ਮੰਗਾਂ ਦੀ ਪੂਰਤੀ ਲਈ ਠੇਕਾ ਮੁਲਾਜ਼ਮਾਂ ਨੇ ਜਾਮ ਕੀਤਾ ਨੈਸ਼ਨਲ ਹਾਈਵੇ

ਸੰਘਰਸ਼ ’ਚ ਛੋਟੇ-ਛੋਟੇ ਬੱਚਿਆਂ ਸਮੇਤ ਪਰਿਵਾਰ ਵੀ ਹੋਏ ਸ਼ਾਮਲ

(ਸੁਖਜੀਤ ਮਾਨ) ਬਠਿੰਡਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਦੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਨੈਸ਼ਨਲ ਹਾਈਵੇ 7 ਨੂੰ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਇਸ ਰੋਸ ਪ੍ਰਦਰਸ਼ਨ ’ਚ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਪੁੱਜੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਸ੍ਰੀ ਮੁਕਤਸਰ ਸਾਹਿਬ ’ਚ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੋ ਭਾਸ਼ਾ ਵਰਤੀ ਕਿ ‘ਕਰ ਲਓ ਜੋ ਕਰਨਾ’ ਉਸ ਕਾਰਨ ਹੀ ਅੱਕ ਕੇ ਅੱਜ ਪਰਿਵਾਰਾਂ ਸਮੇਤ ਜਿੰਨਾਂ ’ਚ ਛੋਟੇ-ਛੋਟੇ ਬੱਚੇ ਵੀ ਸ਼ਾਮਿਲ ਨੇ, ਨੈਸ਼ਨਲ ਹਾਈਵੇ ਜਾਮ ਕਰਨਾ ਪਿਆ।

ਇਸ ਮੌਕੇ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ, ਰਾਜੇਸ਼ ਕੁਮਾਰ,ਰੁਪਿੰਦਰ ਸਿੰਘ,ਬਲਵੰਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 7 ਸਤੰਬਰ ਤੋਂ 19 ਨਵੰਬਰ ਤੱਕ ਸਾਬਕਾ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਅਤੇ ਮੌਜ਼ੂਦਾ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਲਗਾਤਾਰ 75 ਦਿਨ ਪਰਿਵਾਰਾਂ ਸਮੇਤ ਪੱਕਾ ਮੋਰਚਾ ਲਾ ਕੇ ਜਾਨ-ਹੂਲਵਾਂ ਸੰਘਰਸ਼ ਕੀਤਾ ਗਿਆ ਸੀ ਪਰ ਸਰਕਾਰ ਨੂੰ ਠੇਕਾ ਮੁਲਾਜ਼ਮਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ’ਤੇ ਤਰਸ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਥਾਂ ਤੇ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿੱਚ ਪਾਸ ਕੀਤੇ ਨਵੇਂ ਐਕਟ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ਼ ਕੰਟਰੈਕਚੂਅਲ ਬਿੱਲ 2021 ਵਿੱਚੋਂ ਆਊਟਸੋਰਸ਼ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਿਰੀਆਂ ਨੂੰ ਬਾਹਰ ਕਰਕੇ ਸਰਕਾਰੀ ਥਰਮਲ ਪਲਾਂਟਾਂ,ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਜ਼ੋਨ ਬਠਿੰਡਾ,ਪਾਵਰਕਾਮ ਅਤੇ ਟ੍ਰਾਂਸਕੋ,ਮਹਨਰੇਗਾ,ਪੀ.ਐੱਸ.ਪੀ.ਸੀ.ਐੱਲ.,ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ, ਮਗਨਰੇਗਾ, ਬੀ.ਓ.ਸੀ.ਕਿਰਤ ਵਿਭਾਗ ਸਮੇਤ ਹੋਰ ਸਮੂਹ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਰਸਤਾ ਬੰਦ ਕਰ ਦਿੱਤਾ ਹੈ ਆਗੂਆਂ ਨੇ ਕਿਹਾ ਕਿ ਇਹ ਨਵਾਂ ਐਕਟ ਸਮੂਹ ਵਿਭਾਗਾਂ ਦੇ ਹਰ ਵਰਗ ਦੇ ਠੇਕਾ ਮੁਲਾਜਮਾਂ ਦੇ ਹਿੱਤਾਂ ਨੂੰ ਨਜਰ-ਅੰਦਾਜ ਕਰਕੇ ਕਾਰਪੋਰੇਟੀ ਲੁੱਟ ਅਤੇ ਮੁਨਾਫੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤਾ ਗਿਆ ਹੈ।

ਇਸ ਐਕਟ ਵਿੱਚੋਂ ਬੋਰਡਾਂ ਅਤੇ ਕਾਰਪੋਰੇਸਨਾਂ ਵਿੱਚ ਲਗਾਤਾਰ ਸੇਵਾਵਾਂ ਦੇ ਰਹੇ ਠੇਕਾ ਮੁਲਾਜਮਾਂ ਨੂੰ ਵੀ ਰੈਗੂਲਰ ਕਰਨ ਦੇ ਘੇਰੇ ਵਿੱਚੋਂ ਬਾਹਰ ਕਰ ਦਿੱਤਾ ਹੈ ਅਤੇ ਇਹ ਨਵਾਂ ਕਾਨੂੰਨ ਜੋ ਨਾ-ਮਾਤਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਵਕਾਲਤ ਕਰਦਾ ਹੈ,ਉਹਨਾਂ ਠੇਕਾ ਮੁਲਾਜ਼ਮਾਂ ਵਿੱਚੋਂ ਵੀ ਉਹਨਾਂ ਨੂੰ ਹੀ ਰੈਗੂਲਰ ਕੀਤਾ ਜਾਣਾ ਹੈ ਜੋ ਸੰਕਸ਼ਨ ਪੋਸਟਾਂ ਦੇ ਅਧੀਨ ਪਿਛਲੇ ਦਸ ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉੱਗਰਾਹਾਂ ਤੋਂ ਸਿੰਗਾਰਾ ਸਿੰਘ ਮਾਨ ਅਤੇ ਟੀ.ਐੱਸ.ਯੂ.(ਭੰਗਲ) ਦੇ ਸਤਵਿੰਦਰ ਸਿੰਘ ਸੋਨੀ ਵੀ ਸ਼ਾਮਿਲ ਹੋਏ।

ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ

ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਵਿਭਾਗਾਂ ਦੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਦੀਆਂ ਸਾਰੀਆਂ ਕੈਟਾਗਿਰੀਆਂ ਨੂੰ ਨਵੇਂ ਐਕਟ ਵਿੱਚ ਸ਼ਾਮਿਲ ਕਰਕੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਮੂਹ ਵਿਭਾਗਾਂ ਦੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਜਲਦ ਵਿਭਾਗਾਂ ਵਿੱਚ ਰੈਗੂਲਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਲੰਬਾਂ ਸਮਾਂ ਜਾਮ ਕਾਰਨ ਰਾਹਗੀਰ ਹੋਏ ਪ੍ਰੇਸ਼ਾਨ

ਪ੍ਰ੍ਰਦਰਸ਼ਨਕਾਰੀਆਂ ਵੱਲੋਂ ਲੰਬਾ ਸਮਾਂ ਸੜਕ ਜਾਮ ਕਾਰਨ ਵਾਹਨਾਂ ਦੀਆਂ ਦੂਰ-ਦੂਰ ਤੱਕ ਲਾਈਨਾਂ ਲੱਗ ਗਈਆਂ ਸੜਕ ਬੰਦ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਰਾਹਗੀਰਾਂ ਦਾ ਰਾਹ ਰੋਕਣਾ ਉਨ੍ਹਾਂ ਦਾ ਸ਼ੌਂਕ ਨਹੀਂ ਪਰ ਸਰਕਾਰ ਨੇ ਮਜ਼ਬੂਰ ਕਰ ਦਿੱਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ