ਕਾਰਪੋਰੇਸ਼ਨਾਂ ਦੇ ਕੰਮ ਦੀ ਸਹੀ ਵੰਡ ਨਾ ਹੋਣਾ ਬਿਜਲੀ ਸੰਕਟ ਦਾ ਕਾਰਨ

ਕਾਰਪੋਰੇਸ਼ਨਾਂ ਦੇ ਕੰਮ ਦੀ ਸਹੀ ਵੰਡ ਨਾ ਹੋਣਾ ਬਿਜਲੀ ਸੰਕਟ ਦਾ ਕਾਰਨ

ਮੌਜੂਦਾ ਦੌਰ ’ਚ ਇੱਕ ਬਿਜਲੀ ਕਰਮਚਾਰੀ ਜਿਨ੍ਹਾਂ ਹਾਲਾਤਾਂ ’ਚੋਂ ਲੰਘ ਰਿਹਾ ਹੈ, ਦੀ ਅਸਲ ਤਸਵੀਰ ਦੇ ਨਾਲ-ਨਾਲ ਪੰਜਾਬ ਦੇ ਬਿਜਲੀ ਢਾਂਚੇ ਦੀ ਦਿਨੋ-ਦਿਨ ਨਿੱਘਰਦੀ ਜਾ ਰਹੀ ਕਾਰਗੁਜ਼ਾਰੀ ਦੀਆਂ ਅਸਲ ਤਸਵੀਰਾਂ ਅੱਜ ਜੱਗ-ਜਾਹਿਰ ਹੋ ਚੁੱਕੀਆਂ ਹਨ ਸਾਲ ਵੀਹ ਸੌ ਦਸ ਦੌਰਾਨ ਬਿਜਲੀ ਬੋਰਡ ਨੂੰ ਭੰਗ ਕਰਕੇ ਬਿਜਲੀ ਐਕਟ ਵੀਹ ਸੌ ਤਿੰਨ ਨੂੰ ਲਾਗੂ ਕਰਨ ਲਈ ਤਿੰਨ ਵੱਖ-ਵੱਖ ਕੰਪਨੀਆਂ ਬਣਾਈਆਂ ਸਨ ਜਨਰੇਸ਼ਨ, ਬਿਜਲੀ ਪੈਦਾ ਕਰਨ ਵਾਲੀ ਕੰਪਨੀ, ਟਰਾਂਸਮਿਸ਼ਨ ਭਾਵ ਬਿਜਲੀ ਘਰਾਂ ਤੇ ਟਾਵਰ ਲਾਈਨਾਂ ਦੀ ਕੰਪਨੀ ਜਿਸ ਨਾਲ ਬਿਜਲੀ ਨੂੰ ਗਰਿੱਡਾਂ ਰਾਹੀਂ ਕੰਟਰੋਲ ਕਰਕੇ ਦੇਣਾ

ਤੀਸਰੀ ਡਿਸਟ੍ਰੀਬਿਊਸ਼ਨ ਕੰਪਨੀ ਜਿਸ ਰਾਹੀਂ ਘਰਾਂ, ਮੋਟਰਾਂ ਜਾਂ ਫੈਕਟਰੀਆਂ ਤੱਕ ਬਿਜਲੀ ਦੀ ਵੰਡ ਕਰਨਾ ਪਰੰਤੂ ਉਸ ਸਮੇਂ ਦੀ ਸਰਕਾਰ ਵੱਲੋਂ ਪਾਵਰਕੌਮ ਕੋਲ ਇਕੱਲੇ ਡਿਸਟ੍ਰੀਬਿਊਸ਼ਨ ਦੇ ਕੰਮ ਤੋਂ ਇਲਾਵਾ ਜਨਰੇਸ਼ਨ ਦੇ ਨਾਲ-ਨਾਲ ਅੱਠ ਸੌ ਪੰਜਾਹ ਦੇ ਕਰੀਬ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਵੀ ਇਸ ਦੇ ਅਧੀਨ ਰੱਖ ਕੇ ਸਿਰਫ ਦੋ ਕੰਪਨੀਆਂ, ਪਾਵਰਕੌਮ ਤੇ ਟ੍ਰਾਂਸਕੋ ਬਣਾਈਆਂ ਗਈਆਂ ਟ੍ਰਾਂਸਕੋ ਅਧੀਨ ਅੱਜ ਦੋ ਸੌ ਤੋਂ ਵੀ ਘੱਟ ਬਿਜਲੀ ਘਰ ਹਨ ਜਿਸ ਦੀ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਆਪਣੇ ਅਧੀਨ ਬਿਜਲੀ ਘਰਾਂ ਨੂੰ ਚਲਾ ਰਹੀ ਹੈ ਜੇਕਰ ਬਾਕੀ ਦੇ ਸਾਰੇ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟ੍ਰਾਂਸਕੋ ਅਧੀਨ ਕੀਤਾ ਜਾਵੇ ਫਿਰ ਕਿਤੇ ਜਾ ਕੇ ਪੂਰਨ ਰੂਪ ਵਿੱਚ ਇਹ ਕੰਪਨੀ ਸੰਪੂਰਨ ਹੁੰਦੀ ਹੈ।

ਅੱਜ ਦੇ ਮੌਜੂਦਾ ਬਿਜਲੀ ਸੰਕਟ ਦਾ ਕਾਰਨ ਵੀ ਬਿਜਲੀ ਕਾਰਪੋਰੇਸ਼ਨਾਂ ਦੇ ਕੰਮ ਦੀ ਸਹੀ ਵੰਡ ਨਾ ਹੋਣਾ ਹੀ ਹੈ ਪਾਵਰਕੌਮ ਕੋਲ ਤਾਂ ਲੋਕਾਂ ਨੂੰ ਸਪਲਾਈ ਦੀ ਵੰਡ ਵਾਲੇ, ਉਸਦੀ ਸਾਂਭ-ਸੰਭਾਲ ਵਾਲੇ, ਨੁਕਸ ਦੂਰ ਕਰਨ ਵਾਲੇ, ਨਵੇਂ ਘਰੇਲੂ, ਇੰਡਸਟ੍ਰੀ ਤੇ ਖੇਤੀ ਸੈਕਟਰ ਦੇ ਕੁਨੈਕਸ਼ਨਾਂ ਵਾਲੇ, ਬਕਾਇਆ ਖੜ੍ਹੀ ਰਕਮ ਦੀ ਵਸੂਲੀ ਕਰਨ ਵਾਲੇ ਆਦਿ ਅਨੇਕਾਂ ਕੰਮਾਂ ਤੋਂ ਵਿਹਲੇ ਹੋ ਕੇ, ਘੱਟ ਸਟਾਫ ਹੋਣ ਕਾਰਨ ਸਿਰ ਖੁਰਕਣ ਦਾ ਟਾਈਮ ਨਹੀਂ ਹੈ

ਉੱਤੋਂ ਜਨਰੇਸ਼ਨ ਭਾਵ ਬਿਜਲੀ ਪੈਦਾ ਕਰਨ ਵਾਲੇ ਜਾਂ ਪ੍ਰਾਈਵੇਟ ਬਿਜਲੀ ਪੈਦਾ ਕਰਨ ਵਾਲੇ ਪਲਾਂਟਾਂ ਤੋਂ ਬਿਜਲੀ ਦੀ ਮੰਗ ਮੁਤਾਬਿਕ ਬਿਜਲੀ ਖਰੀਦ ਦੇ ਸਮਝੌਤਿਆਂ ਦੇ ਨਾਲ-ਨਾਲ ਛਿਆਹਠ ਕੇਵੀ ਬਿਜਲੀ ਘਰ, ਜੋ ਟ੍ਰਾਂਸਕੋ ਦੀ ਪ੍ਰਾਪਰਟੀ ਹਨ, ਨੂੰ ਧੱਕੇ ਨਾਲ ਆਪਣੇ ਅਧੀਨ ਰੱਖ ਕੇ ਇਨ੍ਹਾਂ ਦੀ ਸਾਂਭ-ਸੰਭਾਲ, ਇਨ੍ਹਾਂ ਨੂੰ ਚਲਾਉਣ ਲਈ ਤਜਰਬੇਕਾਰ ਸਟਾਫ ਭਰਤੀ ਕਰਨਾ, ਇਨ੍ਹਾਂ ਲਈ ਨਵੇਂ ਬ੍ਰੇਕਰਾਂ ਦਾ ਪ੍ਰਬੰਧ ਕਰਨਾ, ਇਨ੍ਹਾਂ ਲਈ ਸਪੇਅਰ ਪਾਰਟਸ ਦਾ ਪ੍ਰਬੰਧ ਕਰਨਾ, ਬਿਜਲੀ ਘਰਾਂ ਵਿੱਚ ਸ਼ਿਫਟ ਡਿਊਟੀ ਸਟਾਫ ਦੀ ਘਾਟ ਹੋਣ ਕਾਰਨ ਲੱਗ ਰਹੇ ਓਵਰਟਾਈਮ ਦੇ ਰੁਪਈਆਂ ਦਾ ਪ੍ਰਬੰਧ ਕਰਨਾ, ਪੂਰੇ ਪੰਜਾਬ ਦੀਆਂ ਛਿਆਹਠ ਕੇਵੀ ਲਾਈਨਾਂ ਦੀ ਸਾਂਭ-ਸੰਭਾਲ ਕਰਨ ਲਈ ਸਟਾਫ ਤੋਂ ਲੈ ਕੇ ਹਰੇਕ ਚੀਜ ਦਾ ਯੋਗ ਪ੍ਰਬੰਧ ਕਰਨਾ ਜੋ ਅੱਜ ਪਾਵਰਕਾਮ ਦੇ ਵੱਸ ਦਾ ਰੋਗ ਨਹੀਂ ਰਹਿ ਗਿਆ

ਇਨ੍ਹਾਂ ਲਾਈਨਾਂ ਦਾ ਤਾਂ ਇੰਨਾ ਬੁਰਾ ਹਾਲ ਹੈ, ਨਿੱਤ ਦਿਹਾੜੇ ਇਨ੍ਹਾਂ ਦੇ ਟਾਵਰ ਮਾੜੀ-ਮੋਟੀ ਮੌਸਮ ਦੀ ਖਰਾਬੀ ਨਾਲ ਕਾਨਿਆਂ ਵਾਂਗ ਡਿੱਗ ਰਹੇ ਹਨ, ਅਤੇ ਚਾਲੂ ਕਰਨ ਲਈ ਸਟਾਫ ਦੀ ਘਾਟ ਕਾਰਨ ਕਈ-ਕਈ ਦਿਨ ਲੱਗ ਜਾਂਦੇ ਹਨ, ਜੋ ਪਾਵਰਕੌਮ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਹਨ ਆਦਿ ਅਨੇਕਾਂ ਇਨ੍ਹਾਂ ਦੋਨਾਂ ਕੰਪਨੀਆਂ ਦੇ ਕੰਮਾਂ ਦੇ ਨਾਲ ਪਾਵਰਕੌਮ ਕਿਵੇਂ ਘੱਟ ਸਟਾਫ ਨਾਲ ਚਾਰੇ ਪੱਲੇ ਪੂਰੇ ਕਰ ਸਕਦੀ ਹੈ?

ਸਾਰੀਆਂ ਭਾਵ ਤਿੰਨਾਂ ਕੰਪਨੀਆਂ ਦੇ ਵੱਡੇ ਬੋਝ ਕਾਰਨ ਪਾਵਰਕੌਮ ਅੱਜ ਆਪਣੇ ਅਸਲ ਨਿਸ਼ਾਨੇ ਤੋਂ ਖੁੰਝ ਕੇ ਅੱਕੀਂ ਪਲਾਹੀਂ ਹੱਥ ਮਾਰਦੀ ਹੋਈ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣ ਦੀ ਬਜਾਏ, ਬਿਜਲੀ ਦੇ ਵੱਡੇ ਕੱਟ ਲਾ ਕੇ ਆਪਣੀ ਸਾਖ ਨੂੰ ਢਾਹ ਲਵਾ ਚੁੱਕੀ ਹੈ ਜਿਸ ਦੇ ਮੁੱਢਲੇ ਕਾਰਨ ਸਭ ਤੋਂ ਪਹਿਲਾਂ ਤਿੰਨੋਂ ਕਾਰਪੋਰੇਸ਼ਨਾਂ ਦੇ ਕੰਮ ਦੀ ਸਹੀ ਵੰਡ ਕਰਕੇ ਸਾਰੇ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਟ੍ਰਾਂਸਕੋ ਨੂੰ ਸੌਂਪਣ ਲਈ ਮਾਣਯੋਗ ਕੈਪਟਨ ਸਾਹਿਬ ਤੁਰੰਤ ਐਕਸ਼ਨ ਲੈਣ ਕਿਉਂਕਿ ਅੱਜ ਛਿਆਹਠ ਕੇਵੀ ਬਿਜਲੀ ਘਰਾਂ ਦਾ ਪੰਜਾਬ ਪੱਧਰ ’ਤੇ ਵੱਖਰਾ ਚੀਫ ਵੀ ਲੱਗ ਚੁੱਕਾ ਹੈ ਇਨ੍ਹਾਂ ਨੂੰ ਟ੍ਰਾਂਸਕੋ ਅਧੀਨ ਕਰਨ ਲਈ ਸਿਰਫ ਇੱਕ ਆਫਿਸ ਆਰਡਰ ਦੀ ਜਰੂਰਤ ਹੈ, ਬਾਕੀ ਸਭ ਕੰਮ ਹੋ ਚੁੱਕਾ ਹੈ।

ਇਸੇ ਤਰ੍ਹਾਂ ਹੀ ਪਾਵਰਕੌਮ ਨੇ ਜਨਰੇਸ਼ਨ ਨੂੰ ਆਪਣੇ ਅਧੀਨ ਧੱਕੇ ਨਾਲ ਰੱਖ ਕੇ ਸਾਡੇ ਬਠਿੰਡਾ ਸਰਕਾਰੀ ਥਰਮਲ ਪਲਾਂਟ ਦਾ ਤਾਂ ਭੋਗ ਹੀ ਪਾ ਦਿੱਤਾ ਹੈ ਜਿਸ ’ਤੇ ਸੱਤ ਸੌ ਪੰਜਾਹ ਕਰੋੜ ਰੁਪਏ ਖਰਚ ਕੇ ਇਸ ਦਾ ਨਵੀਨੀਕਰਨ ਕੀਤਾ ਗਿਆ ਸੀ, ਤੇ ਇਸ ਨੇ ਵੀਹ ਸੌ ਪੱਚੀ ਤੱਕ ਚੱਲਣਾ ਸੀ ਇਸੇ ਤਰ੍ਹਾਂ ਸਸਤੀ ਬਿਜਲੀ ਪੈਦਾ ਕਰਨ ਵਾਲੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ, ਜੋ ਚਾਰ ਸੌ ਵੀਹ ਮੈਗਾਵਾਟ ਬਿਜਲੀ ਪੈਦਾ ਕਰਦੇ ਸਨ, ਨੂੰ ਵੀ ਬੰਦ ਕਰ ਕੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ

ਜਿਸ ਨਾਲ ਸਾਨੂੰ ਅੱਜ ਬਿਜਲੀ ਸੰਕਟ, ਜੋ ਲਗਭਗ ਦੋ ਹਜਾਰ ਮੈਗਾਵਾਟ ਦਾ ਖੱਪਾ ਹੈ, ਨੂੰ ਪੂਰਨ ਲਈ ਇਹ ਦੋਵੇਂ ਥਰਮਲ ਸਹਾਈ ਹੋ ਸਕਦੇ ਸਨ ਇਸ ਤੋਂ ਅਗਲਾ ਵੱਡਾ ਕਾਰਨ ਸਾਡੀਆਂ ਦੋਨੋਂ ਕੰਪਨੀਆਂ ਦੇ ਰੈਗੂਲਰ ਚੇਅਰਮੈਨਾਂ ਦਾ ਨਾ ਹੋਣਾ ਦੋਨੋਂ ਕਾਰਪੋਰੇਸ਼ਨਾਂ ਨੂੰ ਅੱਜ ਰੈਗੂਲਰ ਚੇਅਰਮੈਨ, ਜੋ ਬਿਨਾਂ ਨਾਗਾ ਹੈੱਡ ਆਫਿਸ ਪਟਿਆਲਾ ਵਿਖੇ ਬੈਠਣ ਦੀ ਸਖਤ ਜਰੂਰਤ ਹੈ ਫਿਰ ਵੀ ਪਾਵਰਕੌਮ ਅੱਜ ਇਸ ਸੰਕਟ ਵਿੱਚੋਂ ਬਾਹਰ ਨਿੱਕਲ ਸਕਦੀ ਹੈ,

ਬਸ਼ਰਤੇ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਤੁਰੰਤ ਟ੍ਰਾਂਸਕੋ ਨੂੰ ਸੌਂਪੇ ਰੋਪੜ ਥਰਮਲ ਦੇ ਦੋਨੋਂ ਯੂਨਿਟ ਚਾਲੂ ਕੀਤੇ ਜਾ ਸਕਦੇ ਹਨ, ਨੂੰ ਚਾਲੂ ਕਰੇ ਤੇ ਪੰਜਾਬ ਸਰਕਾਰ ਬਿਜਲੀ ਕਾਰਪੋਰੇਸ਼ਨ ਦੀ ਖੇਤੀ ਸੈਕਟਰ ਵਾਲੀ ਮੁਫਤ ਬਿਜਲੀ ਦੀ ਖੜ੍ਹੀ ਪੂਰੀ ਰਕਮ ਤੁਰੰਤ ਰਿਲੀਜ਼ ਕਰੇ ਫਿਰ ਕਿਤੇ ਜਾ ਕੇ ਇਸ ਸੰਕਟ ਦਾ ਹੱਲ ਨਿੱਕਲਣ ਦੀ ਉਮੀਦ ਹੈ

ਬਿਜਲੀ ਘਰਾਂ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪਾਵਰਕੌਮ ਕੋਲ ਸਮਾਂ ਤੇ ਸਾਧਨ ਦੋਵਾਂ ਦੀ ਘਾਟ ਹੈ ਸਿਰਫ ਕਾਗਜੀ ਕਾਰਵਾਈ ਰਾਹੀਂ ਇਹ ਦਰਸਾਇਆ ਜਾ ਰਿਹਾ ਹੈ ਕਿ, ਪਾਵਰਕੌਮ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ, ਤੇ ਪੋਸਟਾਂ ਖਤਮ ਕਰਕੇ ਇਹ ਪੇਸ਼ ਕਰ ਰਹੀ ਹੈ ਕਿ ਅਸੀਂ ਪੈਸੇ ਦੀ ਬੱਚਤ ਕਰ ਰਹੇ ਹਾਂ ਅਜਿਹਾ ਕਰਕੇ ਇਹ ਵੀ ਦਰਸਾਇਆ ਜਾ ਰਿਹਾ ਹੈ ਕਿ ਬਿਜਲੀ ਘਰਾਂ ਤੋਂ ਪੈ ਰਹੇ ਘਾਟੇ ਕਾਰਨ, ਪਾਵਰਕੌਮ ਘਾਟੇ ਵਿਚ ਜਾ ਰਹੀ ਹੈ।

ਛਿਆਹਠ ਕੇਵੀ ਬਿਜਲੀ ਘਰਾਂ ਨੂੰ ਚਲਾਉਣਾ ਹੁਣ ਪਾਵਰਕੌਮ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਦੇ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਚਲਾਉਣ ਦਾ ਬਹੁਤ ਵੱਡਾ ਬੋਝ ਪਾਵਰਕੌਮ ਦੇ ਮੋਢਿਆਂ ’ਤੇ ਹੈ, ਨਾਲ-ਨਾਲ ਜਨਰੇਸ਼ਨ ਦਾ ਬੋਝ ਵੀ ਅਲੱਗ ਤੋਂ ਹੈ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਆਪਣੇ ਅਧੀਨ ਰੱਖ ਕੇ ਪਾਵਰਕੌਮ ਨੇ ਬੋਝ ਦਾ ਪਹਾੜ ਸਿਰ ’ਤੇ ਚੁੱਕਿਆ ਹੋਇਆ ਹੈ, ਜਿਸ ਕਾਰਨ ਛਿਆਹਠ ਕੇਵੀ ਬਿਜਲੀ ਘਰਾਂ ਨੂੰ ਚਲਾਉਣਾ ਵੱਸੋਂ ਬਾਹਰ ਹੋ ਚੁੱਕਾ ਹੈ

ਅਜਿਹਾ ਪ੍ਰੀ ਪਲਾਨ ਕਲਚਰ ਅਪਣਾ ਕੇ ਮੈਨੇਜਮੈਂਟਾਂ ਅਤੇ ਸਰਕਾਰਾਂ ਨੇ ਪਹਿਲਾਂ ਸਰਕਾਰੀ ਥਰਮਲਾਂ ਨੂੰ ਬੰਦ ਕੀਤਾ, ਤੇ ਫਿਰ ਕੌਡੀਆਂ ਦੇ ਭਾਅ ਕਬਾੜ ਵਿੱਚ ਵੇਚਿਆ ਇੱਥੋਂ ਤੱਕ ਦੇਖਣ ਵਿੱਚ ਆਇਆ ਹੈ ਕਿ ਸਰਕਾਰੀ ਥਰਮਲ ਪਲਾਂਟ ਬਠਿੰਡਾ ਦੀ ਰੈਨੋਵੇਸ਼ਨ ਤੇ ਪਹਿਲਾਂ ਸੱਤ ਸੌ ਪੰਜਾਹ ਕਰੋੜ ਰੁਪਏ ਖਰਚੇ ਗਏ ਨਵੇਂ ਆਏ ਸਾਮਾਨ ਨੂੰ ਵੀ ਥਰਮਲ ਬੰਦ ਕਰਕੇ ਕਬਾੜੀਆਂ ਨੂੰ ਵੇਚ ਦਿੱਤਾ ਗਿਆ ਜਦਕਿ ਉਸ ਨੂੰ ਵੀਹ ਸੌ ਪੱਚੀ ਤੱਕ ਚਲਾ ਕੇ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਸੀ ਉਦੋਂ ਤੱਕ ਪੁਰਾਣਾ ਸਟਾਫ ਵੀ ਰਿਟਾਇਰ ਹੋ ਜਾਣਾ ਸੀ। ਇਸੇ ਤਰਜ ’ਤੇ ਹੁਣ ਬਿਜਲੀ ਘਰਾਂ ਦੀਆਂ ਪੋਸਟਾਂ ਖਤਮ ਕਰਕੇ ਇਨ੍ਹਾਂ ਨੂੰ ਫਿਰ ਦੁਬਾਰਾ ਵੇਚਣ ਦੀਆਂ ਅੰਦਰਖਾਤੇ ਪ੍ਰਪੋਜਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ

ਅਜਿਹੇ ਖਦਸ਼ਿਆਂ ਦਾ ਮੁਲਾਜ਼ਮਾਂ ਦੇ ਮਨਾਂ ਅੰਦਰ ਪੈਦਾ ਹੋਣਾ ਸੁਭਾਵਿਕ ਹੈ। ਪਾਵਰਕੌਮ ਨੂੰ ਘਾਟੇ ਹੋਰ ਚੋਰ-ਮੋਰੀਆਂ ਰਾਹੀਂ ਪੈ ਰਹੇ ਹਨ ਉਨ੍ਹਾਂ ਨੂੰ ਬੰਦ ਕਰਨ ਦੀ ਬਜਾਏ ਬਿਜਲੀ ਘਰਾਂ ਦੀਆਂ ਪੋਸਟਾਂ ਨੂੰ ਵੱਡੀ ਤਾਦਾਦ ਵਿੱਚ ਖ਼ਤਮ ਕਰਕੇ, ਅਸਲ ਜਗ੍ਹਾ ਤੋਂ ਪੈ ਰਹੇ ਘਾਟੇ ਦੀ ਤਸਵੀਰ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ ਜੋ ਛਿਆਹਠ ਕੇਵੀ ਬਿਜਲੀ ਘਰ ਰੀੜ੍ਹ ਦੀ ਹੱਡੀ ਹਨ ਤੇ ਮੁਨਾਫਾ ਕਮਾ ਕੇ ਦੇ ਰਹੇ ਹਨ, ਉਸ ਤਸਵੀਰ ਦਾ ਪੁੱਠਾ ਪਾਸਾ ਪੰਜਾਬ ਵਾਸੀਆਂ ਤੇ ਮਹਿਕਮੇ ਦੇ ਮੁਲਾਜ਼ਮਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਟ੍ਰਾਂਸਕੋ ਦੀ ਮੈਨੇਜ਼ਮੈਂਟ ਵੱਲੋਂ ਤਾਂ ਕਦੇ ਇਹ ਨਹੀਂ ਕਿਹਾ ਗਿਆ ਕਿ ਮੁਲਾਜਮਾਂ ਕਾਰਨ ਮੈਨੂੰ ਘਾਟਾ ਪੈ ਰਿਹਾ ਹੈ ਹੁਣ ਤਾਂ ਸ਼ਰਮੋ-ਸ਼ਰਮੀ ਹੀ ਸੋਹਲੇ ਗਾਏ ਜਾ ਰਹੇ ਹਨ, ਜੋ ਹੋ ਰਿਹਾ ਹੈ ਜਾਂ ਹੋਣ ਜਾ ਰਿਹਾ ਹੈ

ਉਸ ਹਿਸਾਬ ਨਾਲ ਤਾਂ ਆਉਣ ਵਾਲੇ ਸਮੇਂ ਵਿੱਚ ਮੈਨੇਜਮੈਂਟ ਦੇ ਅਹੁਦਿਆਂ ਵਿੱਚ ਵੀ ਛਾਂਟੀ ਤੈਅ ਹੈ ਸਭ ਕੁੱਝ ਪ੍ਰਾਈਵੇਟ ਹੱਥਾਂ ਵਿੱਚ ਚਲਾ ਜਾਵੇਗਾ, ਜਾ ਰਿਹਾ ਹੈ ਕਿਸੇ ਕੋਲ ਵੀ ਰੋਕਣ ਦੀ ਸ਼ਕਤੀ ਨਹੀਂ ਹੈ ਜਿਵੇਂ ਕਿ ਪਿਛਲੇ ਦਿਨੀਂ ਇੱਕ ਗੱਲ ਚਰਚਾ ਦਾ ਵਿਸ਼ਾ ਬਣੀ ਸੀ ਕਿ ਚੀਫ ਇੰਜੀਨੀਅਰ ਪੀ ਅਤੇ ਐਮ ਪੀਐਸਪੀਸੀਐਲ ਜੋਨ ਲੁਧਿਆਣਾ ਦੀ ਨਵੀਂ ਬਣੀ ਪੋਸਟ ਖ਼ਤਮ ਕੀਤੀ ਜਾ ਰਹੀ ਹੈ, ਜੋ ਕਿ ਸੰਭਵ ਹੈ ਅਜਿਹਾ ਹੋ ਸਕਦਾ ਹੈ ਜੇਕਰ ਇਸੇ ਤਰ੍ਹਾਂ ਪੋਸਟਾਂ ਖਤਮ ਕਰਨ ਵੱਲ ਤੁਰਨ ਲੱਗੇ ਤਾਂ ਇੱਕ ਦਿਨ ਮੈਨੇਜਮੈਂਟ ਵੀ ਖਤਮ ਹੋ ਜਾਵੇਗੀ

ਇਸ ਪਬਲਿਕ ਸੈਕਟਰ ਦੇ ਅਦਾਰੇ ਨੂੰ ਮੁਲਾਜ਼ਮਾਂ ਵੱਲੋਂ ਉਸਾਰ ਕੇ ਤਰੱਕੀ ਦੀਆਂ ਲੀਹਾਂ ’ਤੇ ਲਿਆ ਖੜ੍ਹਾ ਕੀਤਾ ਗਿਆ ਸੀ ਇਸ ਨੂੰ ਸੰਭਾਲਣ ਲਈ ਮੈਨ ਪਾਵਰ ਤੇ ਮੈਨੇਜ਼ਮੈਂਟਾਂ ਦੀ ਸਖਤ ਜਰੂਰਤ ਹੈ ਨਾ ਕਿ ਛਾਂਟੀ ਦੀ। ਪਾਵਰਕੌਮ ਦੇ ਬੇਲੋੜੇ ਖਰਚਿਆਂ ਵਿੱਚ ਮਹਿਸੂਸ ਕੀਤਾ ਹੈ ਕਿ ਛਿਆਹਠ ਕੇਵੀ ਲਿੰਕ ਲਾਈਨਾਂ ਧੜਾਧੜ ਵਿਛਾਈਆਂ ਜਾ ਰਹੀਆਂ ਹਨ ਮਦਰ ਸਟੇਸ਼ਨ ਦਾ ਮਸਾਂ ਹੀ ਉਸ ਬਿਜਲੀ ਘਰ ਦੀ ਲੋੜ ਪੂਰੀ ਕਰਦੇ ਹਨ ਓਵਰ ਲੋਡ ਹਨ ਛਿਆਹਠ ਕੇਵੀ ਲਿੰਕ ਲਾਈਨ ਪਾ ਕੇ ਅਸੀਂ ਪਾਵਰਕੌਮ ਨੂੰ ਵਿੱਤੀ ਬੋਝ ਥੱਲੇ ਦੱਬ ਰਹੇ ਹਾਂ ਜਦਕਿ ਪੈਡੀ ਸੀਜਨ ਦੌਰਾਨ ਸਪਲਾਈ ਯਕੀਨੀ ਬਣਾਉਣ ਲਈ ਲਿੰਕ ਲਾਈਨ ਦੀ ਲੋੜ ਨਹੀਂ ਹੈ

ਇਸ ਦੀ ਜਿਊਂਦੀ-ਜਾਗਦੀ ਮਿਸਾਲ ਪਹਿਲਾਂ ਤੇ ਹੁਣ ਐਤਕੀਂ ਪੈਡੀ ਸੀਜਨ ਦੌਰਾਨ ਪੰਜਾਬ ਦੇ ਕਿਸਾਨ ਬਿਜਲੀ ਘਰਾਂ ਦੇ ਗੇਟਾਂ ਮੂਹਰੇ ਅੱਠ ਘੰਟੇ ਸਪਲਾਈ ਯਕੀਨੀ ਬਣਾਉਣ ਲਈ ਧਰਨਿਆਂ ’ਤੇ ਬੈਠੇ ਹਨ
ਸਪਲਾਈ ਤਾਂ ਛੇ ਘੰਟਿਆਂ ਤੋਂ ਵੀ ਘੱਟ ਮਿਲਦੀ ਹੈ ਕਿਉਂਕਿ ਸਾਰਾ ਸਿਸਟਮ ਓਵਰਲੋਡ ਰਹਿੰਦਾ ਹੈ ਫਿਰ ਛਿਆਹਠ ਕੇਵੀ ਲਿੰਕ ਲਾਈਨਾਂ ਤਾਂ ਘਾਟੇ ਦਾ ਕਾਰਨ ਹੀ ਹੋਈਆਂ ਅਜਿਹਾ ਸਭ ਕੁੱਝ ਗ੍ਰਾਊਂਡ ਲੈਵਲ ’ਤੇ ਜਾ ਕੇ ਦੇਖਣ ਤੋਂ ਪਤਾ ਲੱਗਾ ਹੈ ਸਾਡੇ ਸਿਸਟਮ ਨੂੰ ਲਿੰਕ ਲਾਈਨਾਂ ਦਾ ਕੋਈ ਵੱਡਾ ਫਾਇਦਾ ਨਹੀਂ ਹੋਇਆ ਇਹ ਤਾਂ ਉਹ ਗੱਲ ਹੈ ਗੁਆਂਢੀ ਦਾ ਮੂੰਹ ਲਾਲ ਵੇਖ ਕੇ, ਆਪਣਾ ਚਪੇੜਾਂ ਮਾਰ ਕੇ ਲਾਲ ਕੀਤਾ ਜਾ ਰਿਹਾ ਹੈ।
ਕੋਟਕਪੂਰਾ, ਮੋ. 96462-00468
ਇੰਜ. ਜਗਜੀਤ ਸਿੰਘ ਕੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।