ਭਗਵੰਤ ਮਾਨ ਨੇ ਦੁਨੀਆ ਦੇ ਵੱਖ-ਵੱਖ ਏਅਰਪੋਰਟਾਂ ‘ਤੇ ਫਸੇ ਭਾਰਤੀਆਂ ਲਈ ਵਿਦੇਸ਼ ਮੰਤਰੀ ਕੋਲ ਕੀਤੀ ਪਹੁੰਚ

Bhagwant Mann

ਵਿਦੇਸ਼ ਮੰਤਰੀ ਨੇ ਦਿੱਤਾ ਮਦਦ ਦਾ ਭਰੋਸਾ

ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਵਿਦੇਸ਼ ਮੰਤਰੀ ਨਾਲ ਗੱਲ ਕਰਕੇ ਵੱਖ-ਵੱਖ ਦੇਸ਼ਾਂ ਦੇ ਏਅਰਪੋਰਟਾਂ ‘ਤੇ ਫਸੇ ਭਾਰਤੀਆਂ ਨੂੰ ਵਾਪਸ ਵਤਨ ਲਿਆਉਣ ਲਈ ਵਿਸ਼ੇਸ਼ ਕਦਮ ਉਠਾਉਣ ਦੀ ਮੰਗ ਕੀਤੀ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਏਅਰਪੋਰਟ ‘ਤੇ ਫਸੇ ਲਗਭਗ 250 ਤੋਂ 300 ਭਾਰਤੀਆਂ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਵਿਸ਼ਵ-ਵਿਆਪੀ ਦਹਿਸ਼ਤ ਕਾਰਨ ਅੰਤਰਰਾਸ਼ਟਰੀ ਫਲਾਇਟਾਂ ਬੁਰੀ ਤਰਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਭਾਰੀ ਗਿਣਤੀ ‘ਚ ਲੋਕ ਟਰਾਂਜੰਕਸ਼ਨ ਫਲਾਇਟਾਂ ਲਈ ਏਅਰਪੋਰਟਾਂ ਉੱਤੇ ਹੀ ਫਸ ਗਏ ਹਨ। ਭਗਵੰਤ ਮਾਨ ਨੇ ਦੱਸਿਆ ਕਿ ਕੁਆਲਾਲੰਪੁਰ ‘ਚ ਫਸੇ ਭਾਰਤੀਆਂ ‘ਚ ਪੰਜਾਬੀ ਵੀ ਸ਼ਾਮਲ ਹਨ।

ਪਿਛਲੇ ਕਈ ਦਿਨਾਂ ਤੋਂ ਉੱਥੇ ਫਸੇ ਇਨਾਂ ਭਾਰਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਭਾਰਤ ਸਰਕਾਰ ‘ਤੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਗੈਰ ਜਿੰਮੇਵਾਰਨਾ ਰਵੱਈਆ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨਾਂ ਦਾ ਮਾਮਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ ਤਾਂ ਕਿ ਉਨਾਂ ਦੇਸ਼ ਵਾਪਸ ਲਿਆਉਣ ਲਈ ਤੁਰੰਤ ਵਿਸ਼ੇਸ਼ ਪ੍ਰਬੰਧ ਹੋ ਸਕਣ। ਉਨਾਂ ਭਾਰਤੀਆਂ ਦੇ ਪੈਸੇ ਖ਼ਤਮ ਹੋਣ ਕਾਰਨ ਖਾਣ-ਪੀਣ ਦੀ ਸਮੱਸਿਆ ਦੇ ਨਾਲ-ਨਾਲ ਇੱਕ ਜਗਾ ਐਨੇ ਲੋਕਾਂ ਦੀ ਭੀੜ ਕਾਰਨ ਕੋਰੋਨਾ ਵਾਇਰਸ ਦੇ ਖ਼ਤਰਿਆਂ ਦਾ ਵੀ ਹਵਾਲਾ ਦਿੱਤਾ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਰੋਸਾ ਦਿੱਤਾ ਕਿ ਉਹ ਭਾਰਤੀ ਅੰਬੈਸੀਆਂ ਨੂੰ ਭਾਰਤੀ ਨਾਗਰਿਕਾਂ ਦੀ ਤੁਰੰਤ ਪ੍ਰਭਾਵ ਮਦਦ ਲਈ ਭੇਜ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।