ਅਮਰਿੰਦਰ ਸਿੰਘ ਦੀ ਤਨਖਾਹ ਬੰਦ, ਕੈਬਨਿਟ ਬ੍ਰਾਂਚ ਨੇ ਲਗਾਈ ਤਨਖ਼ਾਹ ’ਤੇ ਰੋਕ

Captain Amarinder Singh Sachkahoon

18 ਸਤੰਬਰ ਤੱਕ ਦੀ ਹੀ ਮਿਲੇਗੀ ਤਨਖ਼ਾਹ, 19 ਨੂੰ ਹੋ ਗਈ ਸੀ ਅਮਰਿੰਦਰ ਸਿੰਘ ਦੀ ਰਵਾਨਗੀ

ਪੰਜਾਬ ਸਰਕਾਰ ਵਲੋਂ ਤਿਆਰ ਕਰ ਲਏ ਗਏ ਹਨ ਆਦੇਸ਼, ਜਲਦ ਅਮਰਿੰਦਰ ਸਿੰਘ ਨੂੰ ਕਰ ਦਿੱਤਾ ਜਾਏਗਾ ਸੂਚਿਤ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਤਨਖ਼ਾਹ ਵੀ ਰੋਕ ਦਿੱਤੀ ਗਈ ਹੈ। ਅਮਰਿੰਦਰ ਸਿੰਘ ਨੂੰ ਸਤੰਬਰ ਮਹੀਨੇ ਦੀ ਮਿਲਣ ਵਾਲੀ 1 ਲੱਖ 54 ਹਜ਼ਾਰ ਰੁਪਏ ਤਨਖ਼ਾਹ ਨਹੀਂ ਮਿਲੇਗੀ। ਇਸ ਸਬੰਧੀ ਬਕਾਇਦਾ ਆਦੇਸ਼ ਤੱਕ ਜਾਰੀ ਕੀਤੇ ਜਾ ਰਹੇ ਹਨ। ਅਮਰਿੰਦਰ ਸਿੰਘ ਨੂੰ ਹੁਣ ਤੋਂ ਬਾਅਦ ਪੰਜਾਬ ਸਰਕਾਰ ’ਚ ਕੈਬਨਿਟ ਬ੍ਰਾਂਚ ਦੀ ਲੇਖਾ ਸਾਖ਼ਾ ਕੋਈ ਵੀ ਤਨਖ਼ਾਹ ਜਾਰੀ ਨਹੀਂ ਕਰੇਗੀ। ਅਮਰਿੰਦਰ ਸਿੰਘ ਨੂੰ ਸਿਰਫ਼ 18 ਦਿਨਾਂ ਦੀ 90 ਹਜ਼ਾਰ ਰੁਪਏ ਹੀ ਦਿੱਤੇ ਜਾਣਗੇ। ਬਾਕੀ ਰਹਿੰਦੇ ਦਿਨਾਂ ਦੀ ਤਨਖਾਹ ਕੈਬਨਿਟ ਬ੍ਰਾਂਚ ਦੀ ਲੇਖਾ ਸਾਖ਼ਾ ਵਲੋਂ ਜਾਰੀ ਨਹੀਂ ਕੀਤੀ ਜਾਏਗੀ।

ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਸਣੇ ਜਿਹੜੇ ਵਿਧਾਇਕ ਮੰਤਰੀ ਮੰਡਲ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਨੂੰ ਲੱਖਾਂ ਰੁਪਏ ਵਿੱਚ ਤਨਖ਼ਾਹ ਪੰਜਾਬ ਸਰਕਾਰ ਦੀ ਕੈਬਨਿਟ ਬ੍ਰਾਂਚ ਅਧੀਨ ਆਉਂਦੀ ਲੇਖਾ ਸਾਖ਼ਾ ਵਲੋਂ ਜਾਰੀ ਕੀਤੀ ਜਾਂਦੀ ਹੈ। ਅਮਰਿੰਦਰ ਸਿੰਘ ਨੂੰ ਵੀ ਬਤੌਰ ਮੁੱਖ ਮੰਤਰੀ ਹਰ ਮਹੀਨੇ 1 ਲੱਖ 54 ਹਜ਼ਾਰ ਰੁਪਏ ਤਨਖ਼ਾਹ ਦੇ ਤੌਰ ’ਤੇ ਦਿੱਤੇ ਜਾਂਦੇ ਸਨ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੀ ਤਨਖ਼ਾਹ ਹਰ ਮਹੀਨੇ ਉਨ੍ਹਾਂ ਦੇ ਬੈਂਕ ਅਕਾਉਂਟ ਵਿੱਚ ਹੀ ਪਾਈ ਜਾਂਦੀ ਸੀ ਅਤੇ ਇਸ ਲਈ ਕੋਈ ਦਸਤਖ਼ਤ ਕਰਨ ਦੀ ਅਮਰਿੰਦਰ ਸਿੰਘ ਨੂੰ ਲੋੜ ਵੀ ਨਹੀਂ ਸੀ ਪਰ 5 ਦਿਨ ਪਹਿਲਾਂ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਹਨ। ਜਿਸ ਕਾਰਨ ਉਨ੍ਹਾਂ ਦੀ ਤਨਖ਼ਾਹ ਵੀ ਪੰਜਾਬ ਸਰਕਾਰ ਵਲੋਂ ਬੰਦ ਕਰ ਦਿੱਤੀ ਗਈ ਹੈ।

ਅਮਰਿੰਦਰ ਸਿੰਘ ਵਲੋਂ 17 ਸਤੰਬਰ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਗਿਆ ਸੀ ਪਰ ਅਗਲੇ ਇੱਕ ਦਿਨ ਲਈ ਕਾਰਜਕਾਰੀ ਮੁੱਖ ਮੰਤਰੀ ਰਹਿਣ ਦੇ ਚਲਦੇ ਅਮਰਿੰਦਰ ਸਿੰਘ ਨੂੰ 18 ਦਿਨਾਂ ਦੀ ਤਨਖ਼ਾਹ ਪੰਜਾਬ ਸਰਕਾਰ ਵਲੋਂ ਦਿੱਤੀ ਜਾਏਗੀ। ਇਸ ਲਈ ਬਕਾਇਦਾ ਆਦੇਸ਼ ਵੀ ਤਿਆਰ ਕਰ ਲਏ ਗਏ ਹਨ ਅਤੇ ਇਸ ਸਬੰਧੀ ਸੂਚਨਾ ਵੀ ਅਮਰਿੰਦਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਨੂੰ ਭੇਜ ਦਿੱਤੀ ਜਾਏਗੀ ਕਿ ਹੁਣ ਤੋਂ ਬਾਅਦ ਅਮਰਿੰਦਰ ਸਿੰਘ ਸਿਰਫ਼ ਇੱਕ ਵਿਧਾਇਕ ਦੇ ਤੌਰ ’ਤੇ ਹੀ ਰਹਿਣਗੇ।

ਹੁਣ ਸਿਰਫ਼ ਵਿਧਾਇਕ ਹੋਣ ਦੇ ਜਲਦ ਵਿਧਾਨ ਸਭਾ ਤੋਂ ਹੀ ਮਿਲੇਗੀ ਤਨਖ਼ਾਹ

ਅਮਰਿੰਦਰ ਸਿੰਘ ਹੁਣ ਸਿਰਫ਼ ਇੱਕ ਵਿਧਾਇਕ ਹੀ ਰਹਿ ਗਏ ਹਨ ਉਨ੍ਹਾਂ ਕੋਲ ਨਾ ਹੀ ਕੋਈ ਕੈਬਨਿਟ ਦਾ ਅਹੁਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਅਹੁਦਾ ਦਿੱਤਾ ਜਾ ਰਿਹਾ ਹੈ। ਇਸ ਲਈ ਅਮਰਿੰਦਰ ਸਿੰਘ ਨੂੰ 19 ਸਤੰਬਰ ਤੋਂ ਬਾਅਦ ਦੀ ਤਨਖ਼ਾਹ ਪੰਜਾਬ ਵਿਧਾਨ ਸਭਾ ਤੋਂ ਮਿਲੇਗੀ। ਪੰਜਾਬ ਵਿਧਾਨ ਸਭਾ ਵਲੋਂ ਅਮਰਿੰਦਰ ਸਿੰਘ ਨੂੰ 11 ਦਿਨਾਂ ਦੀ ਤਨਖ਼ਾਹ ਉਨ੍ਹਾਂ ਦੇ ਖਾਤੇ ਵਿੱਚ ਪਾਈ ਜਾਏਗੀ ਪਰ ਇਸ ਲਈ ਅਮਰਿੰਦਰ ਸਿੰਘ ਨੂੰ ਦਸਤਖ਼ਤ ਕਰਨੇ ਪੈਣਗੇ। ਸਿਰਫ਼ ਇਨ੍ਹਾਂ 11 ਦਿਨਾਂ ਲਈ ਨਹੀਂ ਸਗੋਂ ਅਮਰਿੰਦਰ ਸਿੰਘ ਨੂੰ ਹੁਣ ਹਰ ਮਹੀਨੇ ਪੰਜਾਬ ਵਿਧਾਨ ਸਭਾ ਦੇ ਫਾਰਮ ’ਤੇ ਦਸਤਖ਼ਤ ਕਰਦੇ ਹੋਏ ਆਪਣੀ ਤਨਖ਼ਾਹ ਹਾਸਲ ਕਰਨੀ ਹੋਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ