ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤਹਿਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ਼

honey, Illegal Mining

ਭੁਪਿੰਦਰ ਹਨੀ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ, ਕੁਦਰਤਦੀਪ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ

  • ਪੰਜਾਬ ਪੁਲਿਸ ਨੇ ਈ.ਡੀ ਵੱਲੋਂ ਪਿਛਲੇ ਸਾਲ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ 73 ਵੇਟਮੈਂਟ ਸਲਿੱਪਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਕੀਤਾ ਸੀ ਗਠਨ

(ਅਸ਼ਵਨੀ ਚਾਵਲਾ) ਚੰਡੀਗੜ/ਐਸ.ਬੀ.ਐਸ. ਨਗਰ। ਪੰਜਾਬ ਪੁਲਿਸ ਨੇ ਸੋਮਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਵਿਰੁੱਧ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ। ਭੁਪਿੰਦਰ ਸਿੰਘ ਹਨੀ ਦੇ ਨਾਲ ਹੀ ਕੁਦਰਤਦੀਪ ਸਿੰਘ ਉਰਫ ਲਵੀ ਨੂੰ ਵੀ ਸਾਲ 2017 ਦੌਰਾਨ ਮਲਿਕਪੁਰ ਮਾਈਨਿੰਗ ਸਾਈਟ ਖੇਤਰ ’ਚ ਗੈਰ-ਕਾਨੂੰਨੀ ਮਾਈਨਿੰਗ (Illegal Mining) ਕਰਨ ਦੇ ਦੋਸ਼ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਐਫ.ਆਈ.ਆਰ. ਦਰਜ ਕਰਨ ਉਪਰੰਤ, ਪੁਲਿਸ ਵੱਲੋਂ ਭੁਪਿੰਦਰ ਉਰਫ ਹਨੀ ਨੂੰ ਉਕਤ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਵੀ ਭੇਜਿਆ ਗਿਆ ਹੈ, ਜਦੋਂਕਿ ਕਪੂਰਥਲਾ ਜੇਲ੍ਹ ਵਿੱਚ ਬੰਦ ਕੁਦਰਤਦੀਪ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ। (Illegal Mining)

ਇਹ ਕਾਰਵਾਈ ਦੋ ਮਹੀਨੇ ਬਾਅਦ ਅਮਲ ਵਿੱਚ ਆਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਪੱਤਰ (ਮਿਤੀ 9 ਮਈ, 2022) ਰਾਹੀਂ ਐਸ.ਐਸ.ਪੀ. ਐਸ.ਬੀ.ਐਸ. ਨਗਰ ਨੂੰ 73 ਵੇਟਮੈਂਟ ਸਲਿੱਪਾਂ (ਮਿਤੀ 10/11/2017) ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਨੂੰ ਮਲਿਕਪੁਰ ਰੇਤ ਮਾਈਨਿੰਗ ਸਾਈਟ ਤੋਂ ਨਾਜਾਇਜ਼ ਮਾਈਨਿੰਗ ਰਾਹੀਂ ਅਧਿਕਾਰਤ ਮਿਕਦਾਰ ਤੋਂ ਵਧ ਰੇਤ ਬਰਾਮਦ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।

ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੋਂ ਮਿਲੇ ਸਨ ਕਰੋੜਾਂ ਰੁਪਏ

ਜ਼ਿਕਰਯੋਗ ਹੈ ਕਿ ਸਾਲ 2021 ਦੇ ਅੰਤ ‘ਚ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਲੰਧਰ ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈ.ਡੀ ਨੇ ਫਿਰ ਵੱਖ-ਵੱਖ ਫਰਜ਼ੀ ਦਸਤਾਵੇਜ਼, ਡਿਜੀਟਲ ਉਪਕਰਨ ਅਤੇ ਮਲਿਕਪੁਰ ਰੇਤ ਮਾਈਨਿੰਗ ਸਾਈਟ ‘ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਗਤੀਵਿਧੀਆਂ ਜ਼ਰੀਏ ਕਮਾਏ 9.97 ਕਰੋੜ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਸੀ। ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਈ.ਡੀ. ਦੇ ਪੱਤਰ ਤੋਂ ਬਾਅਦ, ਐਸ.ਐਸ.ਪੀ. ਐਸ.ਬੀ.ਐਸ. ਨਗਰ ਨੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਲਈ ਐਸ.ਬੀ.ਐਸ. ਨਗਰ ਦੇ ਐਸ.ਪੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਤੁਰੰਤ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ।

ਬੁਲਾਰੇ ਨੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਸਿੱਟ ਨੇ ਪਾਇਆ ਕਿ ਦੋਵੇਂ ਮੁਲਜ਼ਮਾਂ ਨੇ ਰਾਜ ਪੱਧਰੀ ਵਾਤਾਵਰਨ ਅਥਾਰਟੀ ,ਪੰਜਾਬ ਦੁਆਰਾ ਜਾਰੀ ਵਾਤਾਵਰਣ ਕਲੀਅਰੈਂਸ ਦੇ ਪ੍ਰਬੰਧਾਂ ਦੀ ਉਲੰਘਣਾ ਕਰਦਿਆਂ ਉਸ ਖੇਤਰ ਵਿੱਚ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ੀਆਂ ਨੇ 73 ਜਾਅਲੀ ਵੇਟਮੈਂਟ ਸਲਿੱਪਾਂ (ਮਿਤੀ 10.11.2017) ਦੀ ਵੀ ਵਰਤੋਂ ਕੀਤੀ ਵੀ ਪਾਈ ਗਈ ,ਜੋ ਈ.ਡੀ. ਦੁਆਰਾ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ। “ਪੁਲਿਸ ਨੂੰ ਮਾਈਨਿੰਗ ਵਿਭਾਗ ਨੂੰ ਰਿਪੋਰਟ ਕੀਤੇ ਗਏ ਰੇਤ ਤੋਂ ਵੱਧ ਉਤਪਾਦਨ ਦੇ ਵੇਰਵੇ ਵੀ ਮਿਲੇ ਹਨ ਜਿਸ ਦੀ ਪੁਸ਼ਟੀ ਮਾਈਨਿੰਗ ਵਿਭਾਗ ਨੇ ਆਪਣੇ ਪੱਤਰ ਮਿਤੀ 29.06.2022 ਰਾਹੀਂ ਕੀਤੀ ਸੀ ,ਜਿਸ ਵਿੱਚ ਮਾਈਨਿੰਗ ਵਿਭਾਗ ਨੂੰ ਰੇਤ ਦੀ ਘੱਟ ਖੁਦਾਈ ਦਾ ਹਵਾਲਾ ਦਿੱਤਾ ਗਿਆ ਸੀ, ਜੋ ਕਿ ਸਰਕਾਰੀ ਖਜਾਨੇ ਨੂੰ ਵਿੱਤੀ ਨੁਕਸਾਨ ਦੀ ਵਜਾਅ ਹੈ। ”

ਮਾਮਲੇ ਦੀ ਆਗਲੀ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਬੁਲਾਰੇ ਨੇ ਦੱਸਿਆ ਕਿ ਸਾਰੀ ਜਾਂਚ ਤੋਂ ਬਾਅਦ ਐਸ.ਆਈ.ਟੀ. ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਖਲਾਫ ਐਫ.ਆਈ.ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ। ਜ਼ਿਕਰਯੋਗ ਹੈ ਕਿ 18 ਜੁਲਾਈ, 2022 ਨੂੰ ਐਫ.ਆਈ.ਆਰ. ਨੰਬਰ 73, ਮਾਈਨਜ ਐਂਡ ਮਿਨਰਲਜ਼ (ਵਿਕਾਸ ਅਤੇ ਨਿਯਮ) ਐਕਟ ਦੀਆਂ ਧਾਰਾਵਾਂ 21(1) ਅਤੇ 4(1), ਆਈਪੀਸੀ ਦੀ ਧਾਰਾ 379, 406, 420, 465, 468, 471 ਅਤੇ 120 ਬੀ ਅਤੇ ਵਾਤਾਵਰਣ ਸੁਰੱਖਿਆ ਐਕਟ ਦੀ ਧਾਰਾ 15 ਤਹਿਤ ਥਾਣਾ ਰਾਹੋਂ ਵਿਖੇ ਦਰਜ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਲਈ ਐਸ.ਪੀ. ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ