Punjab
Punjab Census 2027: ਜਨਗਣਨਾ 2027 ਦੀਆਂ ਤਿਆਰੀਆਂ ਦਾ ਚੰਡੀਗੜ੍ਹ ਤੋਂ ਆਏ ਸੀਨੀਅਰ ਅਧਿਕਾਰੀਆਂ ਨੇ ਲਿਆ ਜਾਇਜ਼ਾ
ਪਟਿਆਲਾ, ਰਾਜਪੁਰਾ ਦੇ ਤਹਿਸੀਲ ਦਫ਼ਤਰਾਂ ਤੇ ਪੰਜਾਬੀ ਯੂਨੀਵਰਸਿਟੀ ਦਾ ਕੀਤਾ ਦੌਰਾ, ਡਿਜੀਟਲ ਮੈਪਿੰਗ ਤੇ ਸਟਾਫ਼ ਦੀ ਸਿਖਲਾਈ ਦੀ ਕੀਤੀ ਸਮੀਖਿਆ
ਪਟਿਆਲਾ (ਸੱਚ ਕਹੂੰ ਨਿਊਜ਼/ਏਜੰਸੀ)। ਜਨਗਣਨਾ 2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਆਫ਼ ਸੈਂਸਸ ਆਪ੍ਰੇਸ਼ਨ, ਪੰਜਾਬ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਟਿਆਲਾ ਤੇ ਰਾਜਪੁਰਾ ਦੇ ਵੱਖ-ਵੱਖ ਦਫ਼ਤਰਾਂ ਦਾ ਫੀਲਡ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਅਧਿਕਾਰੀਆਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ, ਡਿਜੀਟਲ ਮੈਪਿੰਗ ਤੇ ਸਟਾਫ਼ ਦੀ ਸਿਖਲਾਈ ਸਮੇਤ ਜਨਗਣਨਾ ਨਾਲ ਸਬੰਧਤ ਹੋਰ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਇਸ ਮੌਕੇ ਸਹਾਇਕ ਡਾਇਰੈਕਟਰ ਰੇਨੂ, ਐਸਆਈ ਗ੍ਰੇਡ-2 ਪਿੰਕੀ ਰਾਵਤ, ਜ਼ਿਲ੍ਹਾ ਕੋਆਰਡੀਨੇਟਰ ਅਮਨ ਕੁਮਾਰ ਬਲੀਹਾਰ ਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਜਸਵਿੰਦਰ ਕੌਰ ਨੇ ਤਹਿਸੀਲ ਪਟਿਆਲਾ, ਤਹਿਸੀਲ ਰਾਜਪੁਰਾ ਤੇ ਨਗਰ ਕੌਂਸਲ ਰਾਜਪੁਰਾ ਦੇ ਸੈਂਸਸ ਚਾਰਜ ਦਫ਼ਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਦੇ ਨਾਲ ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਜਾਰੀ ਕੀਤੇ ਜਾ ਰਹੇ ਨਿਯੁਕਤੀ ਪੱਤਰਾਂ ਦੀ ਵੀ ਜਾਂਚ ਕੀਤੀ।
ਅਧਿਕਾਰੀਆਂ ਨੇ ਹਦਾਇਤ ਕੀਤੀ ਕਿ ਫੀਲਡ ’ਚ ਡਿਊਟੀ ਨਿਭਾਉਣ ਵਾਲੇ ਹਰੇਕ ਗਣਨਾਕਾਰ ਤੇ ਸੁਪਰਵਾਈਜ਼ਰ ਕੋਲ ਅਧਿਕਾਰਤ ਨਿਯੁਕਤੀ ਪੱਤਰ ਤੇ ਸ਼ਨਾਖਤੀ ਕਾਰਡ ਲਾਜ਼ਮੀ ਤੌਰ ’ਤੇ ਹੋਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਸਮੇਂ ਕਿਸੇ ਕਿਸਮ ਦੀ ਸ਼ੰਕਾ ਜਾਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਉਪਰੰਤ ਟੀਮ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਜਨਗਣਨਾ ਸਬੰਧੀ ਲਾਈ ਗਈ ਵਿਸ਼ੇਸ਼ ਜਾਗਰੂਕਤਾ ਸਟਾਲ ਦਾ ਵੀ ਦੌਰਾ ਕੀਤਾ ਗਿਆ।
ਅਧਿਕਾਰੀਆਂ ਨੇ ਯੂਨੀਵਰਸਿਟੀ ਕੈਂਪਸ ’ਚ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਜਨਗਣਨਾ ਬਾਰੇ ਜਾਗਰੂਕ ਕਰਨ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਤੇ ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੀ 16ਵੀਂ ਜਨਗਣਨਾ ਡਿਜੀਟਲ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ, ਇਸ ਲਈ ਡਿਜੀਟਲ ਐਪਲੀਕੇਸ਼ਨਾਂ ’ਚ ਦਰਜ ਕੀਤੇ ਜਾਣ ਵਾਲੇ ਅੰਕੜਿਆਂ ਦੀ ਸ਼ੁੱਧਤਾ ਬੇਹੱਦ ਅਹਿਮ ਹੈ।
ਉਨ੍ਹਾਂ ਨੇ ਪਟਿਆਲਾ ਅਤੇ ਰਾਜਪੁਰਾ ’ਚ ਕੀਤੇ ਗਏ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟਾਈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਕਰਮਚਾਰੀਆਂ ਨੂੰ ਸਹੀ ਤੇ ਪੂਰੀ ਜਾਣਕਾਰੀ ਦੇ ਕੇ ਇਸ ਕੌਮੀ ਕਾਰਜ ’ਚ ਸਹਿਯੋਗ ਦੇਣ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਮੱਸਿਆ ਦੇ ਹੱਲ ਲਈ ਨਾਗਰਿਕ ਰਾਸ਼ਟਰੀ ਟੋਲ-ਫ੍ਰੀ ਹੈਲਪਲਾਈਨ ਨੰਬਰ 1855 ’ਤੇ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : Punjab Assembly Elections: ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਨਹੀਂ ਸਕਿਆ ਅਕਾਲੀ ਦਲ, 10 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਲੇਟ
Comments