Kite String Danger: ਪਤੰਗ ਦੀ ਡੋਰ ਨਾਲ ਕੱਟਦੀ ਸਾਹਾਂ ਦੀ ਤੰਦ, ਹੱਲ ਕੱਢਣਾ ਲਾਜ਼ਮੀ

ਚੀਨੀ ਮਾਂਝੇ ਕਾਰਨ ਵੱਧ ਰਹੀਆਂ ਹਾਦਸਿਆਂ ਦੀਆਂ ਘਟਨਾਵਾਂ, ਲੋਕਾਂ ਦੀ ਜਾਨ ਨੂੰ ਬਣਿਆ ਖਤਰਾ

Khushdeep Singh Picture
Published On

ਦੇਸ਼ ਵਿੱਚ ਪਤੰਗ ਉਡਾਉਣ ਦੀ ਪਰੰਪਰਾ ਸਦੀਆਂ ਪੁਰਾਣੀ ਹੈ ਤੇ ਇਹ ਸਿਰਫ਼ ਇੱਕ ਮਨੋਰੰਜਨ ਨਹੀਂ, ਸਗੋਂ ਸਮਾਜਿਕ ਤੇ ਸੱਭਿਆਚਾਰਕ ਤਿਉਹਾਰਾਂ ਦਾ ਇੱਕ ਅਹਿਮ ਹਿੱਸਾ ਰਿਹਾ ਹੈ। ਬਸੰਤ ਪੰਚਮੀ, ਮਕਰ ਸੰਕ੍ਰਾਂਤੀ, ਆਜ਼ਾਦੀ ਦਿਹਾੜਾ ਤੇ ਹੋਰ ਮੌਕਿਆਂ ’ਤੇ ਅਸਮਾਨ ਰੰਗ-ਬਰੰਗੇ ਪਤੰਗਾਂ ਨਾਲ ਭਰ ਜਾਂਦਾ ਹੈ। ਇਹ ਦ੍ਰਿਸ਼ ਉਤਸ਼ਾਹ ਅਤੇ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇਸੇ ਪਰੰਪਰਾ ਦੇ ਨਾਲ ਇੱਕ ਖ਼ਤਰਨਾਕ ਰੁਝਾਨ ਵੀ ਜੁੜ ਗਿਆ ਹੈ, ਜਿਸ ਨੂੰ ਆਮ ਭਾਸ਼ਾ ਵਿਚ ਚਾਇਨੀਜ਼ ਡੋਰ ਕਿਹਾ ਜਾਂਦਾ ਹੈ। ਇਹ ਡੋਰ ਹੁਣ ਮਨੋਰੰਜਨ ਦੀ ਬਜਾਏ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣ ਚੁੱਕੀ ਹੈ। ਆਮ ਸੂਤੀ ਧਾਗੇ ਤੋਂ ਤਿਆਰ ਡੋਰ ਦੀ ਥਾਂ ਹੁਣ ਨਾਇਲੋਨ ਅਤੇ ਧਾਤੂ-ਰਲੇ ਨਕਲੀ ਧਾਗੇ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ।

Kite String Danger
Kite String Danger

ਇਸ ਡੋਰ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਅਸਧਾਰਣ ਮਜ਼ਬੂਤੀ ਹੈ, ਜੋ ਪਤੰਗਬਾਜ਼ੀ ਵਿਚ ਮੁਕਾਬਲੇ ਨੂੰ ਸੌਖਾ ਬਣਾਉਂਦੀ ਹੈ। ਇਹੀ ਮਜ਼ਬੂਤੀ ਇਸ ਨੂੰ ਜਾਨਲੇਵਾ ਵੀ ਬਣਾ ਦਿੰਦੀ ਹੈ। ਇਹ ਧਾਗਾ ਇੰਨੀ ਤਿੱਖੀ ਧਾਰ ਵਾਲਾ ਹੁੰਦਾ ਹੈ ਕਿ ਇਸ ਦੀ ਪੋਲੀ ਜਿਹੀ ਰਗੜ ਵੀ ਚਮੜੀ ਨੂੰ ਚੀਰ ਸਕਦੀ ਹੈ ਅਤੇ ਕਈ ਮਾਮਲਿਆਂ ਵਿਚ ਧੌਣ ਤੱਕ ਵੱਢ ਦਿੰਦੀ ਹੈ। ਇਸੇ ਕਾਰਨ ਇਹ ਦੁਪਹੀਆ ਵਾਹਨ ਚਾਲਕਾਂ ਲਈ ਅਦਿੱਖ ਖ਼ਤਰਾ ਬਣ ਕੇ ਸਾਹਮਣੇ ਆਉਂਦੀ ਹੈ। ਦੇਸ਼ ਭਰ ਵਿਚ ਡੋਰ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਿਛਲੇ ਕੁਝ ਸਾਲਾਂ ਵਿਚ ਸੈਂਕੜੇ ਲੋਕ ਇਸ ਦੀ ਲਪੇਟ ਵਿਚ ਆ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ ਅਤੇ ਕਈਆਂ ਨੇ ਆਪਣੀ ਜਾਨ ਗਵਾਈ ਹੈ।

ਇਹ ਖਬਰ ਵੀ ਪੜ੍ਹੋ : Ludhiana News: ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਦੇ ਕਤਲ ਦਾ ਮਾਮਲਾ ਸੁਲਝਿਆ, ਦੋ ਗ੍ਰਿਫ਼ਤਾਰ

ਇਨ੍ਹਾਂ ਘਟਨਾਵਾਂ ਵਿਚ ਜ਼ਿਆਦਾਤਰ ਪੀੜਤ ਦੁਪਹੀਆ ਵਾਹਨ ਚਾਲਕ ਹੁੰਦੇ ਹਨ, ਜੋ ਸੜਕ ’ਤੇ ਮੂੰਹ-ਧਿਆਨ ਤੁਰਦੇ ਹੋਏ ਅਚਾਨਕ ਇਸ ਘਾਤਕ ਧਾਗੇ ਦੀ ਚਪੇਟ ਵਿਚ ਆ ਜਾਂਦੇ ਹਨ। ਹਾਲ ਹੀ ਵਿਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿਚ ਇੱਕ ਨੌਜਵਾਨ ਦੀ ਮੌਤ ਨੇ ਇਸ ਸਮੱਸਿਆ ਦੀ ਭਿਆਨਕਤਾ ਨੂੰ ਫਿਰ ਉਜਾਗਰ ਕੀਤਾ। ਉਹ ਆਪਣੇ ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਸੀ ਅਤੇ ਉਸ ਦੇ ਪਿੱਛੇ ਛੋਟੇ ਬੱਚੇ ਤੇ ਬਜ਼ੁਰਗ ਮਾਤਾ-ਪਿਤਾ ਰਹਿ ਗਏ। ਇਹ ਘਟਨਾ ਸਿਰਫ਼ ਇੱਕ ਉਦਾਹਰਨ ਹੈ, ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੁੰਦੀਆਂ ਰਹਿੰਦੀਆਂ ਹਨ। ਸਰਕਾਰਾਂ ਨੇ ਸਮੇਂ-ਸਮੇਂ ’ਤੇ ਇਸ ’ਤੇ ਰੋਕ ਲਾਉਣ ਦੇ ਯਤਨ ਕੀਤੇ ਹਨ। ਕਈ ਰਾਜਾਂ ਵਿਚ ਇਸ ਡੋਰ ਦੀ ਵਿਕਰੀ ਤੇ ਵਰਤੋਂ ’ਤੇ ਪਾਬੰਦੀ ਲਾਈ ਗਈ ਹੈ।

ਵਾਤਾਵਰਨ ਨਾਲ ਜੁੜੇ ਰਾਸ਼ਟਰੀ ਪੱਧਰ ਦੇ ਨਿਆਂਇਕ ਮੰਚ ਨੇ ਵੀ ਸਾਲਾਂ ਪਹਿਲਾਂ ਇਸ ਦੀ ਵਰਤੋਂ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਬਾਵਜ਼ੂਦ ਇਹ ਡੋਰ ਖੁੱਲ੍ਹੇਆਮ ਬਾਜ਼ਾਰ ਵਿਚ ਉਪਲੱਬਧ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪਾਬੰਦੀ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੀ ਹੈ ਅਤੇ ਜ਼ਮੀਨੀ ਪੱਧਰ ’ਤੇ ਉਸ ਦਾ ਪ੍ਰਭਾਵਸ਼ਾਲੀ ਲਾਗੂਕਰਨ ਨਹੀਂ ਹੁੰਦਾ। ਜਦੋਂ ਤੱਕ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਨਹੀਂ ਹੋਵੇਗਾ, ਉਦੋਂ ਤੱਕ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ ਹੈ। ਇਸ ਸਮੱਸਿਆ ਦਾ ਇੱਕ ਅਹਿਮ ਪਹਿਲੂ ਇਹ ਵੀ ਹੈ ਕਿ ਇਸ ਡੋਰ ਦੀ ਵਰਤੋਂ ਸਿਰਫ਼ ਪਤੰਗਬਾਜ਼ੀ ਤੱਕ ਸੀਮਤ ਨਹੀਂ ਰਹਿ ਗਈ। ਇਸ ਦੀ ਮਜ਼ਬੂਤੀ ਕਾਰਨ ਅਸਮਾਜਿਕ ਤੱਤ ਵੀ ਇਸ ਦੀ ਵਰਤੋਂ ਅਪਰਾਧਾਂ ਵਿਚ ਕਰਨ ਲੱਗੇ ਹਨ।

ਪੁਲਿਸ ਜਾਂਚ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਸ ਧਾਗੇ ਦਾ ਇਸਤੇਮਾਲ ਗਲਾ ਵੱਢਣ ਵਰਗੇ ਘਿਨੌਣੇ ਅਪਰਾਧਾਂ ਵਿਚ ਕੀਤਾ ਗਿਆ। ਇਸ ਤੋਂ ਇਲਾਵਾ, ਕੁਝ ਲੋਕ ਇਸ ਦੀ ਵਰਤੋਂ ਖੇਤਾਂ ਵਿਚ ਪਸ਼ੂਆਂ ਨੂੰ ਰੋਕਣ ਲਈ ਵੀ ਕਰ ਰਹੇ ਹਨ, ਜਿਸ ਨਾਲ ਇਸ ਦਾ ਖ਼ਤਰਾ ਹੋਰ ਵਧ ਜਾਂਦਾ ਹੈ। ਵਾਤਾਵਰਨ ਦੀ ਨਜ਼ਰ ਨਾਲ ਵੀ ਇਹ ਡੋਰ ਬਹੁਤ ਨੁਕਸਾਨਦੇਹ ਹੈ। ਪਤੰਗ ਉਡਾਉਣ ਤੋਂ ਬਾਅਦ ਇਹ ਧਾਗਾ ਅਕਸਰ ਰੁੱਖਾਂ, ਬਿਜਲੀ ਦੀਆਂ ਤਾਰਾਂ ਅਤੇ ਹੋਰ ਥਾਵਾਂ ’ਤੇ ਉਲਝਿਆ ਰਹਿ ਜਾਂਦਾ ਹੈ। ਲੰਮੇ ਸਮੇਂ ਤੱਕ ਇਹ ਉੱਥੇ ਹੀ ਪਿਆ ਰਹਿੰਦਾ ਹੈ, ਜਿਸ ਵਿਚ ਪੰਛੀ ਫਸ ਕੇ ਜ਼ਖ਼ਮੀ ਹੋ ਜਾਂਦੇ ਹਨ ਜਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਵੱਖ-ਵੱਖ ਜੰਗਲੀ ਜੀਵ ਸੰਗਠਨਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਹਰ ਸਾਲ ਹਜ਼ਾਰਾਂ ਪੰਛੀ ਇਸ ਡੋਰ ਕਾਰਨ ਆਪਣੀ ਜਾਨ ਗਵਾਉਂਦੇ ਹਨ।

ਇਹ ਸਿਰਫ਼ ਮਨੁੱਖੀ ਜੀਵਨ ਲਈ ਹੀ ਨਹੀਂ, ਸਗੋਂ ਕੁਦਰਤੀ ਸੰਤੁਲਨ ਲਈ ਵੀ ਗੰਭੀਰ ਖ਼ਤਰਾ ਹੈ। ਇਸ ਪੂਰੀ ਸਥਿਤੀ ਨੂੰ ਦੇਖਦੇ ਹੋਏ ਇਹ ਸਪੱਸ਼ਟ ਹੈ ਕਿ ਸਿਰਫ਼ ਅੰਸ਼ਿਕ ਯਤਨ ਕਾਫ਼ੀ ਨਹੀਂ ਹਨ। ਲੋੜ ਇੱਕ ਵਿਆਪਕ ਅਤੇ ਸਖ਼ਤ ਕਾਨੂੰਨੀ ਢਾਂਚੇ ਦੀ ਹੈ, ਜੋ ਪੂਰੇ ਦੇਸ਼ ਵਿਚ ਬਰਾਬਰ ਲਾਗੂ ਹੋਵੇ। ਡੋਰ ਦੇ ਨਿਰਮਾਣ, ਵਿੱਕਰੀ ਅਤੇ ਵਰਤੋਂ ਨੂੰ ਸਖ਼ਤ ਅਪਰਾਧ ਦੀ ਸ਼੍ਰੇਣੀ ਵਿਚ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਹੀ ਦੋਸ਼ੀਆਂ ਨੂੰ ਭਾਰੀ ਜ਼ੁਰਮਾਨਾ ਅਤੇ ਕੈਦ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਤਾਂ ਕਿ ਲੋਕਾਂ ਵਿਚ ਡਰ ਪੈਦਾ ਹੋਵੇ ਅਤੇ ਉਹ ਇਸ ਘਾਤਕ ਸਮੱਗਰੀ ਤੋਂ ਦੂਰੀ ਬਣਾਉਣ। ਇਸ ਦੇ ਨਾਲ ਹੀ, ਸਮਾਜ ਦੀ ਭਾਗੀਦਾਰੀ ਵੀ ਇਸ ਸਮੱਸਿਆ ਦੇ ਹੱਲ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਥੋੜ੍ਹੇ ਜਿਹੇ ਮਨੋਰੰਜਨ ਲਈ ਕਿਸੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਸਹੀ ਨਹੀਂ ਹੈ। ਰਵਾਇਤੀ ਸੂਤੀ ਧਾਗੇ ਦੀ ਵਰਤੋਂ ਇੱਕ ਸੁਰੱਖਿਅਤ ਬਦਲ ਹੋ ਸਕਦਾ ਹੈ, ਜਿਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਸਕੂਲਾਂ, ਸਮਾਜਿਕ ਸੰਸਥਾਵਾਂ ਅਤੇ ਮੀਡੀਆ ਰਾਹੀਂ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਇਸ ਦੇ ਖ਼ਤਰਿਆਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਅੰਤ ਵਿਚ, ਇਹ ਮੁੱਦਾ ਸਿਰਫ਼ ਕਾਨੂੰਨ ਜਾਂ ਪ੍ਰਸ਼ਾਸਨ ਤੱਕ ਸੀਮਤ ਨਹੀਂ ਹੈ, ਬਲਕਿ ਇਹ ਸਮਾਜਿਕ ਜ਼ਿੰਮੇਵਾਰੀ ਦਾ ਵੀ ਸਵਾਲ ਹੈ। ਜਦੋਂ ਤੱਕ ਆਮ ਨਾਗਰਿਕ ਇਸ ਖ਼ਤਰੇ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ, ਉਦੋਂ ਤੱਕ ਕੋਈ ਵੀ ਪਾਬੰਦੀ ਪ੍ਰਭਾਵਸ਼ਾਲੀ ਨਹੀਂ ਹੋ ਸਕਦੀ। ਇਹ ਵਕਤ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰ ਢੰਗ ਨਾਲ ਨਿਭਾਈਏ, ਤਾਂ ਕਿ ਤਿਉਹਾਰ ਦਾ ਆਨੰਦ ਕਿਸੇ ਲਈ ਦੁੱਖ ਦਾ ਕਾਰਨ ਨਾ ਬਣੇ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਰਮੇਸ਼ ਠਾਕੁਰ

About The Author

Related Posts