ਨਰਮੇ ਦੀ ਖਰੀਦ : ਗੱਲਬਾਤ ਟੁੱਟਣ ‘ਤੇ ਧਰਨਾ ਅਣਮਿਥੇ ਸਮੇਂ ‘ਚ ਤਬਦੀਲ

Norma Purchase, Failure, End Talks

ਕਿਸਾਨਾਂ ਵੱਲੋਂ ਭਾਰਤੀ ਕਪਾਹ ਨਿਗਮ ਦੀ ਘੇਰਾਬੰਦੀ

ਅਸ਼ੋਕ ਵਰਮਾ/ਬਠਿੰਡਾ।  ਭਾਰਤੀ ਕਪਾਹ ਨਿਗਮ (ਸੀਸੀਆਈ) ਵੱਲੋਂ ਕਪਾਹ ਪੱਟੀ ਦੀਆਂ ਮੰਡੀਆਂ ‘ਚ ਨਰਮਾ ਖਰੀਦਣ ਤੋਂ ਇਨਕਾਰੀ ਹੋਣ ਤੋਂ ਭੜਕੇ ਕਿਸਾਨਾਂ ਨੇ ਨਿਗਮ ਦਫਤਰ ਅੱਗੇ ਧਰਨਾ ਲਾਇਆ ਜਿਸ ਨੂੰ ਗੱਲਬਾਤ ਬੇਸਿੱਟਾ ਰਹਿਣ ‘ਤੇ ਅਣਮਿਥੇ ਸਮੇਂ ‘ਚ ਤਬਦੀਲ ਕਰ ਦਿੱਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਰਮੇ ਦੀ ਖਰੀਦ ਦੇ ਮਾਮਲੇ ‘ਚ ਨਿਗਮ ਅਧਿਕਾਰੀ ਸਰਗਰਮ ਨਾ ਹੋਏ ਤਾਂ ਸੰਘਰਸ਼ ਨੂੰ ਹੋਰ ਵੀ ਮਘਾਇਆ ਜਾਏਗਾ ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫਾ ਖਟਾਉਣ ਦੀ ਨੀਤੀ ਤਹਿਤ ਕਿਸਾਨਾਂ ਦੀ ਫਸਲ ਨੂੰ ਰੋਲਿਆ ਜਾ ਰਿਹਾ ਹੈ ਤਾਂ ਜੋ ਉਹ ਅੱਕ ਕੇ ਨਿੱਜੀ ਮਿੱਲ ਮਾਲਕਾਂ ਨੂੰ ਫਸਲ ਵੇਚ ਦੇਣ।

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਸੀਨੀਅਰ ਪ੍ਰਧਾਨ ਕਾਕਾ ਸਿੰਘ ਕੋਟੜਾ ਦੀ ਅਗਵਾਈ ਹੇਠ ਸੈਂਕੜਿਆਂ ਦੀ ਤਾਦਾਦ ‘ਚ ਇਕੱਤਰ ਹੋਏ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਪ੍ਰਗਟ ਸਿੰਘ ਫਾਜਿਲਕਾ ਨੇ ਕਿਹਾ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਕਥਿਤ ਲੁੱਟ ਦਾ ਅਹਿਮ ਪਹਿਲੂ ਕਪਾਹ ਨਿਗਮ ਵੱਲੋਂ ਮੰਡੀਆਂ ‘ਚ ਜਾਕੇ ਅਮਲੀ ਰੂਪ ‘ਚ ਖਰੀਦ ਸ਼ੁਰੂ ਨਾ ਕਰਨਾ ਹੈ ਉਨ੍ਹਾਂ ਆਖਿਆ ਕਿ ਜੱਥੇਬੰਦੀ ਨੇ ਕੁਝ ਦਿਨ ਪਹਿਲਾਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਕੇ ਅਸਲੀਅਤ ਤੋਂ ਜਾਣੂੰ ਕਰਵਾਇਆ ਸੀ ਤਾਂ ਅਫਸਰਾਂ ਨੇ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਸੀ ਹੁਣ ਜਦੋਂ ਮੰਡੀਆਂ ‘ਚ ਸਥਿਤੀ ਸੁਧਰਨ ਦੀ ਥਾਂ ਦਿਨੋਂ ਦਿਨ ਵਿਗੜਨ ਲੱਗੀ ਹੈ ਤਾਂ ਅੱਕ ਕੇ ਨਿਗਮ ਦਫਤਰ ਅੱਗੇ ਦਰੀਆਂ ਵਿਛਾਉਣੀਆਂ ਪਈਆਂ ਹਨ।

ਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਅਸਲ ‘ਚ ਇਹ ਸਾਰਾ ਤਾਣਾ ਬਾਣਾ ਮਿਲਕੇ ਕਿਸਾਨਾਂ ਨੂੰ ਖੇਤੀ ‘ਚੋਂ ਬਾਹਰ ਕੱਢਣ ਅਤੇ ਜ਼ਮੀਨ ਧਨਾਢ ਘਰਾਣਿਆਂ ਹਵਾਲੇ ਕਰਨ ਲਈ ਬੁਣਿਆ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਜੋ ਲੋਕ ਮੁਲਕ ਨੂੰ ਅਜਾਦ ਕਰਵਾਉਣ ਲਈ ਕੁਰਬਾਨੀਆਂ ਦੇ ਸਕਦੇ ਹਨ ਉਹ ਆਪਣੀ ਜੱਦੀ ਪੁਸ਼ਤੀ ਜ਼ਮੀਨ ‘ਚ ਕਿਸੇ ਵੀ ਕੰਪਨੀ ਨੂੰ ਪੈਰ ਨਹੀਂ ਧਰਨ ਦੇਣਗੇ ਕਿਸਾਨ ਆਗੂ ਮਲੂਕ ਸਿੰਘ ਮਾਨਸਾ ਨੇ ਕਿਹਾ ਕਿ ਸਿਆਸੀ ਆਗੂਆਂ ਨੇ ਚੋਣਾਂ ਦੌਰਾਨ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹਰ ਧਿਰ ਨੇ ਗੱਦੀ ‘ਤੇ ਬੈਠਣ ਮਗਰੋਂ ਜਿਣਸਾਂ ਦੇ ਲਾਹੇਵੰਦ ਭਾਅ ਨਾ ਦੇਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।

ਬਠਿੰਡਾ ਜਿਲ੍ਹੇ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਆਖਿਆ ਕਿ ਕਪਾਹ ਨਿਗਮ ਦੇ ਅਧਿਕਾਰੀ ਜੋ ਮਰਜੀ ਕਹਿਣ ਕਿਸਾਨ ਘੇਸਲ ਨਹੀਂ ਵੱਟਣ ਦੇਣਗੇ ਅਤੇ ਮੰਡੀਆਂ ‘ਚ ਨਰਮਾ ਉਤਪਾਦਕ ਕਿਸਾਨਾਂ ਨੂੰ ਬਣਦੀ ਕੀਮਤ ਦਿਵਾ ਕੇ ਹੀ ਸਾਹ ਲਿਆ ਜਾਏਗਾ ਇਸ ਮੌਕੇ ਕਿਸਾਨ ਆਗੂਆਂ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ, ਰੂਪ ਸਿੰਘ ਬਰਨਾਲਾ, ਸੁਰਜੀਤ ਸਿੰਘ ਸੰਗਰੂਰ, ਰਣਜੀਤ ਸਿੰਘ ਜੀਦਾ ਅਤੇ ਯੋਧਾ ਸਿੰਘ ਨੰਗਲਾ ਨੇ ਅਵਾਰਾ ਪਸ਼ੂਆਂ ਕਾਰਨ ਕਿਸਾਨਾਂ ਨੂੰ ਹਰ ਸਾਲ ਲੱਗਦੇ ਕਰੋੜਾਂ ਰੁਪਏ ਦੇ ਰਗੜੇ, ਨਕਲੀ ਬੀਜਾਂ ਨਾਲ ਘਟਦੇ ਉਤਪਾਦਨ, ਜਾਅਲੀ ਕੀਟਨਾਸ਼ਕਾਂ ਦੇ ਫੈਲੇ ਜਾਲ ਅਤੇ ਪਰਾਲੀ ਸਾੜਨ ਵਰਗੇ ਭਖਦੇ ਮੁੱਦੇ ਵੀ ਉਠਾਏ ਅਤੇ ਸਰਕਾਰ ਨੂੰ ਨਿਸ਼ਾਨਾ ਬਣਾਇਆ  ਭਾਰਤੀ  ਕਪਾਹ ਨਿਗਮ ਦੇ ਖੇਤਰੀ ਦਫਤਰ ਦੇ ਸਹਾਇਕ ਜਰਨਲ ਮੈਨੇਜਰ ਨੀਰਜ ਕੁਮਾਰ ਨੇ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਮਸਲਾ ਹੱਲ ਨਾ ਹੋਣ ਦੀ ਸੂਰਤ ‘ਚ ਸਖਤ ਫੈਸਲਾ

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਸੀਨੀਅਰ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਜਾਣ ਤੋਂ ਰੋਕਣ ਦੀ ਅਪੀਲ ਤਹਿਤ ਕਿਸਾਨਾਂ ਨੇ ਝੋਨੇ ਦੀ ਥਾਂ ਨਰਮਾ ਬੀਜਿਆ ਸੀ ਪਰ ਹੁਣ ਖਰੀਦ ਮੌਕੇ ਪੰਜਾਬ ਸਰਕਾਰ ਪਾਸਾ ਵੱਟੀ ਬੈਠੀ ਹੈ ਉਨ੍ਹਾਂ ਆਖਿਆ ਕਿ ਜਦੋਂ ਤੱਕ ਕਪਾਹ ਨਿਗਮ ਦੇ ਅਧਿਕਾਰੀ ਵਪਾਰੀਆਂ ਦੇ ਬਰਾਬਰ ਖੜ੍ਹ ਕੇ ਬੋਲੀ ਨਹੀਂ ਲਾਉਂਦੇ ਓਨਾਂ ਚਿਰ ਕਿਸਾਨ ਦੀ ਲੁੱਟ ਖਤਮ ਹੋਣੀ ਮੁਸ਼ਕਿਲ ਹੈ ਇਸ ਲਈ ਨਿਗਮ ਨੂੰ ਫੌਰੀ ਤੌਰ ‘ਤੇ ਮੰਡੀਆਂ ‘ਚ ਦਾਖਲ ਹੋਣਾ ਚਾਹੀਦਾ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਧਰਨਾ ਸਮਾਪਤ ਨਹੀਂ ਕੀਤਾ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।