ਆਰਥਿਕਤਾ ਤੋਂ ਪਹਿਲਾਂ ਜ਼ਿੰਦਗੀ

ਆਰਥਿਕਤਾ ਤੋਂ ਪਹਿਲਾਂ ਜ਼ਿੰਦਗੀ

ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ‘ਚ ਸ਼ਾਇਦ ਭਾਰਤ ਹੀ ਅਜਿਹਾ ਪਹਿਲਾ ਮੁਲਕ ਹੋਵੇਗਾ ਜਿਸ ਨੇ ‘ ਜਾਨ ਹੈ ਤਾਂ ਜਹਾਨ ‘ ਦੀ ਵਿਚਾਰਧਾਰਾ ਨੂੰ ਅਪਣਾ ਕੇ ਲਾਕਡਾਊਨ ਨੂੰ ਇੱਕ ਜ਼ਰੂਰੀ ਹਥਿਆਰ ਦੇ ਤੌਰ ‘ਤੇ ਵਰਤਿਆ ਹੈ ਦੂਜੇ ਪਾਸੇ ਅਮਰੀਕਾ, ਰੂਸ, ਚੀਨ, ਵਰਗੀਆਂ ਮਹਾਂਸ਼ਕਤੀਆਂ ਤੇ ਯੂਰਪੀ ਮੁਲਕਾਂ ਦਾ ਬਹੁਤਾ ਧਿਆਨ ਆਪਣੀ ਅਰਥ ਵਿਵਸਥਾ ਵੱਲ ਹੀ ਰਿਹਾ ਹੈ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਅਮਰੀਕਾ ਨੂੰ ਪਈ ਹੈ

ਜਿੱਥੇ 50 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ 9 ਲੱਖ ਦੇ ਕਰੀਬ ਲੋਕ ਬਿਮਾਰੀ ਨਾਲ ਪੀੜਤ ਹਨ ਇਸ ਮੁਲਕ ‘ਚ ਕਰੀਬ 2 ਹਜ਼ਾਰ ਮੌਤਾਂ ਰੋਜਾਨਾ ਹੋ ਰਹੀਆਂ ਹਨ ਫ਼ਿਰ ਵੀ ਸਰਕਾਰ ਨੇ ਉਹਨਾਂ ਰਾਜਾਂ ‘ਚ ਰੈਸਟੋਰੈਂਟ, ਸਪਾ, ਸੈਲੂਨ ਤੇ ਹੋਰ ਦੁਕਾਨਾਂ ਖੋਲ੍ਹਣ ਦੀ ਕਾਹਲ ਭਾਰਤ ਸਮੇਤ ਉਹਨਾਂ ਮੁਲਕਾਂ ਤੋਂ ਪਹਿਲਾਂ ਕੀਤੀ ਹੈ ਜਿੱਥੇ ਅਮਰੀਕਾ ਦੇ ਮੁਕਾਬਲੇ ਬਿਮਾਰੀ ਦਾ ਕਹਿਰ ਬਹੁਤ ਘੱਟ ਹੈ

ਇਹੀ ਹਾਲ ਇਟਲੀ ਦਾ ਹੈ ਜਿੱਥੇ 26 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ ਤੇ ਇਟਲੀ ਵੀ 4 ਮਈ ਤੋਂ ਕਾਰੋਬਾਰ ਖੋਲ੍ਹਣ ਲਈ ਤਿਆਰ ਹੈ ਇਧਰ ਭਾਰਤ ਸਰਕਾਰ ਤੇ ਸੂਬਾ ਸਰਕਾਰਾਂ ਨੇ ਮਨੁੱਖੀ ਜ਼ਿੰਦਗੀਆਂ ਨੂੰ ਪਹਿਲ ਦੇ ਕੇ ਲਾਕਡਾਊਨ ਕੀਤਾ ਹੋਇਆ ਹੈ ਅਸਲ ‘ਚ ਸਾਡੇ ਦੇਸ਼ ਅੰਦਰ ਲਾਕਡਾਊਨ ਦਾ ਅਸਲ ਪ੍ਰਭਾਵ ਕਰਫ਼ਿਊ ਵਰਗਾ ਹੀ ਰਿਹਾ ਹੈ ਭਾਵੇਂ ਪੁਲਿਸ ਨੇ ਕਈ ਥਾਈਂ ਗੈਰਜ਼ਰੂਰੀ ਵੀ ਸਖ਼ਤੀ ਵਰਤੀ ਫਿਰ ਵੀ ਇਸ ਦਾ ਮਕਸਦ ਲੋਕਾਂ ਦੀ ਭਲਾਈ ਸੀ ਬਹੁਤ ਸਾਰੇ ਸਮਾਜ ਸੇਵੀਆਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਇਆ ਹੈ

ਲੋਕਾਂ ਨੇ ਬਿਨਾਂ ਕਿਸੇ ਦੀ ਮੰਗ ਦੇ ਘਰਾਂ ‘ਚ ਮਾਸਕ ਤਿਆਰ ਕਰਕੇ ਵੰਡੇ ਜ਼ਿੰਦਗੀ ਲਈ ਅਜਿਹਾ ਜਜ਼ਬਾ ਕਿਸੇ ਹੋਰ ਮੁਲਕ ‘ਚ ਵੇਖਣ ਲਈ ਨਹੀਂ ਮਿਲਿਆ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਚੀਨ ਤੇ ਹੋਰ ਮੁਲਕਾਂ ਦੀ ਆਰਥਿਕਤਾ ਨੂੰ ਟੱਕਰ ਦੇਣ ਲਈ ਅਮਰੀਕਾ ‘ਚ ਲਾਕਡਾਊਨ ਨਾ ਤਾਂ ਸਮੇਂ ਸਿਰ ਲਾਗੂ ਕੀਤਾ ਗਿਆ ਤੇ ਨਾ ਹੀ ਢਿੱਲ ਦੇਣ ਬਾਰੇ ਬਿਮਾਰੀ ਦੀ ਰਫ਼ਤਾਰ ਨੂੰ ਵਿਚਾਰਿਆ ਗਿਆ

ਬਿਨਾਂ ਸ਼ੱਕ ਆਰਥਿਕਤਾ ਕਿਸੇ ਮੁਲਕ ਦੀ ਰੀੜ੍ਹ ਹੁੰਦੀ ਹੈ ਪਰ ਆਰਥਿਕਤਾ ਵੀ ਤਾਂ ਮਨੁੱਖਤਾ ਲਈ ਹੁੰਦੀ ਹੈ ਬਿਨਾਂ ਮਨੁੱਖਤਾ ਤੋਂ ਕਾਰਾਂ, ਕੋਠੀਆਂ ਤੇ ਉੱਚ ਪੱਧਰ ਦਾ ਰਹਿਣ ਸਹਿਣ ਕੀ ਕਰੇਗਾ? ਮਹਾਂਮਾਰੀ ਦੇ ਦੌਰ ‘ਚ ਭਾਰਤ ਅੰਦਰ ਪ੍ਰ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਰੋਕਣ ਲਈ ਉਹਨਾਂ ਨੂੰ ਬਿਠਾ ਕੇ ਖਵਾਇਆ ਗਿਆ ਜਦੋਂ ਕਿ ਅਮਰੀਕਾ ਦੇ ਰਾਸ਼ਟਰਪਤੀ ਅਮਰੀਕੀਆਂ  ਲਈ ਰੁਜ਼ਗਾਰ ਬਚਾਉਣ ਵਾਸਤੇ ਪ੍ਰਵਾਸੀਆਂ ਦਾ ਵੀਜ਼ਾ ਰੋਕਣ ‘ਚ ਜੁਟੇ ਰਹੇ

ਆਰਥਿਕਤਾ ਦੀ ਇਹ ਜੰਗ ਕੋਈ ਨਵੀਂ ਨਹੀਂ ਸਗੋਂ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦਾ ਕਾਰਨ ਵੀ ਆਰਥਿਕ ਸਾਮਰਾਜਵਾਦ ਹੀ ਸੀ ਮੌਜ਼ੂਦਾ ਦੌਰ ਫ਼ਿਰ ਇਸ ਗੱਲ ਦੀ ਹੀ ਗਵਾਹੀ ਭਰਦਾ ਹੈ ਕਿ ਮਹਾਂਸ਼ਕਤੀਆਂ ਦਾ ਆਪਸੀ ਵਿਰੋਧ, ਹੰਕਾਰ ਤੇ ਟਕਰਾਅ 100 ਸਾਲ ਬਾਅਦ ਵੀ ਜਿਉਂ ਦਾ ਤਿਉਂ ਹੈ ਜਿਹੜੇ ਮੁਲਕ ਮਹਾਂਮਾਰੀ ‘ਚ ਵੀ ਆਰਥਿਕ ਜੰਗ ਤੋਂ ਪਰਹੇਜ਼ ਨਹੀਂ ਕਰਦੇ ਭਵਿੱਖ ‘ਚ ਉਹਨਾਂ ਦੇ ਮਾੜੇ ਇਰਾਦਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ  ਘੱਟੋ-ਘੱਟ ਜ਼ਿੰਦਗੀ ਦੀ ਜੰਗ ‘ਚ ਹੰਕਾਰ ਦੀ ਜੰਗ ਛੋਟੀ ਪੈਣੀ ਚਾਹੀਦੀ ਸੀ ਲੱਗਦਾ ਹੈ ਪੱਛਮ ਅਜੇ ਵੀ ਪੂਰਬ ਦੀ ਲੋਅ ਤੋਂ ਖਾਲੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।