ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਲੱਖਾਂ ਦੀ ਗਿਣਤੀ ’ਚ ਬਾਰਦਾਨਾ ਥੁੜਿਆ, ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ

ਪਟਿਆਲਾ ਦੀ ਅਨਾਜ ਮੰਡੀ ’ਚ ਹੀ 4 ਲੱਖ ਬੈਗ ਦੀ ਘਾਟ, ਜ਼ਿਲ੍ਹੇ ਅੰਦਰ 40 ਫੀਸਦੀ ਬਾਰਦਾਨੇ ਦੀ ਘਾਟ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਅੰਦਰ ਬਾਰਦਾਨੇ ਦੀ ਘਾਟ ਸਬੰਧੀ ਕਿਸਾਨਾਂ ਅਤੇ ਆੜਤੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਬਾਰਦਾਨੇ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਕਾਰਨ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਕਿਸਾਨ ਕਈ-ਕਈ ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ, ਪਰ ਬਾਰਦਾਨੇ ਦੀ ਘਾਟ ਅੜਿੱਕਾ ਬਣੀ ਹੋਈ ਹੈ। ਐਫਸੀਆਈ ਦੇ ਅਧੀਨ ਮੰਡੀਆਂ ਦੀ ਸਥਿਤੀ ਇਹ ਹੈ ਕਿ ਇੱਥੇ ਖਰੀਦ ਹੀ ਮਸਾ ਸ਼ੁਰੂ ਹੋ ਰਹੀ ਹੈ। ਉਂਜ ਸਰਕਾਰੀ ਤੌਰ ’ਤੇ ਮੰਡੀਆਂ ਦੇ ਚੰਗੇ ਪ੍ਰਬੰਧਾਂ ਦੀ ਵਿਆਖਿਆ ਕੀਤੀ ਜਾ ਰਹੀ ਹੈ, ਪਰ ਜ਼ਮੀਨੀ ਹਕੀਕਤ ਇਸ ਤੋਂ ਪਰੇ ਦੀ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਵੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 25,492 ਮੀਟਰਕ ਟਨ ਕਣਕ ਦੀ ਅਜੇ ਖਰੀਦ ਨਹੀਂ ਹੋਈ। ਪਟਿਆਲਾ, ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਆਦਿ ਥਾਵਾਂ ’ਤੇ ਮਸਾਂ 50 ਤੋਂ 60 ਫੀਸਦੀ ਹੀ ਬਾਰਦਾਨਾ ਪੁੱਜਿਆ ਹੈ, ਜਦਕਿ ਖੇਤਾਂ ਵਿੱਚ ਕਣਕ ਸਾਰੀ ਵੱਢ ਕੇ ਮੰਡੀਆਂ ਵਿੱਚ ਪੁੱਜ ਚੁੱਕੀ ਹੈ। ਇਕੱਲੇ ਪਟਿਆਲਾ ਦੀ ਅਨਾਜ ਮੰਡੀ ਵਿੱਚ ਹੀ 4 ਲੱਖ ਥੈਲੇ ਦੀ ਘਾਟ ਪਾਈ ਜਾ ਰਹੀ ਹੈ, ਜਦਕਿ ਇੱਥੇ ਸਾਢੇ ਪੰਜ ਲੱਖ ਥੈਲਾ ਹੀ ਪੁੱਜਿਆ ਹੈ। ਇੱਥੇ ਬਾਰਦਾਨੇ ਦੀਆਂ 300 ਗੱਠਾਂ ਦੀ ਰੋਜਾਨਾ ਜ਼ਰੂਰਤ ਹੈ, ਪਰ ਪੁੱਜ 50-60 ਦੇ ਕਰੀਬ ਹੀ ਰਹੀਆਂ ਹਨ। ਜਿਹੜੇ ਕਿਸਾਨਾਂ ਵੱਲੋਂ ਚਾਰ ਪੰਜ ਦਿਨਾਂ ਤੋਂ ਆਪਣੀ ਕਣਕ ਮੰਡੀ ਵਿੱਚ ਲਿਆਂਦੀ ਗਈ ਹੈ, ਉਨ੍ਹਾਂ ਨੂੰ ਅਜੇ ਬਾਰਦਾਨੇ ਦੀ ਉਡੀਕ ਕਰਨੀ ਪੈ ਰਹੀ ਹੈ।

ਇਸੇ ਤਰ੍ਹਾਂ ਵੱਡੀ ਅਨਾਜ ਮੰਡੀ ਰਾਜਪੁਰਾ ਵਿਖੇ ਵੀ ਬਾਰਦਾਨੇ ਦੀ ਵੱਡੀ ਘਾਟ ਹੈ। ਇੱਥੇ ਰੋਜਾਨਾ 300 ਤੋਂ ਵਧੇਰੇ ਬਾਰਦਾਨੇ ਦੀਆਂ ਗੱਠਾਂ ਦੀ ਦਰਕਾਰ ਹੈ, ਪਰ ਮਸਾਂ 8-10 ਗੱਠਾਂ ਹੀ ਪੁੱਜ ਰਹੀਆਂ ਹਨ। ਇਸ ਅਨਾਜ ਮੰਡੀ ਵਿੱਚ ਖੁਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸੂ ਵੱਲੋਂ ਪੁੱਜ ਕੇ ਬੋਲੀ ਸ਼ੁਰੂ ਕਰਵਾਈ ਸੀ ਅਤੇ ਕਿਸੇ ਵੀ ਘਾਟ ਨਾ ਹੋਣ ਦੇ ਬਿਆਨ ਦਾਗੇ ਗਏ ਸਨ। ਆੜਤੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਬਾਰਦਾਨੇ ਦੀ ਘਾਟ ਕਾਰਨ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਰੁਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਰਦਾਨਾਂ ਹੀ ਨਹੀਂ ਮਿਲ ਰਿਹਾ ਤਾ ਕਣਕ ਦੀ ਭਰਾਈ ਕਿਸ ਤਰ੍ਹਾਂ ਹੋ ਸਕਦੀ ਹੈ।

ਇਸੇ ਤਰ੍ਹਾਂ ਹੀ ਸਮਾਣਾ ਦੀ ਅਨਾਜ ਵਿੱਚ ਹੀ 60 ਫੀਸਦੀ ਬਾਦਰਾਨਾ ਪੁੱਜਿਆ ਹੈ, ਜੋਂ ਕਿ ਭਰਿਆ ਜਾ ਚੁੱਕਾ ਹੈ। ਇੱਥੇ ਵੀ 40 ਫੀਸਦੀ ਬਾਰਦਾਨੇ ਦੀ ਘਾਟ ਹੈ ਅਤੇ ਕਿਸਾਨ ਆਪਣੀ ਜਿਨਸ ਵਿਕਣ ਲਈ ਸਰਕਾਰਾਂ ਦੇ ਪ੍ਰਬੰਧਾਂ ਵੱਲ ਤੱਕ ਰਿਹਾ ਹੈ। ਸਮਾਣਾ ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਬਾਂਸਲ ਨੇ ਮੰਨਿਆ ਕਿ ਜੋਂ ਬਾਰਦਾਨਾ ਆਇਆ ਸੀ , ਉਹ ਭਰਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਛੇ ਦਿਨਾਂ ’ਚ ਹੀ ਸਾਰੀ ਕਦਕ ਮੰਡੀਆਂ ਵਿੱਚ ਪੁੱਜ ਗਈ, ਜਦਕਿ ਬਾਰਦਾਨਾਂ ਪੂਰਾ ਨਹੀਂ ਪੁੱਜਿਆ। ਇਸੇ ਤਰ੍ਹਾਂ ਹੀ ਨਾਭਾ, ਪਾਤੜਾ, ਸਨੌਰ, ਆਦਿ ਅਨਾਜ ਮੰਡੀਆਂ ਵਿੱਚ ਵੀ ਬਾਰਦਾਨੇ ਦੀ ਵੱਡੀ ਘਾਟ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ।

ਅਗਲੇ ਦਿਨਾਂ ’ਚ ਘਾਟ ਹੋ ਜਾਵੇਗੀ ਪੂਰੀ-ਐਚ.ਐਸ. ਬਰਾੜ

ਬਾਰਦਾਨੇ ਦੀ ਘਾਟ ਸਬੰਧੀ ਜਦੋਂ ਡੀਐਫਐਸਸੀ ਐਚ ਐਸ ਬਰਾੜ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਪਹਿਲਾਂ ਬਾਰਦਾਨੇ ਦੀ ਘਾਟ ਚੱਲ ਰਹੀ ਸੀ, ਪਰ ਹੁਣ ਸਰਕਾਰ ਵੱਲੋਂ ਆੜ੍ਹੜੀਆਂ ਨੂੰ ਪੁਰਾਣੇ ਬਾਰਦਾਨੇ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਇਹ ਸਮੱਸਿਆ ਕੱਲ੍ਹ ਤੋਂ ਬਾਅਦ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਆਈ ਕਿਸਾਨਾਂ ਦੀ ਸਾਰੀ ਕਣਕ ਖਰੀਦ ਕੀਤੀ ਜਾਵੇਗੀ।

ਕਿਸਾਨ ਘਰਾਂ ’ਚ ਕਣਕ ਰੱਖਣ ਨੂੰ ਮਜ਼ਬੂਰ

ਇੱਧਰ ਕਿਸਾਨ ਗਮਦੂਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਖੱਜਲ ਖੁਆਰੀ ਨੂੰ ਦੇਖਦਿਆਂ ਅਜੇ ਉਨ੍ਹਾਂ ਵੱਲੋਂ ਆਪਣੀ ਕਣਕ ਘਰਾਂ ਵਿੱਚ ਹੀ ਰੱਖੀ ਹੋਈ ਹੈ। ਜਦੋਂ ਬਾਰਦਾਨੇ ਦੀ ਦਿੱਕਤ ਦੂਰ ਹੋ ਗਈ, ਉਸ ਤੋਂ ਬਾਅਦ ਮੰਡੀਆਂ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਕਈ ਹੋਰ ਕਿਸਾਨਾਂ ਵੱਲੋਂ ਵੀ ਆਪਣੀਆਂ ਟਰਾਲੀਆਂ ਭਰ ਕੇ ਘਰਾਂ ਵਿੱਚ ਹੀ ਖੜ੍ਹੀਆਂ ਕੀਤੀਆਂ ਹੋਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।