ਭਾਰਤੀ ਫੌਜਾਂ ਸੁਰੱਖਿਆ ਲਈ ਵਚਨਬੱਧ : ਕੋਵਿੰਦ

Indian, Troops, Committed, Security, Kovind

ਰਾਸ਼ਟਰਪਤੀ ਵੱਲੋਂ ਹਵਾਈ ਫੌਜ ਦੀ 51 ਸੁਕੈਡਰਨ ਤੇ 230 ਸਿਗਨਲ ਯੂਨਿਟ ਨੂੰ ਲੜੀਵਾਰ ‘ਰਾਸ਼ਟਰਪਤੀ ਸਟੈਂਡਰਡ’ ਤੇ ‘ਰਾਸ਼ਟਰਪਤੀ ਕਲਰ’ ਸਨਮਾਨ ਪ੍ਰਦਾਨ

ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਦ੍ਰਿੜਤਾ ਨਾਲ ਕਿਹਾ ਹੈ ਕਿ ਭਾਰਤੀ ਫੌਜਾਂ ਦੇਸ਼ ਦੀ ਪ੍ਰਭੂਸੱਤਾ ਦੀ ਸੁਰੱਖਿਆ ਕਰਨ ਲਈ ਵਚਨਬੱਧ ਹਨ। ਜੇਕਰ ਦੇਸ਼ ਨੂੰ ਕੋਈ ਵੀ ਖ਼ਤਰਾ ਦਰਪੇਸ਼ ਆਉਂਦਾ ਹੈ ਤਾਂ ਉਸ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਫੌਜਾਂ ਪੂਰੀ ਤਰ੍ਹਾਂ ਸਮਰੱਥ ਹਨ। ਉਹ ਅੱਜ ਸਥਾਨਕ ਏਅਰ ਫੋਰਸ ਸਟੇਸ਼ਨ ਵਿਖੇ ਹਵਾਈ ਫੌਜ ਦੀ 51 ਸੁਕੈਡਰਨ ਅਤੇ 230 ਸਿਗਨਲ ਯੂਨਿਟ ਨੂੰ ਕਰਮਵਾਰ ‘ਰਾਸ਼ਟਰਪਤੀ ਸਟੈਂਡਰਡ’ ਅਤੇ ‘ਰਾਸ਼ਟਰਪਤੀ ਕਲਰ’ ਸਨਮਾਨ (ਨਿਸ਼ਾਨ) ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।

ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤੀ ਫੌਜਾਂ ਖਾਸ ਕਰਕੇ ਹਵਾਈ ਫੌਜ ਦਾ ਇਤਿਹਾਸ ਬਹੁਤ ਹੀ ਗੌਰਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਭਾਰਤ, ਜਿੱਥੇ ਇੱਕ ਪਾਸੇ ਵਿਸ਼ਵ ਦੀ ਆਰਥਿਕ ਮਹਾਂ ਸ਼ਕਤੀ ਬਣ ਕੇ ਉਭਰ ਰਿਹਾ ਹੈ, ਉਥੇ ਹੀ ਵਿਸ਼ਵ ਵਿੱਚ ਸ਼ਾਂਤੀ ਦੀ ਬਹਾਲੀ ਦਾ ਵੀ ਹਾਮੀ ਹੈ। ਪਰ ਜੇਕਰ ਦੇਸ਼ ਨੂੰ ਕੋਈ ਵੀ ਖ਼ਤਰਾ ਦਰਪੇਸ਼ ਆਉਂਦਾ ਹੈ ਤਾਂ ਉਸ ਦਾ ਮੁਕਾਬਲਾ ਕਰਨ ਲਈ ਦੇਸ਼ ਦੀਆਂ ਫੌਜਾਂ ਪੂਰੀ ਤਰ੍ਹਾਂ ਸਮਰੱਥ ਅਤੇ ਹਰ ਸਮੇਂ ਤਿਆਰ-ਬਰ-ਤਿਆਰ ਹਨ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਸੁਰੱਖਿਆ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ : NEET Exam Results : ਮਲੇਰਕੋਟਲਾ ਦੀ ਪਰਾਂਜਲ ਨੀਟ ਦੀ ਪ੍ਰੀਖਿਆ ਵਿਚੋਂ ਦੇਸ਼ ‘ਚੋਂ ਚੌਥੇ ਸਥਾਨ ‘ਤੇ, ਪੰਜ…

ਇਸ ਮੌਕੇ ਉਨ੍ਹਾਂ ਨੇ 51 ਸੁਕੈਡਰਨ ਅਤੇ 230 ਸਿਗਨਲ ਯੂਨਿਟ ਦੇ ਲਾਮਿਸਾਲ ਕਾਰਗੁਜ਼ਾਰੀ ਵਾਲੇ ਇਤਿਹਾਸ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ 1950 ਵਿੱਚ ਰਾਏਕੋਟ ਨੇੜੇ ਸਥਾਪਤ ਕੀਤੇ ਗਏ ਹਵਾਈ ਅੱਡਾ ਹਲਵਾਰਾ ਦੀ ਕਾਰਗੁਜ਼ਾਰੀ ਦੀ ਵੀ ਪ੍ਰਸ਼ੰਸ਼ਾ ਕਰਦਿਆਂ ਦੱਸਿਆ ਕਿ ਸਾਲ 1965 ਅਤੇ 1971 ਦੀਆਂ ਲੜਾਈਆਂ ਵਿੱਚ ਇਸ ਹਵਾਈ ਅੱਡੇ ਅਤੇ ਇਥੇ ਬੈਠੀਆਂ ਫੌਜਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਸੀ। ਇਸ ਮੌਕੇ ਉਨ੍ਹਾਂ ਸਨਮਾਨਿਤ ਕੀਤੀਆਂ ਗਈਆਂ ਦੋਵੇਂ ਯੂਨਿਟਾਂ ਬਾਰੇ ਇੱਕ ਕਿਤਾਬਚਾ ਵੀ ਰਿਲੀਜ਼ ਕੀਤਾ। ਸਮਾਗਮ ਦੌਰਾਨ ਹਵਾਈ ਫੌਜ ਦੀ ‘ਏਅਰ ਫੋਰਸ ਏਅਰ ਵਾਰੀਅਰਜ਼ ਡਰਿੱਲ ਟੀਮ’ ਅਤੇ ਸੁਖੋਈ ਸਮੇਤ ਵੱਖ-ਵੱਖ ਲੜਾਕੂ ਜਹਾਜ਼ਾਂ ਨੇ ਹੈਰਤਅੰਗੇਜ਼ ਹਵਾਈ ਕਰਤੱਬ ਦਿਖਾਏ।

ਸਮਾਗਮ ਉਪਰੰਤ ਹਵਾਈ ਫੌਜ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਭਾਰਤੀ ਹਵਾਈ ਫੌਜ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ, ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਫੌਜ ਡੋਕਲਾਮ ਸਮੇਤ ਕਿਸੇ ਵੀ ਖਿੱਤੇ ਵਿੱਚ ਚੀਨ ਦੇ ਮੁਕਾਬਲੇ ਜਿਆਦਾ ਮਜ਼ਬੂਤ ਸਥਿਤੀ ਵਿੱਚ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਚੀਨ ਦੇ ਫੌਜੀ ਹਵਾਈ ਉਪਕਰਨ ਭਾਰਤੀ ਰਾਡਾਰ ਸਿਸਟਮ ਦੀ ਪਹੁੰਚ ਤੋਂ ਬਾਹਰ ਹਨ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ਵਿੱਚ ਭਾਰਤੀ ਹਵਾਈ ਫੌਜ ਨੂੰ ਕੋਈ ‘ਸਰਜੀਕਲ ਸਟਰਾਈਕ’ ਕਰਨ ਬਾਰੇ ਕਿਹਾ ਜਾਂਦਾ ਹੈ ਤਾਂ ਉਹ ਇਸ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਨੂੰ ਹੋਰ ਮਜ਼ਬੂਤ ਕਰਨ ਲਈ ਜਿੱਥੇ 40 ਰਾਫੇਲ ਜਹਾਜ਼ਾਂ ਦੀ ਖਰੀਦ ਕੀਤੀ ਜਾ ਰਹੀ ਹੈ, ਉਥੇ ਹੀ ਹੋਰ ਸਾਜੋ ਸਮਾਨ ਵੀ ਉੱਚ ਤਕਨੀਕ ਨਾਲ ਲੈੱਸ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਆਈ ਅਪਡੇਟ, ਪਿੰਡਾ ਲੂੰਹਦੀ ਗਰਮੀ ਕਰੇਗੀ ਪ੍ਰੇਸ਼ਾਨ

ਇਸ ਤੋਂ ਪਹਿਲਾਂ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਪਹੁੰਚਣ ‘ਤੇ ਰਾਸ਼ਟਰਪਤੀ ਸ੍ਰੀ ਕੋਵਿੰਦ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਵਾਈ ਫੌਜ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਬੀਰੇਂਦਰ ਸਿੰਘ ਧਨੋਆ, ਹਵਾਈ ਫੌਜ ਦੇ ਪੱਛਮੀ ਕਮਾਨ ਦੇ ਮੁਖੀ ਏਅਰ ਮਾਰਸ਼ਲ ਕੈਪਟਨ ਹਰੀ ਕੁਮਾਰ, ਵਿਧਾਇਕ ਰਾਏਕੋਟ ਜਗਤਾਰ ਸਿੰਘ ਹਿੱਸੋਵਾਲ, ਡਵੀਜ਼ਨਲ ਕਮਿਸ਼ਨਰ ਵੀ. ਕੇ. ਮੀਨਾ, ਆਈ. ਜੀ. ਸ੍ਰੀ ਅਰਪਿਤ ਸ਼ੁਕਲਾ, ਡੀ. ਆਈ. ਜੀ. ਲੁਧਿਆਣਾ ਰੇਂਜ ਜੀ. ਐੱਸ. ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।