ਸਮਾਜਿਕ ਅਲਾਮਤਾਂ ਖਿਲਾਫ ਲੜਾਈ ਖੁਦ ਤੋਂ ਸ਼ੁਰੂ ਕਰੀਏ

Let, Start, Fight, Against, Social, Injustice

ਸਾਡੇ ਸਮਾਜ ਨੂੰ ਸਮੱਸਿਆਵਾਂ ਨੇ ਚੌਤਰਫਾ ਘੇਰਿਆ ਹੋਇਆ ਹੈ। ਮਾਦਾ ਭਰੂਣ ਹੱਤਿਆ, ਵੱਖ-ਵੱਖ ਤਰ੍ਹਾਂ ਦਾ ਪ੍ਰਦੂਸ਼ਣ, ਵਧ ਰਿਹਾ ਖੁਦਕੁਸ਼ੀਆਂ ਦਾ ਰੁਝਾਨ ਅਤੇ ਨਸ਼ਿਆਂ ਦੇ ਸੇਵਨ ਵਿੱਚ ਹੋ ਰਿਹਾ ਇਜ਼ਾਫਾ ਸਾਡੇ ਸਮਾਜ ਲਈ ਮੁੱਖ ਚੁਣੌਤੀ ਬਣੇ ਹੋਏ ਹਨ। ਉਂਜ ਤਾਂ ਆਪਾਂ ਲੋਕ ਆਦਤਨ ਇਹਨਾਂ ਸਮੱਸਿਆਵਾਂ ਬਾਬਤ ਥੋੜ੍ਹ ਚਿਰਾ ਰੌਲਾ-ਰੱਪਾ ਪਾ ਕੇ ਭੁੱਲ ਜਾਣ ਦੇ ਆਦੀ ਹੋ ਗਏ ਹਾਂ ਸ਼ਾਇਦ ਸਾਡੇ ਸਮਾਜ ਨੂੰ ਅਲਾਮਤਾਂ ਤੋਂ ਸਥਾਈ ਛੁਟਕਾਰਾ ਨਾ ਮਿਲਣ ਦਾ ਕਾਰਨ ਵੀ ਸਾਡੇ ਸੁਭਾਅ ਵਿੱਚ ਸਮੱਸਿਆਵਾਂ ਪ੍ਰਤੀ ਲੋੜੀਂਦੀ ਗੰਭੀਰਤਾ ਦਾ ਨਾ ਹੋਣਾ ਹੀ ਹੈ।

ਉਂਜ ਵੀ ਆਪਾਂ ਅਲਾਮਤਾਂ ਦੀ ਗੱਲ ਕਰਦਿਆਂ ਦੂਜਿਆਂ ਵੱਲ ਉਂਗਲੀਆਂ ਕਰਨ ਦੇ ਆਦੀ ਹੋ ਗਏ ਹਾਂ ਹੋਰ ਤਾਂ ਹੋਰ ਅਸੀਂ ਖੁਦ ਨਿੱਜੀ ਤੌਰ ‘ਤੇ ਕਿਤੇ ਨਾ ਕਿਤੇ ਉਸ ਸਮੱਸਿਆ ਦੇ ਉਭਾਰ ਵਿੱਚ ਯੋਗਦਾਨ ਪਾ ਰਹੇ ਹੁੰਦੇ ਹਾਂ ਜੇਕਰ ਗੱਲ ਪ੍ਰਦੂਸ਼ਣ ਦੀ ਕਰੀਏ ਤਾਂ ਆਪਾਂ ਸਾਰੇ ਹੀ ਇਸ ਲਈ ਜਿੰਮੇਵਾਰ ਹਾਂ ਆਤਮ ਨਿਰੀਖਣ ਕਰਕੇ ਵੇਖੋ ਕਿ ਆਪਾਂ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਿੰਨਾ ਕੁ ਯੋਗਦਾਨ ਪਾ ਰਹੇ ਹਾਂ। ਗਲੋਬਲ ਵਾਰਮਿੰਗ ਬਾਰੇ ਅਸੀਂ ਬਹੁਤ ਬਹੁਤ ਵੱਡੇ ਲੈਕਚਰ ਦੇਣੇ ਜਾਣਦੇ ਹਾਂ ਪਰ ਆਪਣੇ ਵਿੱਚੋਂ ਕਿਹੜਾ ਹੈ ਜੋ ਏਅਰਕੰਡੀਸ਼ਨ ਦੀ ਵਰਤੋਂ ਨਾ ਕਰਕੇ ਗਲੋਬਲ ਵਾਰਮਿੰਗ ਦੇ ਇਜ਼ਾਫੇ ਦਾ ਹਿੱਸਾ ਨਹੀਂ ਬਣ ਰਿਹਾ। (Social Symbols)

ਕਿਹੜਾ ਹੈ ਜੋ ਰੁੱਖਾਂ ਦਾ ਪਾਲਣਹਾਰ ਬਣ ਰਿਹਾ ਹੈ ਸਾਡੇ ਉੱਪਰ ਵਿਖਾਵਾ ਭਾਰੂ ਹੋ ਰਿਹਾ ਹੈ। ਰੁੱਖ ਲਾਉਣ ਦੇ ਸਾਡੇ ਪ੍ਰੋਗਰਾਮ ਮਹਿਜ਼ ਕਾਗਜ਼ੀ ਅਤੇ ਵਿਖਾਵਾ ਸਿੱਧ ਹੋ ਰਹੇ ਹਨ। ਜੇਕਰ ਆਪਾਂ ਸੁਹਿਰਦਤਾ ਨਾਲ ਰੁੱਖ ਲਾਏ ਅਤੇ ਸੰਭਾਲੇ ਹੁੰਦੇ ਤਾਂ ਅੱਜ ਤੱਕ ਵਣਾਂ ਹੇਠਲਾ ਰਕਬਾ ਕਿਤੇ ਦੀ ਕਿਤੇ ਪਹੁੰਚ ਜਾਣਾ ਸੀ। ਅਸਲ ਵਿੱਚ ਸਾਨੂੰ ਦੂਜਿਆਂ ਵਿੱਚ ਨੁਕਸ ਕੱਢਣ ਦੀ ਜਾਚ ਤਾਂ ਆ ਗਈ ਪਰ ਫਰਜ਼ ਨਿਭਾਉਣ ਦੀ ਜਾਚ ਦਾ ਸਾਨੂੰ ਊੜਾ ਆੜਾ ਵੀ ਨਹੀਂ ਆਉਂਦਾ। ਸਾਡੀ ਹਾਲਤ ‘ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ’ ਵਾਲੀ ਬਣੀ ਹੋਈ ਹੈ ਅਸੀਂ ਗੱਲੀਬਾਤੀਂ ਕਾਰਜ ਸੰਵਾਰਨ ਨੂੰ ਫਿਰਦੇ ਹਾਂ। (Social Symbols)

ਇਹ ਵੀ ਪੜ੍ਹੋ : ਭਿਆਨਕ ਹਾਦਸਾ : ਛੱਤ ਡਿੱਗਣ ਨਾਲ ਗਰਭਵਤੀ ਔਰਤ ਸਮੇਤ 3 ਜੀਆਂ ਦੀ ਮੌਤ, ਇਕ ਜ਼ਖਮੀ

ਇਹਨੀਂ ਦਿਨੀਂ ਸਮਾਜ ਵਿੱਚ ਨਸ਼ਿਆਂ ਦਾ ਆਲਮ ਆਪਣੇ ਸਿਖਰ ‘ਤੇ ਹੈ ਹੁਣ ਜਦੋਂ ਨਸ਼ਿਆਂ ਦੇ ਪਸਾਰੇ ਦੇ ਆਲਮ ਨੇ ਵਿਕਰਾਲ ਰੂਪ ਧਾਰਨ ਕਰਦਿਆਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਸਾਡੀ ਨੀਂਦ ਖੁੱਲ੍ਹਣੀ ਸ਼ੁਰੂ ਹੋਈ ਹੈ। ਹੁਣ ਵੀ ਨਸ਼ਿਆਂ ਖਿਲਾਫ ਸਾਡੀ ਸੁਹਿਰਦਤਾ ਉਸੇ ਪੜਾਅ ‘ਤੇ ਖੜ੍ਹੀ ਹੈ, ਜਿੱਥੇ ਬਾਕੀ ਅਲਾਮਤਾਂ ਬਾਬਤ ਖੜ੍ਹੀ ਹੈ। ਸਰਕਾਰਾਂ ਨੂੰ ਕੋਸ ਲਵੋ, ਸੋਸ਼ਲ ਮੀਡੀਆ ‘ਤੇ ਰੌਲਾ ਪਾ ਲਵੋ ਜਾਂ ਫਿਰ ਦੋ-ਚਾਰ ਸਾਹਿਤਕ ਰਚਨਾਵਾਂ ਰਚ ਦੇਵੋ ਪਿਛਲੇ ਵਰ੍ਹੇ ਨਸ਼ਿਆਂ ਦੇ ਪਸਾਰੇ ਲਈ ਬਾਦਲਾਂ ਅਤੇ ਮਜੀਠੀਏ ਨੂੰ ਕੋਸ ਲਿਆ ਅਤੇ ਹੁਣ ਕੈਪਟਨ ਨੂੰ ਕਟਹਿਰੇ ਵਿੱਚ ਖੜ੍ਹਾਉਣਾ ਸ਼ੁਰੂ ਕਰ ਦਿੱਤਾ। (Social Symbols)

ਜਰਾ ਸੋਚੋ ਕੀ ਸਮਾਜਿਕ ਸਮੱਸਿਆਵਾਂ ਖਿਲਾਫ ਲੜਨਾ ਸਿਰਫ ਤੇ ਸਿਰਫ ਸਰਕਾਰਾਂ ਦਾ ਫਰਜ਼ ਹੈ। ਹੁਣ ਇੱਥੇ ਇੱਕ ਸਵਾਲ ਇਹ ਪੈਦਾ ਹੋ ਸਕਦਾ ਹੈ ਕਿ ਕੀ ਸਰਕਾਰਾਂ ਸਮਾਜਿਕ ਅਲਾਮਤਾਂ ਦੇ ਪਸਾਰੇ ਦਾ ਕਾਰਨ ਬਣਦੀਆਂ ਹਨ? ਜੇ ਸਰਕਾਰਾਂ ਨੇ ਨਸ਼ਿਆਂ ਦੇ ਪਸਾਰੇ ਪ੍ਰਤੀ ਲੋੜੀਂਦੀ ਗੰਭੀਰਤਾ ਵਿਖਾਈ ਹੁੰਦੀ ਤਾਂ ਸ਼ਾਇਦ ਹਾਲਾਤ ਉਹ ਨਾ ਹੁੰਦੇ ਜੋ ਅੱਜ ਹਨ ਪਰ ਆਪਾਂ ਕੀ ਕੀਤਾ? ਇਹ ਵੀ ਸੋਚਣਾ ਬਣਦਾ ਹੈ ਜੇਕਰ ਆਪਾਂ ਖੁਦ ਨਸ਼ਿਆਂ ਦੇ ਖਿਲਾਫ ਹੁੰਦੇ ਤਾਂ ਨਸ਼ਿਆਂ ਦਾ ਕਾਰੋਬਾਰ ਖੁਦ-ਬ-ਖੁਦ ਫੇਲ੍ਹ ਹੋ ਜਾਂਦਾ ਕੀ ਸਾਰਾ ਕੁਝ ਸਰਕਾਰਾਂ ਹੀ ਕਰਨ? ਉਦਯੋਗਪਤੀਆਂ ਨੇ ਹਵਾ, ਮਿੱਟੀ ਅਤੇ ਪਾਣੀ ਸਭ ਕੁੱਝ ਪ੍ਰਦੂਸ਼ਿਤ ਕਰ ਰੱਖਿਆ ਹੈ ਕੀ ਇਹ ਵਾਤਾਵਰਨ ਸਾਡਾ ਨਹੀਂ ਹੈ? (Social Symbols)

ਅਸਲ ਵਿੱਚ ਸਾਨੂੰ ਨਿੱਜ ਪਿਆਰਾ ਹੋ ਰਿਹਾ ਹੈ ਮੇਰਾ ਭੱਠਾ ਚੱਲਣਾ ਚਾਹੀਦਾ ਹੈ ਆਲੇ-ਦੁਆਲੇ ਰਾਖ ਖਿੱਲਰਦੀ ਹੈ ਤਾਂ ਖਿੱਲਰੀ ਜਾਵੇ ਮੈਨੂੰ ਕੀ? ਹਵਾ ਪਲੀਤ ਹੁੰਦੀ ਹੈ ਤਾਂ ਹੋਈ ਜਾਵੇ ਮੈਨੂੰ ਕੀ? ਮੇਰੀ ਫੈਕਟਰੀ ਦਾ ਵਾਧੂ ਪਾਣੀ ਟਿਕਾਣੇ ਲੱਗਣਾ ਚਾਹੀਦਾ ਹੈ ਇਸ ਨਾਲ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੁੰਦਾ ਹੈ ਅਤੇ ਲੱਖਾਂ ਜੀਵ ਮੌਤ ਦੇ ਮੂੰਹ ਪੈਂਦੇ ਹਨ ਤਾਂ ਪਈ ਜਾਣ ਮੈਨੂੰ ਕੀ? ਕੀ ਅਸੀਂ ਸਾਰਾ ਕੰੰਮ ਡੰਡੇ ਦੇ ਡਰ ਤੋਂ ਹੀ ਕਰਨਾ ਹੈ? ਕਦੇ ਆਪਣਾ ਫਰਜ਼ ਪਛਾਨਣਾ ਹੀ ਨਹੀਂ ਗੱਲਾਂ ਅਸੀਂ ਆਵਾਜ਼ ਪ੍ਰਦੂਸ਼ਣ ਦੀਆਂ ਕਰਦੇ ਹਾਂ ਅਤੇ ਵਿਆਹਾਂ ‘ਤੇ ਸਾਡੀਆਂ ਖੁਸ਼ੀਆਂ ਲਈ ਵੱਜਦਾ ਡੀਜੇ ਪਤਾ ਨਹੀਂ ਕਿੰੰਨੇ ਲੋਕਾਂ ਦੀ ਨੀਂਦ ਹਰਾਮ ਕਰਦਾ ਹੈ।

ਇਹ ਵੀ ਪੜ੍ਹੋ : ਬਰਨਾਲਾ ਵਿੱਚ ਸਰਕਾਰੀ ਦਫਤਰਾਂ ਨੇੜੇ ਲਿਖੇ ਖਾਲਿਸਤਾਨ ਪੱਖੀ ਨਾਅਰੇ

ਜਿਨ੍ਹਾਂ ਮੁਲਕਾਂ ਦੇ ਸਿਸਟਮ ਦੀਆਂ ਅਸੀਂ ਤਾਰੀਫਾਂ ਕਰਦੇ ਨਹੀਂ ਥੱਕਦੇ, ਕਦੇ ਉਹਨਾਂ ਦੇ ਇਸ ਸਿਸਟਮ ਨਿਰਮਾਣ ਪਿਛਲੇ ਯੋਗਦਾਨ ਵੱਲ ਵੀ ਝਾਤੀ ਮਾਰਿਆ ਕਰੋ ਕੀ ਉਹਨਾਂ ਦਾ ਬਿਹਤਰ ਸਿਸਟਮ ਸਿਰਫ ਤੇ ਸਿਰਫ ਸਰਕਾਰਾਂ ਦੀ ਦੇਣ ਹੈ? ਜਾਂ ਫਿਰ ਨਾਗਰਿਕਾਂ ਨੇ ਵੀ ਕੋਈ ਫਰਜ਼ ਨਿਭਾਏ ਹਨ? ਬਿਹਤਰ ਸਿਸਟਮ ਉਸਾਰੀ ਲਈ ਸਰਕਾਰਾਂ ਨਾਲੋਂ ਨਾਗਰਿਕਾਂ ਦਾ ਯੋਗਦਾਨ ਕਿਤੇ ਜ਼ਿਆਦਾ ਮਹੱਤਵਪੂਰਨ ਹੈ। ਗੱਲਾਂ ਅਸੀਂ ਰਾਜਨੀਤਿਕ ਲੋਕਾਂ ਦੇ ਭ੍ਰਿਸ਼ਟਾਚਾਰ ਦੀਆਂ ਕਰਦੇ ਹਾਂ ਅਤੇ ਚੋਣਾਂ ਵੇਲੇ ਦਾਰੂ ਪਿਆਲਾ ਨਾ ਚੱਲੇ ਤਾਂ ਕਹਿਨੇ ਹਾਂ, ਯਾਰ ਚੋਣਾਂ ਦਾ ਸਵਾਦ ਨਹੀਂ ਆਇਆ। ਸੋ ਕਿਸੇ ਵੀ ਸਮਾਜਿਕ ਅਲਾਮਤ ਖਿਲਾਫ ਸਿਰਫ ਤੇ ਸਿਰਫ ਸਰਕਾਰਾਂ ਨੂੰ ਕੋਸਣ ਅਤੇ ਦੂਜਿਆਂ ਵੱਲ ਉਂਗਲੀਆਂ ਕਰਨ ਨਾਲ ਸਾਡੇ ਸਮਾਜ ਨੂੰ ਅਲਾਮਤਾਂ ਤੋਂ ਮੁਕਤੀ ਨਹੀਂ ਮਿਲਣ ਲੱਗੀ। ਲੜਾਈ ਸਾਨੂੰ ਖੁਦ ਤੋਂ ਸ਼ੁਰੂ ਕਰਨੀ ਪਵੇਗੀ। ਜੇਕਰ ਆਪਾਂ ਸਮਾਜ ਨੂੰ ਸੱਚਮੁੱਚ ਨਸ਼ਾ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪ ਨਸ਼ਿਆਂ ਤੋਂ ਦੂਰ ਰਹੀਏ। ਫਿਰ ਆਪਣੇ ਪਰਿਵਾਰ ਨੂੰ ਨਸ਼ਿਆਂ ਤੋਂ ਦੂਰ ਕਰੀਏ।

ਜਦੋਂ ਆਪਾਂ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਸਮੇਤ ਤਮਾਮ ਹੋਰ ਅਲਾਮਤਾਂ ਤੋਂ ਦੂਰ ਕਰ ਲਵਾਂਗੇ ਤਾਂ ਪਰਿਵਾਰਾਂ ਤੋਂ ਮਿਲ ਕੇ ਬਣਿਆ ਸਮਾਜ ਖੁਦ-ਬ-ਖੁਦ ਅਲਾਮਤਾਂ ਤੋਂ ਛੁਟਕਾਰੇ ਵੱਲ ਵਧਣਾ ਸ਼ੁਰੂ ਕਰ ਦੇਵੇਗਾ ਨਹੀਂ ਤਾਂ ਬਾਕੀ ਮੁੱਦਿਆਂ ਵਾਂਗ ਹੀ ਇਹ ਵੀ ਸੋਸ਼ਲ ਮੀਡੀਆ ਅਤੇ ਸਾਹਿਤਕ ਖੇਤਰ ਵਿੱਚ ਧੂੰਮਾਂ ਪਾਉਣ ਤੋਂ ਬਾਅਦ ਕਿਧਰੇ ਅਲੋਪ ਹੋ ਜਾਵੇਗਾ। ਅਸੀਂ ਭੁੱਲ ਜਾਂਵਾਗੇ ਕਿ ਨਸ਼ੇ ਨਾਲ ਵੀ ਨੌਜਵਾਨ ਦੀਆਂ ਮੌਤਾਂ ਹੋਈਆਂ ਸਨ। ਆਓ! ਸਮਾਜਿਕ ਅਲਾਮਤਾਂ ਖਿਲਾਫ ਸੁਹਿਰਦਤਾ ਨਾਲ ਖੁਦ ਤੋਂ ਲੜਾਈ ਸ਼ੁਰੂ ਕਰਦਿਆਂ ਸਮਾਜ ਨੂੰ ਵਿਕਸਤ ਮੁਲਕਾਂ ਦੇ ਹਾਣ ਦਾ ਬਣਾਈਏ।