Nepal India Relations: ਭਾਰਤ ਤੋਂ 2 ਅਰਬ ਡਾਲਰ ਤੋਂ ਜ਼ਿਆਦਾ ਦੀ ਆਰਥਿਕ ਸਹਾਇਤਾ ਮੰਗੇਗਾ ਨੇਪਾਲ, ਵਿਦੇਸ਼ ਸਕੱਤਰ ਦੀ ਫੇਰੀ ਦੌਰਾਨ ਵਿਚਾਰੇ ਜਾਣਗੇ ਮੁੱਦੇ

ਭਾਰਤ ਤੋਂ 2 ਅਰਬ ਡਾਲਰ ਤੋਂ ਜ਼ਿਆਦਾ ਦੀ ਆਰਥਿਕ ਸਹਾਇਤਾ ਮੰਗੇਗਾ ਨੇਪਾਲ, ਵਿਦੇਸ਼ ਸਕੱਤਰ ਦੀ ਫੇਰੀ ਦੌਰਾਨ ਵਿਚਾਰੇ ਜਾਣਗੇ ਮੁੱਦੇ

Khushdeep Singh Picture
Published On

ਕਾਠਮੰਡੂ (ਸੱਚ ਕਹੂੰ ਨਿਊਜ਼/ਏਜੰਸੀ)। ਨੇਪਾਲ, ਭਾਰਤ ਤੋਂ ਲਗਭਗ 3 ਲੱਖ ਕਰੋੜ ਰੁਪਏ (2 ਅਰਬ ਅਮਰੀਕੀ ਡਾਲਰ) ਦੇ ਰਿਆਇਤੀ ਕਰਜ਼ੇ ਤੇ ਗ੍ਰਾਂਟਾਂ ਦੀ ਮੰਗ ਕਰਨ ਰਿਹਾ ਹੈ। ਇਹ ਪ੍ਰਸਤਾਵ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਅੱਜ ਸ਼ੁਰੂ ਹੋਣ ਵਾਲੇ ਦੌਰੇ ਦੌਰਾਨ ਪੇਸ਼ ਕੀਤਾ ਜਾਵੇਗਾ। ਨੇਪਾਲ 23-24 ਨਵੰਬਰ ਨੂੰ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੀ ਭਾਰਤ ਫੇਰੀ ਦੌਰਾਨ ਆਰਥਿਕ ਸਹਾਇਤਾ ਪੈਕੇਜ ਦੀ ਬੇਨਤੀ ਕਰਨ ਦੀ ਤਿਆਰੀ ਕਰ ਰਿਹਾ ਹੈ।

ਇਸ ਫੇਰੀ ਦੀ ਤਿਆਰੀ ’ਚ, ਵਿਦੇਸ਼ ਸਕੱਤਰ ਮਿਸਰੀ ਏਜੰਡੇ ਨੂੰ ਅੰਤਿਮ ਰੂਪ ਦੇਣ ਲਈ ਅੱਜ ਦੋ ਦਿਨਾਂ ਦੌਰੇ ਲਈ ਨੇਪਾਲ ਪਹੁੰਚ ਰਹੇ ਹਨ। ਨੇਪਾਲੀ ਵਿਦੇਸ਼ ਮੰਤਰਾਲਾ ਕੁੱਲ 2 ਅਰਬ ਡਾਲਰ ਤੋਂ ਵੱਧ ਦੀ ਆਰਥਿਕ ਸਹਾਇਤਾ ਦੀ ਮੰਗ ਕਰੇਗਾ, ਜਿਸ ’ਚ 1 ਅਰਬ ਅਮਰੀਕੀ ਡਾਲਰ ਦਾ ਰਿਆਇਤੀ ਕਰਜ਼ਾ, 50 ਕਰੋੜ ਡਾਲਰ ਦੀ ਗ੍ਰਾਂਟ ਤੇ ਭੋਟੇਕੋਸ਼ੀ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਪੁਨਰ ਨਿਰਮਾਣ ਲਈ 50 ਕਰੋੜ ਡਾਲਰ ਸ਼ਾਮਲ ਹਨ। ਵਿਦੇਸ਼ ਤੇ ਵਿੱਤ ਮੰਤਰਾਲਿਆਂ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁੱਦੇ ’ਤੇ ਮੁੱਢਲੀ ਚਰਚਾ ਹੋਵੇਗੀ।

ਪ੍ਰਧਾਨ ਮੰਤਰੀ ਸ਼ਾਹ ਦੀ ਫੇਰੀ ਦੀਆਂ ਤਿਆਰੀਆਂ ਵਿਚਕਾਰ ਨਵ-ਨਿਯੁਕਤ ਭਾਰਤੀ ਰਾਜਦੂਤ ਸੁਧਾਕਰ ਦਲੇਲਾ ਮੰਗਲਵਾਰ ਨੂੰ ਕਾਠਮੰਡੂ ਪਹੁੰਚੇ। ਅਕਤੂਬਰ ’ਚ ਵਿੱਤ ਮੰਤਰੀ ਸਵਰਣਿਮ ਵਾਗਲੇ ਦੀ ਭਾਰਤ ਫੇਰੀ ਦੌਰਾਨ ਸਹਾਇਤਾ ਪੈਕੇਜ ਲਈ ਸ਼ੁਰੂਆਤੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਹਾਲਾਂਕਿ, ਭਾਰਤੀ ਸਹਾਇਤਾ ਲਈ ਪ੍ਰਸਤਾਵਿਤ ਪ੍ਰੋਜੈਕਟਾਂ ਤੇ ਉਨ੍ਹਾਂ ਲਈ ਲੋੜੀਂਦੇ ਫੰਡਾਂ ਦਾ ਵਿਸਤ੍ਰਿਤ ਵੇਰਵਾ ਮਿਸਰੀ ਦੀ ਫੇਰੀ ਦੌਰਾਨ ਭਾਰਤ ਨੂੰ ਸੌਂਪੇ ਜਾਣ ਦੀ ਉਮੀਦ ਹੈ।

ਵਿੱਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੈਕੇਜ ’ਤੇ ਗੱਲਬਾਤ ਪੂਰੀ ਹੋਣ ਤੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਨੇਪਾਲ ਦੇ ਵਿਦੇਸ਼ ਸਕੱਤਰ ਅੰਮ੍ਰਿਤ ਰਾਏ ਨੇ ਕਿਹਾ, ‘ਵੱਖ-ਵੱਖ ਸਰਕਾਰੀ ਸੰਸਥਾਵਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਨੇਪਾਲ ਦੁਆਰਾ ਤਿਆਰ ਕੀਤੇ ਗਏ ਪ੍ਰਸਤਾਵ ਦੇ ਅਨੁਸਾਰ, ਨਵੀਂ ਦਿੱਲੀ ਤੋਂ 1 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਰਿਆਇਤੀ ਕਰਜ਼ਾ ਮੰਗਿਆ ਜਾਵੇਗਾ। ਇਸ ਰਕਮ ਦੀ ਵਰਤੋਂ ਮੁੱਖ ਤੌਰ ’ਤੇ ਦੇਸ਼ ਦੇ ਅੰਦਰ ਵੱਖ-ਵੱਖ ਟ੍ਰਾਂਸਮਿਸ਼ਨ ਲਾਈਨਾਂ ਦੇ ਨਿਰਮਾਣ ਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਕਰਨ ਦੀ ਯੋਜਨਾ ਹੈ।’

ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਮੰਗਲਵਾਰ ਨੂੰ ਵੱਖ-ਵੱਖ ਮੰਤਰਾਲਿਆਂ ਦੇ ਸਕੱਤਰਾਂ ਦੀ ਮੀਟਿੰਗ ਬੁਲਾਈ ਤਾਂ ਜੋ ਮਿਸਰੀ ਦੀ ਫੇਰੀ ਦੌਰਾਨ ਭਾਰਤ ਨੂੰ ਪੇਸ਼ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਸੂਚੀ ’ਤੇ ਚਰਚਾ ਕੀਤੀ ਜਾ ਸਕੇ। ਮੰਤਰਾਲੇ ਅਨੁਸਾਰ, ਮੀਟਿੰਗ ਵਿੱਚ ਵੱਖ-ਵੱਖ ਮੰਤਰਾਲਿਆਂ ਦੇ ਏਜੰਡਿਆਂ ਨੂੰ ਜੋੜਿਆ ਗਿਆ ਤੇ ਭਾਰਤੀ ਸਹਾਇਤਾ ਨਾਲ ਨੇਪਾਲ ’ਚ ਲਾਗੂ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ।

ਇਸ ਤੋਂ ਇਲਾਵਾ, ਰਿਆਇਤੀ ਕਰਜ਼ਿਆਂ ਤੇ ਗ੍ਰਾਂਟਾਂ ਰਾਹੀਂ ਭਾਰਤੀ ਸਹਾਇਤਾ ਦੀ ਮੰਗ ਕਰਨ ਵਾਲੇ ਨਵੇਂ ਪ੍ਰੋਜੈਕਟਾਂ, ਪਿਛਲੇ ਮਹੀਨੇ ਖਨਾਲ ਦੀ ਭਾਰਤ ਫੇਰੀ ਦੌਰਾਨ ਉਠਾਏ ਗਏ ਮੁੱਦਿਆਂ, ਅਸੋਜ ’ਚ ਵਾਗਲੇ ਦੀ ਫੇਰੀ ਤੇ ਦੋਵਾਂ ਦੇਸ਼ਾਂ ਵਿਚਕਾਰ ਬਾਅਦ ’ਚ ਹੋਈਆਂ ਮੀਟਿੰਗਾਂ ’ਤੇ ਵੀ ਚਰਚਾ ਕੀਤੀ ਗਈ। ਮਿਸਰੀ ਆਪਣੇ ਨੇਪਾਲੀ ਹਮਰੁਤਬਾ, ਵਿਦੇਸ਼ ਸਕੱਤਰ ਅੰਮ੍ਰਿਤ ਬਹਾਦਰ ਰਾਏ ਨਾਲ ਵਫ਼ਦ-ਪੱਧਰੀ ਗੱਲਬਾਤ ਵੀ ਕਰਨਗੇ। ਇਨ੍ਹਾਂ ਗੱਲਬਾਤ ਦੌਰਾਨ, ਰਾਏ ਰਸਮੀ ਤੌਰ ’ਤੇ ਮਿਸਰੀ ਨੂੰ ਭਾਰਤ ਦੇ ਵਿਚਾਰ ਲਈ ਨੇਪਾਲ ਦੇ ਤਰਜੀਹੀ ਪ੍ਰੋਜੈਕਟਾਂ ਦੀ ਇੱਕ ਸੂਚੀ ਪੇਸ਼ ਕਰਨਗੇ।

ਰਿਆਇਤੀ ਕਰਜ਼ੇ ਤੋਂ ਇਲਾਵਾ, ਨੇਪਾਲ ਸਿਧਾਰਥ ਹਾਈਵੇਅ ਦੇ ਅਪਗ੍ਰੇਡ ਲਈ ਭਾਰਤ ਤੋਂ 50 ਕਰੋੜ ਅਮਰੀਕੀ ਡਾਲਰ ਦੀ ਵਾਧੂ ਗ੍ਰਾਂਟ ਮੰਗਣ ਦੀ ਤਿਆਰੀ ਕਰ ਰਿਹਾ ਹੈ। ਵਿਦੇਸ਼ ਮੰਤਰੀ ਖਨਾਲ ਨੇ ਪਿਛਲੇ ਸਾਲ ਆਪਣੀ ਭਾਰਤ ਫੇਰੀ ਦੌਰਾਨ ਇਸ ਹਾਈਵੇਅ ਦੇ ਅਪਗ੍ਰੇਡ ਲਈ ਇਸੇ ਤਰ੍ਹਾਂ ਦੀ ਗ੍ਰਾਂਟ ਦੀ ਬੇਨਤੀ ਕੀਤੀ ਸੀ, ਜੋ ਭਾਰਤ ਦੇ ਸੁਨੌਲੀ ਸਰਹੱਦੀ ਕਰਾਸਿੰਗ ਨੂੰ ਪੋਖਰਾ ਨਾਲ ਜੋੜਦਾ ਹੈ। ਇਸੇ ਤਰ੍ਹਾਂ, 26 ਅਗਸਤ ਨੂੰ ਭੋਟੇਕੋਸ਼ੀ ’ਚ ਆਏ ਹੜ੍ਹਾਂ ਕਾਰਨ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੇ ਪੁਨਰ ਨਿਰਮਾਣ ਤੇ ਪੁਨਰਵਾਸ ਲਈ 50 ਕਰੋੜ ਅਮਰੀਕੀ ਡਾਲਰ ਦੀ ਵਾਧੂ ਮੰਗ ਕੀਤੀ ਜਾਵੇਗੀ। ਇਹ ਰਕਮ ਪ੍ਰਸਤਾਵਿਤ ਆਰਥਿਕ ਸਹਾਇਤਾ ਪੈਕੇਜ ਵਿੱਚ ਵੀ ਸ਼ਾਮਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਬੰਗਲਾਦੇਸ਼ ਦੀ ਰਾਜਧਾਨੀ 'ਚ ਉਦਯੋਗਿਕ ਅਸ਼ਾਂਤੀ, ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਝੜਪ, 100 ਜ਼ਖਮੀ, 40 ਗ੍ਰਿਫਤਾਰ

Comments

Post Your Comment

About The Author

Related Posts