ਤੁਸੀਂ ਮੇਰੀ ਕਹਾਣੀ ਵੀ ਲਿਖੋ!

You, Write. My. Story

”ਵੀਰੇ ਤੁਸੀਂ ਰਮੇਸ਼ ਸੇਠੀ ਬਾਦਲ ਸਾਹਿਬ ਬੋਲਦੇ ਹੋ?” ਕਿਸੇ ਅਣਜਾਣ ਨੰਬਰ ਤੋਂ ਆਏ ਫੋਨ ਕਰਨ ਵਾਲੀ ਦਾ ਪਹਿਲਾ ਸਵਾਲ ਸੀ। ”ਹਾਂ ਜੀ ਰਮੇਸ਼ ਸੇਠੀ ਹੀ ਬੋਲ ਰਿਹਾ ਹਾਂ।” ਮੈ ਆਖਿਆ। ”ਪਿੰਡ ਬਾਦਲ ਤਾਂ ਮੇਰੀ ਕਰਮਭੂਮੀ ਹੈ ਜੀ…  ਤੁਸੀਂ ਕਿੱਥੋ ਬੋਲਦੇ ਹੋ?” ਮੈਂ ਮੋੜਵਾਂ ਸਵਾਲ ਕੀਤਾ ਤੇ ਸਮਝ ਗਿਆ ਇਹ ਕਿਸੇ ਪਾਠਕ ਦਾ ਹੀ ਫੋਨ ਹੋਵੇਗਾ ਜਿਸਨੇ ਮੇਰੀ ਅਖਬਾਰ ਵਿੱਚ ਛਪੀ ਕਿਸੇ ਕਹਾਣੀ ਜਾਂ ਰਚਨਾ ਦੀ ਤਾਰੀਫ ਕਰਨੀ ਹੋਵੇਗੀ। ਅਕਸਰ ਅਜਿਹੇ ਫੋਨ ਆਉਂਦੇ ਹੀ ਰਹਿੰਦੇ ਹਨ ਮੈਨੂੰ। ”ਮੈਂ ਮੋਗੇ ਜਿਲ੍ਹੇ ਤੋਂ ਬੋਲਦੀ ਹਾਂ। ਮੈਂ ਤੁਹਾਡੀ ਕਹਾਣੀ ਛੰਨੋ ਰੇਡੀਓ ‘ਤੇ ਸੁਣੀ ਕਹਾਣੀ ਬਹੁਤ ਚੰਗੀ ਲੱਗੀ। ਕਿਸੇ ਗਰੀਬ ਦੀ ਗਰੀਬੀ ਤੇ ਮਜ਼ਬੂਰੀ ਨੂੰ ਬਹੁਤ ਵਧੀਆ ਸ਼ਬਦਾਂ ਦਾ ਰੂਪ ਦਿੱਤਾ ਹੈ ਤੁਸੀਂ। ਮਨ ਨੂੰ ਛੂਹ ਗਈ ਤੁਹਾਡੀ ਕਹਾਣੀ।” ਉਸ ਨੇ ਆਖਿਆ। ”ਬਹੁਤ ਸ਼ੁਕਰੀਆ ਜੀ! ਤੁਹਾਨੂੰ ਕਹਾਣੀ ਚੰਗੀ ਲੱਗੀ। ਫੋਨ ਕਰਨ ਲਈ ਮਿਹਰਬਾਨੀ।” ਆਖ ਕੇ ਮੈਂ ਫੋਨ ਕੱਟਣ ਹੀ ਲੱਗਾ ਸੀ… ”ਕੀ ਤੁਸੀਂ ਮੇਰੀ ਕਹਾਣੀ ਵੀ ਲਿਖੋਗੇ।” ਉਸ ਨੇ ਤਰਲੇ ਜਿਹੇ ਨਾਲ ਆਖਿਆ। ”ਮੈਂ ਇਸ ਸਮੇਂ ਡਿਊਟੀ ‘ਤੇ ਹਾਂ।  ਆਪਾਂ ਸ਼ਾਮੀ ਗੱਲ ਕਰਾਂਗੇ।”

ਕਹਿ ਕੇ ਮੈਂ ਫੋਨ ਕੱਟ ਦਿੱਤਾ। ਮੇਰੀ ਬੇਟੀ ਗਗਨ ਵੀ ਅਕਸਰ ਪੁੱਛਦੀ ਰਹਿੰਦੀ  ਹੈ ਕਿ ਪਾਪਾ ਕੋਈ ਨਵੀਂ ਕਹਾਣੀ ਲਿਖੀ? ਉਸਨੂੰ ਨਹੀਂ ਪਤਾ ਕਿ ਇਹ ਪਕੋੜੇ ਨਹੀਂ ਕਿ ਵੇਸਣ ਵਿੱਚ ਆਲੂ ਪਿਆਜ ਮਿਰਚ ਮਿਲਾ ਕੇ ਕੜਾਹੀ ਵਿੱਚ ਤਲਣ ਲਈ ਸੁੱਟ ਦਿਉ। ਵਿੰਗੇ-ਤੜਿੰਗੇ ਬਿਨਾ ਸ਼ਕਲ ਅਤੇ ਆਕਾਰ ਤੋਂ ਪਕੋੜੇ ਤਿਆਰ। ਕਹਾਣੀ ਲਿਖਣਾ ਇੰਨਾ ਸੌਖਾ ਨਹੀਂ ਹੁੰਦਾ। ਅੱਜ ਹੁਣ ਇਹ ਆਪਣੀ ਕਹਾਣੀ ਲਿਖਣ ਦਾ ਕਹਿ ਰਹੀ ਹੈ। ਮੈਂ ਬਹੁਤ ਦੇਰ ਉਸ ਬਾਰੇ ਸੋਚਦਾ ਰਿਹਾ। ਕੀ ਕਹਾਣੀ ਹੋ ਸਕਦੀ ਹੈ ਉਸਦੀ? ਪਤਾ ਨਹੀਂ ਕੋਈ ਕੁੜੀ ਸੀ ਜਾਂ ਕੋਈ ਔਰਤ ਸੀ? ਖਬਰੇ ਕੋਈ ਸਹੁਰਿਆਂ ਤੋਂ ਦੁਖੀ ਮੁਟਿਆਰ! ਕੋਈ ਵਿਧਵਾ ਜਾਂ ਕੋਈ ਗਰੀਬਣੀ ਵੀ ਹੋ ਸਕਦੀ ਹੈ! ਚਾਹੇ  ਉਸਦਾ ਗੱਲ ਕਰਨ ਦਾ ਲਹਿਜਾ ਪੂਰਾ ਪੇਂਡੂ ਸੀ ਪਰ ਪੜ੍ਹੀ-ਲਿਖੀ ਲੱਗਦੀ ਸੀ। ਸ਼ਾਮ ਤੱਕ ਕੋਈ ਫੋਨ ਨਾ ਆਇਆ। ਮੈਂ ਘਰ ਦਾ ਕੋਈ ਕੰਮ ਵੀ ਨਾ ਕੀਤਾ।

ਵਾਰੀ-ਵਾਰੀ ਮੇਰੀ ਨਿਗ੍ਹਾ ਫੋਨ ਦੀ ਸਕਰੀਨ ਵੱਲ ਜਾਂਦੀ। ਪਰ ਕੋਈ ਫੋਨ ਨਾ ਆਇਆ। ਸੱਤ ਕੁ ਵਜੇ ਘੰਟੀ ਵੱਜੀ ਤੇ ਮੈਂ ਫਟਾਫਟ ਫੋਨ ਚੁੱਕ ਲਿਆ। ਵੀਰੇ! ਮੈਂ ਬੋਲਦੀ ਹਾਂ ਮੋਗਿਓਂ। ਸਵੇਰੇ ਆਪਣੀ ਗੱਲ ਹੋਈ ਸੀ ਨਾ। ਮੈਂ ਤੁਹਾਨੂੰ ਮੇਰੀ ਕਹਾਣੀ ਲਿਖਣ ਦਾ ਆਖਿਆ ਸੀ। ਹੁਣ ਦੱਸੋ, ਲਿਖੋਗੇ ਨਾ? ਵਾਅਦਾ ਕਰੋ ਬਈ ਜਰੂਰ ਲਿਖੋਗੇ! ਉਸ ਛੱਲੀਆਂ ਵਾਲੀ ਦੀ ਗਰੀਬੀ ਤੇ ਮਜ਼ਬੂਰੀ ਤਾਂ ਤੁਸੀਂ ਬਿਨਾ ਆਖੇ ਹੀ ਲਿਖ ਦਿੱਤੀ। ਨਾਲੇ ਉੁਸਨੂੰ ਕੀ ਫਾਇਦਾ ਹੋਇਆ ਤੁਹਾਡੀ ਕਹਾਣੀ ਲਿਖੀ ਦਾ! ਤੁਸੀਂ ਤਾਂ ਉਸਦੇ ਹਾਲਾਤਾਂ ਤੇ ਗਰੀਬੀ ਨੂੰ ਛੱਜ ਵਿੱਚ ਪਾ ਕੇ ਛੰਡਿਆ ਹੀ ਹੈ।  ਉਸਦਾ ਨਾਂਅ ਤੇ ਪਤਾ ਵੀ ਜੱਗ ਜਾਹਿਰ ਕਰ ਦਿੱਤਾ।

ਹੁਣ ਹਰ ਕੋਈ ਤੁਹਾਡੀ ਕਹਾਣੀ ਪੜ੍ਹ ਕੇ ਜਾਂ ਸੁਣਕੇ ਉਸ ਕੋਲ ਛੱਲੀਆਂ ਖਾਣ ਦੇ ਬਹਾਨੇ ਜਾਂਦਾ ਹੈ ਤੇ ਉਸਦੀ ਗਰੀਬੀ ਤੇ ਲਾਚਾਰੀ ਨੂੰ ਅੱਖੀਂ ਵੇਖਦਾ ਹੈ। ਪਰ ਮੈਂ ਤਾਂ ਆਪਣੀ ਕਹਾਣੀ ਆਪ ਲਿਖਵਾਉਣਾ ਚਾਹੁੰਦੀ ਹਾਂ।” ਉਹ ਇੱਕੋ ਸਾਹ ਇੰਨਾ ਕੁਝ ਬੋਲ ਗਈ। ਮੈਂ ਚੁੱਪ-ਚਾਪ ਸੁਣਦਾ ਰਿਹਾ। ਉਹ ਪ੍ਰਸੰਸਕ ਦੇ ਨਾਲ-ਨਾਲ ਇੱਕ ਵਧੀਆ ਅਲੋਚਕ ਵੀ ਲੱਗੀ। ਉਸਦੀਆਂ ਗੱਲਾਂ ਵਾਜ਼ਬ ਸਨ। ਪਰ ਉਸਦੀ ਕਹਾਣੀ ਦਾ ਸਸਪੈਂਸ ਬਰਕਰਾਰ ਸੀ। ”ਦੱਸੋ, ਲਿਖੋਗੇ ਨਾ?” ਉਸਨੇ ਫਿਰ ਥੋੜ੍ਹੇ ਰੋਹਬ ਤੇ ਅਪÎੱਤ ਜਿਹੀ ਨਾਲ ਆਖਿਆ।  ”ਪਹਿਲਾਂ ਤੂੰ ਆਪਣੀ ਕਹਾਣੀ ਤਾਂ ਦੱਸ। ਕੁਝ ਲਿਖਣ ਵਾਲੀ ਗੱਲ ਵੀ ਹੈ ਕਿ ਫੋਕੀ ਫਿਲਾਸਫੀ ਹੀ ਹੈ”  ਮੈਂ ਗੱਲ ਪੁੱਛਣ ਦੇ ਲਹਿਜੇ ਨਾਲ ਆਖਿਆ। ”ਮੇਰੀ ਕਾਹਦੀ ਕਹਾਣੀ ਹੈ।  ਮੇਰੀ ਤਾਂ ਪੂਰੀ ਜਿੰਦਗੀ ਹੀ ਲੰਬੀ ਵਾਰਤਾ ਹੈ।

ਮੇਰੇ ਜੰਮਣ ਤੋਂ ਪਹਿਲਾਂ ਹੀ ਮੇਰੀ ਕਹਾਣੀ ਸ਼ੁਰੂ ਹੋ ਗਈ ਸੀ। ਅਜੇ ਮੈਂ ਮਾਂ ਦੇ ਢਿੱਡ ਵਿੱਚ ਹੀ ਸੀ।  ਮੇਰੀ ਮਾਂ ਦੀ ਚੌਥੀ ਕੁੜੀ ਦਾ ਦਰਜਾ ਮਿਲਣਾ ਸੀ ਮੈਨੂੰ। ਮੈਨੂੰ ਕੁੱਖ ਵਿੱਚ ਮਾਰਨ ਦੀਆਂ ਸਕੀਮਾਂ ਸ਼ੁਰੂ ਹੋ ਗਈਆਂ। ਪਰ ਜਿਉਂਦੀ ਰਹੇ ਮੇਰੀ ਮਾਂ, ਜੋ ਮੈਨੂੰ ਢਿੱਡ ਵਿੱਚ ਲੈ ਕੇ ਹੀ ਪੇਕੇ ਤੁਰ ਗਈ ਤੇ ਮੈਨੂੰ ਆਪਣੇ ਪੇਕੇ ਘਰ ਜਨਮ ਦਿੱਤਾ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਮੈਂ ਪਿੰਡ ਦੇ ਸਕੂਲ  ਵਿੱਚੋਂ ਬਾਰ੍ਹਵੀਂ ਕਰ ਗਈ। ਪੜ੍ਹਨਾ ਚਾਹੁੰਦੀ ਸੀ ਪਰ ਮੈਨੂੰ ਅੱਗੇ ਨਾ ਪੜ੍ਹਾਇਆ। ਉਂਜ ਮੇਰੇ ਦਾਦੇ ਕੋਲ ਦੋ ਸੌ ਵਿਘਾ ਜਮੀਨ ਸੀ ਤੇ ਮੇਰੇ ਭਾਪੇ ਹੁਰੀਂ ਤਿੰਨ ਭਰਾ ਸੀ। ਤਿੰਨੇ ਸਿਰੇ ਦੇ ਵੈਲੀ। ਭਲੇ ਵੇਲਿਆਂ ‘ਚ ਸਾਡੇ ਮੈਸੀ ਫਰਗੂਸਨ ਟਰੈਕਟਰ ਹੁੰਦਾ ਸੀ। ਮੇਰੇ ਪਿਉ ਨੇ ਕੋਈ ਦਿਲਚਸਪੀ ਨਾ ਲਈ ਤੇ ਮੇਰੀ ਮਾਂ ਤੇ ਮੇਰੀ ਨਾਨੀ ਨੇ ਮੇਰਾ ਵਿਆਹ ਨਾਲ ਦੇ ਪਿੰਡ ਕਿਸੇ ਚੰਗੇ ਘਰ ਕਰ ਦਿੱਤਾ ਵਾਧੂ ਜ਼ਮੀਨ ਸੀ।  ਮੇਰਾ ਰਿਸ਼ਤਾ ਮੁੰਡੇ ਨੂੰ ਨਹੀਂ ਜ਼ਮੀਨ ਨੂੰ ਕੀਤਾ ਸੀ।  ਮੇਰੇ ਘਰ ਵਾਲਾ ਵੀ  ਪੂਰਾ ਨਸ਼ੱਈ ਸੀ।

ਤੇ ਬੱਸ ਨਾਂਅ ਦਾ ਹੀ ਬੰਦਾ ਸੀ। ਕਿਸੇ ਗੱਲ ਦੀ ਅਕਲ ਨਹੀਂ। ਨਾ ਬੋਲਣ ਦੀ ਨਾ ਖਾਣ-ਪੀਣ ਦੀ। ਗੱਲ-ਗੱਲ ‘ਤੇ ਗਾਲ੍ਹਾਂ ਕੱਢਦਾ ਤੇ ਕੁੱਟਦਾ। ਕਿਸੇ ਕੰਮ ਦਾ ਬੰਦਾ ਨਹੀਂ ਸੀ। ਹਾਂ ਤਿੰਨ ਸਾਲਾਂ ਵਿੱਚ ਮੇਰੇ ਤਿੰਨ ਕੁੜੀਆਂ ਹੋ ਗਈਆਂ। ਹੁਣ ਮੇਰੇ  ਸਹੁਰੇ ਘਰੋਂ ਮਿਲਦੀ ਹਮਦਰਦੀ ਨਫਰਤ ਵਿੱਚ ਬਦਲ ਗਈ। ਫਿਰ ਮੈਂ ਪੇਕੇ ਆ ਗਈ। ਇੱਧਰ ਮੇਰੇ ਪਿਉ ਨੇ ਨਵਾਂ ਚੰਦ ਚਾੜ੍ਹ ਦਿੱਤਾ। ਗੁਆਂਢੀਆਂ ਨਾਲ ਡੈੱਕ ਨੂੰ ਲੈ ਕੇ ਲੜਾਈ ਕਰ ਲਈ ਤੇ ਉਹਨਾਂ ਦਾ ਜਵਾਨ ਮੁੰਡਾ ਮਾਰ ਦਿੱਤਾ। ਦੋਨੋਂ ਤਾਏ ਪਹਿਲਾਂ ਹੀ ਨਸ਼ੱਈ ਹੋਣ ਕਰਕੇ ਮੰਜੇ ‘ਤੇ ਸਨ। ਹੁਣ ਕਤਲ ਦਾ ਕੇਸ ਸਿਰ ਪੈਣ ਕਰਕੇ ਘਰ ਹੋਰ ਨਿੱਘਰਨਾ ਸ਼ੁਰੂ ਹੋ ਗਿਆ। ਤੰਗੀ ਤਾਂ ਪਹਿਲਾਂ ਹੀ ਸੀ, ਹੁਣ ਤਾਂ ਰੋਟੀ ਦੇ ਵੀ ਲਾਲੇ ਪੈ ਗਏ। ਆੜ੍ਹਤੀਆ ਵੀ ਅੱਖਾਂ ਦਿਖਾਉਣ ਲੱਗ ਪਿਆ। ਵਕੀਲਾਂ ਤੇ ਪੁਲਸ ਦੇ ਖਰਚੇ ਦਿਨ-ਬ-ਦਿਨ ਵਧਣ ਲੱਗੇ।

ਮੇਰੇ ਪਿਉ ਨੂੰ ਚੌਦ੍ਹਾਂ ਸਾਲੀ ਹੋ ਗਈ। ਮੈਂ ਕੱਪੜੇ ਸਿਉਂਦੀ ਤੇ ਮਜ਼ਦੂਰੀ ਕਰਕੇ ਇਹਨਾਂ ਬੱਚੀਆਂ ਨੂੰ ਪੜ੍ਹਾਉਣ ਲੱਗੀ। ਨਾ ਚੱਜ ਦਾ ਪੇਕੇ ਪਾਇਆ ਤੇ ਨਾ ਸਹੁਰੇ। ਜਿੱਥੇ ਵੀ ਗਈ ਮੈਂ ਅਭਾਗਣ ਉੱਥੇ ਹੀ ਮੇਰੀ ਬਦਕਿਸਮਤੀ ਮੇਰੇ ਨਾਲ ਰਹੀ। ਮੇਰਾ ਕਸੂਰ ਕੀ ਹੈ, ਨਾ ਕਦੇ ਮਾਂ ਨੇ ਦੱਸਿਆ ਨਾ ਸੱਸ ਨੇ। ਇਹ ਇਕੱਲੀ ਮੇਰੀ ਕਹਾਣੀ ਨਹੀਂ ਪੰਜਾਬ ਦੀਆਂ ਲੱਖਾਂ ਧੀਆਂ ਦੀ ਕਹਾਣੀ ਹੈ। ਜ਼ਮੀਨ ਨੂੰ ਵਿਆਹੀਆਂ ਦੀ ਕਹਾਣੀ ਹੈ।  ਸਿਰਫ ਔਰਤ ਹੀ ਕੁੜੀਆਂ ਜੰਮਦੀ ਹੈ, ਇਸ ਇਲਜ਼ਾਮ ਦੀ ਕਹਾਣੀ ਹੈ।

ਪਹਿਲਾਂ ਮੇਰੀ ਮਾਂ ਨੇ ਕੁੜੀਆਂ ਜੰਮੀਆਂ ਤੇ ਫਿਰ ਮੈਂ। ਨਾ ਮੇਰੇ ਨਸ਼ੱਈ ਪਿਉ ਦਾ ਕੋਈ ਕਸੂਰ, ਨਾ ਹੀ ਨਸ਼ੱਈ ਪਤੀ ਦਾ। ਠੀਕ ਹੈ ਵੀਰੇ, ਤੇਰੇ ਕਹਾਣੀ ਲਿਖਣ ਨਾਲ ਕੋਈ ਔਰਤ ਕੁੜੀਆਂ ਜੰਮਣੋਂ ਤਾਂ ਨਹੀਂ ਹਟਦੀ ਪਰ ਬਿਨਾ ਮੁੰਡਾ ਵੇਖੇ ਸਿਰਫ ਜ਼ਮੀਨ ਨੂੰ ਰਿਸ਼ਤਾ ਕਰਨ ਵਾਲੇ ਮਾਪੇ ਜਰੂਰ ਸੋਚਣਗੇ ਕਿ ਧੀ ਦੀ ਜਿੰਦਗੀ ਬਰਬਾਦ ਨਾ ਕੀਤੀ ਜਾਵੇ। ਧੀ ਨੂੰ ਪਤੀ ਚਾਹੀਦਾ ਹੈ ਜ਼ਮੀਨ ਨਹੀਂ। ਸ਼ਾਇਦ ਕਿਸੇ  ਹੋਰ ਧੀ ਦਾ ਭਵਿੱਖ ਖਰਾਬ ਨਾ ਹੋਵੇ। ਵੀਰੇ! ਮੇਰੀ ਕਹਾਣੀ ਜਰੂਰ ਲਿਖੀਂ। ਤੈਨੂੰ ਲੱਖਾਂ ਭੈਣਾਂ ਦਾ ਪੁੰਨ ਲੱਗੂ। ਨਾਲੇ ਦੁਖਿਆਰੀਆਂ ਨੂੰ ਇਉਂ ਲੱਗੂ ਕਿ ਸਾਡੇ ਕਿਸੇ ਵੀਰ ਨੇ ਸਾਡੀ ਦੁੱਖਾਂ ਦੀ ਪਿਟਾਰੀ  ਨੂੰ ਸ਼ਬਦੀ ਰੂਪ ਦਿੱਤਾ ਹੈ। ਚੰਗਾ ਵੀਰੇ!” ਮੈਥੋਂ ਹੁੰਗਾਰਾ ਨਾ ਭਰਿਆ ਗਿਆ ਮੇਰਾ ਗਲਾ ਭਰ ਆਇਆ ਤੇ ਮੈਂ ਫੋਨ ਕੱਟ ਦਿੱਤਾ।