ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਦੇ ਦੰਗਿਆਂ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਦਿੱਤੇ ਜਾਣ ਦਾ ਸਵਾਗਤ

Capt, Welcomes, Sentence, Riots

ਕਿਹਾ , ‘ਆਖੀਰ ਪੀੜਤਾਂ ਨੂੰ ਨਿਆਂ ਮਿਲਿਆ’ , ਉਹ ਖ਼ੁਦ ਲੈਂਦੇ ਰਹੇ ਹਨ ਸਜਨ ਕੁਮਾਰ ਦਾ ਨਾਅ

ਨਾ ਹੀ ਕਾਂਗਰਸ ਅਤੇ ਨਾ ਹੀ ਗਾਂਧੀ ਇਸ ਸਾਜਿਸ਼ ਹੋਣ ਦੀ ਗੱਲ ਦੁਹਰਾਈ

ਗਾਂਧੀ ਪਰਿਵਾਰ ਦਾ ਨਾਂ ਇਸ ਮਾਮਲੇ ਵਿੱਚ ਘਸੀਟਣ ਲਈ ਬਾਦਲਾਂ ਦੀ ਆਲੋਚਨਾ

ਚੰਡੀਗੜ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਦੇ ਸਬੰਧ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਆਜ਼ਾਦ ਭਾਰਤ ਦੇ ਇਤਿਹਾਸ ਦੀ ਫ਼ਿਰਕੂ ਹਿੰਸਾ ਦੀ ਇਸ ਭਿਆਨਕ ਘਟਨਾ ਵਿੱਚ ਪੀੜਤਾਂ ਨੂੰ ਆਖਿਰਕਾਰ ਨਿਆਂ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਟਰਾਇਲ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਮੁਕਤ ਕਰਨ ਦੇ ਦਿੱਤੇ ਫੈਸਲੇ ਨੂੰ ਪਲਟਦਿਆਂ ਹਾਈਕੋਰਟ ਨੇ ਇਕ ਵਾਰੀ ਫੇਰ ਸਿੱਧ ਕਰ ਦਿੱਤਾ ਹੈ ਕਿ ਭਾਰਤ ਵਿੱਚ ਨਿਆਂਪਾਲਿਕਾ ਲਗਾਤਾਰ ਦੇਸ਼ ਦੀ ਜ਼ਮਹੂਰੀ ਪ੍ਰਣਾਲੀ ਦੇ ਇਕ ਥੰਮ ਵੱਜੋਂ ਮਜ਼ਬੂਤੀ ਨਾਲ ਖੜੀ ਹੈ।
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਨੂੰ ਦਿੱਲੀ ਹਾਈਕੋਰਟ ਵੱਲੋਂ ਉਮਰ ਕੈਦ ਦਿੱਤੇ ਜਾਣ ਦੇ ਫੈਸਲੇ ‘ਤੇ ਪ੍ਰਤਿਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਜ਼ਾ, ਹਿੰਸਾ ਦੇ  ਕਾਲੇ ਦਿਨਾਂ ਤੋਂ ਉਨਾਂ ਵੱਲੋਂ ਲਏ ਗਏ ਸਟੈਂਡ ਦੀ ਪੁਸ਼ਟੀ ਕਰਦੀ ਹੈ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਸੰਦਰਭ ਵਿੱਚ ਹਜ਼ਾਰਾਂ ਬੇਗੁਨਾਹ ਸਿੱਖ ਸ਼ਿਕਾਰ ਹੋਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸੱਜਣ ਕੁਮਾਰ ਦੇ ਨਾਲ ਸਾਬਕਾ ਕਾਂਗਰਸੀ ਆਗੂਆਂ ਧਰਮ ਦਾਸ ਸ਼ਾਸਤਰੀ, ਐਚ.ਕੇ.ਐਲ ਭਗਤ, ਅਰਜਨ ਦਾਸ ਦਾ ਨਾਂ ਪਿਛਲੇ 34 ਸਾਲਾਂ ਤੋਂ ਪ੍ਰਾਪਤ ਸੂਚਨਾ ਦੇ ਆਧਾਰ ‘ਤੇ ਲੈ ਰਹੇ ਹਨ ਜੋ ਉਨਾਂ ਨੂੰ ਦੰਗਿਆਂ ਦੌਰਾਨ ਦਿੱਲੀ ਦੇ ਪਨਾਹ ਕੈਂਪਾਂ ਵਿੱਚ ਪੀੜਤਾਂ ਨਾਲ ਨਿੱਜੀ ਤੌਰ ‘ਤੇ ਮਿਲਣ ਦੌਰਾਨ ਪ੍ਰਾਪਤ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦੰਗਿਆਂ ਨਾਲ ਸਬੰਧਤ ਸੱਜਨ ਕੁਮਾਰ ਇਕੋ-ਇਕ ਹੀ ਕਾਂਗਰਸ ਦਾ ਜਿਉਂਦਾ ਆਗੂ ਹੈ ਜਦ ਕਿ ਬਾਕੀਆਂ ਦਾ ਦੇਹਾਂਤ ਹੋ ਚੁੱਕਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਨਾਹ ਕੈਂਪਾਂ ਵਿੱਚ ਪੀੜਤਾਂ ਨਾਲ ਵਿਚਾਰ ਚਰਚਾ ਦੌਰਾਨ ਸੱਜਣ ਕੁਮਾਰ ਦਾ ਨਾਂ ਬਾਰ-ਬਾਰ ਇਸ ਮਾਮਲੇ ਵਿੱਚ ਆਇਆ। ਪਿਛਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਦੇ ਮਾਮਲੇ ਵਿੱਚ ਫਾਂਸੀ ਦੀ ਪਹਿਲੀ ਸਜ਼ਾ ਦਿੱਤੇ ਜਾਣ ਦਾ ਵੀ ਸਵਾਗਤ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਇਨਾਂ ਸਾਲਾਂ ਦੌਰਾਨ ਦੰਗਿਆਂ ਵਿੱਚ ਵਿਅਕਤੀਗਤ ਤੌਰ ‘ਤੇ ਮੁੱਠੀਭਰ ਕਾਂਗਰਸ ਆਗੂਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦੇ ਆ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੱਜਣ ਕੁਮਾਰ ਸਣੇ ਇਨਾਂ ਆਗੂਆਂ ਕੋਲ ਪਾਰਟੀ ਵੱਲੋਂ ਕੁੱਝ ਵੀ ਅਧਿਕਾਰਿਤ ਨਹੀ ਸੀ ਅਤੇ ਇਸ ਘਿਨਾਉਣੇ ਅਪਰਾਧ ਲਈ ਸਜ਼ਾ ਦੇ ਹੱਕਦਾਰ ਸਨ।
ਮੁੱਖ ਮੰਤਰੀ ਨੇ ਮੁੜ ਦੋਹਰਾਇਆ ਕਿ ਇਨਾਂ ਦੰਗਿਆਂ ਵਿੱਚ ਨਾ ਹੀ ਕਾਂਗਰਸ ਪਾਰਟੀ ਦੀ ਅਤੇ ਨਾ ਹੀ ਗਾਂਧੀ ਪਰਿਵਾਰ ਦੀ ਕੋਈ ਭੂਮਿਕਾ ਸੀ। ਉਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਸਿਆਸੀ ਆਕਾਵਾਂ ਦੀ ਤਰਫੋਂ ਇਸ ਮਾਮਲੇ ਵਿੱਚ ਲਗਾਤਾਰ ਗਾਂਧੀ ਪਰਿਵਾਰ ਦਾ ਨਾਂ ਘਸੀਟੇ ਜਾਣ ਲਈ ਬਾਦਲਾਂ ਦੀ ਤਿੱਖੀ ਆਲੋਚਨਾ ਕੀਤੀ ਜੋ ਕਿ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਤਿੰਨ ਸੂਬਿਆਂ ਦੀਆਂ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ‘ਚ ਲੋਕਾਂ ਵੱਲੋਂ ਦਿੱਤੇ ਸਪਸ਼ਟ ਫਤਵੇ ਦੇ ਕਾਰਨ ਪੂਰੇ ਹਿਲ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿੰਸਾ ਦੇ ਪਿਛੇ ਕਾਂਗਰਸ ਦੀ ਕੋਈ ਸਾਜਿਸ਼ ਨਹੀਂ ਸੀ ਅਤੇ ਉਨਾਂ ਵੱਲੋਂ ਰਾਹਤ ਕੈਂਪਾਂ ਦੇ ਕੀਤੇ ਗਏ ਦੌਰਿਆਂ ਦੌਰਾਨ ਇਕ ਵਾਰੀ ਵੀ ਗਾਂਧੀ ਪਰਿਵਾਰ ਦਾ ਨਾਂ ਸਾਹਮਣੇ ਨਹੀਂ ਆਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਦੇ ਵਾਸਤੇ ਇਸ ਵਿਵਾਦ ਤੇ ਸਾਜਿਸ਼ ਵਿੱਚ ਗਾਂਧੀ ਪਰਿਵਾਰ ਦਾ ਨਾਂ ਘਸੀਟਿਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।