ਆਬਜ਼ਰਵਰਾਂ ਦੇ ਸਖ਼ਤ ਪਹਿਰੇ ‘ਚ ਸ਼ੁਰੂ ਹੋਈ ਬਾਰ੍ਹਵੀਂ ਦੀ ਪ੍ਰੀਖਿਆ

Twelveth, Exam, Strictest, Obsession, Observers

ਮਾਲਵੇ ਦੇ ਬਠਿੰਡਾ ਤੇ ਮੁਕਤਸਰ ਜਿਲ੍ਹਿਆਂ ‘ਚ ਨਕਲੀ ਪ੍ਰੀਖਿਆਰਥੀ ਕਾਬੂ

ਬਠਿੰਡਾ (ਅਸ਼ੋਕ ਵਰਮਾ)। ਅੱਜ ਬਾਰ੍ਹਵੀਂ ਦੀ ਸ਼ੁਰੂ ਹੋਈ ਪ੍ਰੀਖਿਆ ਦੌਰਾਨ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਤਿੰਨ ਨਕਲੀ ਪ੍ਰੀਖਿਆਰਥੀ ਪ੍ਰੀਖਿਆ ਦਿੰਦੇ ਫੜੇ ਗਏ ਜਦੋਂਕਿ ਮਾਲਵਾ ਪੱਟੀ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਮਹੌਲ ਠੀਕ ਰਿਹਾ  ਉਂਜ, ਨਕਲ ਦੇ ਕੁੱਲ ਚਾਰ ਕੇਸ ਫੜੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਕਲਾਸ ਦੀ ਪ੍ਰੀਖਿਆ ਦਾ ਅੱਜ ਪਹਿਲਾ ਅੰਗਰੇਜ਼ੀ ਦਾ ਪੇਪਰ ਸੀ। ਨਕਲ ਰੋਕਣ ਲਈ  ਸਿੱਖਿਆ ਵਿਭਾਗ ਦੇ ਪੂਰੇ ਲਾਮ ਲਸ਼ਕਰ ਨੇ ਮਾਲਵਾ ਖ਼ਿੱਤੇ ‘ਚ ਚੜ੍ਹਾਈ ਕੀਤੀ ਹੋਈ ਸੀ ਅੱਜ ਨਕਲ ਰੋਕਣ ਦੀ ਮੁਹਿੰਮ ਬਹੁਤੇ ਜ਼ਿਲ੍ਹਿਆਂ ਵਿੱਚ ਸਫਲ ਰਹੀ ਜਦੋਂ ਕਿ ਬਠਿੰਡਾ ਤੇ ਮੁਕਤਸਰ ਇਸ ਪੱਖੋਂ ਮਾਤ ਖਾ ਗਏ ਹਨ। ਡੀ.ਪੀ.ਆਈ (ਸੈਕੰਡਰੀ) ਪਰਮਜੀਤ ਸਿੰਘ ਵੱਲੋਂ ਅੱਜ ਖ਼ੁਦ ਮਾਲਵੇ ਦੇ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ ਗਈ।

ਬਠਿੰਡਾ ਜ਼ਿਲ੍ਹੇ ਵਿੱਚ ਅੱਜ 15,404 ਵਿਦਿਆਰਥੀਆਂ ਨੇ ਬਾਰ੍ਹਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਅਤੇ ਜ਼ਿਲ੍ਹੇ ਭਰ ਵਿੱਚ ਬਾਰ੍ਹਵੀਂ ਕਲਾਸ ਦੇ 73 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜ਼ਿਲ੍ਹੇ ਵਿੱਚ ਅੱਧੀ ਦਰਜਨ ਉੱਡਣ ਦਸਤੇ ਬਣਾਏ ਗਏ ਸਨ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਅਬਜ਼ਰਵਰਾਂ ਨੂੰ ਵੀ ਲਾਇਆ ਗਿਆ ਸੀ। ਵੇਰਵਿਆਂ ਮੁਤਾਬਕ ਅੱਜ ਤਲਵੰਡੀ ਸਾਬੋ ਦੇ ਖ਼ਾਲਸਾ ਸਕੂਲ ਵਿੱਚ ਇੱਕ ਨਕਲ ਕੇਸ ਫੜਿਆ ਗਿਆ ਹੈ।

ਇਹ ਵੀ ਪੜ੍ਹੋ : ਏਸ਼ੇਜ ਲੜੀ : ਰੂਟ ਦਾ ਸੈਂਕੜਾ, ਇੰਗਲੈਂਡ ਨੇ 393 ਦੌੜਾਂ ’ਤੇ ਪਾਰੀ ਐਲਾਨੀ

ਇਸੇ ਤਰ੍ਹਾਂ ਹੀ ਐਸ.ਡੀ.ਸਕੂਲ ਮੌੜ ਮੰਡੀ ਵਿੱਚ ਇੱਕ ਨਕਲੀ ਪ੍ਰੀਖਿਆਰਥੀ ਫੜਿਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਨਿੰਦਰ ਕੌਰ ਨੇ ਦੱਸਿਆ ਕਿ ਐਸ.ਡੀ. ਸਕੂਲ ਵਿੱਚ ਅਸਲ ਦੀ ਥਾਂ ਨਕਲੀ ਵਿਦਿਆਰਥੀ ਪ੍ਰੀਖਿਆ ਦੇ ਰਿਹਾ ਸੀ ਜਿਸ ਖ਼ਿਲਾਫ਼ ਪੁਲਿਸ ਕੇਸ ਦਰਜ ਕਰਨ ਲਈ ਲਿਖ ਦਿੱਤਾ ਗਿਆ  ਹੈ। ਸੂਤਰਾਂ ਮੁਤਾਬਕ  ਸਿੱਖਿਆ ਵਿਭਾਗ ਬਠਿੰਡਾ ਦੀ ਅੱਜ ਵੱਡੀ ਨਲਾਇਕੀ ਸਾਹਮਣੇ ਆਈ ਹੈ ਕਿ ਕਈ ਸਕੂਲਾਂ ਜਿੱਥੇ ਬਾਰ੍ਹਵੀਂ ਦਾ ਪ੍ਰੀਖਿਆ ਕੇਂਦਰ ਮੌਜੂਦ ਨਹੀਂ ਸੀ ਉਨ੍ਹਾਂ ਸਕੂਲਾਂ ਵਿੱਚ ਅਬਜ਼ਰਵਰ ਭੇਜ ਦਿੱਤੇ ਗਏ।

ਮਿਸਾਲ ਦੇ ਤੌਰ ‘ਤੇ ਕੋਟਭਾਰਾ ਅਤੇ ਗੋਨਿਆਣਾ ਦੇ ਦਸਮੇਸ਼ ਸਕੂਲ ਵਿੱਚ ਆਬਜ਼ਰਵਰਾਂ ਨੂੰ ਭੇਜ ਦਿੱਤਾ ਗਿਆ ਪਰ ਪ੍ਰੀਖਿਆ ਕੇਂਦਰ ਨਾ ਹੋਣ ਕਰਕੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਜ਼ਿਲ੍ਹਾ ਮੁਕਤਸਰ ਵਿੱਚ ਬਾਰ੍ਹਵੀਂ ਕਲਾਸ ਦੀ ਪ੍ਰੀਖਿਆ ਲਈ 62 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਅੱਜ ਇਸ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਮਧੀਰ ਦੇ ਪ੍ਰੀਖਿਆ ਕੇਂਦਰ ਵਿੱਚ ਅਸਲ ਵਿਦਿਆਰਥੀਆਂ ਦੀ ਥਾਂ ਤੇ ਪ੍ਰੀਖਿਆ ਦੇ ਰਹੇ ਦੋ ਨਕਲੀ ਪ੍ਰੀਖਿਆਰਥੀ ਫੜੇ ਗਏ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁਕਤਸਰ ਸ੍ਰੀ ਮਲਕੀਤ ਸਿੰਘ ਖੋਸਾ ਨੇ ਦੋ ਨਕਲੀ ਪ੍ਰੀਖਿਆਰਥੀ ਫੜੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਿੱਖਿਆ ਮਹਿਕਮੇ ਵੱਲੋਂ ਦੋਵਾਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਨ ਲਈ ਥਾਣਾ ਕੋਟਭਾਈ ਨੂੰ ਲਿਖ ਦਿੱਤਾ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲ ਰੂਮ ਅਨੁਸਾਰ ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਬਰਨਾਲਾ, ਮੋਗਾ, ਫਰੀਦਕੋਟ, ਮਾਨਸਾ, ਫ਼ਾਜ਼ਿਲਕਾ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਨਕਲ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਸਿੱਖਿਆ ਬੋਰਡ ਤਰਫ਼ੋਂ ਐਤਕੀਂ ਨਕਲ ਰੋਕਣ ਲਈ ਇੱਕ ਦੂਸਰੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤਬਦੀਲ ਕੀਤਾ ਗਿਆ ਹੈ। ਇੱਕ ਸਕੂਲ ਦੇ ਵਿਦਿਆਰਥੀ ਲਾਗਲੇ ਸਕੂਲ ਦੇ ਪ੍ਰੀਖਿਆ ਕੇਂਦਰ ਵਿੱਚ ਸ਼ਿਫਟ ਕੀਤੇ ਗਏ ਹਨ। ਇਸ ਵਾਰ ਤਾਂ ਸਕੂਲ ਬੋਰਡ ਵੱਲੋਂ ਡਿਊਟੀ ਅਮਲੇ ਨੂੰ ਕੋਈ ਮਿਹਨਤਾਨਾ ਵੀ ਨਹੀਂ ਦਿੱਤਾ ਜਾ ਰਿਹਾ ਹੈ। ਸਿਰਫ਼ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਹੀ ਇਹ ਮਿਹਨਤਾਨਾ ਮਿਲਣਾ ਹੈ।