨੂੰ ਵਿਜੀਲੈਂਸ ਨੇ ਪਾਈ ਕੁੰਡੀ

Sach Kahoon Punjabi Desk Picture
Published On

ਹਨੇਰੀ ਕਾਰਨ ਟੁੱਟੇ ਖੰਭੇ ਲਗਾ ਕੇ ਬਿਜਲੀ ਬਹਾਲ ਕਰਨ ਬਦਲੇ ਮੰਗੀ ਸੀ ਰਿਸ਼ਵਤ

(ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦਫਤਰ ਗੋਨਿਆਣਾ, (ਬਠਿੰਡਾ) ਵਿਖੇ ਤਾਇਨਾਤ ਇੱਕ ਲਾਈਨਮੈਨ ਰਣਜੀਤ ਕੁਮਾਰ ਨੂੰ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। (Bribe)

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਕਰਮਚਾਰੀ ਨੂੰ ਜਸਵਿੰਦਰ ਸਿੰਘ ਵਾਸੀ ਪਿੰਡ ਅਬਲੂ, ਜ਼ਿਲ੍ਹਾ ਬਠਿੰਡਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਇਸ ਸਬੰਧੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਬਿਜਲੀ ਮੁਲਾਜ਼ਮ ਨੇ ਉਸਦੇ ਟਿਊਬਵੈੱਲ ਦਾ ਬਿਜਲੀ ਕੁਨੈਕਸ਼ਨ ਬਹਾਲ ਕਰਨ ਬਦਲੇ 35 ਹਜ਼ਾਰ ਰੁਪਏ ਬਤੌਰ ਰਿਸ਼ਵਤ ਲਏ ਸਨ ਕਿਉਂਕਿ ਅਪ੍ਰੈਲ ਮਹੀਨੇ ਵਿੱਚ ਆਏ ਹਨੇਰੀ ਕਾਰਨ ਅੱਠ ਖੰਭੇ ਟੁੱਟ ਗਏ ਸਨ। (Bribe)

ਇਹ ਵੀ ਪੜ੍ਹੋ : ਪੁੱਤ ਦਾ ਸਿਵਾ ਨਹੀਂ ਹੋਇਆ ਠੰਢਾ, ਹੁਣ ਕੈਂਸਰ ਪੀੜ੍ਹਤ ਮਾਂ ਤੁਰ ’ਗੀ

ਸ਼ਿਕਾਇਤਕਰਤਾ ਨੇ ਉਕਤ ਮੁਲਾਜ਼ਮ ਨਾਲ ਰਿਸ਼ਵਤ ਦੀ ਰਕਮ ਦੀ ਅਦਾਇਗੀ ਸਬੰਧੀ ਗੱਲਬਾਤ ਰਿਕਾਰਡ ਕੀਤੀ ਹੈ ਜੋ ਕਿ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਬਿਉਰੋ ਦੀ ਰੇਂਜ ਬਠਿੰਡਾ ਵੱਲੋਂ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਬੰਧੀ ਸਬੰਧਤ ਪੀ. ਐਸ. ਪੀ. ਸੀ.ਐਲ. ਦਫ਼ਤਰ ਵੱਲੋਂ ਕੋਈ ਵੀ ਪੂਰਵ ਅਨੁਮਾਨ ਤਿਆਰ ਨਹੀਂ ਕੀਤਾ ਗਿਆ ਸੀ ਪਰ ਲਾਈਨਮੈਨ ਨੇ ਖੁਦ ਹੀ ਬਿਜਲੀ ਕੁਨੈਕਸ਼ਨ ਬਹਾਲ ਕਰਨ ਲਈ ਖੰਭੇ ਲਗਾ ਦਿੱਤੇ ਸਨ। ਵਿਜੀਲੈਂਸ ਬਿਊਰੋ ਬਠਿੰਡਾ ਯੂਨਿਟ ਨੇ ਮੁਲਜ਼ਮ ਕਰਮਚਾਰੀ ਨੂੰ ਸ਼ਿਕਾਇਤਕਰਤਾ ਤੋਂ 35,000 ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਕਥਿਤ ਦੋਸ਼ੀ ਬਿਜਲੀ ਮੁਲਾਜ਼ਮ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। (Bribe)

About The Author

Related Posts