Cricket Australia: ਕ੍ਰਿਕੇਟ ਅਸਟਰੇਲੀਆ ‘ਸੈਂਡਪੇਪਰਗੇਟ ਘਟਨਾਕ੍ਰਮ’ ਬਾਰੇ ਇੱਕ ਮੰਚ ਬਣਾਏਗਾ, ਖਿਡਾਰੀਆਂ ਤੇ ਸਟਾਫ ਦੇ ਤਜ਼ਰਬੇ ਰੱਖੇ ਜਾਣਗੇ ਗੁਪਤ

ਕ੍ਰਿਕੇਟ ਅਸਟਰੇਲੀਆ ‘ਸੈਂਡਪੇਪਰਗੇਟ ਘਟਨਾਕ੍ਰਮ’ ਬਾਰੇ ਇੱਕ ਮੰਚ ਬਣਾਏਗਾ, ਖਿਡਾਰੀਆਂ ਤੇ ਸਟਾਫ ਦੇ ਤਜ਼ਰਬੇ ਰੱਖੇ ਜਾਣਗੇ ਗੁਪਤ

Khushdeep Singh Picture
Published On

ਹੋਬਾਰਟ। ਕ੍ਰਿਕੇਟ ਅਸਟਰੇਲੀਆ (ਸੀਏ) ਨੇ 2018 ਦੇ ਦੱਖਣੀ ਅਫਰੀਕਾ ਦੌਰੇ ਵਿੱਚ ਸ਼ਾਮਲ ਖਿਡਾਰੀਆਂ ਤੇ ਸਹਾਇਕ ਸਟਾਫ ਲਈ ਇੱਕ ਸੁਤੰਤਰ ਮੰਚ ਬਣਾਉਣ ਦਾ ਐਲਾਨ ਕੀਤਾ ਹੈ, ਜਿੱਥੇ ਉਹ ਆਪਣੇ ਤਜਰਬੇ ਸਾਂਝੇ ਕਰ ਸਕਣਗੇ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੇਪ ਟਾਊਨ ਘਟਨਾ ਦੀ ਜਾਂਚ ਦੁਬਾਰਾ ਨਹੀਂ ਖੋਲ੍ਹੀ ਜਾਵੇਗੀ।

ਕ੍ਰਿਕੇਟ ਅਸਟਰੇਲੀਆ ਦੇ ਚੇਅਰਮੈਨ ਡੇਵਿਡ ਬੂਨ ਨੇ ਕਿਹਾ, ‘ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ, ਸੀਏ ਬੋਰਡ ਨੇ ਇੱਕ ਅਜਿਹਾ ਮੰਚ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਜੋ 2018 ਦੇ ਦੱਖਣੀ ਅਫਰੀਕਾ ਦੌਰੇ ਦੀਆਂ ਘਟਨਾਵਾਂ ਵਿੱਚ ਸ਼ਾਮਲ ਖਿਡਾਰੀਆਂ ਤੇ ਸਟਾਫ ਨੂੰ ਆਪਣੇ ਤਜਰਬੇ ਅਤੇ ਨਜ਼ਰੀਏ ਸਾਂਝੇ ਕਰਨ ਦਾ ਮੌਕਾ ਦੇਵੇਗਾ।’ ਉਨ੍ਹਾਂ ਅੱਗੇ ਕਿਹਾ, ‘ਸਾਨੂੰ ਵਿਸ਼ਵਾਸ ਹੈ ਕਿ ਇਹ ਖੇਡ ਦੇ ਹਿੱਤ ਵਿੱਚ ਹੈ।

ਲਗਭਗ ਇੱਕ ਦਹਾਕੇ ਤੋਂ, ਉਨ੍ਹਾਂ ਘਟਨਾਵਾਂ ਦੇ ਪ੍ਰਭਾਵ ਅਸਟਰੇਲੀਆਈ ਕ੍ਰਿਕੇਟ ਨਾਲ ਜੁੜੀ ਚਰਚਾ ਦਾ ਹਿੱਸਾ ਬਣੇ ਹੋਏ ਹਨ। ਇਹ ਬਹੁਤਿਆਂ ਲਈ ਇੱਕ ਔਖਾ ਦੌਰ ਰਿਹਾ ਹੈ, ਤੇ ਹੁਣ ਤਾਂ ਇਹ ਚੱਲ ਰਹੀ ਬਹਿਸ ਖੇਡ ਤੋਂ ਧਿਆਨ ਭਟਕਾਉਣ ਦਾ ਕਾਰਨ ਵੀ ਬਣ ਰਹੀ ਹੈ। ਸਾਨੂੰ ਲੱਗਦਾ ਹੈ ਕਿ ਹੁਣ ਇੱਕ ‘ਵਿਰਾਮ’ ਦੀ ਲੋੜ ਹੈ। ਇਸ ਮੰਚ ਦਾ ਮਕਸਦ ਬੀਤੇ ਸਮੇਂ ਦੀਆਂ ਘਟਨਾਵਾਂ ’ਤੇ ਮੁੜ ਕਾਨੂੰਨੀ ਜਾਂ ਅਦਾਲਤੀ ਬਹਿਸ ਕਰਨਾ ਨਹੀਂ ਹੈ, ਸਗੋਂ, ਇਹ ਉਨ੍ਹਾਂ ਲੋਕਾਂ ਨੂੰ ਇੱਕ ਸਤਿਕਾਰਯੋਗ ਮਾਹੌਲ ’ਚ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦੇਣ ਬਾਰੇ ਹੈ ਤੇ ਸਾਡੀ ਖੇਡ ਲਈ ਉਨ੍ਹਾਂ ਨੂੰ ਸੁਣਨ ਬਾਰੇ ਹੈ।’

ਉਨ੍ਹਾਂ ਅੱਗੇ ਕਿਹਾ, ਅਸਟਰੇਲੀਆਈ ਕ੍ਰਿਕੇਟ ਉਦੋਂ ਸਭ ਤੋਂ ਮਜ਼ਬੂਤ ​​ਹੁੰਦੀ ਹੈ ਜਦੋਂ ਇਹ ਇੱਕਜੁੱਟ ਹੁੰਦੀ ਹੈ। ਖੇਡ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਪ੍ਰਤੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਮਝ, ਸਤਿਕਾਰ ਤੇ ਸਹੀ ਨਜ਼ਰੀਏ ਨਾਲ ਅੱਗੇ ਵਧਣ ਲਈ ਹਰ ਸੰਭਵ ਕੋਸ਼ਿਸ਼ ਕਰੀਏ। ਇੱਕ ਸਾਬਕਾ ਖਿਡਾਰੀ ਹੋਣ ਦੇ ਨਾਤੇ, ਮੈਂ ਜਾਣਦਾ ਹਾਂ ਕਿ ਕ੍ਰਿਕੇਟ ਸਾਨੂੰ ਸਭ ਤੋਂ ਕੀਮਤੀ ਚੀਜ਼ਾਂ ਵਿੱਚੋਂ ਇੱਕ ਰਿਸ਼ਤੇ ਦਿੰਦੀ ਹੈ।

ਅਜਿਹੀ ਦੋਸਤੀ ਜੋ ਖੇਡ ਕਰੀਅਰ ਖਤਮ ਹੋਣ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ। ਮੈਨੂੰ ਉਮੀਦ ਹੈ ਕਿ ਇਹ ਪ੍ਰਕਿਰਿਆ ਉਨ੍ਹਾਂ ਰਿਸ਼ਤਿਆਂ ਨੂੰ ਮਜ਼ਬੂਤ ​​ਕਰਨ ’ਚ ਮਦਦ ਕਰੇਗੀ ਤੇ ਸਾਨੂੰ ਭਵਿੱਖ ’ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਬਣਾਏਗੀ।’ ਡੇਵਿਡ ਬੂਨ ਨੇ ਕਿਹਾ, ‘ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਉਹ ਇਸ ਪ੍ਰਕਿਰਿਆ ਨੂੰ ਸਤਿਕਾਰਯੋਗ ਤੇ ਨਿੱਜੀ ਢੰਗ ਨਾਲ ਅੱਗੇ ਵਧਣ ਦੇਣ। ਸਾਡਾ ਮੁੱਖ ਧਿਆਨ ਇਸ ਗੱਲ ’ਤੇ ਹੋਣਾ ਚਾਹੀਦਾ ਹੈ ਕਿ ਖੇਡ ਲਗਾਤਾਰ ਅੱਗੇ ਵਧਦੀ ਰਹੇ।’

ਕ੍ਰਿਕੇਟ ਅਸਟਰੇਲੀਆ ਦੇ ਸੀਈਓ ਟੌਡ ਗ੍ਰੀਨਬਰਗ ਨੇ ਕਿਹਾ, ‘ਪਿਛਲੇ ਇੱਕ ਹਫ਼ਤੇ ਦੌਰਾਨ, ਅਸੀਂ 2018 ਦੇ ਕੇਪ ਟਾਊਨ ਟੈਸਟ ਦੀਆਂ ਘਟਨਾਵਾਂ ਬਾਰੇ ਵੱਖ-ਵੱਖ ਬਿਆਨ ਸੁਣੇ ਹਨ। ਇਹ ਸਮਾਂ ਖੇਡ ਅਤੇ ਇਸ ਨਾਲ ਜੁੜੇ ਹਰ ਵਿਅਕਤੀ ਲਈ ਬਹੁਤ ਹੀ ਮੁਸ਼ਕਲ ਤੇ ਬੇਚੈਨੀ ਭਰਿਆ ਰਿਹਾ ਹੈ। ਉਸ ਸਮੇਂ ਦੀਆਂ ਘਟਨਾਵਾਂ ਤੇ ਅੱਜ ਚੱਲ ਰਹੀ ਚਰਚਾ, ਦੋਵੇਂ ਹੀ ਉਸ ਸਮੇਂ ਮੌਜੂਦ ਸੱਭਿਆਚਾਰ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ, ਇੱਕ ਅਜਿਹਾ ਸੱਭਿਆਚਾਰ ਜਿਸ ਨੂੰ ਘੜਨ ’ਚ ਕ੍ਰਿਕੇਟ ਅਸਟਰੇਲੀਆ ਨੇ ਵੀ ਭੂਮਿਕਾ ਨਿਭਾਈ ਹੈ।

‘ਐਥਿਕਸ ਸੈਂਟਰ’ ਦੀ ਰਿਪੋਰਟ ਤੋਂ ਬਾਅਦ ਇਸ ਗੱਲ ਨੂੰ ਸਵੀਕਾਰ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ 42 ’ਚੋਂ 36 ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਗਿਆ। ਸਾਨੂੰ ਉਸ ਸੱਭਿਆਚਾਰ ’ਤੇ ਮਾਣ ਹੈ ਜੋ ਟੀਮ ਨੇ ਪਿਛਲੇ ਅੱਠ ਸਾਲਾਂ ਵਿੱਚ ਵਿਕਸਤ ਕੀਤਾ ਹੈ, ਸਾਡੇ ਖਿਡਾਰੀਆਂ, ਆਗੂਆਂ ਅਤੇ ਕੋਚਾਂ ਨੂੰ ਇਸ ਦਾ ਪੂਰਾ ਸਿਹਰਾ ਜਾਂਦਾ ਹੈ। ਅਸੀਂ ਉਸ ਦਰਦ ਤੇ ਪਰੇਸ਼ਾਨੀ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਜੋ ‘ਸੈਂਡਪੇਪਰਗੇਟ’ ਨਾਲ ਜੁੜੀਆਂ ਘਟਨਾਵਾਂ ਕਾਰਨ ਪੈਦਾ ਹੋਈ ਸੀ।’

ਉਨ੍ਹਾਂ ਅੱਗੇ ਕਿਹਾ, ‘ਸੱਚ ਕਹਾਂ ਤਾਂ, ਇਸ ਸਮੇਂ ਖੇਡ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਨਾਲ ਕਿਸੇ ਦਾ ਵੀ ਭਲਾ ਨਹੀਂ ਹੋਣ ਵਾਲਾ। ਸਾਨੂੰ ਅੱਗੇ ਵਧਣ ਦਾ ਰਸਤਾ ਲੱਭਣਾ ਪਵੇਗਾ ਤੇ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਕਰਨੀ ਪਵੇਗੀ। ਇਸੇ ਦਿਸ਼ਾ ’ਚ ਤੇ ਇਹ ਯਕੀਨੀ ਬਣਾਉਣ ਲਈ ਕਿ ਸਾਰੇ ਸਬੰਧਤ ਧਿਰਾਂ ਨੂੰ ਇਨ੍ਹਾਂ ਘਟਨਾਵਾਂ ਬਾਰੇ ਆਪਣਾ ਪੱਖ ਰੱਖਣ ਦਾ ਮੌਕਾ ਮਿਲੇ, ਅਸੀਂ ਇੱਕ ਸੁਤੰਤਰ ਮੰਚ ਸਥਾਪਤ ਕਰ ਰਹੇ ਹਾਂ।’

ਗ੍ਰੀਨਬਰਗ ਨੇ ਅੱਗੇ ਕਿਹਾ, ‘ਇਹ ਮੰਚ ਵਿਅਕਤੀਆਂ ਨੂੰ ਆਪਣੀ ਗੱਲ ਰੱਖਣ ਲਈ ਇੱਕ ਸੁਤੰਤਰ, ਸੁਰੱਖਿਅਤ ਤੇ ਨਿੱਜੀ ਮਾਹੌਲ ਪ੍ਰਦਾਨ ਕਰਦਾ ਹੈ। ਇਹ ਕੋਈ ਮੁੜ-ਜਾਂਚ ਨਹੀਂ ਹੈ, ਅਤੇ ਨਾ ਹੀ ਇਸ ਦਾ ਮਕਸਦ ਮੁੜ-ਮੁਕੱਦਮਾ ਚਲਾਉਣਾ ਜਾਂ ਹੋਰ ਸਜ਼ਾਵਾਂ ਦੇਣਾ ਹੈ। ਇਸ ’ਚ ਸ਼ਾਮਲ ਹੋਣਾ ਪੂਰੀ ਤਰ੍ਹਾਂ ਸਵੈ-ਇੱਛੁਕ ਹੈ, ਇਹ ਪੂਰੀ ਤਰ੍ਹਾਂ ਵਿਅਕਤੀਆਂ ’ਤੇ ਨਿਰਭਰ ਕਰਦਾ ਹੈ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਘਟਨਾਵਾਂ ਬਾਰੇ ਚਰਚਾ ਕਰ ਰਹੇ ਹਾਂ ਜੋ ਅੱਠ ਸਾਲ ਤੋਂ ਵੱਧ ਸਮਾਂ ਪਹਿਲਾਂ ਵਾਪਰੀਆਂ ਸਨ।’

ਇਹ ਮੰਚ ਵਿਅਕਤੀਆਂ ਨੂੰ ਅੱਗੇ ਆਉਣ ਤੇ ਇੱਕ ਗੁਪਤ ਮਾਹੌਲ ’ਚ ਘਟਨਾਵਾਂ ਬਾਰੇ ਆਪਣਾ ਨਜ਼ਰੀਆ ਤੇ ਯਾਦਾਂ ਸਾਂਝੀਆਂ ਕਰਨ ਦੀ ਇਜਾਜ਼ਤ ਦੇਵੇਗਾ। ਜਾਂਚ ਸ਼ੁਰੂ ਨਾ ਕਰਨ ਦੇ ਫੈਸਲੇ ਬਾਰੇ, ਕ੍ਰਿਕੇਟ ਅਸਟਰੇਲੀਆ (ਸੀਏ) ਦਾ ਮੰਨਣਾ ਹੈ ਕਿ ਇਹ ਯਕੀਨੀ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਾਰੇ ਸਬੰਧਤ ਲੋਕ ਆਪਸੀ ਸਤਿਕਾਰ ਦੇ ਆਧਾਰ ’ਤੇ ਇੱਕ ਉਸਾਰੂ ਗੱਲਬਾਤ ਕਰ ਸਕਣ।

‘ਸੈਂਡਪੇਪਰਗੇਟ’ ਘੁਟਾਲਾ, ਜੋ 2018 ਦੇ ਕੇਪ ਟਾਊਨ ਟੈਸਟ ਦੌਰਾਨ ਵਾਪਰਿਆ ਸੀ, ਉਸਮਾਨ ਖਵਾਜਾ ਦੀ ਸਵੈ-ਜੀਵਨੀ ‘ਸਬਰ’ ਇਨ੍ਹਾਂ ਦਾਅਵਿਆਂ ਦੀ ਹਮਾਇਤ ਸਾਬਕਾ ਓਪਨਿੰਗ ਬੱਲੇਬਾਜ਼ ਡੇਵਿਡ ਵਾਰਨਰ ਨੇ ਕੀਤੀ ਹੈ। ਇਸ ਘਟਨਾ ’ਚ ਆਪਣੀ ਭੂਮਿਕਾ ਲਈ ਵਾਰਨਰ, ਸਟੀਵ ਸਮਿਥ ਤੇ ਕੈਮਰਨ ਬੈਨਕ੍ਰਾਫਟ ਨੂੰ ਦੋਸ਼ੀ ਪਾਇਆ ਗਿਆ ਸੀ ਤੇ ਬਾਅਦ ’ਚ ਉਨ੍ਹਾਂ ’ਤੇ ਕਾਰਵਾਈ (ਸਜ਼ਾ) ਕੀਤੀ ਗਈ ਸੀ। ਅਸਟਰੇਲੀਆਈ ਮੌਜ਼ੂਦਜਾ ਕਪਤਾਨ ਪੈਟ ਕਮਿੰਸ ਜੋ ਉਸ ਸਮੇਂ ਗੇਂਦਬਾਜ਼ੀ ਸਮੂਹ ਦੇ ਇੱਕ ਅਹਿਮ ਮੈਂਬਰ ਸਨ ਨੇ ਖਵਾਜਾ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ : AI Skills: AI ਬੱਚਿਆਂ ਦਾ ਭਵਿੱਖ, ਵਿਦਿਆਰਥੀਆਂ ਨੂੰ ਏਆਈ ਡਿਵੈਲਪਰ ਬਣਾਉਣ ਦਾ ਟੀਚਾ : ਗੁਰਪਾਲ ਸਿੰਘ

Comments

Post Your Comment

About The Author

Related Posts