ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ‘ਚ ਕਿਸਾਨੀ ਕਰਜ਼ਾ ਮਾਫੀ ਲਈ ਕੀ ਕੀਤਾ : ਜਾਖੜ

Sunil Jakhar, Distance, Amarinder

ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਤੋਂ ਅਕਾਲੀ ਆਗੂ ਕਿਉਂ ਘਬਰਾਏ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ ‘ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸਨੇ ਕਿਸਾਨੀ ਕਰਜ਼ਿਆਂ ਦੀ ਮਾਫੀ ਲਈ ਕੀ ਕੀਤਾ ਸੀ। ਜਾਖੜ ਨੇ ਕਿਹਾ ਕਿ ਹੁਣ ਅਕਾਲੀ ਦਲ ਦੇ ਆਗੂ ਰਾਜਪਾਲ ਕੋਲ ਮਿਲ ਕੇ ਕਿਸਾਨੀ ਕਰਜ਼ਿਆਂ ਦੀ ਗੱਲ ਕਰ ਰਹੇ ਹਨ ਜਦੋਂ ਉਨ੍ਹਾਂ ਦੀ ਆਪਣੀ ਸਰਕਾਰ ਸੀ ਤਾਂ ਉਨ੍ਹਾਂ ਕਿਸਾਨਾਂ ਲਈ ਕੁਝ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਅਕਾਲੀ ਆਗੂ ਉਹ ਰਾਜਪਾਲ ਨੂੰ ਮਿਲਣ ਦੀ ਬਜਾਇ ਆਪਣੀ ਭਾਈਵਾਲ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਸਾਨੀ ਕਰਜ਼ੇ ਮਾਫੀ ਲਈ ਮਦਦ ਕਿਉਂ ਨਹੀਂ ਮੰਗ ਲੈਂਦੇ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਮਾਰਚ 2016 ‘ਚ ‘ਪੰਜਾਬ ਸੈਟਲਮੈਂਟ ਆਫ ਐਗਰੀਕਲਰਚਰ ਇਨਡੈਬਟਨੈਸ ਬਿੱਲ 2016’ ਪਾਸ ਕੀਤਾ ਸੀ ਪਰ ਬਿੱਲ ਪਾਸ ਕਰਨ ਤੋਂ ਬਾਅਦ ਇਹ ਸਰਕਾਰ ਪੁਰੀ ਤਰ੍ਹਾਂ ਨਾਲ ਹੱਥ ‘ਤੇ ਹੱਥ ਧਰ ਕੇ ਬੈਠੀ ਰਹੀ ਤੇ ਜ਼ਿਲ੍ਹਾ ਤੇ ਸੂਬਾ ਪੱਧਰ ‘ਤੇ ਬਣਨ ਵਾਲੇ ਕਰਜ਼ਾ ਨਿਪਟਾਰਾ ਟ੍ਰਿਬਿਊਨਲਾਂ ਦੇ ਗਠਨ ਲਈ ਕੁਝ ਨਹੀਂ ਕੀਤਾ।

ਇਹ ਵੀ ਪੜ੍ਹੋ : ਪਹਿਲੇ ਗੇੜ ’ਚ ਝੋਨੇ ਲਈ ਅੱਠ ਘੰਟੇ ਬਿਜਲੀ ਸਪਲਾਈ ਅੱਜ ਤੋਂ

ਛੇ ਮਹੀਨੇ ਬਾਅਦ ਸਤੰਬਰ 2016 ‘ਚ 22 ‘ਚੋਂ ਸਿਰਫ਼ 5 ਜ਼ਿਲ੍ਹਿਆਂ ‘ਚ ਜ਼ਿਲ੍ਹਾ ਟ੍ਰਿਬਿਊਨਲ ਦੇ ਚੇਅਰਮੈਨ ਲਾਏ ਪਰ ਨਾ ਤਾਂ ਉਨ੍ਹਾਂ ਨੂੰ ਕੋਈ ਸਟਾਫ ਦਿੱਤਾ ਤੇ ਨਾ ਹੀ ਇਸ ਸਬੰਧੀ ਹੋਰ ਕੋਈ ਗੱਲ ਅੱਗੇ ਤੋਰੀ।  ਉਨ੍ਹਾਂ ਕਿਹਾ ਕਿ ਇਸ ਤੋਂ ਅਕਾਲੀ ਦਲ ਦੀ ਆਪਣੀ ਕਿਸਾਨੀ ਕਰਜ਼ੇ ਬਾਰੇ ਪਹੁੰਚ ਦਾ ਪਤਾ ਲੱਗਦਾ ਹੈ ਕਿ ਅਕਾਲੀ ਦਲ ਦੇ ਆਗੂ ਕਿਸਾਨਾਂ ਨੂੰ ਇੱਕ ਵੋਟ ਬੈਂਕ ਤੋਂ ਵੱਧ ਕੁਝ ਨਹੀਂ ਸਮਝਦੇ ਤੇ ਕਿਸਾਨਾਂ ਦੇ ਨਾਂਅ ‘ਤੇ ਆਪਣੀ ਸਿਆਸਤ ਚਮਕਾਉਣ ਵਾਲਿਆਂ ਨੇ ਅਸਲ ‘ਚ ਕਿਸਾਨਾਂ ਲਈ ਆਪਣੀ ਸਰਕਾਰ ਵੇਲੇ ਕੁਝ ਨਹੀਂ ਕੀਤਾ।

ਸ੍ਰੀ ਜਾਖੜ ਨੇ ਹੋਰ ਕਿਹਾ ਕਿ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਦੀ ਜਾਂਚ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕਮਿਸ਼ਨ ਦੀ ਰਿਪਰੋਟ ਆਉਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਪਤਾ ਨਹੀਂ ਕਿਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਇਸਦੇ ਆਗੂ ਹੁਣ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ।