ਕੀ ਗੁਆਇਆ, ਕੀ ਪਾਇਆ ਜਦੋਂ ਦਾ ਨਵਾਂ ਜ਼ਮਾਨਾ ਆਇਆ

ਕੀ ਗੁਆਇਆ, ਕੀ ਪਾਇਆ ਜਦੋਂ ਦਾ ਨਵਾਂ ਜ਼ਮਾਨਾ ਆਇਆ

ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਪਿੰਡ ਦੱਦਾਹੂਰ ਵਿੱਚ ਇੱਕੋ-ਇੱਕ ਸਾਡਾ ਪੰਡਤਾਂ ਦਾ ਹੀ ਖੂਹ ਸੀ ਜਿੱਥੋਂ ਸਾਰਾ ਪਿੰਡ ਹੀ ਪਾਣੀ ਭਰਿਆ ਕਰਦਾ ਸੀ, ਬਾਈ ਸੋਹਨ ਸਿੰਘ ਮਹਿਰਾ ਬਰਾਦਰੀ ਦਾ ਸੀ ਜੋ ਹਰ ਘਰ ਵਿੱਚ ਵਹਿੰਗੀ ’ਤੇ ਪਾਣੀ ਮੋਢਿਆਂ ’ਤੇ ਢੋਅ ਕੇ ਸਾਰੇ ਪਿੰਡ ਦੇ ਘਰਾਂ ਵਿੱਚ ਪਾਇਆ ਕਰਦਾ ਸੀ।

ਜਿਹੜੇ ਪਿੰਡ ਵਿੱਚ ਜ਼ਿਆਦਾ ਰੂੜ੍ਹੀਆਂ ਹੁੰਦੀਆਂ ਸਨ, ਉਸ ਪਿੰਡ ਨੂੰ ਖੁਸ਼ਹਾਲ ਅਤੇ ਸਿਹਤ ਪੱਖੋਂ ਵਧੀਆ ਸਮਝਿਆ ਜਾਂਦਾ ਸੀ। ਆਮ ਕਹਾਵਤ ਰਹੀ ਹੈ ਕਿ ਪਿੰਡ ਤਾਂ ਗਹੀਰਿਆਂ ਤੋਂ ਹੀ ਪਛਾਣਿਆ ਜਾਂਦਾ ਹੈ ਇਸ ਦਾ ਭਾਵ ਅਰਥ ਹੀ ਇਹ ਸੀ ਜੋ ਉਪਰੋਕਤ ਦੱਸਿਆ ਹੈ। ਇਹੋ ਜਿਹੇ ਪਿੰਡਾਂ ਦੀ ਬਹੁਤ ਵਸੋਂ ਰਹੀ ਹੈ ਪੁਰਾਤਨ ਪੰਜਾਬ ’ਚ ਤੇ ਸਾਡੇ ਵੱਡ-ਵਡੇਰੇ ਲੜਕੀਆਂ ਦੇ ਰਿਸ਼ਤੇ ਵੀ ਜਲਦੀ ਕਰ ਦਿਆ ਕਰਦੇ ਸਨ, ਕਿਉਂਕਿ ਉਨ੍ਹਾਂ ਦੀ ਸੋਚ ਸੀ ਕਿ ਜਿਹੜੇ ਪਿੰਡ ਵਿੱਚ ਪਸ਼ੂ ਡੰਗਰ ਜ਼ਿਆਦਾ ਹੋਣਗੇ ਨਿਰਸੰਦੇਹ ਓਥੇ ਜਮੀਨ-ਜਾਇਦਾਦ ਵਧੀਆ ਹੋਊਗੀ ਤੇ ਸਿਹਤ ਵੀ ਸਭਨਾਂ ਦੀ ਵਧੀਆ ਹੋਵੇਗੀ। ਇਸੇ ਕਰਕੇ ਹੀ ਇਹ ਆਖਾਣ ਬਣਿਆ ਸੀ।

ਫਸਲਾਂ ਰਲ-ਮਿਲ ਕੇ ਵੱਢਣ ਦਾ ਰਿਵਾਜ, ਮੰਗ ਪਾਉਣੀ ਇੱਕ-ਦੂਜੇ ਦੀ ਹਰ ਕੰਮ ’ਚ ਮੱਦਦ ਕਰਨ ਦੀ ਰੀਤ ਰਹੀ ਹੈ। ਆਉਣ-ਜਾਣ ਦੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਹਰ ਇੱਕ ਰਿਸ਼ਤੇਦਾਰ ਕੋਲ ਪਹੁੰਚਣਾ, ਉਨ੍ਹਾਂ ਸਮਿਆਂ ਵਿੱਚ ਰੇਲ ਗੱਡੀ, ਟਰੈਕਟਰ, ਗੱਡੇ, ਸਾਈਕਲ ਆਦਿ ਦੇ ਹੀ ਜ਼ਿਆਦਾ ਸਾਧਨ ਹੋਇਆ ਕਰਦੇ ਸਨ। ਬਹੁਤ ਦੂਰ-ਦੂਰ ਤੱਕ ਸਾਡੇ ਪੁਰਖਿਆਂ ਨੇ ਸਾਈਕਲ ’ਤੇ ਜਾਣਾ, ਪੈਂਚਰ ਲਾਉਣ ਵਾਲਾ ਸਾਮਾਨ ਤੇ ਇੱਕ ਛੋਟਾ ਹਵਾ ਭਰਨ ਵਾਲਾ ਪੰਪ ਦਰੀ ਦੇ ਝੋਲੇ ’ਚ ਪਾ ਕੇ ਨਾਲ ਰੱਖਣਾ।

ਜੇਕਰ ਉਨ੍ਹਾਂ ਸਮਿਆਂ ਦੇ ਤੀਆਂ ਮੇਲੇ ਛਿੰਝਾਂ ਜਾਂ ਹੋਰ ਮਨਪ੍ਰਚਾਵੇ ਦੇ ਸਾਧਨ ਸਨ ਉਨ੍ਹਾਂ ਦੀ ਗੱਲ ਕਰੀਏ ਤਾਂ ਉਹ ਕਿਧਰੇ ਉੱਡ-ਪੁੱਡ ਗਏ। ਪੰਦਰਾਂ-ਪੰਦਰਾਂ ਦਿਨ ਤੀਆਂ ਲੱਗਦੀਆਂ, ਕੁੜੀਆਂ ਨੇ ਸਹੁਰਿਆਂ ਤੋਂ ਆਉਣਾ, ਨਿੱਕੇ-ਨਿੱਕੇ ਜੁਆਕਾਂ ਨੇ ਵੀ ਤੀਆਂ ਵਿੱਚ ਜਾਣਾ, ਬਿਸਕੁਟਾਂ ਦਾ ਸੰਧਾਰਾ ਲੈ ਕੇ ਜਾਣਾ, ਉਹੋ ਜਿਹੇ ਰੀਤੀ-ਰਿਵਾਜ ਕਿੱਥੇ ਚਲੇ ਗਏ ਜੋ ਸਾਡੇ ਸੱਭਿਆਚਾਰਕ ਸਾਂਝਾਂ ਦੇ ਪ੍ਰਤੀਕ ਸਨ? ਉਪਰੋਕਤ ਤਿਉਹਾਰ ਜੇਕਰ ਕਹੀਏ ਅੱਜ ਨਹੀਂ ਹੁੰਦੇ ਇਹ ਗੱਲ ਵੀ ਗਲਤ ਹੋਵੇਗੀ ਬਿਲਕੁਲ ਹੁੰਦੇ ਹਨ ਅੱਜ-ਕੱਲ੍ਹ ਵੀ, ਪਰ ਕੀ ਉਨ੍ਹਾਂ ’ਚ ਪਿਆਰ ਮੁਹੱਬਤ ਅਪਣੱਤ ਕਿਧਰੇ ਨਜ਼ਰ ਪੈਂਦੀ ਹੈ?

ਸਿਰਫ ਤੇ ਸਿਰਫ ਵਿਖਾਵੇ ਦੇ ਤੌਰ ’ਤੇ ਮਨਾਏ ਜਾਂਦੇ ਹਨ। ਤੀਆਂ ਪੰਦਰਾਂ ਦਿਨਾਂ ਤੋਂ ਸਿਮਟ ਕੇ ਇੱਕ-ਦੋ ਘੰਟੇ ਦੀਆਂ ਰਹਿ ਗਈਆਂ ਹਨ। ਮੇਲੇ ਜੋ ਸਾਡੇ ਪੰਜਾਬ ਦੇ ਅਨਿੱਖੜਵੇਂ ਅੰਗ ਸਨ, ਉਨ੍ਹਾਂ ’ਤੇ ਸਮੇਂ ਦੀਆਂ ਸਰਕਾਰਾਂ ਦੇ ਕਬਜੇ ਹਨ, ਜੋ ਜਗ੍ਹਾ ਠੇਕੇ ’ਤੇ ਦੇ ਕੇ ਲੋਕਾਂ ਨੂੰ ਲੁੱਟਦੀ ਹੈ, ਜਿੰਨੇ ਪੈਸੇ ਕੋਈ ਘਰੋਂ ਮੇਲਾ ਵੇਖਣ ਲਈ ਲੈ ਜਾਂਦਾ ਹੈ ਓਨੇ ਮੇਲੇ ਦੀ ਇੰਟਰੀ ’ਤੇ ਹੀ ਲੱਗ ਜਾਂਦੇ ਹਨ। ਕਿੱਥੇ ਹੈ ਸਾਡਾ ਵਿਰਸਾ ਸਾਡਾ ਸੱਭਿਆਚਾਰ? ਜੇਕਰ ਕਿਧਰੇ ਕੁੱਝ ਗਲਤ ਹੋਵੇ ਤਾਂ ਦੱਸਣਾ ਜਰੂਰ।

ਰਿਸ਼ਤਿਆਂ ਦੀ ਅਹਿਮੀਅਤ ਨੂੰ ਸਭ ਜਾਣਦੇ ਸਨ। ਮਾਮੇ ਮਾਮੀਆਂ, ਚਾਚੇ ਚਾਚੀਆਂ, ਤਾਏ ਤਾਈਆਂ, ਭੂਆ ਫੁੱਫੜ, ਬਾਬਾ, ਨਾਨਾ, ਮਾਸੀ ਮਾਸੜ ਬਣਦੇ ਰਿਸ਼ਤੇ ਨੂੰ ਮਾਣ-ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਤੇ ਜਿਸ ਦਾ ਜੋ ਲੱਗਦਾ ਸੀ ਉਹੋ ਹੀ ਕਿਹਾ ਜਾਂਦਾ ਰਿਹਾ ਹੈ, ਅੰਕਲ ਆਂਟੀ ਵਿੱਚ ਸਾਰਾ ਕੁਝ ਅਜੋਕੇ ਸਮਿਆਂ ਵਾਂਗ ਰਲਗੱਢ ਨਹੀਂ ਸੀ ਹੁੰਦਾ। ਆਪਣੇਪਣ ਦਾ ਅਹਿਸਾਸ ਹੁੰਦਾ ਸੀ ਕਿਸੇ ਦੀ ਵੀ ਬੋਲੀ ’ਚ। ਘਰ ਦੇ ਨੇੜੇ ਜਿੱਥੇ ਕਿਸੇ ਦਾ ਚੌਗਾਨ ਪਿਆ ਹੋਣਾ

ਉੱਥੇ ਸਾਰਿਆਂ ਨੇ ਲਿਆ ਕੇ ਕਿੱਕਰਾਂ ਟਾਹਲੀਆਂ ਦੀ ਛਾਵੇਂ ਮੰਜੇ ਡਾਹ ਲੈਣੇ, ਕਿਸੇ ਨੇ ਮੰਜਾ ਬੁਣੀ ਜਾਣਾ, ਧੀਆਂ-ਭੈਣਾਂ ਨੇ ਚਾਦਰਾਂ ਸਰ੍ਹਾਣੇ ਕੱਢੀ ਜਾਣੇ, ਕਿਉਂਕਿ ਉਨ੍ਹਾਂ ਸਮਿਆਂ ਵਿੱਚ ਹੱਥੀਂ ਬਣਾਇਆ ਦਾਜ ਹੀ ਦਿੱਤਾ ਜਾਂਦਾ ਸੀ ਕੁੜੀਆਂ ਨੂੰ। ਘੋੜੀ ਜੋੜੀ ਦੇਣ ਦਾ ਰੁਝਾਨ, ਮੱਝ ਗਾਂ ਦਾਜ ਵਿੱਚ ਦੇਣ ਦਾ ਰੁਝਾਨ, ਸਾਈਕਲ ਵੀ ਦਾਜ ਵਿੱਚ ਦਿੱਤਾ ਜਾਂਦਾ ਰਿਹਾ ਹੈ। ਬਰਾਤਾਂ ਦੀ ਸੇਵਾ ਘਰਾਂ ਦੇ ਮੁੰਡੇ ਰਲ-ਮਿਲ ਕੇ ਕਰਿਆ ਕਰਦੇ, ਘਰਾਂ ਵਿੱਚ ਬੇਦੀ ਗੱਡ ਕੇ ਫੇਰੇ ਜਾਂ ਆਨੰਦ ਕਾਰਜ ਦਾ ਰਿਵਾਜ ਸੀ, ਕਨਾਤਾਂ ਲਾ ਕੇ ਘਰੀਂ ਵਿਆਹ ਕਰਨੇ, ਜੰਝ ਦਾ ਉਤਾਰਾ ਪਿੰਡ ਵਿੱਚ ਬਣੀ ਸਾਂਝੀ ਧਰਮਸ਼ਾਲਾ ਵਿੱਚ ਹੋਣਾ, ਦੋ-ਦੋ ਦਿਨ ਪਹਿਲਾਂ ਹੀ ਕੋਠੇ ’ਤੇ ਮੰਜੇ ਜੋੜ ਕੇ ਸਪੀਕਰ ਲੱਗ ਜਾਣੇ, ਪਹਿਲਾਂ ਹੀ ਵਿਆਹ ਵਾਲੇ ਘਰ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਸੀ।

ਆਪੋ-ਆਪਣੇ ਵਿੱਤ ਮੁਤਾਬਿਕ ਹਰ ਪਰਿਵਾਰ ਵਿਆਹ ਵਾਲੇ ਘਰ ਦੁੱਧ ਦੇਣਾ ਆਪਣਾ ਫਰਜ ਸਮਝਦਾ ਸੀ। ਘਰਾਂ ਤੋਂ ਮੰਜੇ ਬਿਸਤਰੇ ਇਕੱਠੇ ਕਰਨੇ, ਲੈ ਕੇ ਘਰ ਵਾਲਿਆਂ ਨੇ ਕਾਰਜ ਖਤਮ ਹੋਏ ਤੋਂ ਆਪ ਜਾਣੇ। ਜੇਕਰ ਕਿਸੇ ਘਰ ਮੁੰਡੇ ਦਾ ਮੰਗਣਾ ਹੋਣਾ ਤਾਂ ਰੰਗ-ਬਿਰੰਗੇ ਲਫਾਫਿਆਂ ਵਿੱਚ ਪਤਾਸੇ ਪਾ ਕੇ ਦੇਣੇ, ਚਾਹ ਪਾਣੀ ਪਿਆਉਣਾ, ਘਰ ਵਿੱਚ ਵਿਹੜੇ ਨੂੰ ਰੰਗ-ਬਿਰੰਗੀਆਂ ਝੰਡੀਆਂ ਨਾਲ ਸਜਾਉਣਾ। ਰੋਪਣਾ ਪੈਣ ਤੋਂ ਮਗਰੋਂ ਨਿਸ਼ਾਨੀ ਵਜੋਂ ਲਫਾਫਿਆਂ ਵਿੱਚ ਪਾਏ ਪਤਾਸੇ ਸਾਰੇ ਪਿੰਡ ਦੇ ਆਏ ਵੀਰਾਂ ਨੂੰ ਦੇਣ ਦਾ ਰਿਵਾਜ ਸਿਖਰਾਂ ’ਤੇ ਰਿਹਾ ਹੈ ਕਦੇ ਪੰਜਾਬ ਵਿੱਚ।

ਜੇਕਰ ਘਰੀਂ ਕੋਈ ਪ੍ਰਾਹੁਣਾ ਆਉਣਾ ਤਾਂ ਉਸ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡਣੀ, ਪਰ ਬੱਚਿਆਂ ਦੀ ਨਿਗ੍ਹਾ ਉਹਦੇ ਸਾਈਕਲ ਨਾਲ ਟੰਗੇ ਥੈਲੇ ਵੱਲ ਹੀ ਰਹਿੰਦੀ ਸੀ ਕਿ ਖਾਣ ਨੂੰ ਅੱਜ ਜਰੂਰ ਕੁੱਝ ਮਿਲੂ। ਤੇ ਮਿਲਦਾ ਵੀ ਜਰੂਰ ਸੀ। ਆਏ-ਗਏ ਦੀ ਸੇਵਾ ਲਈ ਤਾਂ ਪੰਜਾਬ ਦਾ ਕੋਈ ਵੀ ਸਾਨੀ ਨਹੀਂ ਹੈ ਹੁਣ ਤੱਕ ਵੀ।

ਜੇਕਰ ਸਾਡੇ ਬਜੁਰਗਾਂ ਦੀ ਉਨ੍ਹਾਂ ਸਮਿਆਂ ਦੀ ਗੱਲ ਕਰੀਏ ਤਾਂ ਬਿਰਧ ਆਸ਼ਰਮ ਉਦੋਂ ਬਣੇ ਹੀ ਨਹੀਂ ਸਨ, ਬਜੁਰਗਾਂ ਨੂੰ ਘਰੀਂ ਸੰਭਾਲਣਾ ਜੇਕਰ ਕਿਸੇ ਵਿਅਕਤੀ ਦੇ ਤਿੰਨ ਪੋਤਰੇ ਨੇ ਅਤੇ ਉਹ ਵਡੇਰੀ ਉਮਰ ਵਿਚ ਘਰ ਮੰਜੇ ’ਤੇ ਬੈਠੇ ਨੇ ਪਾਣੀ ਮੰਗਿਆ ਤਾਂ ਤਿੰਨੋਂ ਪੋਤਰੇ ਹੀ ਪਾਣੀ ਦੇਣ ਲਈ ਭੱਜਦੇ ਸਨ।

ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ