Air India: ਏਅਰ ਇੰਡੀਆ ਦੀ ਘਰੇਲੂ ਉਡਾਣਾਂ ਹੋਈਆਂ ਮਹਿੰਗੀਆਂ, ਨਵਾਂ ਕਿਰਾਇਆ ਹੋਵੇਗਾ ਲਾਗੂ
ਜੈਟ ਫਿਊਲ ਦੇ ਭਾਅ ਵਧਣ ਕਾਰਨ ਮਹਿੰਗੀਆਂ ਹੋਈਆਂ ਉਡਾਣਾਂ
ਨਵੀਂ ਦਿੱਲੀ (ਏਜੰਸੀ)। ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਫਿਊਲ ਸਰਚਾਰਜ ਵਧਾ ਦਿੱਤਾ ਹੈ। ਇਸ ਨਾਲ ਹਵਾਈ ਯਾਤਰਾ ਹੋਰ ਮਹਿੰਗੀ ਹੋ ਜਾਵੇਗੀ। ਏਅਰਲਾਈਨ ਨੇ ਇਹ ਫੈਸਲਾ ਵਿਸ਼ਵ ਬਾਜ਼ਾਰ ’ਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀਆਂ ਕੀਮਤਾਂ ’ਚ ਵਾਧੇ ਤੋਂ ਬਾਅਦ ਲਿਆ ਹੈ। ਨਵੀਆਂ ਦਰਾਂ ਕੱਲ੍ਹ, ਭਾਵ 8 ਅਪਰੈਲ, 2026 ਤੋਂ ਲਾਗੂ ਹੋਣਗੀਆਂ। ਏਅਰਲਾਈਨ ਅਨੁਸਾਰ, ਜੈੱਟ ਫਿਊਲ ਦੀ ਕੀਮਤ ਲਗਭਗ ਦੁੱਗਣੀ ਹੋਣ ਕਾਰਨ ਸੰਚਾਲਨ ਲਾਗਤਾਂ ਵਧੀਆਂ ਹਨ।
ਹਵਾਬਾਜ਼ੀ ਫਿਊਲ ਦੀ ਔਸਤ ਕੀਮਤ 195.19 ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜੋ ਫਰਵਰੀ ਦੇ ਅੰਤ ’ਚ 99.40 ਸੀ। ਇਸ ਤੋਂ ਪਹਿਲਾਂ, ਇੰਡੀਗੋ ਨੇ ਵੀ ਆਪਣਾ ਫਿਊਲ ਸਰਚਾਰਜ ਵਧਾ ਦਿੱਤਾ ਸੀ। ਇੱਕ ਏਅਰਲਾਈਨ ਦਾ ਫਿਊਲ ਸਰਚਾਰਜ ਇੱਕ ਵਾਧੂ ਫੀਸ ਹੈ ਜੋ ਟਿਕਟਾਂ ’ਤੇ ਬਾਲਣ ਦੀ ਵਧਦੀ ਲਾਗਤ ਨੂੰ ਪੂਰਾ ਕਰਨ ਲਈ ਲਗਾਈ ਜਾਂਦੀ ਹੈ। ਇਹ ਚਾਰਜ ਏਅਰਲਾਈਨਾਂ ਨੂੰ ਵਧਦੇ ਈਂਧਨ ਖਰਚਿਆਂ ਨਾਲ ਸਿੱਝਣ ’ਚ ਮਦਦ ਕਰਦਾ ਹੈ। ਏਅਰਲਾਈਨਾਂ ਆਮ ਤੌਰ ’ਤੇ ਇਸ ਚਾਰਜ ਨੂੰ ਟਿਕਟ ਦੀ ਕੀਮਤ ’ਚ ਸ਼ਾਮਲ ਕਰਦੀਆਂ ਹਨ।
Also Read : ਇਜ਼ਰਾਈਲ ਦੀ ਚਿਤਾਵਨੀ, ਈਰਾਨੀ ਜਨਤਾ ਰੇਲਗੱਡੀ ਰਾਹੀਂ ਸਫਰ ਨਾ ਕਰੇ
ਘਰੇਲੂ ਰੂਟਾਂ ’ਤੇ ਸਰਚਾਰਜ ਦੂਰੀ ਦੇ ਆਧਾਰ ’ਤੇ ਹੋਵੇਗਾ
ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਫਲੈਟ-ਰੇਟ ਫਿਊਲ ਸਰਚਾਰਜ ਸਿਸਟਮ ਨੂੰ ਬੰਦ ਕਰ ਦਿੱਤਾ ਹੈ। ਯਾਤਰੀਆਂ ਨੂੰ ਹੁਣ ਆਪਣੀ ਯਾਤਰਾ ਦੀ ਦੂਰੀ ਦੇ ਆਧਾਰ ’ਤੇ ਸਰਚਾਰਜ ਅਦਾ ਕਰਨਾ ਪਵੇਗਾ। ਸਰਚਾਰਜ 299 ਰੁਪਹੇ ਤੋਂ 899 ਰੁਪਏ ਤੱਕ ਹੋਵੇਗਾ। ਇਹ ਨਿਯਮ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੋਵਾਂ ’ਤੇ ਲਾਗੂ ਹੋਵੇਗਾ।
