ਕੋਰੋਨਾ: ਲੋਕ ਜਾਗਰੂਕ ਹੋਏ ਤਾਂ ਹੁਣ ਸਿਹਤ ਮਹਿਕਮੇ ਕੋਲ ਨਹੀਂ ਹੈ ਲੋੜੀਂਦੀ ਵੈਕਸੀਨ

  • ਬਰਨਾਲਾ ਜ਼ਿਲ੍ਹੇ ਦੀ ਕੁੱਲ ਅਬਾਦੀ ਦੇ ਮੁਕਾਬਲੇ ਸਿਰਫ਼ 12 ਫ਼ੀਸਦੀ ਲੋਕਾਂ ਨੂੰ ਹੀ ਮਿਲੀ ਵੈਕਸੀਨ ਡੋਜ਼

  • ਤਾਜ਼ਾ ਰਿਪੋਰਟ ਮੁਤਾਬਕ ਜ਼ਿਲ੍ਹੇ ’ਚ 3711 ਮਰੀਜ਼ ਕੋਰੋਨਾ ਪਾਜ਼ਿਟਿਵ ਤੇ 3099 ਹੋ ਚੁੱਕੇ ਹਨ ਤੰਦਰੁਸਤ

ਜਸਵੀਰ ਸਿੰਘ ਗਹਿਲ , ਬਰਨਾਲਾ। ਕੋਰੋਨਾ ਮਹਾਂਮਾਰੀ ਦਿਨੋ ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਕਾਰਨ ਨਵੇਂ ਪਾਜ਼ਿਟਿਵ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਉਲਟ ਹੁਣ ਜਦ ਆਮ ਲੋਕਾਂ ’ਚ ਵੈਕਸੀਨ ਲਗਵਾਉਣ ਸਬੰਧੀ ਜਾਗਰੂਕਤਾ ਆਉਣ ਲੱਗੀ ਹੈ ਤਾਂ ਸਰਕਾਰ ਸਬੰਧਿਤ ਵਿਭਾਗ ਨੂੰ ਲੋੜੀਂਦੀ ਵੈਕਸੀਨ ਦੀ ਸਪਲਾਈ ਨਹੀਂ ਦੇ ਪਾ ਰਹੀ ਹੈ, ਜਿਸ ਕਾਰਨ ਰੋਜਾਨਾ ਸੈਂਕੜੇ ਲੋਕਾਂ ਨੂੰ ਹਸਪਤਾਲਾਂ ’ਚੋਂ ਬਿਨਾਂ ਵੈਕਸੀਨ ਦੀ ਡੋਜ਼ ਲਏ ਵਾਪਸ ਮੁੜਨਾ ਪੈ ਰਿਹਾ ਹੈ।

ਵਿਭਾਗੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਜ਼ਿਲ੍ਹੇ ਅੰਦਰ ਹੁਣ ਰੋਜਾਨਾ ਦੋ ਹਜ਼ਾਰ ਤੋਂ ਲੈ ਕੇ ਪੱਚੀ ਸੌ ਤੱਕ ਵੈਕਸੀਨੇਸਨ ਹੋਣ ਲੱਗੀ ਸੀ ਪ੍ਰੰਤੂ ਪਿੱਛੇ ਤੋਂ ਹੀ ਵੈਕਸੀਨ ਦੀ ਸਪਲਾਈ ਬਹੁਤ ਜਿਆਦਾ ਘੱਟ ਮਿਲਣ ਕਾਰਨ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਇਦ ਇਸੇ ਕਰਕੇ ਹੀ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਨਿੱਤ ਇਜਾਫ਼ਾ ਹੋ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੀ ਕੁੱਲ ਅਬਾਦੀ ਛੇ ਲੱਖ ਉਨੱਤੀ ਹਾਜ਼ਰ ਨੌਂ ਸੌ ਛਿਆਲੀ (ਜੀਰੋ ਤੋਂ ਲੈ ਕੇ ਅਠਾਰਾਂ ਸਾਲ ਦੇ ਬੱਚਿਆਂ ਸਮੇਤ) ਦੇ ਮੁਕਾਬਲੇ ਸਿਰਫ਼ 12 ਕੁ ਫ਼ੀਸਦੀ ਲੋਕਾਂ ਨੂੰ ਹੀ ਵੈਕਸੀਨ ਦੀ ਡੋਜ ਪ੍ਰਾਪਤ ਹੋਈ ਹੈ, ਜੋ ਆਟੇ ’ਚ ਲੂਣ ਦੇ ਸਮਾਨ ਹੀ ਮੰਨੀ ਜਾ ਸਕਦੀ ਹੈ।

ਕੋਰੋਨਾ ਮਹਾਂਮਾਰੀ ਦੇ ਵਧ ਰਹੇ ਅੰਕੜਿਆਂ ਦੇ ਮੁਕਾਬਲੇ ਲੋਕਾਂ ਨੂੰ ਵੈਕਸੀਨ ਦੇਣ ਦੀ ਚਾਲ ਬੇਹੱਦ ਮੱਠੀ ਹੈ , ਜੋ ਮਹਾਂਮਾਰੀ ਨੂੰ ਮਾਤ ਦੇਣ ਲਈ ਨਾਕਾਫ਼ੀ ਹੈ। ਜਾਗਰੂਕ ਹੋ ਰਹੇ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਲੋਕ ਜਾਗਰੂਕ ਨਹੀਂ ਸਨ ਤਾਂ ਠੀਕ ਸੀ ਪ੍ਰੰਤੂ ਹੁਣ ਸਰਕਾਰ ਨੂੰ ਇਸ ਮਾਮਲੇ ਵਿੱਚ ਸੰਜੀਦਗੀ ਨਾਲ ਜੁਟ ਕੇ ਵੈਕਸੀਨ ਦੇ ਢੁਕਵੀਂ ਸਪਲਾਈ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਜਲਦ ਤੋਂ ਜਲਦ ਸਮੂਹ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਮੁਹੱਈਆ ਕਰਵਾਈ ਜਾ ਸਕੇ।

ਜ਼ਿਲ੍ਹਾ ਬਰਨਾਲਾ ’ਚ ਨਿੱਤ ਸਾਹਮਣੇ ਆ ਰਹੇ ਨਵੇਂ ਪਾਜ਼ਿਟਿਵ ਮਰੀਜ਼ਾਂ ਤੇ ਮਹਾਂਮਾਰੀ ਨੂੰ ਮਾਤ ਦੇ ਕੇ ਠੀਕ ਹੋਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਕੜੇ ਸਮਾਨਅੰਤਰ ਹੀ ਚੱਲ ਰਹੇ ਹਨ। ਜਿਵੇਂ-ਜਿਵੇਂ ਨਵੇਂ ਮਾਮਲੇ ਨਿੱਕਲ ਰਹੇ ਹਨ, ਤਿਵੇਂ-ਤਿਵੇਂ ਹੀ ਕੋਰੋਨਾ ਪੀੜਤ ਮਰੀਜ਼ ਮਹਾਂਮਾਰੀ ਨੂੰ ਹਰਾ ਕੇ ਤੰਦਰੁਸਤੀ ਵੱਲ ਵੀ ਵਧ ਰਹੇ ਹਨ। ਸਿਹਤ ਵਿਭਾਗ ਵੱਲੋਂ ਜਾਰੀ 1 ਮਈ 2021 ਤੱਕ ਦੀ ਰਿਪੋਰਟ ਮੁਤਾਬਕ ਜ਼ਿਲੇ੍ਹ ਅੰਦਰ 3711 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ।

ਜਿਨ੍ਹਾਂ ’ਚੋਂ 3099 ਵਿਅਕਤੀ ਕੋਰੋਨਾ ਬਿਮਾਰੀ ਦੇ ਚੁਣੌਤੀ ਭਰੇ ਮਾਹੌਲ ਵਿੱਚ ਤੰਦਰੁਸਤ ਹੋ ਕੇ ਵਾਪਸ ਆਪਣੇ ਘਰਾਂ ਨੂੰ ਵੀ ਪਰਤੇ ਹਨ। ਇਸ ਦੇ ਨਾਲ ਹੀ ਹੁਣ ਤੱਕ 2723 ਕੋਰੋਨਾ ਮਰੀਜ਼ਾਂ ਨੇ ਘਰਾਂ ਵਿੱਚ ਇਕਾਂਤਵਾਸ ਰਹਿ ਕੇ ਇਲਾਜ ਕਰਵਾਇਆ ਹੈ। ਇਸ ਦੇ ਨਾਲ ਹੀ 374 ਮਰੀਜ਼ਾਂ ਆਪਣੇ ਘਰਾਂ ’ਚ ਅਤੇ 139 ਮਰੀਜ਼ ਸੋਹਲ ਪੱਤੀ ਬਰਨਾਲਾ, ਸੀਐਚਸੀ ਮਹਿਲ ਕਲਾਂ, ਜ਼ਿਲ੍ਹਾ ਜੇਲ੍ਹ ਬਰਨਾਲਾ ਤੇ ਹੋਰ ਵੱਖ- ਵੱਖ ਥਾਈਂ ਇਲਾਜ ਅਧੀਨ ਹਨ। ਜ਼ਿਲੇ ’ਚ ਹੁਣ ਤੱਕ 99938 ਵਿਅਕਤੀਆਂ ਦੀ ਸੈਂਪÇਲੰਗ ਹੋ ਚੁੱਕੀ ਹੈ ਤੇ ਐਕਟਿਵ ਕੇਸ 513 ਹਨ।

ਜਾਗਰੂਕ ਹੋਵੋ, ਜਾਗਰੂਕ ਕਰੋ

ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਲੋਕਾਂ ਨੂੰ ਬਿਨਾਂ ਮਜ਼ਬੂਰੀ ਆਪਣੇ ਘਰੋਂ ਨਾ ਨਿਕਲਣ ਦੀ ਸਲਾਹ ਦਿੰਦਿਆਂ ਕਿਹਾ ਕਿ ਮਾਸਕ ਲਗਾਉਣ, ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਅਤੇ ਆਪਣੇ ਹੱਥ ਵਾਰ-ਵਾਰ ਸਾਬਣ ਪਾਣੀ ਨਾਲ ਧੋਣ ਤੋਂ ਇਲਾਵਾ ਖਾਂਸੀ, ਜੁਕਾਮ, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਹੋਣ ’ਤੇ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਕਤ ਸਾਵਧਾਨੀਆਂ ਜਿੱਥੇ ਸਾਨੂੰ ਖੁਦ ਵੀ ਵਰਤਣੀਆਂ ਚਾਹੀਦੀਆਂ ਹਨ ਉੱਥੇ ਇਸ ਸਬੰਧੀ ਸਾਨੂੰ ਹੋਰਨਾਂ ਵੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਚਾਅ ਵਿੱਚ ਹੀ ਬਚਾਅ ਹੈ।

ਨਹੀਂ ਮਿਲ ਰਹੀ ਲੋੜੀਂਦੀ ਸਪਲਾਈ

ਸਿਹਤ ਵਿਭਾਗ ਦੇ ਸਹਾਇਕ ਡੀਆਈਓ ਗੁਰਦੀਪ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇੱਕ ਮਈ 2021 ਤੱਕ ਜ਼ਿਲ੍ਹੇ ’ਚ ਕੁੱਲ 50315 ਲੋਕਾਂ ਨੂੰ ਵੈਕਸੀਨ ਖੁਰਾਕ ਪ੍ਰਾਪਤ ਕਰ ਲਈ ਹੈ, ਜਿਸ ਵਿੱਚ 45,034 ਨੂੰ ਪਹਿਲੀ ਤੇ 5281 ਨੂੰ ਦੂਜੀ ਖੁਰਾਕ ਵੀ ਦਿੱਤੀ ਜਾ ਚੁੱਕੀ ਹੈ। ਵੈਕਸੀਨ ਪ੍ਰਾਪਤ ਕਰਨ ਵਾਲਿਆਂ ਵਿੱਚ ਹੈਲਥ ਕੇਅਰ ਵਰਕਰ, ਫਰੰਟ ਲਾਇਨ ਵਰਕਰ ਤੇ ਪੰਨਤਾਲੀ ਸਾਲ ਤੋਂ ਜ਼ਿਆਦਾ ਉਮਰ ਦੇ ਮਰਦ ਤੇ ਔਰਤਾਂ ਸਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਜਦ ਲੋਕ ਜਾਗਰੂਕ ਹੋਏ ਹਨ ਤਾਂ ਸਰਕਾਰਾਂ ਪਾਸੋਂ ਵਿਭਾਗ ਨੂੰ ਲੋੜੀਂਦੀ ਵੈਕਸੀਨ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਅੱਜ ਵੀ ਹਸਪਤਾਲ ਦੀ ਇੱਕ ਵੈਨ ਚੰਡੀਗੜ੍ਹ ਵਿਖੇ ਕਈ ਘੰਟੇ ਇੰਤਜਾਰ ਕਰਕੇ ਮੁੜੀ ਹੈ, ਪ੍ਰੰਤੂ ਵੈਕਸੀਨ ਨਹੀਂ ਮਿਲੀ।

45 ਨਵੇਂ, ਇੱਕ ਦੀ ਹੋਈ ਮੌਤ

ਜ਼ਿਲ੍ਹਾ ਬਰਨਾਲਾ ’ਚ ਅੱਜ 45 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਥਾਨਕ ਸ਼ਹਿਰ ਨਾਲ ਸਬੰਧਿਤ ਇੱਕ 64 ਸਾਲਾ ਵਿਅਕਤੀ ਦੀ ਮੌਤ ਵੀ ਹੋਈ ਹੈ। ਅੱਜ ਆਏ ਮਾਮਲਿਆਂ ’ਚੋਂ 23 ਮਾਮਲੇ ਸਥਾਨਕ ਸ਼ਹਿਰ ਦੇ ਹਨ, ਜਦਕਿ 9 ਬਲਾਕ ਤਪਾ, 10 ਬਲਾਕ ਧਨੌਲਾ ਤੇ 3 ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।