ਕਾਂਗਰਸੀ ਐਮਪੀ ਚੌਧਰੀ ਸੰਤੋਖ ਦਾ ਹੋਇਆ ਅੰਤਿਮ ਸੰਸਕਾਰ, ਪੁੱਤਰ ਨੇ ਦਿੱਤੀ ਚਿਖਾ ਨੂੰ ਅੱਗ

Chaudhary Santokh Singh

ਰਾਹੁਲ ਗਾਂਧੀ ਵੀ ਸ਼ਰਧਾਂਜਲੀ ਦੇਣ ਪਹੁੰਚੇ

(ਸੱਚ ਕਹੂੰ ਨਿਊਜ਼) ਜਲੰਧਰ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋ ਗਿਆ ਸੀ। ਅੱਜ ਉਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਪੁੁੱਜੇ। ਉਨ੍ਹਾਂ ਦੀ ਅੰਤਿਮ ਯਾਤਰਾ ਜਲੰਧਰ ਸ਼ਹਿਰ ਦੇ ਫੁੱਟਬਾਲ ਚੌਕ ਤੋਂ ਰਵਾਨਾ ਹੋਈ ਜੋ ਕਾਲਾ ਸੰਘਿਆਂ ਰੋਡ ‘ਤੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਕਾਦੀਆਂ ਪਹੁੰਚੀ। ਇੱਥੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੁੱਤਰ ਵਿਧਾਇਕ ਵਿਕਰਮਜੀਤ ਚੌਧਰੀ ਨੇ ਪਿਤਾ ਦੀ ਚਿਖਾ ਨੂੰ ਮੁਖ ਅਗਨੀ ਦਿੱਤੀ।

ਜਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਮੌਕੇ ’ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਅੰਤਿਮ ਸੰਸਕਾਰ ਹੋਣ ਤੱਕ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ।

ਸੰਤੋਖ ਸਿੰਘ ਚੌਧਰੀ ਨੂੰ ਵਿਰਾਸਤ ’ਚ ਮਿਲੀ ਸਿਆਸਤ

ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਨਕੋਦਰ ਵਿਖੇ ਪਿੰਡ ਧਾਲੀਵਾਲ ’ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਮਾਸਟਰ ਗੁਰਬੰਤਾ ਸਿੰਘ ਅਤੇ ਮਾਤਾ ਦਾ ਨਾਂਅ ਸੰਪੂਰਨ ਕੌਰ ਹੈ। ਸੰਤੋਖ ਸਿੰਘ ਚੌਧਰੀ ਨੇ ਬੀ. ਏ. ਅਤੇ ਐੱਲ. ਐੱਲ. ਬੀ. ਦੀ ਪੜ੍ਹਾਈ ਕੀਤੀ ਹੋਈ ਸੀ। ਪੇਸ਼ੇ ਤੋਂ ਕਿ੍ਰਮੀਨਲ ਵਕੀਲ ਚੌਧਰੀ ਸੰਤੋਖ ਸਿਘ ਨੂੰ ਸਿਆਸਤ ਵਿਰਾਸਤ ’ਚ ਮਿਲੀ।

ਇਨ੍ਹਾਂ (Santokh Singh Chaudhary) ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੀਡਰ ਰਹੇ ਹਨ, ਜੋ ਪੰਜਾਬ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਮੰਤਰੀ ਰਹੇ। ਉਥੇ ਹੀ ਸੰਤੋਖ ਸਿੰਘ ਚੌਧਰੀ ਦੇ ਵੱਡੇ ਭਰਾ ਜਗਜੀਤ ਸਿੰਘ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਰੂਪ ’ਚ ਵੱਡੇ ਅਨੁਸੂਚਿਤ ਜਾਤੀ ਦੇ ਚਿਹਰੇ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਨ।

ਸੰਤੋਖ ਸਿੰਘ ਚੌਧਰੀ ਦੇ ਸਿਆਸੀ ਪਿਛੋਕੜ ਬਾਰੇ ਜਾਣੋ

ਜਲੰਧਰ ਤੋਂ ਮੌਜੂਦਾ ਸਾਂਸਦ ਸੰਤੋਖ ਸਿੰਘ ਚੌਧਰੀ (Santokh Singh Chaudhary Deth) ਨੇ 1978 ’ਚ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਦੇ ਰੂਪ ’ਚ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਪਰਿਵਾਰਕ ਸੀਟ ਕਰਤਾਰਪੁਰ ਤੋਂ ਵੱਡੇ ਭਰਾ ਦੇ ਸਰਗਰਮ ਹੋਣ ਕਾਰਨ ਫਿਲੌਰ (ਰਿਜ਼ਰਵ) ਵਿਧਾਨ ਸਭਾ ਹਲਕਾ ’ਚ ਆਪਣੀ ਸਿਆਸੀ ਜ਼ਮੀਨ ਤਿਆਰ ਕੀਤੀ। ਸੰਤੋਖ ਚੌਧਰੀ ਸਾਲ 1992 ਤੋਂ 1997 ਤੱਕ ਫਿਲੌਰ ਹਲਕੇ ਤੋਂ ਵਿਧਾਇਕ ਰਹੇ।

ਇਨ੍ਹਾਂ ਚੋਣਾਂ ਦੌਰਾਨ ਬਸਪਾ ਦੇ ਦੇਵ ਰਾਜ ਸੰਧੂ ਨੂੰ ਹਰਾਇਆ ਸੀ। ਸਾਲ 1992 ਤੋਂ 1995 ਤੱਕ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਰਹੇ। ਫਿਰ ਸਿਹਤ ਮੰਤਰਾਲੇ ਦੇ ਸੂਬਾ ਮੰਤਰੀ ਬਣੇ ਅਤੇ ਕੈਬਨਿਟ ਮੰਤਰੀ ਰਹੇ। ਸੰਤੋਖ ਸਿੰਘ ਚੌਧਰੀ 1997 ’ਚ ਫਿਲੌਰ ਹਲਕੇ ’ਚ ਅਕਾਲੀ ਦਲ ਦੇ ਸਰਵਨ ਸਿੰਘ ਫਿਲੌਰ ਤੋਂ ਚੋਣ ਹਾਰ ਗਏ ਸਨ। ਉਹ ਸਾਲ 1997-1998 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।

ਸਾਲ 2002 ਤੋਂ 2007 ਤੱਕ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਰਹੇ

ਸਾਲ 2002 ਤੋਂ 2007 ਤੱਕ ਸੰਤੋਖ ਸਿੰਘ ਚੌਧਰੀ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ, ਮੈਡੀਕਲ ਐਜੂਕੇਸ਼ਨ ਮੰਤਰਾਲਾ ਦੇ ਕੈਬਨਿਟ ਮੰਤਰੀ ਰਹੇ। ਫਿਰ ਸਾਲ 2012 ’ਚ ਫਿਲੌਰ ਹਲਕੇ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ ਨਾਲ ਨਜ਼ਦੀਕੀ ਮੁਕਾਬਲੇ ’ਚ 31 ਵੋਟਾਂ ਦੇ ਅੰਤਰ ਨਾਲ ਹਾਰੇ।

ਇਹ ਵੀ ਪੜ੍ਹੋ : ਭਾਰਤ ਜੋੜੋ ਯਾਤਰਾ ਦੌਰਾਨ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਦਾ ਮੁਕਾਬਲਾ ਸਿੱਧੇ ਤੌਰ ’ਤੇ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨਾਲ ਸੀ। ਇਨ੍ਹਾਂ ਚੋਣਾਂ ਦੌਰਾਨ ਸੰਤੋਖ ਸਿੰਘ ਚੌਧਰੀ ਕਰੀਬ ਪਵਨ ਟੀਨੂੰ ਤੋਂ 71 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਸੰਤੋਖ ਸਿੰਘ ਚੌਧਰੀ ਨੂੰ 380479 (33.56 ਫੀਸਦੀ) ਵੋਟਾਂ ਪਈਆਂ ਜਦਕਿ ਪਵਨ ਕੁਮਾਰ ਟੀਨੂੰ ਨੂੰ 309498 (29.74 ਫੀਸਦੀ) ਵੋਟਾਂ ਪਈਆਂ ਸਨ।

ਇਸ ਦੇ ਬਾਅਦ 2019 ਵਿਚ ਲੋਕ ਸਭਾ ਚੋਣਾਂ ਜਿੱਤ ਕੇ ਜਲੰਧਰ ਤੋਂ ਸੰਸਦ ਮੈਂਬਰ ਰਹੇ। 2019 ਦੀਆਂ ਲੋਕ ਸਭਾ ਚੋਣਾਂ ਵਿਚ ਸੰਤੋਖ ਸਿੰਘ ਚੌਧਰੀ ਨੇ ਅਕਾਲੀ ਦਲ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਹਰਾਇਆ ਸੀ। ਚੌਧਰੀ ਨੂੰ 3,85, 712 ਵੋਟਾਂ ਹਾਸਲ ਹੋਈਆਂ ਸਨ ਜਦਕਿ ਅਟਵਾਲ ਨੂੰ 3, 66,221 ਵੋਟਾਂ ਮਿਲੀਆਂ ਸਨ। ਉਥੇ ਹੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ 2,04,783 ਵੋਟਾਂ ਮਿਲੀਆਂ ਸਨ ਜਦਕਿ ਆਮ ਆਦਮੀ ਪਾਰਟੀ ਦੇ ਰਿਟਾਇਰਡ ਜਸਟਿਸ ਜੋੜਾ ਸਿੰਘ ਨੂੰ ਸਿਰਫ 25,467 ਵੋਟਾਂ ਹਾਸਲ ਹੋਈਆਂ ਸਨ।

ਸਟਿੰਗ ਆਪਰੇਸ਼ਨ ਦੇ ਸਾਹਮਣੇ ਆਉਣ ’ਤੇ ਚਰਚਾ ’ਚ ਰਹੇ ਸਨ ਚੌਧਰੀ

ਭਿ੍ਰਸ਼ਟਾਚਾਰ ਸਬੰਧੀ ਸੰਤੋਖ ਸਿੰਘ ਚੌਧਰੀ ਦਾ ਨਿੱਜੀ ਚੈਨਲ ’ਤੇ ਵਿਖਾਏ ਗਏ ਸਟਿੰਗ ਆਪਰੇਸ਼ਨ ਦੇ ਕਾਰਨ ਕਾਫੀ ਚਰਚਾ ’ਚ ਰਹੇ। ਵਾਇਰਲ ਹੋਈ ਵੀਡੀਓ ’ਚ ਸੰਤੋਖ ਸਿੰਘ ਚੌਧਰੀ ਨਿੱਜੀ ਚੈਨਲ ਦੇ ਰਿਪੋਰਟਰ ਦੇ ਨਾਲ ਪੈਸਿਆਂ ਦੇ ਲੈਣ-ਦੇਣ ਬਾਰੇ ਗੱਲਬਾਤ ਕਰਦੇ ਨਜ਼ਰ ਆਏ ਸਨ, ਜਿਸ ਦੇ ਕਾਰਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਸਨ। ਚੌਧਰੀ ਸੰਤੋਖ ਸਿੰਘ ਨੇ ਖੁਦ ਸਟਿੰਗ ਤੋਂ ਬਾਅਦ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਸ ਸਟਿੰਗ ਆਪਰੇਸ਼ਨ ਨੂੰ ਕੱਟ-ਵੱਢ ਕੇ ਵਿਖਾਇਆ ਗਿਆ ਹੈ, ਇਸ ’ਚ ਕੋਈ ਸੱਚਾਈ ਨਹੀਂ ਹੈ।

ਰਾਹੁਲ ਗਾਂਧੀ ਨੇ ਕੀਤਾ ਟਵੀਟ

ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ਮੈਂ ਸੰਤੋਖ ਸਿੰਘ ਚੌਧਰੀ ਜੀ ਦੇ ਬੇਵਕਤੇ ਦੇਹਾਂਤ ’ਤੇ ਦੁਖੀ ਹਾਂ। ਜੋ ਜ਼ਮੀਨ ਨਾਲ ਜੁੜੇ ਮਿਹਨਤੀ ਨੇਤਾ, ਇੱਕ ਨੇਕ ਇਨਸਾਨ ਅਤੇ ਕਾਂਗਰਸ ਪਰਿਵਾਰ ਦੇ ਮਜ਼ਬੂਤ ਥੰਮ੍ਹ ਸਨ, ਜਿਨ੍ਹਾਂ ਨੇ ਯੁਵਾ ਕਾਂਗਰਸ ਤੋਂ ਸਾਂਸਦ ਤੱਕ ਆਪਣਾ ਜੀਵਨ ਜਨਸੇਵਾ ਨੂੰ ਸਮਰਪਿਤ ਕੀਤਾ। ਗਮ ’ਚ ਡੁੱਬੇ ਪਰਿਵਾਰ ਨੂੰ ਆਪਣੀਆਂ ਸੰਵੇਦਨਾਵਾਂ ਤੇ ਹਮਦਰਦੀ ਪ੍ਰਗਟ ਕਰਦਾ ਹਾਂ।

ਪੜ੍ਹੋ ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਟਵੀਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ