Punjab
IND vs NZ: ਵੈਭਵ ਸੂਰਿਆਵੰਸ਼ੀ ਨੂੰ ਅੱਜ ਫਿਰ ਮਿਲ ਸਕਦੈ ਮੌਕਾ, ਭਾਰਤ ਤੇ ਨਿਊਜੀਲੈਂਡ ਵਿਚਕਾਰ ਪੰਜਵਾਂ ਤੇ ਆਖਰੀ ਟੀ20 ਅੱਜ
ਜਿਆਦਾ ਸਕੋਰ ਵਾਲੇ ਮੈਦਾਨ ’ਤੇ ਸ਼ਿਵਮ ਦੁੱਬੇ ਨੂੰ ਮਿਲ ਸਕਦੈ ਮੌਕਾ
ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਆਖਰੀ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 12:30 ਵਜੇ ਹੈਮਿਲਟਨ ਦੇ ਸੇਡਨ ਪਾਰਕ ਵਿਖੇ ਸ਼ੁਰੂ ਹੋਵੇਗਾ। ਭਾਰਤ ਨੇ ਸੀਰੀਜ਼ ’ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਮੈਚ ਤੋਂ ਪਹਿਲਾਂ, ਇੱਕ ਵਾਰ ਫਿਰ 15 ਸਾਲਾ ਵੈਭਵ ਸੂਰਿਆਵੰਸ਼ੀ ਦੇ ਖੇਡਣ ਦੀ ਚਰਚਾ ਹੈ। ਪਿਛਲੇ ਮੈਚ ’ਚ, ਸੂਰਿਆਵੰਸ਼ੀ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਪਲੇਇੰਗ-11 ’ਚ ਮੌਕਾ ਦਿੱਤਾ ਗਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਉਹ ਅਭਿਸ਼ੇਕ, ਸੈਮਸਨ ਜਾਂ ਈਸ਼ਾਨ ’ਚੋਂ ਕਿਸੇ ਇੱਕ ਦੀ ਜਗ੍ਹਾ ਖੇਡ ਸਕਦੇ ਹਨ। ਆਲਰਾਊਂਡਰ ਸ਼ਿਵਮ ਦੂਬੇ, ਜੋ ਹੁਣ ਤੱਕ ਇਸ ਸੀਰੀਜ਼ ਵਿੱਚ ਨਹੀਂ ਖੇਡੇ ਹਨ, ਨੂੰ ਵੀ ਮੌਕਾ ਮਿਲ ਸਕਦਾ ਹੈ। ਉਸਨੂੰ ਨਿਤੀਸ਼ ਕੁਮਾਰ ਰੈਡੀ ਦੀ ਜਗ੍ਹਾ ਮੌਕਾ ਦਿੱਤਾ ਜਾ ਸਕਦਾ ਹੈ। ਇਸਦਾ ਇੱਕ ਕਾਰਨ ਹੈਮਿਲਟਨ ਦਾ ਹਾਈ-ਸਕੋਰਿੰਗ ਗਰਾਊਂਡ ਹੈ। ਇੱਥੇ ਖੇਡੇ ਗਏ 14 ਟੀ20 ਮੈਚਾਂ ਵਿੱਚੋਂ, ਪਹਿਲੀ ਪਾਰੀ ’ਚ ਅੱਠ ਵਾਰ 180 ਜਾਂ ਇਸ ਤੋਂ ਵੱਧ ਦੌੜਾਂ ਬਣੀਆਂ ਹਨ।
ਭਾਰਤ ਨੇ ਟੀ20 ’ਚ 22 ਵਾਰ ਨਿਊਜੀਲੈਂਡ ਨੂੰ ਹਰਾਇਆ
ਭਾਰਤ ਤੇ ਨਿਊਜ਼ੀਲੈਂਡ ਨੇ 35 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਭਾਰਤ ਨੇ ਇਨ੍ਹਾਂ ਵਿੱਚੋਂ 22 ਮੈਚ ਜਿੱਤੇ ਹਨ, ਜਦੋਂ ਕਿ ਨਿਊਜ਼ੀਲੈਂਡ ਨੇ 12 ਜਿੱਤੇ ਹਨ। ਇੱਕ ਮੈਚ ਟਾਈ ਰਿਹਾ। ਭਾਰਤ ਨੇ ਇਸ ਲੜੀ ਦੇ ਪਹਿਲੇ ਤਿੰਨ ਮੈਚ ਜਿੱਤ ਕੇ 3-0 ਦੀ ਬੜ੍ਹਤ ਬਣਾਈ। ਨਿਊਜ਼ੀਲੈਂਡ ਨੇ ਚੌਥੇ ਟੀ20 ਵਿੱਚ ਵਾਪਸੀ ਕੀਤੀ, ਭਾਰਤ ਵਿਰੁੱਧ ਆਪਣਾ ਸਭ ਤੋਂ ਵੱਧ ਟੀ20 ਅੰਤਰਰਾਸ਼ਟਰੀ ਸਕੋਰ ਦਰਜ ਕੀਤਾ। ਨਿਊਜ਼ੀਲੈਂਡ ਨੇ 87 ਦੌੜਾਂ ਨਾਲ ਜਿੱਤ ਵੀ ਹਾਸਲ ਕੀਤੀ।
ਅਭਿਸ਼ੇਕ ਸ਼ਰਮਾ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਅਭਿਸ਼ੇਕ ਸ਼ਰਮਾ ਇਸ ਲੜੀ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ ਚਾਰ ਮੈਚਾਂ ’ਚ 196 ਦੌੜਾਂ ਬਣਾਈਆਂ ਹਨ। ਉਸਦਾ ਸਟ੍ਰਾਈਕ ਰੇਟ 227.90 ਹੈ। ਉਨ੍ਹਾਂ ਤੀਜੇ ਟੀ20 ਅੰਤਰਰਾਸ਼ਟਰੀ ਵਿੱਚ ਇੱਕ ਸੈਂਕੜਾ ਵੀ ਜੜਿਆ ਹੈ। ਅਰਸ਼ਦੀਪ ਸਿੰਘ ਨੇ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲਈਆਂ ਹਨ, ਚਾਰ ਮੈਚਾਂ ’ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਹਾਲਾਂਕਿ, ਉਸਦਾ ਇਕਾਨਮੀ ਰੇਟ 9.31 ਹੈ। ਮਯੰਕ ਯਾਦਵ ਨੇ ਵੀ ਦੋ ਮੈਚਾਂ ਵਿੱਚ ਚਾਰ ਵਿਕਟਾਂ ਲਈਆਂ ਹਨ।
ਮੀਂਹ ਦੀ ਕੋਈ ਸੰਭਾਵਨਾ ਨਹੀਂ
ਮੈਚ ਦੌਰਾਨ ਆਕਲੈਂਡ ’ਚ ਤਾਪਮਾਨ 12 ਤੋਂ 15 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਉਮੀਦ ਹੈ। ਸਵੇਰੇ ਠੰਢ ਜ਼ਿਆਦਾ ਹੋ ਸਕਦੀ ਹੈ। ਹਾਲਾਂਕਿ, ਤੇਜ਼ ਹਵਾਵਾਂ ਦਾ ਪ੍ਰਭਾਵ ਆਕਲੈਂਡ ਨਾਲੋਂ ਘੱਟ ਹੋਣ ਦੀ ਉਮੀਦ ਹੈ। ਮੀਂਹ ਪੈਣ ਦੀ ਉਮੀਦ ਨਹੀਂ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ/ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ/ਸ਼ਿਵਮ ਦੂਬੇ, ਨਮਨ ਧੀਰ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ/ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ ਤੇ ਮਯੰਕ ਯਾਦਵ।
ਨਿਊਜ਼ੀਲੈਂਡ : ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਬੇਵਨ ਜੈਕਬਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਐਡਮ ਮਿਲਨੇ, ਜੈਕਬ ਡਫੀ, ਮੈਟ ਫਿਸ਼ਰ।
Comments