ਕੰਮ ਸੱਭਿਆਚਾਰ ਦੇ ਨਿਘਾਰ ਕਾਰਨ ਜਵਾਨੀ ਦਾ ਵਿਦੇਸ਼ਾਂ ਵੱਲ ਝੁਕਾਅ

Youth, Tendency, Migrate, Work, Culture

ਸੁਰਿੰਦਰ ਮਿੱਤਲ  

ਅੱਜ-ਕੱਲ੍ਹ ਪੰਜਾਬ ਦੇ ਨੌਜਵਾਨ ਲੜਕੇ- ਲੜਕੀਆਂ ਦੇ ਮਨਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਰੁਚੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਅਮੀਰ ਤੇ ਕੀ ਦਰਮਿਆਨਾ ਤਬਕਾ ਲਗਭਗ ਹਰ ਘਰ ਵਿੱਚੋਂ ਨੌਜਵਾਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਆਬਾਦੀ ਦੇ ਵਾਧੇ ਕਾਰਨ ਨੌਕਰੀਆਂ ਜਾਂ ਕੰਮ ਦਾ ਨਾ ਮਿਲਣਾ, ਸਰਕਾਰ ਦੀਆਂ ਵਪਾਰਕ ਅਤੇ ਟੈਕਸ ਨੀਤੀਆਂ, ਸਿਹਤ ਅਤੇ ਪੜ੍ਹਾਈ ਦੇ ਵਾਧੂ ਖਰਚੇ ਆਦਿ ਪਰ ਸਭ ਤੋਂ ਵੱਡਾ ਕਾਰਨ ਹੈ ਸਾਡੇ ਸਮਾਜ ਵਿੱਚ ਕੰਮ ਸੱਭਿਆਚਾਰ ਦਾ ਬਿਲਕੁਲ ਰਸਾਤਲ ਵੱਲ ਚਲੇ ਜਾਣਾ।

ਕੁਝ ਸਾਲ ਪਹਿਲਾਂ ਤੱਕ ਸਾਡੇ ਸਮਾਜ ਵਿੱਚ ਨੌਜਵਾਨ ਪਿਤਾਪੁਰਖੀ ਕੰਮਾਂ ਵਿੱਚ ਹੀ ਦਿਲਚਸਪੀ ਰੱਖਦੇ ਸਨ, ਕਿਸਾਨ ਦਾ ਪੁੱਤ ਕਿਸਾਨ, ਮਜ਼ਦੂਰ ਦਾ ਪੁੱਤ ਮਜ਼ਦੂਰ, ਦੁਕਾਨਦਾਰ ਦਾ ਪੁੱਤ ਦੁਕਾਨਦਾਰੀ ਦਾ ਕੰਮ ਹੀ ਕਰਦਾ ਸੀ। ਘਰ ਦੇ ਮੁਖੀ ‘ਤੇ ਸਾਰੇ ਘਰ ਪਰਿਵਾਰ ਦੀ ਜਿੰਮੇਵਾਰੀ ਹੁੰਦੀ ਸੀ। ਕਰੰਸੀ ਦਾ ਫੈਲਾਉ ਘੱਟ ਸੀ ਦਾਣੇ ਫਸਲ ਆਦਿ ਇੱਕ-ਦੂਜੇ ਤੋਂ ਲੈਣ-ਦੇਣ ਦਾ ਪ੍ਰਚਲਣ ਸੀ ਜਿਸ ਨਾਲ ਆਦਮੀ ਦਾ ਗੁਜ਼ਰ-ਬਸਰ ਚੱਲ ਰਿਹਾ ਸੀ। ਪਰ ਅੱਜ-ਕੱਲ੍ਹ ਨੌਜਵਾਨ ਪਿਤਾਪੁਰਖੀ ਕੰਮ ਛੱਡ ਕੇ ਜਾਂ ਪੜ੍ਹ-ਲਿਖ ਕੇ ਹੋਰ ਕੰਮ ਜਾਂ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਸਰਕਾਰਾਂ ਵੱਲੋਂ ਚੋਣਾਂ ਮੌਕੇ ਲੋਕਾਂ ਦੀਆਂ ਸਹੂਲਤਾਂ ਲਈ ਕੀਤੇ ਵਾਅਦਿਆਂ ਤੋਂ ਮੁੱਕਰਨਾ ਅਤੇ ਨੌਕਰੀਆਂ ਆਦਿ ਨਾ ਮਿਲਣ ਨਾਲ ਉਨ੍ਹਾਂ ਦਾ ਮਨ ਉਚਾਟ ਹੋ ਰਿਹਾ ਹੈ ਜਿਸ ਨਾਲ ਨੌਜਵਾਨ ਕਈ ਤਰ੍ਹਾਂ ਦੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ। ਵਿਦੇਸ਼ਾਂ ਦੀ ਕਮਾਈ, ਚਮਕ-ਦਮਕ ਦਾ ਛਲਾਵਾ ਉਨ੍ਹਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ। ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਜਵਾਨ ਇੱਥੇ ਕੰਮ ਸੱਭਿਆਚਾਰ ਨਾ ਹੋਣ ਕਾਰਨ ਕੋਈ ਨਿੱਕਾ-ਮੋਟਾ ਕੰਮ ਕਰਨ ‘ਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਆਈਲੈਟਸ ਕਰਕੇ ਵਿਦੇਸ਼ੀਂ ਜਾ ਕੇ ਮਿਹਨਤ-ਮਜ਼ਦੂਰੀ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਹੁਣ ਮਾਪੇ ਵੀ ਦੋ-ਚਾਰ ਕਿੱਲੇ ਜਮੀਨ ਵੇਚ ਕੇ ਆਪਣੇ  ਬੱਚਿਆਂ ਦਾ ਭਵਿੱਖ ਸਵਾਰਨ ਦੇ ਚੱਕਰ ‘ਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਭਾਵੇਂ ਕਈ ਨੌਜਵਾਨ ਅਤੇ ਮਾਪੇ ਏਜੰਟਾਂ ਦੀਆਂ ਠੱਗੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਫੇਰ ਵੀ ਰੋਜ਼ਾਨਾ ਸੈਂਕੜੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਲਈ ਜਹਾਜ਼ਾਂ ਦੀ ਉਡਾਣ ਭਰਦੇ ਹਨ। ਇਸ ਨਾਲ ਜਿੱਥੇ ਸਾਡੇ ਮੁਲਕ ਦਾ ਪੈਸਾ ਵਿਦੇਸ਼ ਜਾਣ ਨਾਲ ਸਾਡੀ ਪਹਿਲਾਂ ਤੋਂ ਮੰਦੀ ਦੀ ਮਾਰ ਝੱਲ ਰਹੀ ਆਰਥਿਕ ਹਾਲਤ ਹੋਰ ਮਾੜੀ ਹੋ ਰਹੀ ਹੈ, ਉੱਥੇ ਦੂਜੇ ਦੇਸ਼ ਇਸ ਪੈਸੇ ਨਾਲ ਹੋਰ ਖੁਸ਼ਹਾਲ ਹੋ ਰਹੇ ਹਨ। ਇਸ ਦੇ ਉਲਟ ਪੰਜਾਬ ਵਿੱਚ ਹਰ ਕੰਮ ‘ਤੇ ਨੇੜਲੇ ਰਾਜਾਂ ਦੇ ਪ੍ਰਵਾਸੀਆਂ ਦਾ ਕਬਜ਼ਾ ਹੋ ਗਿਆ ਹੈ ਚਾਹੇ ਉਹ ਖੇਤੀ, ਦੁਕਾਨਦਾਰੀ, ਮਜਦੂਰੀ, ਰੰਗ-ਰੋਗਨ ਕਰਨ, ਹਰ ਤਰ੍ਹਾਂ ਦੇ ਮਿਸਤਰੀ, ਫਲ-ਫਰੂਟ, ਸਬਜੀਆਂ, ਹਲਵਾਈ, ਦੋਧੀ, ਡਰਾਇਵਰੀ ਆਦਿ ਕੋਈ ਵੀ ਕੰਮ ਹੋਵੇ।

ਵਿਦੇਸ਼ਾਂ ਵੱਲ ਝੁਕਾਅ ਹੋਣ ਦੇ ਚੱਲਦਿਆਂ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਚੱਲਦਿਆਂ  ਇਹ ਨੌਜਵਾਨ ਆਈਲੈਟਸ ਕਰਵਾਉਣ ਵਾਲੇ, ਪਾਸਪੋਰਟ ਬਣਵਾਉਣ ਵਾਲੇ, ਵੀਜ਼ਾ ਲਗਵਾਉਣ ਵਾਲੇ ਅਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਮੋਟੀ ਲੁੱਟ ਦਾ ਵੀ ਸ਼ਿਕਾਰ ਵੀ ਹੋ ਰਹੇ ਹਨ। ਕਈ ਵਾਰ ਏਜੰਟ ਮੋਟੀ ਕਮਾਈ ਕਰਨ ਲਈ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜ ਦਿੰਦੇ ਹਨ ਜਿਸ ਨਾਲ ਉੱਥੇ ਜਾ ਕੇ ਉਹ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ।  ਫੈਕਟਰੀਆਂ ਦੇ ਮਾਲਕ ਉਨ੍ਹਾਂ ਦੀ ਮਿਹਨਤ ਮਜ਼ਦੂਰੀ ਵੀ ਨਹੀਂ ਦਿੰਦੇ ਇਸੇ ਤਰ੍ਹਾਂ ਲੜਕੀਆਂ ਨਾਲ ਵੀ ਹੁੰਦਾ ਹੈ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪਾਸਪੋਰਟ ਰੱਖ ਲਏ ਜਾਂਦੇ ਹਨ। ਇਸ ਤਰ੍ਹਾਂ ਭੇਜੇ ਮੁੰਡੇ-ਕੁੜੀਆਂ ਦਾ ਸਾਡੀ ਅੰਬੈਸੀ ਕੋਲ ਵੀ ਕੋਈ ਰਿਕਾਰਡ ਨਹੀਂ ਹੁੰਦਾ। ਕਈ ਪੀੜਤ ਨੌਜਵਾਨ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਚੁੰਗਲ ‘ਚੋਂ ਬਚ ਕੇ ਕਿਵੇਂ ਨਾ ਕਿਵੇਂ ਆਪਣਿਆਂ ਨਾਲ ਸੰਪਰਕ ਕਰ ਲੈਂਦੇ ਹਨ ਤਾਂ ਵਿਦੇਸ਼ ਮੰਤਰਾਲੇ, ਅੰਬੈਸੀ ਆਦਿ ਦੀ ਮੱਦਦ ਨਾਲ ਉਨ੍ਹਾਂ ਨੂੰ ਬੜੀ ਮਿਹਨਤ-ਮੁਸ਼ੱਕਤ ਤੋਂ ਬਾਅਦ ਛੁਡਾ ਲਿਆ ਜਾਂਦਾ ਹੈ ਪਰ ਉਹ ਵਿਦੇਸ਼ ਵਿੱਚੋਂ ਕਮਾਈ ਕਰਕੇ ਲਿਆਉਣ ਦੀ ਥਾਂ ਸ਼ੋਸ਼ਣ ਕਰਵਾ ਕੇ ਪਰਤਦੇ ਹਨ ਇੱਧਰ ਉਨ੍ਹਾਂ ਦੇ ਮਾਪੇ ਵਿਦੇਸ਼ ਭੇਜਣ ਲਈ ਗਹਿਣੇ ਕੀਤੀ ਜ਼ਮੀਨ-ਜਾਇਦਾਦ ਛੁਡਵਾਉਣ ਦੇ ਕਾਬਿਲ ਵੀ ਨਹੀਂ ਰਹਿੰਦੇ। ਇਸ ਤਰ੍ਹਾਂ ਉਹ ਨਾ ਘਰ ਦੇ ਨਾ ਘਾਟ ਦੇ ਰਹਿੰਦੇ ਹਨ। ਇਸ ਬਾਰੇ ਪੰਜਾਬੀ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਦੇ ਵਿਚਾਰ ਹਨ ਕਿ ਸਾਡੇ ਦੇਸ਼ ਵਿੱਚ ਹੁਣ ਕੋਈ ਸਿਸਟਮ ਨਾਂਅ ਦੀ ਚੀਜ਼ ਨਹੀਂ ਰਹੀ, ਕਾਨੂੰਨ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ, ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ, ਨਵੀਂ ਸਰਕਾਰੀ ਨੌਕਰੀ ਕਰਨ ਵਾਲੇ ਨੂੰ ਤਿੰਨ-ਤਿੰਨ ਸਾਲ ਦਸ-ਗਿਆਰਾਂ ਹਜਾਰ ਰੁਪਈਆ ਹੀ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਅਪਣੇ ਪੁਰਾਣੇ ਸਾਥੀਆਂ ਸਾਹਮਣੇ ਹੀਣ ਭਾਵਨਾ ਮਹਿਸੂਸ ਕਰਦਾ ਹੈ। ਇਸਦੇ ਉਲਟ ਵਿਦੇਸ਼ ਵਿੱਚ ਮਿਹਨਤ ਦੇ ਬਦਲੇ ਸਾਡੇ ਦੇਸ਼ ਦੇ ਮੁਕਾਬਲੇ ਕਿਤੇ ਜਿਆਦਾ ਰਕਮ ਮਿਲਦੀ ਹੈ ਜਿਸਨੂੰ ਦੇਖਦਿਆਂ ਨੌਜਵਾਨ ਵਿਦੇਸ਼ਾਂ ਦਾ ਮੋਹ ਕਰਨ ਲੱਗੇ ਹਨ।    ਸਮਾਜਸੇਵੀ ਧਰਮ ਪਾਲ ਸ਼ਰਮਾ ਅਨੁਸਾਰ, ਜਵਾਨੀ ਦੇ ਵਿਦੇਸ਼ਾਂ ਨੂੰ ਰਵਾਨਾ ਹੋਣ ਦਾ ਕਾਰਨ ਸਰਕਾਰਾਂ ਦੀ ਨਾਕਾਮੀ ਹੈ। ਵਿਧਾਇਕ, ਸੰਸਦ ਮੈਂਬਰ, ਮੰਤਰੀ, ਸਾਬਕਾ ਵਿਧਾਇਕ ਅਤੇ ਮੰਤਰੀ  ਤਾਂ ਕਈ-ਕਈ ਪੈਨਸ਼ਨਾਂ ਲੈ ਰਹੇ ਹਨ ਪਰ ਜਵਾਨਾਂ ਨੂੰ ਨੌਕਰੀਆਂ ਤਾਂ ਮਿਲ  ਹੀ ਨਹੀਂ ਰਹੀਆਂ ਉਲਟਾ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ। ਜਦੋਂਕਿ ਵਿਦੇਸ਼ੀ  ਅੰਗਰੇਜ ਲੋਕ ਸਾਡੇ ਜਵਾਨਾਂ ਨੂੰ ਕੰਮ ਤਾਂ ਦੇ ਰਹੇ ਹਨ।

ਤਪਾ ਮੰਡੀ,

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।