ਅੱਤਵਾਦੀ ਹਮਲੇ ‘ਚ ਸ਼ਹੀਦ ਹੋਇਆ ਪਿੰਡ ਰੌਲੀ ਦਾ ਕੁਲਵਿੰਦਰ ਸਿੰਘ 

Kulwinder, Rolly, Terrorist, Attack

ਨਵੰਬਰ ‘ਚ ਹੋਣਾ ਸੀ ਕੁਲਵਿੰਦਰ ਸਿੰਘ ਦਾ ਵਿਆਹ

ਰੋਪੜ (ਸੁਖਜੀਤ ਮਾਨ) | ਜ਼ਿਲ੍ਹੇ ਦੇ ਪਿੰਡ ਰੌਲੀ ‘ਚ ਅੱਜ ਕੰਧਾਂ ਵੀ ਰੋਈਆਂ ਹਨ ਪਿੰਡ ਦੇ ਹਰ ਵਸਨੀਕ ਦੀ ਅੱਖ ‘ਚੋਂ ਹੰਝੂ ਕਿਰੇ ਪਿੰਡ ਦਾ ਨੌਜਵਾਨ ਕੁਲਵਿੰਦਰ ਸਿੰਘ ਸਰਹੱਦਾਂ ਦੀ ਰਾਖੀ ਕਰਦਾ ਸੀ ਤਾਂ ਸਾਰਾ ਦੇਸ਼ ਚੈਨ ਦੀ ਨੀਂਦ ਸੌਂਦਾ ਸੀ ਬੀਤੇ ਦਿਨੀਂ ਅੱਤਵਾਦੀ ਹਮਲੇ ‘ਚ ਸ਼ਹਾਦਤ ਪਾ ਕੇ ਕੁਲਵਿੰਦਰ ਸਿੰਘ ਸਦਾ ਦੀ ਨੀਂਦ ਸੌਂ ਗਿਆ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਤੋਂ ਪੁੱਤ ਦੀ ਮੌਤ ਦਾ ਦਰਦ ਝੱਲਿਆ ਨਹੀਂ ਜਾ ਰਿਹਾ ਦਰਸ਼ਨ ਸਿੰਘ ਨੂੰ ਆਪਣੇ ਜਵਾਨ ਪੁੱਤ ਦੀ ਇਸ ਸ਼ਹਾਦਤ ‘ਤੇ ਮਾਣ ਵੀ ਹੈ ਤੇ ਆਪਣੇ ਬੁਢਾਪੇ ਦਾ ਫਿਕਰ ਵੀ
ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦਾ ਜਨਮ 24 ਦਸੰਬਰ 1992 ਨੂੰ ਹੋਇਆ ਸੀ ਤੇ ਸਾਲ 2014 ‘ਚ ਫੌਜ ‘ਚ ਭਰਤੀ ਹੋਇਆ ਸੀ ਉਸਨੇ ਆਪਣੇ ਪੁੱਤਰ ਨਾਲ ਆਖਰੀ ਗੱਲ ਫੋਨ ‘ਤੇ 12 ਫਰਵਰੀ ਨੂੰ ਕੀਤੀ ਸੀ ਸ਼ਹਾਦਤ ਦੀ ਜਾਣਕਾਰੀ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਦੱਸਿਆ ਕਿ ਕੱਲ੍ਹ ਕੁਲਵਿੰਦਰ ਸਿੰਘ ਦੀ ਯੂਨਿਟ ‘ਚੋਂ ਫੋਨ ਆਇਆ ਸੀ ਪਰ ਉਨ੍ਹਾਂ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ ਇਸ ਮਗਰੋਂ ਫੋਨ ‘ਤੇ ਆਈ ਸ਼ਹੀਦਾਂ ਦੀ ਸੂਚੀ ‘ਚੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸਦਾ ਪੁੱਤਰ ਵੀ ਸ਼ਹਾਦਤ ਪ੍ਰਾਪਤ ਕਰ ਗਿਆ ਉਹ 10 ਫਰਵਰੀ ਨੂੰ ਹੀ 10 ਦਿਨ ਦੀ ਛੁੱਟੀ ਕੱਟ ਕੇ ਵਾਪਿਸ ਡਿਊਟੀ ‘ਤੇ ਪਰਤਿਆ ਸੀ ਇਸੇ ਛੁੱਟੀ ਦੌਰਾਨ ਹੀ ਉਸਨੇ ਆਪਣੀ ਸ਼ਾਦੀ ਦੀ ਤਾਰੀਖ 8 ਨਵੰਬਰ ਤੈਅ ਕੀਤੀ ਸੀ ਨਮ ਅੱਖਾਂ ਨਾਲ ਦਰਸ਼ਨ ਸਿੰਘ ਨੇ ਆਖਿਆ ਕਿ ‘ਉਹ ਹੁਣ ਖਾਲੀ ਝੋਲੀ ਰਹਿ ਗਿਆ ਹੈ ਤੇ ਲੁੱਟਿਆ ਗਿਆ ਉਹ ‘ਕੱਲਾ ਹੀ ਸਾਡਾ ਸਹਾਰਾ ਸੀ’ ਜਵਾਨ ਪੁੱਤ ਦੇ ਜਾਣ ਦੇ ਸਦਮੇ ‘ਚੋਂ ਆਪਣੇ ਆਪ ਨੂੰ ਥੋੜ੍ਹਾ ਸੰਭਾਲਦਿਆਂ ਬਿਰਧ ਦਰਸ਼ਨ ਸਿੰਘ ਨੇ ਇਹ ਵੀ ਆਖਿਆ ਕਿ ਉਸਨੂੰ ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਫਖਰ ਹੈ ਕਿਉਂਕਿ ਉਹ ਮਰਿਆ ਨਹੀਂ ਸ਼ਹੀਦ ਹੋਇਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੁਣ ਹੀ ਨਵਾਂ ਮਕਾਨ ਬਣਾਇਆ ਹੈ ਪਰ ਉਸਦੇ ਪੁੱਤ ਨੂੰ ਇਸ ‘ਚ ਵਸਣਾ ਨਹੀਂ ਮਿਲਿਆ
ਪਤਾ ਲੱਗਿਆ ਹੈ ਕਿ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਇੱਕ ਟਰੱਕ ਡਰਾਈਵਰ ਸਨ ਜਦੋਂਕਿ ਮਾਂ ਬਿਮਾਰ ਰਹਿੰਦੀ ਹੈ ਦਰਸ਼ਨ ਸਿੰਘ ਨੇ ਆਪਣੇ ਪੁੱਤਰ ਦੇ ਫੌਜ ‘ਚ ਭਰਤੀ ਹੋਣ ਮਗਰੋਂ ਡਰਾਇਵਰੀ ਛੱਡ ਦਿੱਤੀ ਸੀ ਸ਼ਹੀਦ ਕੁਲਵਿੰਦਰ ਸਿੰਘ ਦੇ ਕੋਈ ਭੈਣ ਵੀ ਨਹੀਂ ਸੀ ਇਸ ਲਈ ਉਹ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਪਰ ਇਸ ਅੱਤਵਾਦੀ ਹਮਲੇ ਨੇ ਮਾਪਿਆਂ ਤੋਂ ਉਹ ਵੀ ਖੋਹ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।