ਪੰਚਾਇਤੀ ਚੋਣਾਂ ‘ਚ ਡੋਪ ਹੋਏਗਾ ਜਾਂ ਨਹੀਂ, ਫੈਸਲਾ 25 ਨੂੰ

Whether, Panchayat, Elections, Dope, Decision

ਪੰਚਾਇਤ ਮੰਤਰੀ ਕੈਬਨਿਟ ਮੀਟਿੰਗ ‘ਚ ਲੈ ਕੇ ਜਾ ਰਹੇ ਹਨ ਏਜੰਡਾ | Panchayat Elections

  • ਬਹੁਤ ਘੱਟ ਰਹਿ ਗਿਆ ਐ ਪੰਚਾਇਤੀ ਚੋਣਾਂ ਨੂੰ ਸਮਾਂ, ਮੰਤਰੀ ਨੇ ਫੜੀ ਤੇਜ਼ੀ | Panchayat Elections

ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਗਰਾਮ ਪੰਚਾਇਤਾਂ ਅਤੇ ਜਿਲ੍ਹਾ ਪ੍ਰੀਸ਼ਦ ਸਣੇ ਬਲਾਕ ਸੰਮਤੀਆਂ ਦੀਆਂ ਚੋਣਾਂ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਡੋਪ ਟੈਸਟ ਜਰੂਰੀ ਹੋਵੇਗਾ ਜਾਂ ਫਿਰ ਨਹੀਂ, ਇਹ ਫੈਸਲਾ ਅਗਲੇ ਬੁੱਧਵਾਰ 25 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਆਖ਼ਰੀ ਫੈਸਲਾ ਲੈ ਲਿਆ ਜਾਏਗਾ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਡੋਪ ਟੈਸਟ ਜਰੂਰੀ ਕਰਵਾਉਣ ਲਈ ਅੜੇ ਹੋਏ ਹਨ ਅਤੇ ਕੁਝ ਵਿਧਾਇਕਾਂ ਸਣੇ ਮੰਤਰੀਆਂ ਵਲੋਂ ਪੰਚਾਇਤੀ ਚੋਣਾਂ ‘ਚ ਡੋਪ ਟੈਸਟ ਨੂੰ ਟਾਲਣ ਦੀ ਸਲਾਹ ਦਿੱਤੀ ਜਾ ਰਹੀਂ ਹੈ, ਜਿਸ ਕਾਰਨ 25 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਏਜੰਡਾ ਆ ਰਿਹਾ ਹੈ ਅਤੇ ਮੌਕੇ ‘ਤੇ ਹੀ ਇਹਨੂੰ ਲਾਗੂ ਕਰਨ ਜਾਂ ਫਿਰ ਨਾ ਕਰਨ ਸਬੰਧੀ ਬਹਿਸ ਹੋਏਗੀ।

ਜਾਣਕਾਰੀ ਅਨੁਸਾਰ ਮੰਤਰੀ ਮੰਡਲ ਵਿੱਚ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਬੀਤੇ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਪੰਚਾਇਤੀ ਚੋਣਾਂ ਵਿੱਚ ਹਰ ਉਮੀਦਵਾਰ ਨੂੰ ਡੋਪ ਟੈਸਟ ਕਰਵਾਉਣਾ ਜਰੂਰੀ ਹੋਵੇਗਾ ਤਾਂ ਕਿ ਪੰਚਾਇਤਾਂ ਵਿੱਚ ਘੱਟ ਤੋਂ ਘੱਟ ਸਰਪੰਚ ਅਤੇ ਪੰਚ ਸਣੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ‘ਚ ਮੈਂਬਰ ਉਹ ਆਉਣ ਜਿਨਾਂ ਦਾ ਨਸ਼ੇ ਤੋਂ ਦੂਰ ਦੂਰ ਤੱਕ ਦਾ ਵਾਸਤਾ ਨਾ ਹੋਵੇ। ਇਸ ਐਲਾਨ ਤੋਂ ਬਾਅਦ ਪਿੰਡਾਂ ਵਿੱਚ ਇੱਕ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਕਿ ਕਿਥੇ ਉਨਾਂ ਵਲੋਂ ਲਈ ਜਾ ਰਹੀਂ ਕਿਸੇ ਦਵਾਈ ਜਾਂ ਫਿਰ ਛੋਟੇ ਮੋਟੇ ਨਸ਼ੇ ਦੀ ਗੋਲੀ ਕਾਰਨ ਉਨਾਂ ਦੀ ਉਮੀਦਵਾਰ ਲਈ ਹੀ ਖ਼ਤਰਾ ਨਾ ਬਣ ਜਾਏ।

ਕਈ ਮੰਤਰੀ ਅਤੇ ਵਿਧਾਇਕ ਵੀ ਕਰ ਰਹੇ ਹਨ ਡੋਪ ਦਾ ਵਿਰੋਧ

ਪਿਛਲੇ 10 ਸਾਲਾਂ ਤੋਂ ਪੰਚਾਇਤਾਂ ਵਿੱਚ ਅਕਾਲੀਆਂ ਦਾ ਕਬਜ਼ਾ ਹੋਣ ਦੇ ਕਾਰਨ ਕੁਝ ਕਾਂਗਰਸੀ ਲੀਡਰ ਡੋਪ ਟੈਸਟ ਨੂੰ ਨਾ ਲਾਗੂ ਕਰਨ ਦੀ ਵਕਾਲਤ ਕਰ ਰਹੇ ਹਨ ਤਾਂ ਕਿ ਵਿਧਾਨ ਸਭਾ ਚੋਣਾਂ ਵਿੱਚ ਮਦਦ ਕਰਨ ਵਾਲਾ ਕੋਈ ਵੀ ਪਿੰਡਾਂ ਦਾ ਕਾਂਗਰਸੀ ਲੀਡਰ ਇਨਾਂ ਚੋਣਾਂ ਤੋਂ ਬਾਹਰ ਨਾ ਹੋ ਜਾਵੇ। ਜਿਸ ਤੋਂ ਬਾਅਦ ਕੁਝ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੇ ਵੀ ਪੰਚਾਇਤੀ ਚੋਣਾਂ ਵਿੱਚ ਡੋਪ ਟੈਸਟ ਲਾਗੂ ਕਰਵਾਉਣ ਦੇ ਫੈਸਲਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਵਿਰੋਧ ਦੇ ਨਾਲ ਨਾਲ ਪੰਚਾਇਤੀ ਚੋਣਾਂ ਕਰਵਾਉਣ ਦਾ ਸਮਾਂ ਵੀ ਨੇੜੇ ਆਉਂਦਾ ਜਾ ਰਿਹਾ ਹੈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਅਤੇ ਕਿਸੇ ਵੀ ਸਮੇਂ ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਲਈ ਸਰਕਾਰ ਨੂੰ ਜਲਦ ਹੀ ਇਸ ਮਾਮਲੇ ਵਿੱਚ ਆਪਣਾ ਆਖ਼ਰੀ ਫੈਸਲਾ ਲੈਣਾ ਪਏਗਾ। ਜਿਸ ਕਾਰਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਇਸ ਏਜੰਡੇ ਨੂੰ 25 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਲੈ ਕੇ ਆ ਰਹੇ ਹਨ ਤਾਂ ਕਿ ਇਸ ਮਾਮਲੇ ਨੂੰ ਇੱਕ ਪਾਸੇ ਲਗਾਇਆ ਜਾਵੇ।

ਨਸ਼ਾ ਤਾਂ ਦੂਰ ਸਰਾਬ ਵੀ ਛੱਡੀ ਬੈਠੇ ਹਨ ਚਾਹਵਾਨ ਉਮੀਦਵਾਰ | Panchayat Elections

ਪੰਚਾਇਤੀ ਚੋਣਾਂ ਵਿੱਚ ਡੋਪ ਟੈਸਟ ਕਰਵਾਉਣ ਦੇ ਐਲਾਨ ਤੋਂ ਤੁਰੰਤ ਬਾਅਦ ਹੀ ਚੋਣ ਲੜਨ ਲਈ ਤਿਆਰ ਉਮੀਦਵਾਰਾਂ ਨੇ ਨਸ਼ਾ ਤਾਂ ਦੂਰ ਸ਼ਰਾਬ ਤੱਕ ਛੱਡ ਦਿੱਤੀ ਹੈ। ਪਿੰਡਾਂ ਵਿੱਚ ਇਸ ਗਲ ਦਾ ਡਰ ਪੈਦਾ ਹੋਇਆ ਹੈ ਕਿ ਸ਼ਰਾਬ ਵੀ ਡੋਪ ਟੈਸਟ ਵਿੱਚ ਆ ਸਕਦੀ ਹੈ, ਇਸ ਲਈ ਨਸ਼ੇ ਦੇ ਨਾਲ ਹੀ ਸ਼ਰਾਬ ਤੋਂ ਕੁਝ ਸਮਾਂ ਦੂਰੀ ਬਿਹਤਰ ਹੈ। ਕਈ ਚਾਹਵਾਨ ਉਮੀਦਵਾਰਾਂ ਨੇ ਡਾਕਟਰਾਂ ਦੀ ਸਲਾਹ ਨਾਲ ਬਿਮਾਰੀ ਸਬੰਧੀ ਲਈ ਜਾਣ ਵਾਲੀ ਦਵਾਈ ਤੱਕ ਬਦਲ ਲਈ ਹੈ ਤਾਂ ਕਿ ਮੌਕੇ ‘ਤੇ ਕੋਈ ਦਿੱਕਤ ਨਾ ਆ ਜਾਵੇ। ਇਸ ਲਈ ਉਹ ਇਹੋ ਜਿਹੀ ਦਵਾਈ ਤੱਕ ਨਹੀਂ ਖਾ ਰਹੇ ਹਨ, ਜਿਸ ਨਾਲ ਡੋਪ ਵਿੱਚ ਕੋਈ ਪਾਬੰਦੀ ਸ਼ੁਦਾ ਦਵਾਈ ਜਾਂ ਫਿਰ ਨਸ਼ਾ ਆ ਜਾਵੇ।