ਕੋਰੋਨਾ : ਨਵੀਆਂ ਕਲਮਾਂ ਦਾ ਸੱਜਰਾ ਸੁਨੇਹਾ

ਕੋਰੋਨਾ : ਨਵੀਆਂ ਕਲਮਾਂ ਦਾ ਸੱਜਰਾ ਸੁਨੇਹਾ

ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ ਨੇ ਆਧੁਨਿਕਤਾ ਦੀ ਚੱਕੀ ‘ਚ ਪਿਸ ਰਹੇ ਮਨੁੱਖ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ ਲਾਕਡਾਊਨ ਨੇ ਮਨੁੱਖ ਨੂੰ ਇੱਕਲਿਆ ਹੀ ਨਹੀਂ ਕੀਤਾ ਸਗੋਂ ਵਿਹਲ ਕਾਰਨ ਵੀ ਸੋਚਣ ਤੇ ਸਮਝਣ ਲਈ ਮਜ਼ਬੂਰ ਕੀਤਾ ਹੈ ਸੁਚੇਤ ਸਾਹਿਤਕਾਰ ਸਮਾਜ ‘ਚ ਆਏ ਸੰਕਟਾਂ ਨੂੰ ਸਿਰਫ਼ ਭੋਗਦੇ ਹੀ ਨਹੀਂ ਸਗੋਂ ਇਸ ਸੰਕਟ ਦੇ ਕੌੜੇ ਸੱਚ ਨੂੰ ਪਛਾਣ ਕੇ ਮਨੁੱਖਤਾ ਨੂੰ ਹਕੀਕਤ ਦੇ ਰੂਬਰੂ ਕਰਦੇ ਹਨ ਇਸ ਲੇਖ ਵਿਚ ਉਹਨਾਂ ਨਵੀਆਂ ਕਲਮਾਂ ਦਾ ਜਿਕਰ ਕਰਨਾ ਮਾਣ ਵਾਲੀ ਗੱਲ ਹੋਵੇਗੀ ਜਿਨ੍ਹਾਂ ਨੇ ਵਿੱਦਿਅਕ ਅਦਾਰੇ ਬੰਦ ਹੋਣ ਕਰਨ ਆਪਣੇ ਆਪ ਨੂੰ ਘਰਾਂ ਅੰਦਰ ਕੈਦ ਤਾਂ ਕੀਤਾ ਪਰ ਮਨੁੱਖ ਤੇ ਕੁਦਰਤ ਦੇ ਸਬੰਧਾਂ ‘ਚੋਂ ਸੰਕਟ ਦੀਆਂ ਜੜ੍ਹਾਂ ਲੱਭਣ ਦੀ ਕੋਸ਼ਿਸ਼ ਕੀਤੀ ਹੈ

ਇਹ ਯਤਨ ਜਦੋਂ ਕਵਿਤਾ ਦਾ ਰੂਪ ਧਾਰਦਾ ਹੈ ਤਾਂ ਪੂਰੀ ਕੌਮ ਨੂੰ ਹਲੂਣਾ ਦੇ ਜਾਂਦਾ ਹੈ ਹਰਿਆਣਾ ਦੇ ਇੱਕ ਕਾਲਜ ‘ਚ ਪੰਜਾਬੀ ਵਿਭਾਗ ਦੀ ਲੈਕਚਰਾਰ ਡਾ. ਹਰਮੀਤ ਕੌਰ ਬਾਜਵਾ ਨੇ ਵਿਦਿਆਰਥਣਾਂ ਨੂੰ?ਕਵਿਤਾ ਲਿਖਣ ਦੀ ਲਗਨ ਲਾਉਣ ਲਈ ਇੱਕ ਨਵਾਂ ਕਦਮ ਚੁੱÎਕਿਆ ਬਾਜਵਾ ਨੇ ਵਿਦਿਆਰਥਣਾਂ ਦਾ ਕਵਿਤਾ ਲਿਖਣ ਦਾ ਮੁਕਾਬਲਾ ਕਰਕੇ ਸਾਹਿਤਕ ਚਿਣਗ ਪੈਦਾ ਕੀਤੀ

ਇਨ੍ਹਾਂ ਵਿਦਿਆਰਥਣਾਂ ਨੇ ਆਪਣੇ ਅਨੁਭਵ, ਸੱਜਰੀ ਸੋਚ ਤੇ ਸਮਾਜ ਪ੍ਰਤੀ ਆਪਣੀ ਸੰਵੇਦਨਾ ਨੂੰ ਬਾਕਮਾਲ ਕਵਿਤਾ ‘ਚ ਉਤਾਰਿਆ ਹੈ ਵਿਦਿਆਰਥਣਾਂ ਦਾ ਜਜ਼ਬਾ ਕਵਿਤਾ ਰੂਪੀ ਨਦੀ ‘ਚ ਬੜੀ ਸਹਿਜਤਾ ਤੇ ਸਰਲਤਾ ਨਾਲ ਵਹਿ ਤੁਰਿਆ  ਅਮਨਦੀਪ ਕੌਰ ਦੀ ਕਵਿਤਾ ‘ਚ ਤਾਂ

ਲੋਕ ਗੀਤਾਂ ਵਰਗੀ ਸਾਦਗੀ ਤੇ ਰੰਗ ਹੈ :

ਧਰਤੀ ਬਣ ਗਈ ਸੁੰਞ ਸਰਾਂ
ਚੁੱਪ ਨੇ ਸਾਰੇ ਨਗਰ ਗਰਾਂ
ਮਾਨਵ ਦਾਨਵ ਕਿੱਥੇ ਲੁਕ ਗਏ,
ਪੁੱਛਣ ਕਬੂਤਰ ਚਿੜੀਆਂ ਕਾਂ  

ਅਮਨਦੀਪ ਕੌਰ ਦੀ ਬਿੰਬ ਰਚਨਾ ਤੇ ਕਲਪਨਾ ਕਿਸੇ ਪੁਖਤਾ ਸਾਹਿਤਕਾਰੀ ਦੀ ਝਲਕ ਪੇਸ਼ ਕਰਦੇ ਹਨ ਉਸ ਦੀ ਕਵਿਤਾ ‘ਚ ਪੇਂਡੂ ਆਲਾ-ਦੁਆਲਾ, ਪੰਛੀਆਂ ਨਾਲ ਸਾਂਝ ਤੇ ਚਾਰੇ ਬੰਨੇ ਛਾਈ ਚੁੱਪ, ਇੱਕੋ ਵੇਲੇ ਧਰਤੀ, ਆਕਾਸ਼, ਤੇ ਜੀਵ-ਜਗਤ ਦੇ ਸੰਕਟ ਨੂੰ ਉਭਾਰਦੇ ਹਨ ‘ਮਾਨਵ ਦਾਨਵ ਕਿੱਥੇ ਲੁਕ ਗਏ’ ਸ਼ਬਦ ਮਿਥਿਹਾਸ ਦੀ ਕੰਨੀ ਨੂੰ ਜਾ ਛੋਂਹਦੇ ਹਨ

ਇਸੇ ਤਰ੍ਹਾਂ ਮਨਜੀਤ ਨੇ ਹਥਿਆਰਾਂ ਨਾਲ ਭਰੀ ਦੁਨੀਆਂ ਦੀ ਤਬਾਹੀ ਬਿਨ੍ਹਾਂ ਹਥਿਆਰ ਤੋਂ ਹੁੰਦੀ ਵਿਖਾ ਕੇ ਇਸ ਹਕੀਕਤ ਨੂੰ ਬਿਆਨਿਆ ਹੈ ਕਿ ਮਨੁੱਖ ਨੂੰ ਮਾਰਨ ਲਈ ਹਥਿਆਰ ਹੀ ਨਹੀਂ ਸਗੋਂ ਉਸ ਵੱਲੋਂ ਕੁਦਰਤ ਨਾਲ ਕੀਤਾ ਖਿਲਵਾੜ ਵੀ ਹਥਿਆਰਾਂ ਨਾਲੋਂ ਵੱਧ ਤਾਕਤਵਰ ਹੈ :

ਨਾ ਕੋਈ ਬੰਬ ਨਾ ਗੋਲੀ ਚੱਲਦੀ,
ਲਗਦਾ ਸਾਰੇ ਦੁਸ਼ਮਣ ਝੁਕ ਗਏ ਨੇ
ਬੰਦੇ ਕਿਧਰੇ ਦਿਸਦੇ ਹੀ ਨਹੀਂ,
ਲਗਦਾ ਸਾਰੇ ਝਗੜੇ ਮੁੱਕ ਗਏ ਨੇ

ਇਸੇ ਤਰ੍ਹਾਂ ਬਰਖਾ ਨੇ ਸਾਦਗੀ ਭਰੀ ਤੁਕ ਬੰਦੀ ‘ਚ ਲੋਕਾਂ ਨੂੰ ਸੁਚੇਤ ਹੋਣ ਦੀ ਨਸੀਹਤ ਦਿੱਤੀ ਹੈ :

ਕੋਈ ਮਜ਼ਾਕ ਉਡਾਉਂਦੇ ਬੈਠੇ
ਵਾਇਰਸ ਦੀਆਂ ਬਾਤਾਂ ਨੂੰ
ਗੱਲ ਹਾਸੇ ਪਾਉਣੀ ਛੱਡ ਲੋਕੋ
ਕਾਬੂ ਕਰੋ ਬਿਖਰੇ ਹਾਲਾਤਾਂ ਨੂੰ

ਇਸੇ ਤਰ੍ਹਾਂ ਵਿਦਿਆਰਥਣ ਕੋਮਲ ਵੀ ਮਨੁੱਖੀ ਗਲਤੀਆਂ ਨੂੰ ਹੀ ਕੋਰੋਨਾ ਸੰਕਟ ਦੀ ਜੜ੍ਹ ਮਨਦੀ ਹੈ ਉਹ ਲਿਖਦੀ ਹੈ :

ਮਨੁੱਖ ਦੀ ਗਲਤੀ ਅੱਗੇ ਆਈ
ਲੱਭਦੀ ਨਹੀਂ ਹੁਣ ਕੋਈ ਦਵਾਈ

ਕੁੱਝ ਅਜਿਹਾ ਇਜ਼ਹਾਰ ਰਾਜਨਦੀਪ ਕੌਰ, ਅੰਜਨਾ, ਜੀਨੀਆ, ਗੁਰਜੀਤ, ਮਨਪ੍ਰੀਤ, ਗਗਨਦੀਪ, ਜੋਤੀ , ਸਿਮਰਜੀਤ ਤੇ ਮੀਨੂ ਨੇ ਕੀਤਾ ਹੈ  ਬਿਨ੍ਹਾਂ ਸ਼ੱਕ ਅਜਿਹੇ ਕਾਵਿ ਮੁਕਾਬਲੇ ਪੰਜਾਬੀ ਕਵਿਤਾ ਨੂੰ ਜਿੰਦਾ ਰੱਖਣ ਤੇ ਨਵੀਂ ਪੀੜ੍ਹੀ ਨੂੰ ਕਵਿਤਾ ਲਿਖਣ ਦੀ ਚੇਟਕ ਲਾਉਣ ਲਈ ਜ਼ਰੂਰੀ ਹਨ ਖਾਸ ਕਰਕੇ ਉਸ ਦੌਰ ‘ਚ ਜਦੋਂ ਕਮਾਉਣ ਦੀ ਦੌੜ ‘ਚ ਕਵਿਤਾ ਨੂੰ ਜ਼ਿੰਦਗੀ ‘ਚੋਂ ਮਨਫੀ ਕੀਤਾ ਜਾ ਰਿਹਾ ਹੋਵੇ ਹਰਿਆਣਾ ਵਰਗੇ ਸੂਬੇ ‘ਚ ਪੇਂਡੂ ਖੇਤਰ ਦੀਆਂ ਵਿਦਿਆਰਥਣਾਂ ਦੀ ਪੰਜਾਬੀ ਕਵਿਤਾ ਨਾਲ ਸਾਂਝ ਇਹਨਾਂ ਦੀ ਬੋਲੀ ਤੇ ਸੱਭਿਆਚਾਰ ਨੂੰ ਹੁਲਾਰਾ ਦੇਵੇਗੀ

ਕਵਿਤਾ ਭਾਵਨਾਵਾਂ ਦੀ ਤਸਵੀਰ ਹੈ ਤੇ ਭਾਵਨਾਵਾਂ ਤੋਂ ਬਿਨਾ ਮਨੁੱਖ ਸਿਰਫ਼ ਬੁੱਤ ਹੀ ਹੈ ਨਵੀਆਂ ਕਲਮਾਂ ਦਾ ਸਵਾਗਤ ਹੈ ਗਜ਼ਲ ਲਿਖਣ ਲਈ ਉਸਤਾਦ-ਸ਼ਗਿਰਦਾਂ ਦੀ ਪਰੰਪਰਾ ਰਹੀ ਹੈ ਕਵਿਤਾ ਲਿਖਣ ਦੀ ਮੁਹਾਰਤ ਸਿੱਖਣ ਲਈ ਉਸਤਾਦਾਂ ਤੋਂ ਗਜ਼ਲ ਦੀ ਤਕਨੀਕ ਸਿੱਖਣੀ ਪੈਂਦੀ ਸੀ ਉਸਤਾਦਾਂ ਦੀ ਪ੍ਰਸਿੱਧੀ ‘ਗਜ਼ਲ ਸਕੂਲਾਂ ‘ ਨਾਲ ਹੁੰਦੀ ਸੀ ਡਾ. ਹਰਮੀਤ ਕੌਰ ਨੇ ਵਿਦਿਆਰਥਣਾਂ?ਨੂੰ ਕਵਿਤਾ ਲਿਖਣ ਵੱਲ ਉਤਸ਼ਾਹਿਤ ਕਰਕੇ ਉਸਤਾਦਾਂ ਵਰਗੀ ਪ੍ਰੇਰਨਾ ਦੇਣ ਦਾ ਸਿਰਜਣਾਤਮਕ ਕਾਰਜ ਨਿਭਾਇਆ ਹੈ
ਸਰਸਾ
ਸੁਖਦੇਵ ਸਿੰਘ ਢਿੱਲੋਂ