ਵੱਖ-ਵੱਖ ਧੁਨੀਆਂ ‘ਚ ਆਵਾਜ਼ਾਂ ਕੱਢਣ ਵਾਲਾ ਪੰਛੀ ਹੈ ਪਪੀਹਾ

The birdwatcher is the bird of sound in different sounds

ਪਪੀਹਾ ਦੱਖਣ ਏਸ਼ੀਆ ਵਿਚ ਆਮ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਸ਼ਕਲ ਪੱਖੋਂ ਸ਼ਿਕਰੇ ਵਰਗਾ ਹੁੰਦਾ ਹੈ। ਇਸ ਦੇ ਉੱਡਣ ਅਤੇ ਬੈਠਣ ਦਾ ਤਰੀਕਾ ਵੀ ਬਿਲਕੁਲ ਸ਼ਿਕਰੇ ਵਰਗਾ ਹੁੰਦਾ ਹੈ। ਇਹ ਪੰਛੀ ਆਪਣਾ ਆਲ੍ਹਣਾ ਨਹੀਂ ਬਣਾਉਂਦਾ ਅਤੇ ਦੂਜੇ ਪੰਛੀਆਂ ਦੇ ਆਲ੍ਹਣਿਆਂ ਵਿਚ ਜਾ ਕੇ ਆਪਣੇ ਆਂਡੇ ਦਿੰਦਾ ਹੈ ਤੇ ਬੱਚੇ ਪੈਦਾ ਕਰਦਾ ਹੈ। ਪਪੀਹਾ ਵਿਚ ਨਰ ਤਿੰਨ ਧੁਨੀਆਂ ਵਾਲੀ ਆਵਾਜ਼ ਕੱਢਦਾ ਰਹਿੰਦਾ ਹੈ। ਜਿਸ ਵਿਚ ਦੂਜੀ ਧੁਨੀ ਵਾਲੀ ਆਵਾਜ਼ ਸਭ ਤੋਂ ਲੰਬੀ ਅਤੇ ਜ਼ਿਆਦਾ ਤੇਜ਼ ਹੁੰਦੀ ਹੈ। ਸੰਗੀਤ ਧੁਨਾਂ ਵਾਂਗ ਇਸ ਦੀ ਧੁਨ ਦੀ ਆਵਾਜ਼ ਹੌਲੀ-ਹੌਲੀ ਤੇਜ਼ ਹੁੰਦੀ ਜਾਂਦੀ ਹੈ ਤੇ ਫੇਰ ਇੱਕਦਮ ਬੰਦ ਵੀ ਹੋ ਜਾਂਦੀ ਹੈ।

ਇਹ ਵਰਤਾਰਾ ਸਾਰਾ ਦਿਨ ਤੜਕੇ ਤੋਂ ਲੈ ਆਥਣ ਤੱਕ ਇਵੇਂ ਹੀ ਚਲਦਾ ਰਹਿੰਦਾ ਹੈ। ਪਪੀਹਾ ਕੀੜੇ ਖਾਣ ਵਾਲੇ ਪੰਛੀਆਂ ਦੀ ਇੱਕ ਜਾਤੀ ‘ਚੋਂ ਹੀ ਹੈ ਜੋ ਉਨ੍ਹਾਂ ਵਾਂਗ ਕੀੜੇ ਖਾਂਦਾ ਹੈ ਇਹ ਬਸੰਤ ਰੁੱਤ ਅਤੇ ਮੀਂਹ ਦੇ ਦਿਨਾਂ ਵਿਚ ਅਕਸਰ ਹੀ ਅੰਬ ਦੇ ਰੁੱਖ ‘ਤੇ ਬੈਠ ਕੇ ਬਹੁਤ ਹੀ ਸੁਰੀਲੀ ਆਵਾਜ਼ ਵਿਚ ਬੋਲਦਾ ਹੈ। ਭੂਗੋਲਿਕ ਵਿਭਿੰਨਤਾ ਤੋਂ ਇਹ ਪੰਛੀ ਕਈ ਰੰਗ, ਰੂਪ ਅਤੇ ਸ਼ਕਲ ਦਾ ਮਿਲਦਾ ਹੈ। ਉੱਤਰ ਭਾਰਤ ਵਿਚ ਇਸ ਦਾ ਡੀਲ-ਡੌਲ਼ ਅਕਸਰ ਕਬੂਤਰ ਦੇ ਬਰਾਬਰ ਲਗਭਗ 34 ਸੈਂਟੀਮੀਟਰ ਅਤੇ ਰੰਗ ਹਲਕਾ ਕਾਲਾ ਜਾਂ ਮਟਮੈਲਾ ਹੁੰਦਾ ਹੈ। ਦੱਖਣ ਭਾਰਤ ਦਾ ਪਪੀਹਾ ਸ਼ਕਲ ਪੱਖੋਂ ਇਸ ਤੋਂ ਕੁੱਝ ਵੱਡਾ ਤੇ ਰੰਗ ਵਿਚ ਰੰਗ-ਬਿਰੰਗਾ ਹੁੰਦਾ ਹੈ।

ਵੱਖ-ਵੱਖ ਸਥਾਨਾਂ ‘ਤੇ ਹੋਰ ਵੀ ਅਨੇਕ ਪ੍ਰਕਾਰ ਦੇ ਪਪੀਹੇ ਮਿਲਦੇ ਹਨ। ਜੋ ਸਿਰਫ਼ ਉੱਤਰ ਅਤੇ ਦੱਖਣ ਇਲਾਕੇ ਦੇ ਪਪੀਹੇ ਦੇ ਬੇਰੜਾ ਨਸਲੀ ਬੱਚੇ ਹਨ। ਮਾਦਾ ਦਾ ਰੰਗ-ਰੂਪ ਅਕਸਰ ਸਭਨੀ ਥਾਈਂ ਇੱਕ ਜਿਹਾ ਹੀ ਹੁੰਦਾ ਹੈ। ਪਪੀਹਾ ਦਰੱਖਤ ਤੋਂ ਹੇਠਾਂ ਅਕਸਰ ਬਹੁਤ ਘੱਟ ਉੱਤਰਦਾ ਹੈ ਅਤੇ ਉਸ ਉੱਤੇ ਵੀ ਇਸ ਤਰ੍ਹਾਂ ਲੁਕ ਕੇ ਬੈਠਾ ਰਹਿੰਦਾ ਹੈ ਕਿ ਮਨੁੱਖ ਦੀ ਨਿਗ੍ਹਾ ਕਦੇ ਹੀ ਉਸ ਉੱਤੇ ਪੈਂਦੀ ਹੈ। ਇਸ ਦੀ ਬੋਲੀ ਬਹੁਤ ਹੀ ਰਸ ਭਰੀ ਮਿੱਠੀ ਹੁੰਦੀ ਹੈ ਤੇ ਉਸ ਵਿਚ ਕਈ ਧੁਨਾਂ ਦਾ ਸੁਮੇਲ ਹੁੰਦਾ ਹੈ।

ਕਈਆਂ ਦੇ ਖਿਆਲ ਅਨੁਸਾਰ ਇਸ ਦੀ ਬੋਲੀ ਵਿਚ ਕੋਇਲ ਦੀ ਬੋਲੀ ਤੋਂ ਵੀ ਜ਼ਿਆਦਾ ਮਿਠਾਸ ਹੈ। ਇਹ ਵੀ ਸੁਣਨ ਵਿਚ ਆਉਂਦਾ ਹੈ ਕਿ ਇਹ ਸਿਰਫ਼ ਮੀਂਹ ਦੇ ਪਾਣੀ ਨਾਲ ਆਪਣੀ ਪਿਆਸ ਮਿਟਾਉਂਦਾ ਹੈ। ਕਈ ਵਾਰ ਇਹ ਪੰਛੀ ਪਿਆਸਾ ਹੀ ਮਰ ਜਾਂਦਾ ਹੈ ਕਿਉਂਕਿ ਇਹ ਨਦੀ, ਦਰਿਆ ਆਦਿ ਦੇ ਪਾਣੀ ਵਿਚ ਚੁੰਝ ਨਹੀਂ ਡਬੋਂਦਾ। ਜਦੋਂ ਅਸਮਾਨ ਵਿਚ ਬੱਦਲ ਛਾ ਜਾਂਦੇ ਹਨ ਤਾਂ ਪਪੀਹਾ ਆਪਣੀ ਚੁੰਝ ਖੋਲ੍ਹ ਕੇ ਉੱਪਰ ਵੱਲ ਮੂੰਹ ਕਰ ਲੈਂਦਾ ਹੈ ਤਾਂ ਜੋ ਮੀਂਹ ਦੇ ਪਾਣੀ ਦੀ ਬੂੰਦ ਉਸ ਦੇ ਮੂੰਹ ਵਿਚ ਪੈ ਜਾਵੇ। ਜਦੋਂ ਮੀਂਹ ਦੀ ਰੁੱਤ ਲੰਘ ਜਾਂਦੀ ਹੈ ਤਾਂ ਇਹ ਪੰਛੀ ਸਾਲ ਭਰ ਪਿਆਸਾ ਹੀ ਰਹਿੰਦਾ ਹੈ।