ਆਓ! ਜਾਣੀਏ ਪੋਠੋਹਾਰ ਦੇ ਇਤਿਹਾਸ ਬਾਰੇ

Come on, Let, Know, About, History, Pottohar

ਮਹਾਨ ਕਵੀ ਪ੍ਰੋ. ਮੋਹਨ ਸਿੰਘ ਨੇ ‘ਕੁੜੀ ਪੋਠੋਹਾਰ ਦੀ’ ਕਵਿਤਾ ਲਿਖ ਕੇ ਪੋਠੋਹਾਰ ਦੇ ਇਲਾਕੇ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ। ਇਹ ਅਸਲੀਅਤ ਹੈ ਕਿ ਪੋਠੋਹਾਰ ਦੇ ਲੋਕ ਵਾਕਿਆ ਹੀ ਲੰਮੇ-ਝੰਮੇ ਅਤੇ ਖੂਬਸੂਰਤ ਹੁੰਦੇ ਹਨ। ਪਰ ਪ੍ਰੋ. ਮੋਹਨ ਸਿੰਘ ਦਾ ਵੇਖਿਆ, ਮਾਣਿਆ ਰਮਣੀਕ ਅਤੇ ਸ਼ਾਂਤ ਪੋਠੋਹਾਰ ਹੁਣ ਬੀਤੇ ਦੀ ਗੱਲ ਬਣ ਚੁੱਕਿਆ ਹੈ।

ਪੋਠੋਹਾਰ ਦੀ ਕੁਦਰਤੀ ਸੁੰਦਰਤਾ ਨੂੰ ਵੀ ਵਿਕਾਸ ਦਾ ਗ੍ਰਹਿਣ ਲੱਗ ਚੁੱਕਾ ਹੈ। ਪੋਠੋਹਾਰ ਇੱਕ ਪਠਾਰੀ ਇਲਾਕਾ ਹੈ ਜੋ ਪਾਕਿਸਤਾਨੀ ਪੰਜਾਬ ਦੇ ਪੂਰਬੀ ਜਿਲ੍ਹਿਆਂ ਅਟਕ, ਚੱਕਵਾਲ, ਜੇਹਲਮ, ਰਾਵਲਪਿੰਡੀ ਅਤੇ ਮੀਆਂਵਾਲੀ ਵਿੱਚ ਪੈਂਦਾ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੀ ਇੱਥੇ ਹੀ ਸਥਿਤ ਹੈ। ਇਸ ਦਾ ਕੁੱਲ ਖੇਤਰਫਲ 22254 ਸੁਕੇਅਰ ਕਿ.ਮੀ. ਅਤੇ ਔਸਤ ਉੱਚਾਈ 1150 ਤੋਂ 1900 ਫੁੱਟ ਤੱਕ ਹੈ। ਇਸ ਦੀਆਂ ਹੱਦਾਂ ਇੱਕ ਪਾਸੇ ਪਾਕਿਸਤਾਨੀ ਕਸ਼ਮੀਰ ਅਤੇ ਦੂਸਰੇ ਪਾਸੇ ਸੂਬਾ ਸਰਹੱਦ ਨਾਲ ਲੱਗਦੀਆਂ ਹਨ।

ਇਸ ਇਲਾਕੇ ਵਿੱਚ ਪੱਥਰ ਯੁੱਗ ਤੋਂ ਹੀ ਇਨਸਾਨ ਵੱਸਦੇ ਆਏ ਹਨ। ਇੱਥੋਂ ਦੀ ਸੋਆਨ ਵਾਦੀ ਦੀ ਖੁਦਾਈ ਤੋਂ ਪੱਥਰ ਯੁੱਗ ਦੇ ਹਜ਼ਾਰਾਂ ਔਜ਼ਾਰ ਮਿਲੇ ਹਨ। ਯੂਨਾਨੀ ਬਾਦਸ਼ਾਹ ਸਿਕੰਦਰ ਮਹਾਨ ਨਾਲ ਲੋਹਾ ਲੈਣ ਵਾਲਾ ਪੋਰਸ ਇਸੇ ਇਲਾਕੇ ਦਾ ਰਾਜਾ ਸੀ। ਸ਼ੇਰਸ਼ਾਹ ਸੂਰੀ ਦੁਆਰਾ ਉਸਾਰਿਆ ਗਿਆ ਪ੍ਰਸਿੱਧ ਕਿਲ੍ਹਾ ਰੋਹਤਾਸਗੜ੍ਹ ਅਤੇ ਹੀਰ-ਰਾਂਝਾ ਕਿੱਸੇ ਵਿੱਚ ਵਰਣਿਤ ਟਿੱਲਾ ਯੋਗੀਆਂ (ਜਿਲ੍ਹਾ ਜੇਹਲਮ) ਪੋਠੋਹਾਰ ਵਿੱਚ ਹੀ ਪੈਂਦਾ ਹੈ। ਮਰੀ ਦਾ ਸੈਲਾਨੀ ਸਥਾਨ ਵੀ ਇੱਥੋਂ ਨਜ਼ਦੀਕ ਹੀ ਹੈ।

ਇਹ ਵੀ ਪੜ੍ਹੋ : ਚੰਦ ਦੇ ਸਫ਼ਰ ਲਈ ਰਵਾਨਾ ਹੋਇਆ ਚੰਦਰਯਾਨ-3

ਇੱਥੇ ਪੋਠੋਹਾਰੀ, ਮਾਝੀ, ਹਿੰਦਕੋ, ਧਾਨੀ, ਸ਼ਾਹਪੁਰੀ ਅਤੇ ਛਾਛੀ ਉੱਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੇ ਜੱਟ, ਰਾਜਪੂਤ, ਗੁੱਜਰ ਅਤੇ ਗੱਖੜ ਆਦਿ ਫਿਰਕੇ ਵੱਸਦੇ ਹਨ। ਇਸ ਪਠਾਰ ਨੂੰ ਪੂਰਬ ਵੱਲੋਂ ਜੇਹਲਮ ਅਤੇ ਪੱਛਮ ਵੱਲੋਂ ਸਿੰਧ ਦਰਿਆ ਨੇ ਘੇਰਿਆ ਹੋਇਆ ਹੈ। ਉੱਤਰ ਵੱਲ ਕਾਲਾ ਚਿੱਟਾ ਤੇ ਮਰਗਲਾ ਪਹਾੜ ਅਤੇ ਦੱਖਣ ਵੱਲ ਲੂਣ ਦੀਆਂ ਪਹਾੜੀਆਂ ਹਨ। ਇਸ ਵਿੱਚੋਂ ਹਾਰੋ ਅਤੇ ਸੋਆਨ ਦਰਿਆ ਗੁਜ਼ਰਦੇ ਹਨ ਜੋ ਅੱਗੇ ਜਾ ਕੇ ਸਿੰਧ ਦਰਿਆ ਵਿੱਚ ਮਿਲ ਜਾਂਦੇ ਹਨ। ਲੂਣ ਦੀਆਂ ਖਾਣਾਂ ਤੋਂ ਹੋਣ ਵਾਲੀ ਆਮਦਨ ਕਾਰਨ ਈਸਟ ਇੰਡੀਆ ਕੰਪਨੀ ਇਸ ਨੂੰ ਸੋਨੇ ਦੀ ਚਿੜੀ ਕਹਿੰਦੀ ਸੀ। ਹੁਣ ਵੀ ਭਾਰਤ ਵਿੱਚ ਮਿਲਣ ਵਾਲੇ ਚਿੱਟੇ-ਕਾਲੇ ਪਾਕਿਸਤਾਨੀ ਲੂਣ ਦੇ ਢੇਲੇ ਇੱਥੋਂ ਹੀ ਆਉਂਦੇ ਹਨ। ਇਹ ਖਾਣਾਂ ਜੇਹਲਮ ਜਿਲ੍ਹੇ ਦੀ ਪਿੰਡ ਦਾਦਨ ਖਾਨ ਤਹਿਸੀਲ ਦੇ ਨਜ਼ਦੀਕ ਖੇਵੜਾ ਵਿੱਚ ਸਥਿਤ ਹਨ ਤੇ ਵਿਸ਼ਵ ਦੀਆਂ ਦੂਸਰੇ ਨੰਬਰ ਦੀਆਂ ਸਭ ਤੋਂ ਵੱਡੀਆਂ ਖਾਣਾਂ ਹਨ। ਹਰ ਸਾਲ ਤਿੰਨ ਲੱਖ ਦੇ ਕਰੀਬ ਸੈਲਾਨੀ ਸਿਰਫ ਇਹਨਾਂ ਨੂੰ ਵੇਖਣ ਆਉਂਦੇ ਹਨ। ਇਸ ਖਾਨ ਨੂੰ 320 ਬੀ.ਸੀ. ਵਿੱਚ ਸਿਕੰਦਰ ਦੀ ਸੈਨਾ ਨੇ ਲੱਭਿਆ ਸੀ।

ਇਹ ਖੋਜ ਅਚਾਨਕ ਹੋ ਗਈ ਜਦੋਂ ਉਸ ਦੀ ਫੌਜ ਦੇ ਬਿਮਾਰ ਘੋੜੇ ਇੱਥੋਂ ਦੇ ਨਮਕੀਨ ਪੱਥਰਾਂ ਨੂੰ ਚੱਟ ਕੇ ਨੌਬਰ ਨੌ ਹੋ ਗਏ। ਵਪਾਰਕ ਪੱਧਰ ‘ਤੇ ਇੱਥੋਂ ਨਮਕ ਦਾ ਖਨਨ ਮੁਗਲ ਕਾਲ ਵਿੱਚ ਸ਼ੁਰੂ ਹੋਇਆ ਸੀ। ਇੱਥੇ ਸਾਲਾਨਾ ਸਾਢੇ ਤਿੰਨ ਲੱਖ ਟਨ ਸ਼ੁੱਧ ਨਮਕ ਦੀ ਪੈਦਾਵਾਰ ਹੁੰਦੀ ਹੈ। ਇਹਨਾਂ ਖਾਣਾਂ ਵਿੱਚ ਐਨਾ ਨਮਕ ਹੈ ਕਿ ਹੋਰ 350 ਸਾਲ ਖਤਮ ਨਹੀਂ ਹੋ ਸਕਦਾ। ਨਮਕ ਦੇ ਇਹ ਪਹਾੜ ਪੋਠੋਹਾਰ ਨੂੰ ਬਾਕੀ ਪੰਜਾਬ ਤੋਂ ਅਲੱਗ ਕਰਦੇ ਹਨ। ਪੋਠੋਹਾਰ ਬਹੁਤ ਹੀ ਉੱਚਾ-ਨੀਵਾਂ ਤੇ ਉਭੜ-ਖਾਭੜ ਇਲਾਕਾ ਹੈ। ਸਾਕੇਸਰ (1522 ਮੀ.) ਪੋਠੋਹਾਰ ਦੀ ਸਭ ਤੋਂ ਉੱਚੀ ਪਹਾੜੀ ਹੈ। ਇੱਥੋਂ ਗੁਜ਼ਰਨ ਵਾਲੇ ਸਾਰੇ ਨਦੀ-ਨਾਲੇ ਡੂੰਘੀਆਂ ਖੱਡਾਂ ਵਿੱਚ ਵਗਦੇ ਹਨ ਤੇ ਸਿੰਚਾਈ ਦੇ ਕੰਮ ਨਹੀਂ ਆਉਂਦੇ। ਇਸ ਕਾਰਨ ਖੇਤੀਬਾੜੀ ਯੋਗ ਇਲਾਕਾ ਬਹੁਤ ਘੱਟ ਹੈ ਤੇ ਬਰਸਾਤ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਕਣਕ, ਛੋਲੇ, ਬਾਜਰਾ ਅਤੇ ਸਬਜ਼ੀਆਂ ਆਦਿ ਪੈਦਾ ਹੁੰਦੀਆਂ ਹਨ।

ਇਹ ਵੀ ਪੜ੍ਹੋ : ਕੋਈ ਨਹੀਂ ਪੁੱਜਿਆ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ, ਤੂੜੀ ਤੇ ਹਰੇ-ਚਾਰੇ ਖੁਣੋਂ ਪਸ਼ੂ ਮਰ ਰਹੇ ਨੇ ਭੁੱਖੇ

ਪੋਠੋਹਾਰ ਦਾ ਇਲਾਕਾ ਖਣਿਜਾਂ ਨਾਲ ਭਰਪੂਰ ਹੈ। ਇੱਥੋਂ ਦੇ ਪਿੰਡ ਖਾਉਰ ਵਿੱਚ 1915, ਧੂਲੀਆਂ ਵਿੱਚ 1935 ਅਤੇ ਤੁੱਤ ਵਿੱਚ 1968 ਵਿੱਚ ਤੇਲ ਅਤੇ ਕੁਦਰਤੀ ਗੈਸ ਲੱਭੀ ਸੀ। ਇਹ ਤੇਲ ਪਾਈਪ ਲਾਈਨਾਂ ਰਾਹੀਂ ਰਾਵਲਪਿੰਡੀ ਰਿਫਾਇਨਰੀ ਤੱਕ ਪਹੁੰਚਾਇਆ ਜਾਂਦਾ ਹੈ। ਹੁਣ ਜੇਹਲਮ ਦਰਿਆ ਨਜ਼ਦੀਕ ਨਵੇਂ ਖੂਹ ਲੱਭੇ ਹਨ ਜੋ ਦੇਸ਼ ਵਿੱਚ ਸਭ ਤੋਂ ਜਿਆਦਾ ਤੇਲ ਪੈਦਾ ਕਰ ਰਹੇ ਹਨ। ਪੋਠੋਹਾਰ ਦਾ ਇਤਿਹਾਸ ਬਹੁਤ ਹੀ ਪ੍ਰਾਚੀਨ ਹੈ। ਇਹ ਮਹਾਂਭਾਰਤ ਵਿੱਚ ਵਰਣਿਤ ਗੰਧਾਰ ਅਤੇ ਮਹਿਮੂਦ ਗਜ਼ਨਵੀ ਦੁਆਰਾ ਤਬਾਹ ਕੀਤੇ ਗਏ ਹਿੰਦੂਸ਼ਾਹੀ ਰਾਜ ਦਾ ਹਿੱਸਾ ਸੀ। ਇੱਥੇ ਪੱਥਰ ਯੁੱਗ ਦੇ ਸੋਆਨੀਅਨ ਕਬੀਲਿਆਂ ਤੋਂ ਇਲਾਵਾ ਸਿੰਧ ਘਾਟੀ ਦੀ ਸੱਭਿਅਤਾ ਵੀ ਪ੍ਰਫੁੱਲਿਤ ਹੋਈ ਸੀ। ਸੰਸਾਰ ਦੀ ਮੁੱਢਲੀ ਯੂਨੀਵਰਸਿਟੀ ਤਕਸ਼ਿਲਾ (ਜਿਲ੍ਹਾ ਰਾਵਲਪਿੰਡੀ) ਦੀ ਸਥਾਪਨਾ ਵੀ ਇੱਥੇ ਹੀ 370 ਈ. ਪੂ. ਵਿੱਚ ਹੋਈ ਸੀ।

ਅਫਗਾਨਿਸਤਾਨ, ਤਿੱਬਤ, ਚੀਨ ਅਤੇ ਹੋਰ ਅਨੇਕਾਂ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਬੁੱਧ ਧਰਮ ਅਤੇ ਹੋਰ ਵਿਸ਼ਿਆਂ ਦਾ ਗਿਆਨ ਲੈਣ ਲਈ ਆਉਂਦੇ ਸਨ। ਇਸ ਦੇ ਖੰਡਰ ਹੁਣ ਯੂਨੈਸਕੋ ਵਰਲਡ ਹੈਰੀਟੇਜ਼ ਦੁਆਰਾ ਸੁਰੱਖਿਅਤ ਹਨ। ਇਸ ਨੂੰ 450-465 ਈ. ਵਿੱਚ ਹੂਣਾਂ ਦੁਆਰਾ ਤਬਾਹ ਕਰ ਦਿੱਤਾ ਗਿਆ ਸੀ। ਰੋਹਤਾਸਗੜ੍ਹ ਦਾ ਕਿਲ੍ਹਾ ਵੀ ਹੁਣ ਯੂਨੈਸਕੋ ਹੈਰੀਟੇਜ਼ ਸਾਈਟ ਹੈ। ਲੂਣ ਦੀਆਂ ਪਹਾੜੀਆਂ ਵਿੱਚ ਅਨੇਕਾਂ ਪੁਰਾਤਨ ਹਿੰਦੂ ਮੰਦਰ ਅੱਜ ਵੀ ਮੌਜੂਦ ਹਨ। ਇਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਕਟਾਸ ਰਾਜ ਹੈ। ਸ਼ਿਵ ਜੀ ਨੂੰ ਸਮਰਪਿਤ ਇਸ ਮੰਦਰ ਬਾਰੇ ਮਸ਼ਹੂਰ ਹੈ ਕਿ ਪਾਂਡਵਾਂ ਨੇ ਆਪਣੇ ਬਨਵਾਸ ਦੇ 14 ਵਿੱਚੋਂ 4 ਸਾਲ ਇੱਥੇ ਹੀ ਬਿਤਾਏ ਸਨ। ਭਾਰਤ-ਪਾਕਿ ਸੰਧੀ ਕਾਰਨ ਹਰ ਸਾਲ ਭਾਰਤ ਤੋਂ ਤੀਰਥ ਯਾਤਰੀਆਂ ਦੇ ਜੱਥੇ ਕਟਾਸ ਰਾਜ ਦੀ ਯਾਤਰਾ ‘ਤੇ ਜਾਂਦੇ ਹਨ। (Pottohar)

ਪੋਠੋਹਾਰ ਦੇ ਲੋਕ ਅੱਜ ਵੀ ਸਿੱਧੇ-ਸਾਦੇ ਅਤੇ ਨੇਕ ਸੁਭਾਅ ਵਾਲੇ ਹਨ। ਪਾਕਿਸਤਾਨ ਵਿੱਚ ਵਧ ਰਹੇ ਕੱਟੜਵਾਦ ਦਾ ਇੱਥੇ ਕੋਈ ਜਿਆਦਾ ਪ੍ਰਭਾਵ ਨਹੀਂ ਪਿਆ। ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਨਜ਼ਦੀਕ ਹੋਣ ਕਾਰਨ ਪੋਠੋਹਾਰ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਪਰ ਘੱਟ ਬਰਸਾਤ, ਜੰਗਲਾਂ ਦੇ ਉਜਾੜੇ, ਕੋਲੇ ਦੀਆਂ ਖਾਣਾਂ ਅਤੇ ਤੇਲ ਗੈਸ ਦੇ ਖੂਹਾਂ ਕਾਰਨ ਪੋਠੋਹਾਰ ਦੀ ਧਰਤੀ ਹੌਲੀ-ਹੌਲੀ ਪਲੀਤ ਹੁੰਦੀ ਜਾ ਰਹੀ ਹੈ। ਕਿਸੇ ਸਮੇਂ ਦੀਆਂ ਖੂਬਸੂਰਤ ਉੱਛਲੀ, ਖਾਬੇਕੀ, ਝਲਾਰ ਅਤੇ ਕੱਲਰ ਕਹਾਰ ਝੀਲਾਂ ਦਾ ਪਾਣੀ ਅਤੇ ਖੇਤਰ ਹੁਣ ਬਹੁਤ ਘਟ ਗਿਆ ਹੈ। ਬਹੁਤ ਜ਼ਿਆਦਾ ਉਦਯੋਗ ਵੀ ਲੱਗ ਰਹੇ ਹਨ। ਹੌਲੀ-ਹੌਲੀ ਇਹ ਖਿੱਤਾ ਵੀ ਆਪਣੀ ਵੱਖਰੀ ਪਹਿਚਾਣ ਗੁਆ ਕੇ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਗੁੰਮ ਹੋ ਜਾਵੇਗਾ। (Pottohar)