ਐੱਸਕੇਐੱਮ ਨੇ ਮੰਗਿਆ ਹੋਰ ਸਮਾਂ | Farmers News
Farmers News: (ਭੂਸਨ ਸਿੰਗਲਾ) ਪਾਤੜਾਂ। ਪਾਤੜਾਂ ਵਿਖੇ ਕਿਸਾਨ ਜਥੇਬੰਦੀਆਂ/ਫੋਰਮਾਂ ਵਿਚਕਾਰ ਏਕਤਾ ਖਾਤਰ ਹੋਈ ਮੀਟਿੰਗ ’ਚ ਵੀ ਸਹਿਮਤੀ ਨਹੀਂ ਬਣ ਸਕੀ। ਐਸਕੇਐਮ ਨੇ ਹੋਰ ਸਮਾਂ ਮੰਗ ਲਿਆ ਹੈ। ਮੀਟਿੰਗ ਦੌਰਾਨ 26 ਜਨਵਰੀ ਦੇ ਟਰੈਕਟਰ ਪਰੇਡ ਸਮੇਤ ਹੋਰ ਸੰਘਰਸ਼ਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੀ ਮੋਗਾ ਮਹਾ-ਪੰਚਾਇਤ ’ਚ ਪਾਸ ਕੀਤੇ ਗਏ ਮਤੇ ਤੇ ਭਰਵਾਂ ਵਿਚਾਰ-ਵਟਾਂਦਰਾ ਕੀਤਾ ਗਿਆ। ਬਾਰਡਰਾਂ ਤੇ ਸੰਘਰਸ਼ਸ਼ੀਲ ਦੋਵੇਂ ਫੋਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਆਪਸੀ ਤਾਲਮੇਲ ਬਿਠਾਉਣ ਲਈ ਦਿੱਤੀ ਗਈ ਤਜਵੀਜ਼ ਉੱਪਰ ਜਰਨਲ ਬਾਡੀ ਵਿੱਚ ਵਿਚਾਰ ਵਟਾਂਦਰਾ ਕਰਨ ਲਈ ਐਸਕੇਐਮ ਵੱਲੋਂ ਸਮਾਂ ਮੰਗ ਲੈਣ ਕਾਰਨ ਭਵਿੱਖ ’ਚ ਗੱਲਬਾਤ ਜਾਰੀ ਰੱਖਣ ਦੀ ਸਹਿਮਤੀ ਨਾਲ ਮੀਟਿੰਗ ਸਮਾਪਤ ਹੋ ਗਈ।
ਕਿਸਾਨਾਂ ਮੰਗਾਂ ਸਬੰਧੀ ਹੋਇਆ ਅਹਿਮ ਵਿਚਾਰ-ਵਟਾਂਦਰਾ
ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦਲੀਲ ਸਹਿਤ ਮੋਗਾ ਮਹਾਂ-ਪੰਚਾਇਤ ਦੇ ਮਤੇ ਦੀ ਵਿਆਖਿਆ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਅਸੂਲ ਅਤੇ ਮੁੱਦਾ ਅਧਾਰਿਤ ਏਕਤਾ ਲਈ ਹਮੇਸ਼ਾ ਤਿਆਰ ਹੈ। ਐਸਕੇਐਮ ਦੇ ਆਗੂਆਂ ਨੇ ਨਵੇਂ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਕਿਸਾਨ ਲਹਿਰ ਉੱਪਰ ਵੱਡਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਖਰੜਾ ਇਤਿਹਾਸਿਕ ਅਤੇ ਜੇਤੂ ਦਿੱਲੀ ਮੋਰਚੇ ’ਚ ਰੱਦ ਕਰਵਾਏ ਗਏ ਤਿੰਨ ਕਾਨੂੰਨਾਂ ਦਾ ਨਵਾਂ ਅਤੇ ਖਤਰਨਾਕ ਰੂਪ ਹੈ।
ਇਹ ਵੀ ਪੜ੍ਹੋ: Road Accident: ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਤਿੰਨ ਗੰਭੀਰ ਜ਼ਖਮੀ
ਇਸ ਨੂੰ ਰੱਦ ਕਰਵਾਉਣ ਦੀ ਮੰਗ ਸੰਘਰਸ਼ ਦੇ ਕੇਂਦਰ ਬਿੰਦੂ ਵਜੋਂ ਲੈਂਦਿਆਂ ਐਮਐਸਪੀ ਦਾ ਗਾਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਸਮੇਤ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਲਈ ਆਪਸੀ ਸਹਿਮਤੀ ਨਾਲ ਤਾਲਮੇਲਵਾਂ ਜਾਂ ਸਾਂਝਾ ਸੰਘਰਸ਼ ਚਲਾਉਣ ਖਾਤਰ ਘੱਟੋ ਘੱਟ ਜਾਂ ਵੱਧ ਤੋਂ ਵੱਧ ਏਕਤਾ ਲਈ ਯਤਨ ਜੁਟਾਉਣੇ ਚਾਹੀਦੇ ਹਨ। ਬਦਲਵੇਂ ਰੂਪ ਵਿੱਚ ਐਸਕੇਐਮ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰੱਦ ਕਰਨ ਦੀ ਮੰਗ ਨੂੰ ਸੰਘਰਸ਼ ਦੇ ਕੇਂਦਰ ਬਿੰਦੂ ਵਜੋਂ ਲੈਣ ਸਬੰਧੀ ਸਹਿਮਤੀ ਦੇਣ ਤੋਂ ਪਹਿਲਾਂ ਭਵਿੱਖ ਵਿੱਚ ਦੋਵੇਂ ਫੋਰਮਾਂ ਵੱਲੋਂ ਹੋਰ ਵਿਚਾਰ-ਵਟਾਂਦਰਾ ਕਰਨ ਲਈ ਸਮੇਂ ਦੀ ਮੰਗ ਕਰਨ ਉੱਤੇ ਐਸਕੇਐਮ ਦੇ ਆਗੂਆਂ ਨੇ ਸਹਿਮਤੀ ਦੇ ਦਿੱਤੀ।
20 ਜਨਵਰੀ ਨੂੰ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਪ੍ਰਦਰਸ਼ਨ
ਮੋਰਚੇ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰੱਦ ਕਰਵਾਉਣ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਖਾਤਰ ਅਤੇ ਐਮਐਸਪੀ ਦਾ ਗਾਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਅਤੇ ਦਿੱਲੀ ਅੰਦੋਲਨ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ 20 ਜਨਵਰੀ ਨੂੰ ਦੇਸ਼ ਭਰ ਦੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਧਰਨੇ ਦੇ ਕੇ ਪ੍ਰਦਰਸ਼ਨ ਕੀਤਾ ਜਾਵੇਗਾ। Farmers News
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਬਾਰਡਰਾਂ ਤੇ ਸੰਘਰਸ਼ਸ਼ੀਲ ਦੋਵਾਂ ਫੋਰਮਾਂ ਨੂੰ 20 ਜਨਵਰੀ ਦੇ ਇਸ ਸੰਘਰਸ਼ ਪ੍ਰੋਗਰਾਮ ਵਿੱਚ ਤਾਲਮੇਲਵੇਂ ਤੌਰ ’ਤੇ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਭਰ ’ਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਤਹਿਸੀਲ ਹੈਡਕੁਆਰਟਰਾਂ ਉੱਪਰ ਟਰੈਕਟਰ ਪਰੇਡ ਵੀ ਕੀਤੀ ਜਾਵੇਗੀ। ਟਰੈਕਟਰ ਪਰੇਡ ਦੀ ਸਫਲਤਾ ਲਈ 22 ਜਨਵਰੀ ਨੂੰ ਜ਼ਿਲ੍ਹਿਆਂ ਵਿੱਚ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। Farmers News
ਅੱਜ ਦੀ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ,ਡਾ ਦਰਸ਼ਨਪਾਲ, ਰਾਮਿੰਦਰ ਸਿੰਘ ਪਟਿਆਲਾ, ਕ੍ਰਿਸ਼ਨਾ ਪ੍ਰਸ਼ਾਦ, ਹਰਿੰਦਰ ਸਿੰਘ ਲੱਖੋਵਾਲ, ਬਲਦੇਵ ਸਿੰਘ ਨਿਹਾਲਗੜ੍ਹ, ਝੰਡਾ ਸਿੰਘ ਜੇਠੂਕੇ ਸ਼ਾਮਲ ਸਨ। ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਸਰਵਣ ਸਿੰਘ ਪੰਧੇਰ, ਸੁਖਜੀਤ ਸਿੰਘ ਹਰਦੋਝੰਡੇ, ਲਖਵਿੰਦਰ ਸਿੰਘ ਔਲਖ, ਗੁਰਵਿੰਦਰ ਸਿੰਘ ਭੰਗੂ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਰਾਏ, ਰਣਜੀਤ ਸਿੰਘ ਰਾਜੂ, ਅਮਰਜੀਤ ਸਿੰਘ ਮੋਹੜੀ ਅਤੇ ਮਲਕੀਤ ਸਿੰਘ ਸ਼ਾਮਲ ਸਨ।