ਜ਼ਿਲ੍ਹਾ ਬਰਨਾਲਾ ਦੇ ਪਿੰਡ ਕਲਾਲਾ ‘ਚ ਸਰਕਾਰੀ ਹੁਕਮਾਂ ਨੂੰ ਸਿੱਕੇ ਟੰਗ ਕਿਸਾਨਾਂ ਨੇ ਪਰਾਲੀ ਨੂੰ ਲਾਈ ਅੱਗ

Farmers, Kalala, Village, Barnala, District

ਕਿਸਾਨਾਂ ‘ਤੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦਾ ਕੀਤਾ ਜਾਵੇਗਾ ਘੇਰਾਓ- ਕਿਸਾਨ

ਬਰਨਾਲਾ, (ਜਸਵੀਰ ਸਿੰਘ) ਪੰਜਾਬ ਸਰਕਾਰ ਦੁਆਰਾ ਪਰਾਲੀ ਨਾ ਸਾੜਨ ਦੇ ਹੁਕਮਾਂ ਨੂੰ ਸਿੱਕੇ ਟੰਗਦਿਆਂ ਜ਼ਿਲਾ ਬਰਨਾਲਾ ਦੇ ਪਿੰਡ ਕਲਾਲਾ ਵਿਖੇ ਕਿਸਾਨਾਂ ਨੇ ਇਕੱਤਰਤਾ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਹਾਜ਼ਰੀ ‘ਚ ਝੋਨੇ ਦੀ ਰਹਿੰਦ- ਖੂੰਹਦ ਨੂੰ ਅੱਗ ਲਗਾਈ। ਕਿਸਾਨਾਂ ‘ਤੇ ਕਾਰਵਾਈ ਕਰਨ ਆਉਣ ਵਾਲੇ ਅਧਿਕਾਰੀਆਂ ਨੂੰ ਬੰਦੀ ਬਣਾਉਣ ਦੀ ਚੇਤਾਵਨੀ ਦਿੰਦਿਆਂ ਹਾਜ਼ਰੀਨ ਕਿਸਾਨਾਂ ਨੇ ਅੱਗੇ ਵੀ ਨਿਰੰਤਰ ਅੱਗ ਲਗਾਉਣ ਦੀ ਗੱਲ ਵੀ ਆਖੀ।

ਆਪਣੇ ਖੇਤ ‘ਚ ਅੱਗ ਲਗਾਉਣ ਦੀ ਸ਼ੁਰੂਆਤ ਕਰਦਿਆਂ ਗੁਰਮੇਲ ਸਿੰਘ ਕਲਾਲਾ ਸਮੇਤ ਰਣਜੀਤ ਸਿੰਘ ਮਿੱਠੂ, ਭਜਨ ਸਿੰਘ, ਲਖਵੀਰ ਸਿੰਘ, ਗੁਰਤੇਜ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਿੰਦਰ ਸਿੰਘ, ਸਮਸ਼ੇਰ ਸਿੰਘ ਹੁੰਦਲ ਤੇ ਬੰਤਾ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਪਲੀਤ ਕਰਦਿਆਂ ਬਿਮਾਰੀਆਂ ਨੂੰ ਸੱਦਾ ਦੇਣਾ ਉਨਾਂ ਦਾ ਸ਼ੌਂਕ ਨਹੀ ਬਲਕਿ ਮਜ਼ਬੂਰੀ ਹੈ। ਜੇਕਰ ਸਰਕਾਰ ਚਾਹੇ ਤਾਂ ਛੋਟੇ ਕਿਸਾਨਾਂ ਨੂੰ ਮੁਫ਼ਤ ਤੇ ਘੱਟ ਲਾਗਤ ‘ਤੇ ਪਰਾਲੀ ਨੂੰ ਜ਼ਮੀਨ ‘ਚ ਵਾਉਣ ਵਾਲੇ ਲੋੜੀਂਦੇ ਸੰਦ ਮੁਹੱਈਆ ਕਰਵਾ ਸਕਦੀ ਹੈ। ਪਰ ਜਾਣਬੁੱਝ ਕੇ ਇੱਕ ਸਾਜ਼ਿਸ ਤਹਿਤ ਅਜਿਹਾ ਨਹੀ ਕੀਤਾ ਜਾ ਰਿਹਾ ਬਲਕਿ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ‘ਚ ਵਾਹੁਣ ‘ਤੇ ਪ੍ਰਤੀ ਏਕੜ 7 ਤੋਂ 8 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਿਹਾ ਗਰੀਬ ਕਿਸਾਨ ਨਹੀ ਕਰ ਸਕਦਾ। ਦੱਸਿਆ ਕਿ ਰਹਿੰਦ- ਖੂੰਹਦ ਨੂੰ ਜ਼ਮੀਨ ‘ਚ ਵਾਹੁਣ ਪਿੱਛੋਂ ਬਿਜ਼ਾਈ ਸਮੇਂ ਕਣਕ ਦਾ ਬੀਜ਼ ਇੱਕ ਜਗਾ ਇਕੱਠਾ ਹੋ ਜਾਂਦਾ ਹੈ ਤੇ ਰੇਹ- ਸਪ੍ਰੇਅ ਕਣਕ ਨੂੰ ਲੱਗਣ ਦੀ ਬਜਾਇ ਰਹਿੰਦ- ਖੂੰਹਦ ਵਿੱਚ ਹੀ ਅਟਕ ਕੇ ਰਹਿ ਜਾਂਦਾ ਹੈ, ਜਿਸ ਕਾਰਨ ਜਿੱਥੇ ਕਣਕ ਦੇ ਝਾੜ ਘਟਦਾ ਹੈ ਉੱਥੇ ਫ਼ਸਲ ਦਾ ਵਧੀਆ ਝਾੜ ਲੈਣ ਲਈ ਰੇਹ- ਸਪ੍ਰੇਅ ਦੀ ਵੀ ਜ਼ਿਆਦਾ ਵਰਤੋਂ ਕਰਨੀ ਪੈਂਦੀ ਹੈ। ਸਬਸਿਡੀ ਸਬੰਧੀ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕਿਸਾਨ ਜਿਹੜੇ ਸੰਦ ਨਹੀ ਲੈਦਾ ਚਾਹੁੰਦਾ ਸਰਕਾਰ ਵੱਲੋਂ ਉਨਾਂ ਸੰਦਾਂ ‘ਤੇ ਸਬਸਿਡੀ ਦਿੱਤੀ ਜਾਂਦੀ ਹੈ।

ਹਾਜ਼ਰੀਨ ਕਿਸਾਨਾਂ ਨੇ ਕਿਹਾ ਕਿ ਉਹ ਝੋਨੇ ਦੀ ਰਹਿੰਦ- ਖੂੰਹਦ ਨੂੰ ਹਰ ਹਾਲਤ ਵਿੱਚ ਅੱਗ ਲਗਾਉਣਗੇ। ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਕਿਸੇ ਵੀ ਤਰਾਂ ਦੀ ਕੋਈ ਕਾਰਵਾਈ ਕਰਨ ਦੀ ਕੋਸਿਸ ਕੀਤੀ ਤਾਂ ਕਾਰਵਾਈ ਕਰਨ ਆਉਣ ਵਾਲੇ ਅਧਿਕਾਰੀਆਂ ਦਾ ਘੇਰਾਓ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ। Farmers

ਮੌਕੇ ‘ਤੇ ਹਾਜ਼ਰ ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਗ੍ਰੀਨ ਟ੍ਰਿਬਿਊਨਲ ਦੀ ਹਦਾਇਤਾਂ ਨੂੰ ਇੰਨ- ਬਿੰਨ ਲਾਗੂ ਕਰੇ ਤਾਂ ਕਿਸਾਨ ਝੋਨੇ ਦੀ ਰਹਿੰਦ- ਖੂੰਹਦ ਨੂੰ ਅੱਗ ਨਹੀ ਲਗਾਵੇਗਾ। ਉਨਾਂ ਮੰਗ ਕੀਤੀ ਕਿ ਢਾਈ ਏਕੜ ਤੋਂ ਹੇਠਲੇ ਕਿਸਾਨਾਂ ਨੂੰ ਮੁਫ਼ਤ, ਪੰਜ ਏਕੜ ਤੋਂ ਹੇਠਲੇ ਕਿਸਾਨਾਂ ਨੂੰ ਪੰਜ ਹਜ਼ਾਰ ਰੁਪਏ ਤੋਂ ਇਲਾਵਾ ਸਮੂਹ ਕਿਸਾਨਾਂ ਨੂੰ ਪੰਦਰਾਂ ਹਜ਼ਾਰ ਰੁਪਏ ‘ਚ ਪਰਾਲੀ ਨੂੰ ਜ਼ਮੀਨਦੋਜ਼ ਕਰਨ ਲਈ ਲੋੜੀਂਦੇ ਸੰਦ ਮੁਹੱਈਆ ਕਰਵਾਏ। ਉਨਾਂ ਸੂਬਾ ਸਰਕਾਰ ‘ਤੇ ਵਾਅਦਿਆਂ ਮੁਕਰਨ ਦਾ ਦੋਸ ਲਗਾਉਂਦਿਆਂ ਕਿਹਾ ਕਿ ਕਿਸਾਨ ਵੀ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮੰਤਵ ਹਿੱਤ ਪੌਦੇ ਲਗਾਉਂਦੇ ਹਨ। ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸੇ ਵੀ ਕਿਸਾਨ ‘ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਜਥੇਬੰਦੀ ਦੀ ਅਗਵਾਈ ‘ਚ ਨਾ ਸਿਰਫ਼ ਅਧਿਕਾਰੀਆਂ ਦਾ ਘੇਰਾਓ ਕਰਨਗੇ ਸਗੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਤਿੱਖਾ ਸੰਘਰਸ਼ ਵੀ ਵਿੱਢਣਗੇ। Farmers

ਆਪਣੀ ਮਜ਼ਬੂਰੀ ਬਿਆਨਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਵੀ ਇਸ ਪਲੀਤ ਵਾਤਾਵਰਣ ਦਾ ਹੀ ਹਿੱਸਾ ਹਨ। ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਉਨ੍ਹਾਂ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਹ ਸਭ ਕਰਨਾ ਕਿਸਾਨਾਂ ਦੀ ਮਜ਼ਬੂਰੀ ਹੈ, ਮਹਿੰਗਾਈ ਨੇ ਪਹਿਲਾਂ ਹੀ ਕਿਸਾਨ ਦਾ ਲੱਕ ਤੋੜ ਰੱਖਿਆ ਹੈ। ਉੱਤੋਂ ਮਹਿੰਗੇ ਸੰਦ ਤੇ ਫ਼ਸਲਾਂ ਦੀ ਲਗਾਤਾਰ ਘਟਦੀ ਜਾ ਰਹੀ ਪੈਦਾਵਾਰ ਕਿਸਾਨ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਰਹੀ ਹੈ। ਕਿਹਾ ਕਿ ਜਾਂ ਤਾਂ ਸਰਕਾਰ ਕਿਸਾਨਾਂ ਨੂੰ ਸਸਤੇ ਭਾਅ ਲੋੜੀਂਦੇ ਸੰਦ ਮੁਹੱਈਆ ਕਰਵਾਵੇ ਨਹੀ ਤਾਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਹੇਠ ਪਰਾਲੀ ਨੂੰ ਅੱਗ ਲਗਾਉਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।