ਵਿਦੇਸ਼ਾਂ ’ਚ ਵੱਸੇ ਅਫ਼ਸਰਾਂ ’ਤੇ ‘ਆਪ’ ਸਰਕਾਰ ਦਾ ਐਕਸ਼ਨ, ਸਾਬਕਾ ਕਾਂਗਸਰ ਮੰਤਰੀ ਆਸ਼ੂ ਦੇ ਕਰੀਬੀ ਡਿਪਟੀ ਡਾਇਰੈਕਟਰ ਨੌਕਰੀ ਤੋਂ ਬਰਖ਼ਾਸਤ

130 ਅਫ਼ਸਰ ਹੋਰ ‘ਆਪ’ ਸਰਕਾਰ ਦੇ ਨਿਸ਼ਾਨੇ ’ਤੇ

ਚੰਡੀਗੜ੍ਹ। ਵਿਦੇਸ਼ਾਂ ’ਚ ਵੱਸਣ ਵਾਲੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ ’ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਡਿਪਟੀ ਡਾਇਰੈਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਇਸ ਸਮੇਂ ਕੈਨੇਡਾ ਵਿੱਚ ਹਨ ਅਤੇ ਉੱਥੋਂ ਦੇ ਪੱਕੇ ਨਾਗਰਿਕ ਬਣ ਗਏ ਹਨ। ਸਿੰਗਲਾ ਤੋਂ ਇਲਾਵਾ 130 ਦੇ ਕਰੀਬ ਅਧਿਕਾਰੀ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਰਡਾਰ ’ਤੇ ਹਨ। ਇਹ ਸਾਰੇ ਵਿਦੇਸ਼ ਵਿੱਚ ਵਸ ਗਏ ਹਨ।

ਸੇਵਾ ਨਿਯਮਾਂ ਦਾ ਦਿੱਤਾ ਹਵਾਲਾ

ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਪੰਜਾਬ ਸਿਵਲ ਸਰਵਿਸ ਰੂਲਜ਼ ਦੀ ਉਲੰਘਣਾ ਕਰਨ ’ਤੇ ਬਰਖਾਸਤ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਿੰਗਲਾ ਨੇ ਨਿਯਮਾਂ 8 ਅਤੇ 10 ਦੀ ਉਲੰਘਣਾ ਕਰਕੇ ਕੈਨੇਡਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਪੀਆਰ ਲਈ ਹੈ।

ਟੈਂਡਰ ਘੁਟਾਲੇ ਦਾ ਵੀ ਦੋਸ਼

ਰਾਕੇਸ਼ ਸਿੰਗਲਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵਜੋਂ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਹੇ ਹਨ। ਸੂਤਰਾਂ ਅਨੁਸਾਰ ਵਿਭਾਗ ਦੇ ਟੈਂਡਰ ਵਿੱਚ ਸਿੰਗਲਾ ਦਾ ਫੈਸਲਾ ਅੰਤਿਮ ਸੀ ਜਦੋਂ ਟੈਂਡਰ ਵਿੱਚ ਘਪਲੇ ਦੀ ਸ਼ਿਕਾਇਤ ਆਈ ਤਾਂ ਉਸ ਤੋਂ ਬਾਅਦ ਸਿੰਗਲਾ ਦਫ਼ਤਰ ਵਿੱਚ ਹਾਜ਼ਰ ਨਹੀਂ ਹੋਏ।

20 ਵਿਭਾਗਾਂ ਦੇ 130 ਅਧਿਕਾਰੀ ਰਾਡਾਰ ’ਤੇ

ਪੰਜਾਬ ਵਿੱਚ 20 ਦੇ ਕਰੀਬ ਵਿਭਾਗਾਂ ਦੇ 130 ਅਧਿਕਾਰੀ ਅਜਿਹੇ ਹਨ ਜੋ ਵਿਦੇਸ਼ਾਂ ਵਿੱਚ ਵੱਸ ਗਏ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਵਿਦੇਸ਼ ਦੀ ਸਥਾਈ ਨਾਗਰਿਕਤਾ ਵੀ ਲੈ ਲਈ ਹੈ। ਵਿਜੀਲੈਂਸ ਬਿਊਰੋ ਨੇ ਇਨ੍ਹਾਂ ਦੀ ਸੂਚੀ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ