ਪੰਜਾਬੀ ਕਹਾਣੀ : ਬਟਵਾਰਾ

Punjabi Story

ਸਵੇਰੇ ਸਾਢੇ ਕੁ ਚਾਰ ਵਜੇ ਗੁਰਦੁਆਰਾ ਸਾਹਿਬ ਦੇ ਭਾਈ ਜੀ ਦੀ ਅਵਾਜ਼ ਸੁਣ ਕੇ ਜਾਗਰ ਬਿਸਤਰੇ ਵਿੱਚੋਂ ਉੱਠ ਹੀ ਪਿਆ ਤੇ ਬੋਲਿਆ ਕਿ ਬੇਬੇ ਚਾਹ ਬਣ ਗਈ ਹੈ ਜਾਂ ਨਹੀਂ? ਪਰ ਬੇਬੇ ਤਾਂ ਸੁਵਖਤੇ ਹੀ ਉੱਠ ਕੇ ਗੁਰਬਾਣੀ ਦਾ ਪਾਠ ਕਰਕੇ ਹਟੀ ਸੀ, ਸੋਚ ਰਹੀ ਸੀ ਕਿ ਜਾਗਰ ਨੂੰ ਉਠਾ ਦਿਆਂ ਫਿਰ ਸੋਚਦੀ ਕਿ ਚੱਲ ਪਿਆ ਰਹਿਣ ਦੇ ਵਿਚਾਰਾ ਸਾਰਾ ਦਿਨ ਹੀ ਕੰਮ ਕਰਦਾ ਰਹਿੰਦਾ। ਬੇਬੇ ਚਾਹ ਦੀ ਗੜਵੀ ਚੁੱਕ ਜਾਗਰ ਦੇ ਕੋਲ ਰੱਖ ਆਈ ਸੀ ਕਿ ਜਾਗਰਾ ਚਾਹ ਪੀ ਲਵੀਂ। ਮੂੰਹ-ਹੱਥ ਧੋ ਕੇ ਜਾਗਰ ਨੇ ਚਾਹ ਪੀਤੀ ਤੇ ਡੰਗਰਾਂ ਨੂੰ ਕੱਖ-ਕੰਡਾ ਕਰਕੇ ਹਲ਼ ਪ੍ਰਾਣੀ ਚੁੱਕੀ ਤੇ ਬਲਦ ਜੋੜ ਲਏ। ‘‘ਅੱਛਾ ਬੇਬੇ ਮੈਂ ਦੇ ਖੁੱਡ ਵਾਹ ਹੀ ਆਵਾਂ।’’ ਦੋ ਕੋਹਾਂ ’ਤੇ ਟਿੱਬੀ ਵਾਲਾ ਖੇਤ ਸੀ, ਤੁਰਦਾ-ਤੁਰਦਾ ਕਹਿ ਗਿਆ ਕਿ ਦੱਸ ਕੁ ਵਜੇ ਰੋਟੀ ਭੇਜ ਦੇਵੀਂ। (Punjabi story)

ਗੁਰੂਘਰ ਦੀ ਆਵਾਜ਼ ਸੁਣ ਜਾਗਰ ਬੋਲਿਆ, ‘‘ਹੇ ਸਤਿਗੁਰੂ, ਮੇਰੇ ਭਾਈ ਨੂੰ ਸੁਮੱਤ ਬਖਸ਼ੀਂ! ਹੇ ਸੱਚੇ ਪਾਤਸ਼ਾਹ! ਉਸ ਦੀ ਬੁੱਧੀ ਬਦਲ ਦੇਵੀਂ, ਕਿਹੜੇ ਵੇਲੇ ਮਾੜੀ ਸੰਗਤ ਵਿੱਚ ਪੈ ਗਿਆ ਹੈ, ਕੁੜੀ ਦਾ ਪਿਉ ਹੋ ਕੇ ਵੀ ਨਹੀਂ ਸਮਝ ਰਿਹਾ, ਸਹੁਰਾ ਉੱਠ ਕੇ ਸਵੇਰੇ ਹੀ ਠੇਕੇ ਅੱਗੇ ਖੜ੍ਹਾ ਹੁੰਦਾ। ਚਲੋ ਸਤਿਗੁਰੂ ਤੇਰੀ ਹੀ ਰਜ਼ਾ ਹੈ, ਖੈਰ! ਭਲਾ ਕਰੀਂ ਉਸਦਾ!’’ ਨਾਜਰ ਤੇ ਜਾਗਰ ਦੋਵੇਂ ਹੀ ਸਕੇ ਭਰਾ ਸੀ ਪਰ ਜਾਗਰ ਬਹੁਤ ਹੀ ਸਿਆਣਾ, ਹਿੰਮਤੀ ਅਤੇ ਮਿਹਨਤੀ ਸੀ ਤੇ ਨਾਜਰ ਸ਼ਰਾਬੀ ਅਤੇ ਆਲਸੀ ਸੀ। ਘਰ ਦੇ ਕੰਮ-ਕਾਰ ਵਿੱਚ ਕੋਈ ਵੀ ਹੱਥ ਨਹੀਂ ਵਟਾਉਂਦਾ ਸੀ।

Punjabi story

ਪਿੰਡ ਵਿੱਚ ਬੰਤ ਸਿੰਘ ਨੰਬਰਦਾਰ ਚੰਗੇ ਘਰਾਂ ਵਿੱਚੋਂ ਮੰਨਿਆ ਜਾਂਦਾ ਸੀ। ਵੀਹ-ਪੱਚੀ ਕਿੱਲੇ ਜਮੀਨ ਦੋਵਾਂ ਭਰਾਵਾਂ ਨੂੰ ਆਉਂਦੀ ਸੀ ਘੋੜੀ ਜੋੜੀ ਵੀਹ ਕੁ ਪਸ਼ੂ ਸਨ। ਦੋਵਾਂ ਭਰਾਵਾਂ ਵਿੱਚੋਂ ਜਾਗਰ ਦੇ ਦੋ ਮੁੰਡੇ ਬੁਗਰਾ ਤੇ ਗਿੰਦਰ ਸਨ। ਨਾਜਰ ਕੋਲ ਇੱਕ ਕੁੜੀ ਜੀਤੋ ਸੀ। ਕੁਝ ਸਮਾਂ ਪਹਿਲਾਂ ਨਾਜਰ ਦੇ ਘਰਵਾਲੀ ਗੇਲੋ ਦੋ ਸਾਲ ਦੀ ਕੁੜੀ ਨੂੰ ਛੱਡ ਕੇ ਮਰ ਗਈ ਸੀ। ਪਰ ਜਾਗਰ ਦੀ ਘਰਵਾਲੀ ਨੇ ਹੀ ਜੀਤੋ ਨੂੰ ਪਾਲ਼ਿਆ ਅਤੇ ਬਹੁਤ ਪਿਆਰ ਦਿੱਤਾ। ਉਸ ਦੀ ਤਾਈ ਹੀ ਉਸ ਦੀ ਮਾਂ ਸੀ। ਬਾਪੂ ਦਾ ਪਿਆਰ ਵੀ ਜਾਗਰ ਨੇ ਹੀ ਦਿੱਤਾ।

ਜਾਗਰ ਦਾ ਬਾਪੂ ਵੀ ਇਹੀ ਕਹਿੰਦਾ ਰਹਿੰਦਾ ਕਿ ਜਾਗਰਾ ਤੂੰ ਹੀ ਇਸ ਦਾ ਬਾਪੂ ਹੈਂ ਉਹ ਤਾਂ ਨਸ਼ੇੜੀ ਹੈ। ਇਹ ਕਹਿੰਦੇ ਬਾਪੂ ਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਦਾ ਪਰ ਜਾਗਰ ਇਹ ਸੁਣ ਕੇ ਬਾਪੂ ਨੂੰ ਦਿਲਾਸਾ ਦਿੰਦਾ ਕਿ ਬਾਪੂ ਜੀ ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਉਸ ਨੂੰ ਪਿਆਰ ਨਹੀਂ ਕਰਦਾ। ਉਹ ਮੇਰੀ ਹੀ ਧੀ ਹੈ। ਮੈਨੂੰ ਦੋਵਾਂ ਪੁੱਤਾਂ ਨਾਲੋਂ ਬਹੁਤ ਪਿਆਰੀ ਹੈ। ਇਹ ਸੁਣ ਬਾਪੂ ਜਾਗਰ ਨੂੰ ਕਹਿੰਦਾ ਕਿ ਜਾਗਰਾ ਤੇਰੇ ’ਤੇ ਹੀ ਭਰੋਸਾ ਹੈ। ‘‘ਤੁਸੀਂ ਚਿੰਤਾ ਨਾ ਕਰੋ ਬਾਪੂ ਜੀ! ਇਹ ਤਿੰਨੇ ਭੈਣ-ਭਰਾ ਆਪਸ ਵਿੱਚ ਬਹੁਤ ਪਿਆਰ ਕਰਦੇ ਹਨ। ਬੁਗਰੇ ਦੀ ਮਾਂ ਵੀ ਉਸ ਨੂੰ ਅੱਖਾਂ ਤੋਂ ਪਰੇ ਨਹੀਂ ਹੋਣ ਦਿੰਦੀ, ਬਹੁਤ ਪਿਆਰ ਕਰਦੀ ਹੈ।’’ ‘‘ਬੱਸ ਭਾਈ ਤੁਸੀਂ ਹੀ ਧਿਆਨ ਰੱਖਣਾ, ਮੇਰੇ ਜਾਨ-ਪ੍ਰਾਣ ਪਤਾ ਨਹੀਂ ਕਦੋਂ ਨਿੱਕਲ ਜਾਣ।’’ ਇਹ ਸਭ ਸੁਣ ਜਾਗਰ ਵੀ ਮਾਯੂਸ ਜਿਹਾ ਹੋ ਜਾਂਦਾ ਹੈ।

Punjabi story

ਬੁਗਰਾ ਤੇ ਗਿੰਦਰ ਵੀ ਬਹੁਤ ਸਿਆਣੇ ਸਨ। ਬਾਪੂ ਨਾਲ ਖੇਤੀਬਾੜੀ ਵਿੱਚ ਹੱਥ ਵਟਾਉਂਦੇ ਹਨ। ਅੱਠਵੀਂ ਵਿੱਚ ਪੜ੍ਹਦੀ ਜੀਤੋ ਨੂੰ ਵੀ ਬਹੁਤ ਗਿਆਨ ਸੀ। ਜੀਤੋ ਵੀ ਆਪਣੀ ਤਾਈ ਨਾਲ ਰੋਟੀ-ਟੁੱਕ ਦਾ ਕੰਮ ਕਰਵਾਉਂਦੀ ਸੀ। ਉਹ ਜਦੋਂ ਕਦੇ ਆਪਣੀ ਮਾਂ ਗੇਲੋ ਦੀਆਂ ਗੱਲਾਂ ਸੁਣਦੀ ਅੱਖਾਂ ਵਿੱਚ ਅਥਰੂ ਆ ਜਾਂਦੇ। ਫਿਰ ਤਾਈ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦੀ। ਤਾਈ ਦਾ ਪਿਆਰ ਦੇਖ ਜੀਤੋ ਸਭ ਕੁੱਝ ਭੁੱਲ ਜਾਂਦੀ। ਉਂਝ ਤਾਂ ਉਸ ਨੂੰ ਬਾਪੂ ਦਾ ਵੀ ਬਹੁਤ ਪਿਆਰ ਆਉਂਦਾ ਸੀ। ਕਈ ਵਾਰੀ ਬਾਪੂ ਇੱਕਲਾ ਬਹਿ ਕੇ ਰੋਣ ਲੱਗ ਪੈਂਦਾ, ‘‘ਹੇ ਸਤਿਗੁਰੂ! ਮੈਂ ਤੇਰਾ ਕੀ ਵਿਗਾੜਿਆ ਹੈ ਜੋ ਤੂੰ ਮੇਰੀ ਬੱਚੀ ਤੋਂ ਉਸ ਦੀ ਮਾਂ ਖੋਹ ਲਈ ਹੈ?’’ ਪਰ ਮਹਿਸੂਸ ਨਾ ਹੋਣ ਦਿੰਦਾ ।

ਬੇਬੇ ਤੇ ਬਾਪੂ

‘‘ਅੱਛਾ ਜੀਤੋ ਪੁੱਤ! ਦੱਸ ਸਾਰੇ ਤੈਨੂੰ ਕਿੰਨਾ ਕੁ ਪਿਆਰ ਕਰਦੇ ਨੇ?’’ ‘‘ਬਾਪੂ ਜੀ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਹਨ। ਬੁਗਰਾ ਤੇ ਗਿੰਦਰ ਵੀ ਬਹੁਤ ਪਿਆਰ ਕਰਦੇ ਹਨ।’’ ਨਾਜਰ ਬੋਲਿਆ, ‘‘ਤਾਇਆ ਤੇ ਤਾਈ?’’ ਜੀਤੋ ਬੋਲੀ, ‘‘ਉਹ ਤਾਂ ਮੇਰੇ ਬੇਬੇ ਤੇ ਬਾਪੂ ਹਨ, ਤੂੰ ਵੀ ਮੇਰਾ ਬਾਪੂ ਹੈਂ।’’ ‘‘ਪੁੱਤ ਮੇਰਾ ਕਿੰਨਾ ਕੁ ਪਿਆਰ ਆਉਂਦਾ ਸੱਚ ਦੱਸ?’’ ਜਿੱਦਣ ਬਾਪੂ ਤੂੰ ਦਾਰੂ ਪੀ ਕੇ ਆਉਨਾ ਉਦੋਂ ਤੂੰ ਮੇਰਾ ਬਾਪੂ ਨਹੀਂ ਲੱਗਦਾ। ਅੱਜ ਨਹੀਂ ਪੀਤੀ, ਅੱਜ ਮੇਰਾ ਬਾਪੂ ਹੈਂ।’’ ਇਹ ਕਹਿ ਕੇ ਜੀਤੋ ਉਸ ਦੇ ਗਲ ਨਾਲ ਚਿੰਬੜ ਜਾਂਦੀ।

ਫਿਰ ਬਾਪੂ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰਦੇ ਅਤੇ ਸਹੁੰ ਪਾ ਲੈਂਦਾ ਕਿ ਅੱਜ ਤੋਂ ਬਾਅਦ ਨਹੀਂ ਪੀਵਾਂਗਾ। ਘਰ ਵਿੱਚ ਬੁਗਰੇ ਦੇ ਵਿਆਹ ਦੀ ਗੱਲ ਚੱਲ ਪਈ ਕਿ ਬੁਗਰੇ ਦਾ ਵਿਆਹ ਕਰ ਦਈਏ। ਸਾਰੇ ਪਰਿਵਾਰ ਵਿੱਚ ਸਲਾਹ ਹੋਈ ਅਤੇ ਨਾਜਰ ਨੇ ਵੀ ਹਾਂ ਕਰ ਦਿੱਤੀ ਕਿ ਕਰ ਦਿਉ। ਸਭ ਤੋਂ ਵੱਧ ਜੀਤੋ ਨੂੰ ਖੁਸ਼ੀ ਸੀ ਕਿ ਉਸ ਦੀ ਭਾਬੀ ਆਉਣ ਵਾਲੀ ਹੈ। ਵੱਡਾ ਬਾਪੂ ਵੀ ਚਾਹੁੰਦਾ ਸੀ ਕਿ ਮੇਰੇ ਹੁੰਦੇ ਬੁਗਰਾ ਵਿਆਹ ਲਿਆ ਜਾਵੇ। ਦੋ ਕੁ ਮਹੀਨੇ ਬਾਅਦ ਲਾਗਲੇ ਪਿੰਡੋਂ ਸਰਪੰਚਾਂ ਦੀ ਕੁੜੀ ਦਾ ਰਿਸ਼ਤਾ ਪੱਕਾ ਹੋ ਗਿਆ। ਵਿਆਹ ਬੜੀ ਧੂਮਧਾਮ ਨਾਲ ਹੋ ਗਿਆ। ਸਾਰਾ ਟੱਬਰ ਬਹੁਤ ਖੁਸ਼ ਸੀ। ਚੰਗਾ ਸਾਮਾਨ ਘੋੜੀ ਜੋੜੀ ਨਾਲ ਭਰ ਦਿੱਤਾ ਸੀ।ਜੀਤੋ ਵੀ ਆਪਣੀ ਭਾਬੀ ਨਾਲ ਬਹੁਤ ਖੁਸ਼ ਰਹਿੰਦੀ। ਖੁਸ਼ੀਆਂ ਭਰੇ ਦਿਨ ਲੰਘਦੇ ਗਏ।

Punjabi story

ਇੱਕ ਦਿਨ ਨਾਜਰ ਫਿਰ ਦਾਰੂ ਪੀ ਆਇਆ ਅਤੇ ਰੌਲਾ ਪਾਉਣ ਲੱਗਾ ਤੇ ਗਾਲ੍ਹਾਂ ਕੱਢਣ ਲੱਗ ਪਿਆ ਜਿਵੇਂ ਕਿਸੇ ਨੇ ਉਸ ਦੇ ਕੰਨ੍ਹ ਭਰ ਦਿੱਤੇ ਹੋਣ, ‘‘ਜਾਗਰਾ ਨਿੱਕਲ ਬਾਹਰ, ਮੇਰੀ ਜ਼ਮੀਨ ਅਤੇ ਘਰ ਵੰਡ ਦੇ ਮੈਂ ਵੀ ਆਪਣੀ ਧੀ ਦਾ ਰਿਸ਼ਤਾ ਕਰਨਾ ਹੈ।’’ ਇੰਨੇ ਨੂੰ ਬੁਗਰਾ ਗੁੱਸੇ ਵਿੱਚ ਡਾਂਗ ਚੁੱਕ ਲਿਆਇਆ, ਕਹਿਣ ਲਗਾ, ‘‘ਕੱਢ ਹੁਣ ਗਾਲ੍ਹ ਕਿਵੇਂ ਕੱਢਦਾਂ!’’ ‘‘ਤੂੰ ਹੁੰਦਾ ਕੌਣ ਮੈਨੂੰ ਰੋਕਣ ਵਾਲਾ, ਮੈਂ ਆਪਣਾ ਹਿੱਸਾ ਜ਼ਮੀਨ ਅਤੇ ਘਰ ਮੰਗਦਾ ਹਾਂ।’’ ਬੁਗਰਾ ਗੁੱਸੇ ਵਿੱਚ ਡਾਂਗ ਮਾਰਨ ਹੀ ਲੱਗਾ ਸੀ ਕਿ ਜਾਗਰ ਨੇ ਫੜ ਲਿਆ, ‘‘ਉਏ ਮੂਰਖਾ! ਇਹ ਤੇਰਾ ਚਾਚਾ ਆ, ਦੇਖੀਂ ਕਿਤੇ ਡਾਂਗ ਮਾਰ ਦੇਵੇਂ।’’ ‘‘ਪਰ ਬਾਪੂ ਇਹ ਤੈਨੂੰ ਗਾਲ੍ਹਾਂ ਕੱਢਦਾ।’’ ‘‘ਪੁੱਤ ਗੁੱਸੇ ਵਿੱਚ ਹੈ, ਦਾਰੂ ਪੀਤੀ ਹੈ, ਇਸ ਨੂੰ ਕੁੱਝ ਨਹੀਂ ਪਤਾ, ਸਵੇਰੇ ਹੀ ਸਮਝਾ ਦੇਵਾਂਗੇ।’’

ਜਾਗਰ ਕਹਿਣ ਲੱਗਾ, ‘‘ਨਾਜਰਾ ਕਿਉਂ ਕਮਲਾ ਹੋਇਆਂ! ਤੈਨੂੰ ਤੇਰਾ ਹਿੱਸਾ ਦੇ ਦੇਵਾਂਗੇ ਤੂੰ ਸੌਂ ਜਾ।’’ ਇਹ ਝਗੜਾ ਸੁਣ ਸਾਰਾ ਟੱਬਰ ਬਾਹਰ ਆ ਗਿਆ। ਜੀਤੋ ਵੀ ਰੋਣ ਲਗ ਪਈ ਸੀ। ਉਸ ਨੂੰ ਆਪਣੇ ਤਾਏ ਜਾਗਰ ਨੂੰ ਗਾਲ੍ਹਾਂ ਕੱਢਣਾ ਚੰਗਾ ਨਹੀਂ ਲੱਗਾ। ਉਹ ਆਪਣੇ ਹੀ ਬਾਪੂ ਨੂੰ ਕੋਸ ਰਹੀ ਸੀ। ਗਿੰਦਰ ਠੰਢੇ ਸੁਭਾਅ ਦਾ ਹੋਣ ਕਰਕੇ ਨਾਜਰ ਨੂੰ ਮੰਜੇ ’ਤੇ ਪਾ ਆਇਆ। ਸਵੇਰੇ ਜਦੋਂ ਜੀਤੋ ਚਾਹ ਲੈ ਕੇ ਗਈ ਤਾਂ ਬਾਪੂ ਨੂੰ ਚਾਹ ਫੜਾਉਂਦੀ ਹੋਈ ਬੋਲੀ ਕਿ ਬਾਪੂ ਤੂੰ ਚੰਗਾ ਨਹੀਂ ਕਰਦਾ ਰੋਜ਼ ਜਲੂਸ ਕੱਢਦਾ ਹੈਂ। ‘‘ਉਹ ਪੁੱਤ! ਮੈਂ ਤਾਂ ਕੁਝ ਨਹੀਂ ਕਿਹਾ।’’ ਨਾਜਰ ਨੇ ਪੁਚਕਾਰ ਕੇ ਜੀਤੋ ਨੂੰ ਗੋਦੀ ਵਿੱਚ ਲੈ ਲਿਆ ਅਤੇ ਬੋਲਿਆ, ‘‘ਨਹੀਂ ਪੁੱਤ ਮੈਂ ਕਿਸੇ ਨੂੰ ਕੋਈ ਗਾਲ੍ਹ ਨਹੀਂ ਕੱਢੀ।’’ ‘‘ਚੰਗਾ ਸਹੁੰ ਖਾ ਕੇ ਅੱਗੇ ਤੋਂ ਨਹੀਂ ਪੀਵੇਂਗਾ!’’ ‘‘ਪੁੱਤ ਤੇਰੀ ਸਹੁੰ! ਨਹੀਂ ਪੀਵਾਂਗਾ।’’ ਸਿਰ ’ਤੇ ਹੱਥ ਰੱਖ ਜੀਤੋ ਨੂੰ ਪਿਆਰ ਨਾਲ ਤੋਰ ਦਿੱਤਾ। ਜੀਤੋ ਸੋਚ ਰਹੀ ਸੀ ਕਿ ਬਾਪੂ ਕਿੰਨਾ ਚੰਗਾ ਹੈ।

ਸਮਾਂ ਬੀਤਦਾ ਗਿਆ। ਬੁਗਰੇ ਘਰ ਮੁੰਡੇ ਨੇ ਜਨਮ ਲਿਆ। ਸਾਰਾ ਟੱਬਰ ਬਹੁਤ ਖੁਸ਼ ਸੀ। ਵੱਡੇ ਬਾਪੂ ਜੀ ਵੀ ਬਹੁਤ ਖੁਸ਼ ਸਨ ਕਿ ਮੈਂ ਪੜਦਾਦਾ ਬਣ ਗਿਆ ਹਾਂ। ਆਂਢ-ਗੁਆਂਢ ਲੱਡੂ ਵੰਡੇ ਗਏ। ਆਥਣ ਵੇਲੇ ਫਿਰ ਨਾਜਰ ਦਾਰੂ ਪੀ ਕੇ ਆ ਗਿਆ। ਫਿਰ ਉਹੀ ਰੌਲਾ ਪਾਇਆ, ‘‘ਮੇਰੀ ਜਮੀਨ ਤੇ ਘਰ ਵੰਡਦੇ।’’ ਜਾਗਰ ਨੇ ਫਿਰ ਹਾੜੇ ਕੱਢੇ, ‘‘ਨਾਜਰਾ ਘਰ ਵਿੱਚ ਖੁਸ਼ੀਆਂ ਆਈਆਂ ਹਨ, ਇੱਕ ਮੌਕਾ ਮੈਨੂੰ ਹੋਰ ਦੇਦੇ। ਮੈਨੂੰ ਆਪਣੀ ਜੀਤੋ ਦਾ ਵਿਆਹ ਕਰ ਲੈਣ ਦੇ, ਫਿਰ ਮੈਂ ਤੇਰੀ ਜਮੀਨ ਤੇ ਘਰ ਵੰਡ ਦੇਵਾਂਗਾ।’’ ‘‘ਜਾਗਰਾ ਮੈਂ ਆਪਣੀ ਜੀਤੋ ਦਾ ਵਿਆਹ ਖੁਦ ਕਰਾਂਗਾ। ਮੈਂ ਅਜੇ ਜਿਉਂਦਾ ਹਾਂ ਮਰਿਆ ਨਹੀਂ।’’

Also Read : ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦਾ ਪ੍ਰੀਖਿਆ ਨਤੀਜਾ ਰਿਹਾ ਸੌ ਫੀਸਦੀ

‘‘ਛੋਟੇ ਭਾਈ ਕਰ ਦੇਵੀਂ, ਛੇ ਮਹੀਨੇ ਲੰਘਾਦੇ ਤੇਰੀਆਂ ਨਿੱਤ ਦੀਆਂ ਲੜਾਈਆਂ ਤੋਂ ਬਾਪੂ ਵੀ ਬਹੁਤ ਦੁਖੀ ਹੈ, ਬਾਪੂ ਵੀ ਬਿਮਾਰ ਰਹਿੰਦਾ ਹੈ। ਫਿਰ ਸਭ ਕੁਝ ਲੈ ਲਵੀਂ।’’ ਨਾਜਰ ਇਹ ਸਭ ਸੁਣ ਕੇ ਮੰਨ ਗਿਆ ਤੇ ਚਲਾ ਗਿਆ। ਹੁਣ ਅੰਦਰੋਂ-ਅੰਦਰੀ ਜਾਗਰ ਦੇ ਘਰਵਾਲੀ ਵੀ ਬਹੁਤ ਦੁਖੀ ਸੀ। ਸੋਚਦੇ ਸਨ ਕਿ ਜੀਤੋ ਦਾ ਵਿਆਹ ਬਾਪੂ ਦੇ ਜੀਉਂਦੇ-ਜੀ ਹੋ ਜਾਵੇ ਨਹੀਂ ਤਾਂ ਆਹ ਕਲੇਸ ਬਾਪੂ ਦੀ ਜਾਨ ਲੈ ਲਵੇਗਾ। ‘‘ਚੱਲੋ ਵਹਿਗੁਰੂ ਭਲਾ ਕਰੇਗਾ!’’ ਕਹਿ ਕੇ ਜਾਗਰ ਸੌਂ ਗਿਆ।

ਪੰਦਰਾਂ ਕੁ ਦਿਨਾਂ ਬਾਅਦ ਖੁੰਢ ’ਤੇ ਬੈਠੇ ਦੋਲੂ ਕੇ ਮਿੰਦਰ ਨੇ ਨਾਜਰ ਨੂੰ ਮਿਹਣਾ ਮਾਰਿਆ, ‘‘ਲੈ ਲਈ ਜ਼ਮੀਨ ਅਤੇ ਘਰ । ਤੈਨੂੰ ਨਹੀਂ ਪਤਾ ਜਾਗਰ ਦੀ ਨਸਲ ਦਾ, ਉਹ ਚਾਹੁੰਦਾ ਕੁੜੀ ਦਾ ਵਿਆਹ ਕਰ ਦੇਵਾਂ ਤੇ ਫਿਰ ਜਮੀਨ ’ਤੇ ਕਬਜ਼ਾ ਕਰ ਲਵਾਂ। ਫਿਰ ਤੂੰ ਰੋਟੀ ਖਾਣੀ ਹੈ ਖਾਈਂ ਨਹੀਂ ਤਾਂ ਨਾ ਸਹੀ। ਤੈਨੂੰ ਕੁੱਝ ਨਹੀਂ ਦੇਣਾ।’’ ਇਹ ਸਭ ਸੁਣ ਦਿਲ ਵਿੱਚ ਭਾਂਬੜ ਮੱਚ ਗਏ। ਗੁੱਸੇ ਦੀ ਅੱਗ ਵਿੱਚ ਤਪਿਆ ਹੋਇਆ ਨਾਜਰ ਬੋਲਿਆ, ‘‘ਲੈ ਜੇ ਇਹ ਗੱਲ ਹੈ ਤਾਂ ਮੈਂ ਕੱਲ੍ਹ ਬਾਰ੍ਹਾਂ ਵਜੇ ਤੋਂ ਪਹਿਲਾਂ ਇਕੱਠ ਕਰਾਂਗਾ।

ਚੱਲੋ ਭਾਈ, ਤੇਰੀ ਮਰਜੀ

ਕਿਉਂ ਨਹੀਂ ਦੇਵੇਗਾ ਮੇਰੀ ਜਮੀਨ ਅਤੇ ਘਰ?’’ ਦੋਲੂ ਕੇ ਮਿੰਦਰ ਨੇ ਫਿਰ ਅੱਗ ਲਾ ਦਿੱਤੀ ਕਹਿੰਦਾ, ‘‘ਕੱਲ੍ਹ ਬਾਰ੍ਹਾਂ ਵੀ ਵੱਜ ਜਾਣਗੇ!’’ ਗੁੱਸੇ ਵਿੱਚ ਨਾਜਰ ਉੱਠਿਆ ਆਥਣੇ ਸਾਰੇ ਪੰਚਾਂ-ਸਰਪੰਚਾਂ ਕੋਲ ਫਿਰ ਗਿਆ ਕਿ ਕੱਲ੍ਹ ਨੂੰ ਮੇਰਾ ਘਰ ਤੇ ਜ਼ਮੀਨ ਦਵਾਉ। ਸਵੇਰੇ ਦੱਸ ਕੁ ਵਜੇ ਥਾਈ (ਦਰਵਾਜੇ) ਵਿੱਚ ਇਕੱਠ ਹੋ ਗਿਆ। ਸਰਪੰਚ ਨੇ ਬਹੁਤ ਸਮਝਾਇਆ ਪਰ ਨਹੀਂ ਮੰਨਿਆ। ‘‘ਚੱਲੋ ਭਾਈ, ਤੇਰੀ ਮਰਜੀ!’’ ਜਾਗਰ ਨੂੰ ਬੁਲਾਉਣ ਲਈ ਬੰਦਾ ਭੇਜਿਆ ਗਿਆ। ਜਾਗਰ, ਬੁਗਰਾ ਤੇ ਗਿੰਦਰ ਵੀ ਥਾਈ ਵੱਲ ਆਉਣ ਲਈ ਤਿਆਰ ਹੋ ਗਏ। ਸੋਚ ਰਹੇ ਸਨ ਕਿ ਇਹ ਬੰਦਾ ਨਹੀਂ ਬਣਦਾ। ਜਾਗਰ ਬੁਗਰੇ ਨੂੰ ਸਮਝਾ ਰਿਹਾ ਸੀ ਕਿ ਪੁੱਤ ਤੂੰ ਕੁੱਝ ਨਹੀਂ ਕਹਿਣਾ, ਮਨ ਹੀ ਮਨ ਸੋਚ ਰਿਹਾ ਸੀ ਕਿ ਮੇਰੀ ਜੀਤੋ ਦਾ ਵਿਆਹ ਹੋ ਜਾਂਦਾ। ਫਿਰ ਸਾਰਾ ਕੁਝ ਇਸ ਦਾ ਸੀ ਇਸ ਨੂੰ ਦੇ ਦਿੰਦੇ, ਗੁਰੂ ਮਹਾਰਾਜ ਭਲਾ ਕਰੀਂ!

ਦਰਵਾਜੇ ਪਹੁੰਚੇ ਹੀ ਸਨ ਕਿ ਇਸ ਗੱਲ ਦੀ ਭਿਣਕ ਬਾਪੂ ਨੂੰ ਪੈ ਗਈ ਕਿ ਥਾਈ ਵਿੱਚ ਨਾਜਰ ਨੇ ਇਕੱਠ ਕਰ ਲਿਆ ਹੈ । ਬਾਪੂ ਨਾਜਰ ਨੂੰ ਕੋਸ ਰਿਹਾ ਸੀ ਕਿ ਇਹ ਫਿਰ ਮੇਰੀ ਇੱਜਤ ਰੋਲ਼ੇਗਾ! ਇਹ ਸੋਚਦੇ ਹੀ ਬਾਪੂ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਮੰਜੇ ਤੋਂ ਡਿੱਗ ਪਿਆ। ਸਾਰਾ ਟੱਬਰ ਬਾਪੂ ਵੱਲ ਦੌੜਦਾ ਹੋਇਆ ਆਇਆ ਕਿ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਜੀਤੋ ਦੌੜਦੀ ਹੋਈ ਆਈ ਕਿ ਬਾਪੂ ਜੀ ਨੂੰ ਕੀ ਹੋ ਗਿਆ ਹੈ। ਗੁਆਂਢੀ ਨੰਝੂ ਦੇ ਪੋਤੇ ਨੂੰ ਦਰਵਾਜੇ ਵੱਲ ਭੇਜਿਆ ਕਿ ਸੱਦ ਲਿਆ ਬੁਗਰੇ ਦੇ ਬਾਪੂ ਨੂੰ। ਮੁੰਡਾ ਥਾਈ ਵੜਦਿਆਂ ਹੀ ਉੱਚੀ ਅਵਾਜ ਵਿੱਚ ਬੁਗਰੇ ਨੂੰ ਕਹਿ ਰਿਹਾ ਸੀ ਕਿ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ।

ਮੰਜੇ ਤੋਂ ਥੱਲੇ ਲਾਹ ਲਿਆ ਹੈ। ਇਹ ਸਭ ਸੁਣ ਨਾਜਰ ਉੱਠਿਆ ਪਿੱਛੇ ਜਾਗਰ, ਬੁਗਰਾ ਤੇ ਗਿੰਦਰ ਵੀ ਪਹੁੰਚ ਗਏ। ਨਾਜਰ ਬਾਪੂ ਉੱਪਰ ਡਿੱਗਦਾ ਹੋਇਆ ਬੋਲ ਰਿਹਾ ਸੀ ਕਿ ਬਾਪੂ ਜੀ ਮੈਂ ਤੁਹਾਡੀ ਜਾਨ ਲਈ ਹੈ, ਮੈਨੂੰ ਨਹੀਂ ਚਾਹੀਦੀ ਜਮੀਨ ਤੇ ਘਰ। ਮੈਂ ਪਾਪੀ ਹਾਂ ਮੈਨੂੰ ਮਾਫ ਕਰ ਦਿਉ ਬਾਪੂ ਜੀ! ਸਾਰਾ ਪਰਿਵਾਰ ਬਾਪੂ ਦੀ ਮੌਤ ’ਤੇ ਰੋ ਰਿਹਾ ਸੀ। ਜਾਗਰ ਨੇ ਨਾਜਰ ਦੇ ਮੋਢੇ ’ਤੇ ਹੱਥ ਰੱਖ ਕੇ ਖੜ੍ਹਾ ਕੀਤਾ ਤੇ ਬੋਲਿਆ ਕਿ ਉਸ ਮਾਲਕ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਰੱਬ ਦਾ ਭਾਣਾ ਮੰਨਣਾ ਪੈਣਾ ਹੈ, ਉਸ ਦੀ ਮੌਜ ਹੈ ਤੇਰਾ ਕੋਈ ਕਸੂਰ ਨਹੀਂ। ‘‘ਵੱਡੇ ਭਾਈ ਮੈਨੂੰ ਜ਼ਮੀਨ ਤੇ ਘਰ ਨਹੀਂ ਚਾਹੀਦੇ!’’ ਇਹ ਸਭ ਸੁਣ ਜੀਤੋ ਵੀ ਬਹੁਤ ਰੋਈ ਤੇ ਆਪਣੇ ਬਾਪੂ ਨੂੰ ਚਿੰਬੜ ਗਈ। ਨਾਜਰ ਆਪਣੀ ਧੀ ਦੇ ਸਿਰ ’ਤੇ ਹੱਥ ਰੱਖ ਕੇ ਕਹਿ ਰਿਹਾ ਸੀ ਕਿ ਧੀਏ ਮੈਨੂੰ ਮਾਫ ਕਰੀਂ…!’’

ਲਖਵੀਰ ਚੰਦ ਸ਼ਰਮਾ, ਨਿਊ ਕਲੋਨੀ ਸੂਲਰ, ਪਟਿਆਲਾ।
ਮੋ. 96460-02247