ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਛੱਡੀ ਕਿਸਾਨਾਂ ਦੀ ਬਾਂਹ

Verka, Feuds, Nothing, Except, Farmers, Arms

20 ਲੱਖ ਲੀਟਰ ਦੁੱਧ ਚੁੱਕਣ ਤੋਂ ਕੀਤਾ ਇਨਕਾਰ

  • ਰੋਜ਼ਾਨਾ ਹੋ ਰਿਹਾ ਐ ਕਿਸਾਨਾਂ ਦਾ 50 ਕਰੋੜ ਰੁਪਏ ਦਾ ਨੁਕਸਾਨ
  • ਵੇਰਕਾ ਦੇ 9 ਮਿਲਕ ਪਲਾਟਾਂ ਦੀ ਠੱਪ ਹੋਈ ਸਪਲਾਈ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸਾਨ ਯੂਨੀਅਨਾਂ ਦੇ ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ ਬਾਂਹ ਛੱਡ ਦਿੱਤੀ ਹੈ, ਜਿਨ੍ਹਾਂ ਕਿਸਾਨਾਂ ਦੇ ਸਿਰ ‘ਤੇ ਵੇਰਕਾ ਦੇ ਮੁਲਾਜ਼ਮਾਂ ਤੋਂ ਲੈ ਕੇ ਅਧਿਕਾਰੀਆਂ ਤੱਕ ਦੇ ਘਰ ਦਾ ਚੁੱਲ੍ਹਾ ਚਲਦਾ ਹੈ। ਵੇਰਕਾ ਵੱਲੋਂ ਬਾਂਹ ਛੱਡਣ ਤੋਂ ਬਾਅਦ ਅਧਿਕਾਰੀਆਂ ਦੇ ਘਰਾਂ ਦਾ ਚੁੱਲ੍ਹਾ ਤਾਂ ਇੰਜ ਹੀ ਚਲਦਾ ਰਹੇਗਾ ਪਰ ਕਿਸਾਨਾਂ ਦੇ ਘਰ ਦਾ ਚੁੱਲ੍ਹਾ ਠੰਢਾ ਪੈਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਰੋਜ਼ਾਨਾ 50 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਕੋਈ ਵੀ ਨਹੀਂ ਕਰੇਗਾ।

ਜਾਣਕਾਰੀ ਅਨੁਸਾਰ ਪੰਜਾਬ ‘ਚ ਵੇਰਕਾ ਵੱਲੋਂ 9 ਮਿਲਕ ਪਲਾਂਟ ਚਲਾਏ ਜਾ ਰਹੇ ਹਨ, ਜਿਨ੍ਹਾਂ ‘ਚ 7 ਹਜ਼ਾਰ ਤੋਂ ਜ਼ਿਆਦਾ ਪਿੰਡਾਂ ‘ਚੋਂ 4 ਲੱਖ ਦੇ ਕਰੀਬ ਦੁੱਧ ਦਾ ਕਾਰੋਬਾਰ ਕਰਨ ਵਾਲੇ ਕਿਸਾਨ ਰੋਜ਼ਾਨਾ 19 ਲੱਖ 75 ਹਜ਼ਾਰ ਲੀਟਰ ਦੁੱਧ ਦੀ ਸਪਲਾਈ ਦੇ ਰਹੇ ਹਨ। ਵੱਖ-ਵੱਖ ਵੇਰਕਾ ਮਿਲਕ ਪਲਾਂਟ ਵੱਲੋਂ ਆਪਣੇ ਆਪਣੇ ਇਲਾਕੇ ਦੇ ਪਿੰਡਾਂ ‘ਚੋਂ ਦੁੱਧ ਇਕੱਠਾ ਕਰਨ ਵਾਲੀਆਂ ਸੁਸਾਇਟੀਆਂ ਤੋਂ ਕੈਂਟਰਾਂ ‘ਚ ਭਰ ਕੇ ਦੁੱਧ ਮਿਲਕ ਪਲਾਂਟ ਵਿਖੇ ਲਿਆਇਆ ਜਾਂਦਾ ਹੈ, ਜਿੱਥੇ ਕਿ ਇਸ 19 ਲੱਖ 75 ਹਜ਼ਾਰ ਲੀਟਰ ਦੁੱਧ ‘ਚੋਂ ਲਗਭਗ 13 ਲੱਖ ਲੀਟਰ ਦੁੱਧ ਦੀ ਪੈਕੇਟਾਂ ਰਾਹੀਂ ਸਪਲਾਈ ਕਰ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਰਹਿੰਦੇ ਦੁੱਧ ਰਾਹੀਂ ਮੱਖਣ, ਕ੍ਰੀਮ, ਦਹੀਂ, ਪਨੀਰ ਤੇ ਲੱਸੀ ਸਣੇ ਹੋਰ ਸਮਾਨ ਤਿਆਰ ਕੀਤਾ ਜਾਂਦਾ ਹੈ।

ਦੇਸ਼ ਭਰ ‘ਚ ਕਿਸਾਨ ਜਥੇਬੰਦੀਆਂ ਵੱਲੋਂ ਦੁੱਧ ਤੇ ਸਬਜ਼ੀ ਦੀ ਸਪਲਾਈ ਨੂੰ ਠੱਪ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ‘ਚ ਡੇਅਰੀ ਦਾ ਕੰਮ ਕਰਨ ਵਾਲੇ ਕਿਸਾਨ ਤਾਂ ਡਰੇ ਨਹੀਂ ਹਨ ਪਰ ਇਨ੍ਹਾਂ ਕਿਸਾਨਾਂ ਤੋਂ ਦੁੱਧ ਦੀ ਸਪਲਾਈ ਲੈਣ ਵਾਲਾ ਵੇਰਕਾ ਕਾਫ਼ੀ ਜ਼ਿਆਦਾ ਡਰ ਗਿਆ ਹੈ। ਜਿਸ ਕਾਰਨ ਵੇਰਕਾ ਮਿਲਕ ਪਲਾਂਟਾਂ ਵੱਲੋਂ ਪਿੰਡਾਂ ‘ਚ ਆਪਣੇ ਟੈਂਕਰ ਹੀ ਨਹੀਂ ਭੇਜੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਦੁੱਧ ਦੀ ਸਪਲਾਈ ਲਈ ਜਾਵੇ। ਕਿਸਾਨ ਵੇਰਕਾ ਨੂੰ ਲਗਭਗ 25 ਰੁਪਏ ਪ੍ਰਤੀ ਲੀਟਰ ਦੁੱਧ ਦਿੰਦਾ ਹੈ ਤੇ ਰੋਜ਼ਾਨਾ ਲਗਭਗ 20 ਲੱਖ ਲੀਟਰ ਦੁੱਧ ਇਕੱਠਾ ਹੁੰਦਾ ਹੈ, ਇਸ ਹਿਸਾਬ ਨਾਲ ਰੋਜ਼ਾਨਾ 50 ਕਰੋੜ ਰੁਪਏ ਦਾ ਦੁੱਧ ਕਿਸਾਨਾਂ ਤੋਂ ਲਿਆ ਜਾਂਦਾ ਹੈ। ਪਿਛਲੇ 3 ਦਿਨਾਂ ਤੋਂ ਦੁੱਧ ਨਾ ਲਏ ਜਾਣ ਕਾਰਨ ਕਿਸਾਨਾਂ ਦਾ ਰੋਜ਼ਾਨਾ 50 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।